ਸਾਂਝ : ਪਾਠ ਨਾਲ ਸੰਬੰਧਤ ਪ੍ਰਸ਼ਨ-ਉੱਤਰ


ਸਾਂਝ : ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ


ਪ੍ਰਸ਼ਨ 1. ‘ਸਾਂਝ’ ਕਹਾਣੀ ਦੇ ਆਧਾਰ ‘ਤੇ ਦੱਸੋ :

( ੳ) ਸਾਈਕਲ ‘ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਡਲ ‘ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫ਼ੀ ਚਿਰ ਤੱਕ ਰੇੜਿਆ?

ਉੱਤਰ : ਪ੍ਰੋ. ਐੱਮ.ਐੱਲ ਮਲ੍ਹੋਤਰਾ ਨੇ।

(ਅ) ਪ੍ਰੋਫੈਸਰ ਸਾਈਕਲ ਚਲਾਉਣ ਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸ਼ੱਕਤਾਂ ਨਾਲ ਸਮਾਨਤਾ ਮਹਿਸੂਸ ਕਰਦਾ ਹੈ।

(ਸਹੀ/ਗ਼ਲਤ)

ਉੱਤਰ : ਸਹੀ।

(ੲ) ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਆਪਣੇ ਬਚਪਨ ਵਿੱਚ ਪੜ੍ਹੀ ਕਵਿਤਾ ਦਾ ਚੇਤਾ ਆਇਆ।

(ਸਹੀ/ਗ਼ਲਤ)

ਉੱਤਰ : ਸਹੀ।

(ਸ) ‘ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ।’ ਪ੍ਰੋਫ਼ੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਹਨ?

ਉੱਤਰ : ਪ੍ਰੋਫ਼ੈਸਰ ਨੂੰ ਅਖ਼ਬਾਰ ਵਿੱਚ ਪੜ੍ਹੇ ਇੱਕ ਲੀਡਰ ਦੇ ਭਾਸ਼ਣ ਦਾ ਇੱਕ ਵਾਕ ਯਾਦ ਆਉਂਦਾ ਹੈ ਕਿ ਜਿੱਥੇ ਦੂਜੇ ਦੇਸਾਂ ਵਿੱਚ ਘੱਟੋ-ਘੱਟ ਕਾਰਾਂ ਦਾ ਜੁਗ ਆ ਗਿਆ ਹੈ ਉੱਥੇ ਭਾਰਤ ਅਜੇ ਮਸੀਂ ਸਾਈਕਲ ਜੁਗ ਤੱਕ ਪੁੱਜਾ ਹੈ। ਪਰ ਪ੍ਰੋਫ਼ੈਸਰ ਸੋਚਦਾ ਹੈ ਕਿ ਭਾਰਤ ਵਿੱਚ ਤਾਂ ਅਜੇ ਸਾਈਕਲ ਵੀ ਬਹੁਤ ਘੱਟ ਲੋਕਾਂ ਕੋਲ ਹੈ। ਜੇਕਰ ਸਾਈਕਲ ਗ਼ਰੀਬਾਂ ਦੀ ਸਵਾਰੀ ਹੋਣ ‘ਤੇ ਵੀ ਸਭ ਗ਼ਰੀਬ ਸਾਈਕਲ ਨਹੀਂ ਖ਼ਰੀਦ ਸਕਦੇ ਤਾਂ ਫਿਰ ਤਾਂ ਭਾਰਤ ਸਾਈਕਲ ਜੁਗ ਵਿੱਚ ਵੀ ਨਹੀਂ ਪਹੁੰਚਿਆ। ਇਸੇ ਪ੍ਰਸੰਗ ਵਿੱਚ ਪ੍ਰੋਫ਼ੈਸਰ ਦੇ ਮਨ ਵਿੱਚ ਇਹ ਵਿਚਾਰ ਆਉਂਦੇ ਹਨ। ਜਿਸ ਸਮੇਂ ਇਹ ਕਹਾਣੀ ਲਿਖੀ ਗਈ ਸੀ ਉਸ ਸਮੇਂ ਸਾਈਕਲ ਵੀ ਬਹੁਤ ਘੱਟ ਲੋਕਾਂ ਕੋਲ ਸਨ।

(ਹ) ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੜੇ-ਕਿਹੜੇ ਕਾਰਨ ਸੋਚਦਾ ਹੈ?

ਉੱਤਰ : ਪ੍ਰੋਫ਼ੈਸਰ ਬੁੱਢੀ ਮਾਈ ਨੂੰ ਉਸ ਦੀ ਮੰਜ਼ਲ ‘ਤੇ ਪਹੁੰਚਾਉਣ ਵਿੱਚ ਮਦਦ ਕਰਨੀ ਚਾਹੁੰਦਾ ਸੀ। ਉਸ ਨੇ ਸੋਚਿਆ ਕਿ ਮਾਈ ਨੂੰ ਬੱਸ ‘ਤੇ ਬਿਠਾ ਦੇਵੇ। ਪਰ ਮਹੀਨੇ ਦਾ ਅਖੀਰਲਾ ਹਫ਼ਤਾ ਸੀ ਅਤੇ ਉਸ ਦੀ ਜੇਬ ਵਿੱਚ ਕੁੱਲ ਤੀਹ ਨਵੇਂ ਪੈਸੇ ਸਨ। ਇਹ ਪੈਸੇ ਤਾਂ ਮਾਈ ਨੂੰ ਉਸ ਦੀ ਮੰਜ਼ਲ ਦੇ ਅੱਧ ਵਿੱਚ ਵੀ ਨਹੀਂ ਪਹੁੰਚਾ ਸਕਦੇ ਸਨ। ਪਰ ਫਿਰ ਪ੍ਰੋਫ਼ੈਸਰ ਨੂੰ ਆਪਣੇ ਬੱਚੇ ਦਿਨੇਸ਼ ਦਾ ਖ਼ਿਆਲ ਆਇਆ ਜਿਹੜਾ ਦਿਨ ਚੜ੍ਹਦਿਆਂ ਹੀ ਰਸ ਖਾਣ ਦੀ ਰਟ ਲਾ ਦਿੰਦਾ ਸੀ। ਫਿਰ ਪ੍ਰੋਫ਼ੈਸਰ ਸੋਚਦਾ ਹੈ ਕਿ ਉਹ ਕੁਝ ਪੈਸੇ ਲੋਕਾਂ ਤੋਂ ਮੰਗ ਕੇ ਅਤੇ ਕੁਝ ਆਪਣੇ ਕੋਲੋਂ ਪਾ ਕੇ ਮਾਈ ਨੂੰ ਟਿਕਟ ਲੈ ਦੇਵੇ ਪਰ ਫਿਰ ਉਹ ਝੱਟ ਸੋਚਣ ਲੱਗਾ ਕਿ “ਪੈਸੇ ਮੰਗਾਂਗਾ ਤਾਂ ਲੋਕੀਂ ਕਹਿਣਗੇ, ਪ੍ਰੋਫ਼ੈਸਰ ਅੱਠਾਂ ਆਨਿਆਂ ਦੇ ਪੈਸੇ ਵੀ ਆਪਣੇ ਕੋਲੋਂ ਨਹੀਂ ਖ਼ਰਚ ਸਕਦਾ ਤੇ ਮੇਰੀਆਂ ਸਲਾਮਾਂ ਮੈਥੋਂ ਖੁਸ ਜਾਣਗੀਆਂ।”

ਪ੍ਰੋਫ਼ੈਸਰ ਦੇ ਮਨ ਵਿੱਚ ਆਪਣੇ ਪੈਸਿਆਂ ਨਾਲ ਬੁੱਢੀ ਮਾਈ ਦੀ ਮਦਦ ਕਰਨ ਦਾ ਇੱਕ ਵਾਰ ਫਿਰ ਖ਼ਿਆਲ ਆਇਆ। ਪਰ ਫਿਰ ਝੱਟ ਹੀ ਉਸ ਨੂੰ ਖ਼ਿਆਲ ਆਇਆ ਕਿ ਉਸ ਨੇ ਤਾਂ ਧੋਬੀ ਦੀ ਧੁਆਈ ਦੇ ਪੈਸੇ ਵੀ ਦੇਣੇ ਹਨ। ਇਸ ਤਰ੍ਹਾਂ ਪ੍ਰੋਫ਼ੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਈ ਕਾਰਨ ਸੋਚਦਾ ਹੈ।

(ਕ) ਪ੍ਰੋਫ਼ੈਸਰ ਲਾਲ ਚੀਰੇ ਵਾਲ਼ੇ ਸਾਈਕਲ ਸਵਾਰ ਬਾਰੇ ਕੀ-ਕੀ ਸੋਚਦਾ ਹੈ?

ਉੱਤਰ : ਪ੍ਰੋਫ਼ੈਸਰ ਲਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਪਹਿਲਾਂ (ਜਦ ਉਹ ਮਾਈ ਨੂੰ ਸਾਈਕਲ ‘ਤੇ ਚੜ੍ਹਾਏ ਬਿਨਾਂ ਕੋਲੋਂ ਦੀ ਲੰਘ ਗਿਆ ਸੀ) ਤਾਂ ਇਹ ਸੋਚਦਾ ਹੈ ਕਿ ਉਹ ਪੱਥਰ-ਦਿਲ ਹੈ। ਪਰ ਬਾਅਦ ਵਿੱਚ (ਵਾਪਸ ਆਉਂਦਿਆਂ) ਜਦ ਉਹ ਮਾਈ ਨੂੰ ਉਹਦੇ ਟਿਕਾਣੇ ‘ਤੇ ਪਹੁੰਚਾਉਣ ਲਈ ਆਖਦਾ ਹੈ ਤਾਂ ਪ੍ਰੋਫ਼ੈਸਰ ਸੋਚਦਾ ਹੈ ਕਿ ਜਿਵੇਂ ਜਿਸ ਵਿਅਕਤੀ ਨੂੰ ਉਹ ਓਪਰਾ ਸਮਝਦਾ ਸੀ ਉਹ ਉਹਦਾ ਆਪਣਾ ਹੀ ਨਿਕਲ ਆਇਆ ਹੋਵੇ।

(ਖ) ਇਸ (ਸਾਂਝ) ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਆਇਆ ਹੈ?

ਉੱਤਰ : ‘ਸਾਂਝ’ ਕਹਾਣੀ ਵਿੱਚ ਲਾਲ ਚੀਰੇ ਵਾਲ਼ੇ ਸਾਈਕਲ ਸਵਾਰ ਅਤੇ ਪ੍ਰੋਫ਼ੈਸਰ ਦੇ ਮਨ ਵਿਚਲੀ ਮਨੁੱਖ ਪ੍ਰਤਿ ਹਮਦਰਦੀ ਦੀ ਸਾਂਝ ਹੈ। ਲਾਲ ਚੀਰੇ ਵਾਲਾ ਕਾਹਲੀ ਵਿੱਚ ਹੋਣ ਕਾਰਨ ਮਜਬੂਰੀ ਵਿੱਚ ਪਹਿਲਾਂ ਮਾਈ ਨੂੰ ਬਿਨਾਂ ਸਾਈਕਲ ‘ਤੇ ਬਿਠਾਇਆਂ ਅੱਗੇ ਲੰਘ ਜਾਂਦਾ ਹੈ ਪਰ ਆਪਣਾ ਕੰਮ ਜਲਦੀ ਨਾਲ ਨਿਪਟਾ ਕੇ ਉਹ ਮਾਈ ਨੂੰ ਸਾਈਕਲ ‘ਤੇ ਬਿਠਾ ਕੇ ਲੈ ਜਾਣ ਲਈ ਵਾਪਸ ਆਉਂਦਾ ਹੈ। ਇਸੇ ਤਰ੍ਹਾਂ ਪ੍ਰੋਫ਼ੈਸਰ ਵੀ ਪਹਿਲਾਂ ਅੱਗੇ ਲੰਘ ਜਾਂਦਾ ਹੈ ਪਰ ਛੇਤੀ ਹੀ ਉਹ ਵੀ ਵਾਪਸ ਪਰਤ ਕੇ ਮਾਈ ਨੂੰ ਸਾਈਕਲ ‘ਤੇ ਬਿਠਾ ਕੇ ਲੈ ਜਾਂਦਾ ਹੈ। ਦੋਹਾਂ ਦੇ ਦਿਲਾਂ ਵਿੱਚ ਮਨੁੱਖਤਾ ਪ੍ਰਤਿ ਹਮਦਰਦੀ ਹੈ ਪਰ ਦੋਵੇਂ ਹੀ ਆਪਣੀ-ਆਪਣੀ ਥਾਂ ਮਜਬੂਰ ਵੀ ਹਨ। ਪ੍ਰੋਫੈਸਰ ਮਾਈ ਦੀ ਪੈਸੇ ਦੇ ਕੇ ਮਦਦ ਕਰਨੀ ਚਾਹੁੰਦਾ ਹੈ ਪਰ ਆਰਥਿਕ ਮਜਬੂਰੀ ਉਸ ਲਈ ਰੋੜਾ ਬਣ ਜਾਂਦੀ ਹੈ। ਸੋ ਲਾਲ ਚੀਰੇ ਵਾਲ਼ੇ ਸਾਈਕਲ ਸਵਾਰ ਤੇ ਪ੍ਰੋਫ਼ੈਸਰ ਦੇ ਦਿਲ ਵਿੱਚ ਦੂਸਰਿਆਂ ਪ੍ਰਤਿ ਹਮਦਰਦੀ ਦੀ ਸਾਂਝ ਹੈ।

(ਗ) ‘ਸਾਂਝ’ ਕਹਾਣੀ ਵਿੱਚ ਆਏ ਮੁੱਖ ਪਾਤਰ ਪ੍ਰੋਫ਼ੈਸਰ, ਚੀਰੇ ਵਾਲਾ ਸਾਈਕਲ ਸਵਾਰ ਅਤੇ ਬੁੱਢੀ ਮਾਈ ਹਨ ।

(ਸਹੀ/ਗ਼ਲਤ)

ਉੱਤਰ : ਸਹੀ।

ਪ੍ਰਸ਼ਨ 2. ਹੇਠ ਲਿਖੇ ਪਾਤਰਾਂ ਦੇ ਇਸ ਕਹਾਣੀ (‘ਸਾਂਝ’) ਵਿੱਚ ਉੱਘੜਦੇ ਸੁਭਾਅ ਬਾਰੇ ਲਿਖੋ :

ਪ੍ਰੋਫ਼ੈਸਰ, ਚੀਰੇ ਵਾਲਾ ਸਾਈਕਲ-ਸਵਾਰ, ਬੁੱਢੀ ਮਾਈ ।

ਉੱਤਰ : ‘ਸਾਂਝ’ ਕਹਾਣੀ ਦਾ ਪਾਤਰ ਪ੍ਰੋਫ਼ੈਸਰ ਆਪਣੇ ਖ਼ਿਆਲਾਂ ਵਿੱਚ ਰਹਿਣ ਵਾਲਾ ਹੈ। ਉਹ ਹਰ ਗੱਲ ਨੂੰ ਬਰੀਕੀ ਨਾਲ ਸੋਚਦਾ ਹੈ। ਉਹ ਭਾਰਤ ਦੀ ਤੁਲਨਾ ਬਾਕੀ ਦੇਸਾਂ ਨਾਲ ਕਰਦਾ ਹੈ। ਮੁਕਾਬਲੇ ਵਿੱਚ ਉਸ ਨੂੰ ਭਾਰਤ ਗ਼ਰੀਬ ਲੱਗਦਾ ਹੈ। ਸੜਕ ‘ਤੇ ਡੋਲਦੇ ਸਾਈਕਲ ਦੀ ਉਸ ਨੂੰ ਆਪਣੀ ਮੁਢਲੀ ਜ਼ਿੰਦਗੀ ਨਾਲ ਸਮਾਨਤਾ ਜਾਪਦੀ ਹੈ । ਲਾਲ ਚੀਰੇ ਵਾਲਾ ਸਾਈਕਲ ਸਵਾਰ ਜਦ ਮਾਈ ਨੂੰ ਸਾਈਕਲ ‘ਤੇ ਬਿਠਾਏ ਬਿਨਾਂ ਲੰਘ ਜਾਂਦਾ ਹੈ ਤਾਂ ਉਹ ਉਸ ਨੂੰ ਪੱਥਰ-ਦਿਲ ਜਾਪਦਾ ਹੈ। ਉਸ ਨੂੰ ਆਪਣੀ ਮਜਬੂਰੀ ਦਾ ਵੀ ਅਹਿਸਾਸ ਹੈ। ਉਹ ਬੁੱਢੀ ਮਾਈ ਦੀ ਮਦਦ ਕਰਨੀ ਚਾਹੁੰਦਾ ਹੈ ਪਰ ਉਸ ਦੀ ਆਰਥਿਕ ਮਜਬੂਰੀ ਇਸ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਹੈ।

ਲਾਲ ਚੀਰੇ ਵਾਲ਼ਾ ਸਾਈਕਲ ਸਵਾਰ ਭਾਵੇਂ ਪਹਿਲਾਂ ਪ੍ਰੋਫ਼ੈਸਰ ਨੂੰ ਪੱਥਰ-ਦਿਲ ਜਾਪਦਾ ਹੈ ਪਰ ਅਸਲ ਵਿੱਚ ਉਹ ਇੱਕ ਹਮਦਰਦ ਇਨਸਾਨ ਹੈ। ਉਹ ਪਹਿਲਾਂ ਭਾਵੇਂ ਕਾਹਲੀ ਵਿੱਚ ਹੋਣ ਕਾਰਨ ਮਾਈ ਨੂੰ ਸਾਈਕਲ ‘ਤੇ ਬਿਠਾਏ ਬਿਨਾਂ ਚਲਾ ਜਾਂਦਾ ਹੈ ਪਰ ਉਹ ਮਾਈ ਨੂੰ ਟਿਕਾਣੇ ‘ਤੇ ਪਹੁੰਚਾਉਣ ਲਈ ਵਾਪਸ ਆਉਂਦਾ ਹੈ।

ਬੁੱਢੀ ਮਾਈ ਗ਼ਰੀਬ ਹੈ ਅਤੇ ਉਸ ਦਾ ਕੋਈ ਅੰਗ-ਸਾਕ ਨਹੀਂ। ਉਸ ਦਾ ਪਹਿਰਾਵਾ ਬਹੁਤ ਮੈਲਾ ਹੈ। ਸੰਗਰਾਂਦ ਵਾਲੇ ਦਿਨ ਉਹ ਚੌਦਾਂ-ਪੰਦਰਾਂ ਮੀਲ ਤੁਰ ਕੇ ਗੁਰਦਵਾਰੇ ਮੱਥਾ ਟੇਕਣ ਆਈ ਹੈ। ਪਿੰਡ ਵਿੱਚ ਇੱਕ ਝੁੱਗੀ ਤੋਂ ਬਿਨਾਂ ਉਸ ਦਾ ਹੋਰ ਕੁਝ ਨਹੀਂ। ਜੇਕਰ ਆਲੇ-ਦੁਆਲੇ ਦੇ ਲੋਕ ਉਸ ਨੂੰ ਕੁਝ ਨਾ ਦੇਣ ਤਾਂ ਉਹ ਮੰਗਣ ਨਹੀਂ ਜਾਂਦੀ ਭਾਵੇਂ ਕਿ ਦਿਹਾੜੀ-ਡੰਗ ਉਸ ਨੂੰ ਭੁੱਖਿਆਂ ਹੀ ਕਿਉਂ ਨਾ ਰਹਿਣਾ ਪਵੇ। ਇਸ ਤਰ੍ਹਾਂ ਉਹ ਸਿਰੜੀ ਸੁਭਾਅ ਦੀ ਹੈ। ਪਰ ਫਿਰ ਵੀ ਉਸ ਦੀਆਂ ਆਪਣੀਆਂ ਮਜਬੂਰੀਆਂ ਹਨ।

ਪ੍ਰਸ਼ਨ 3. ‘ਸਾਂਝ’ ਕਹਾਣੀ ਦੀ ਪਿੱਠ-ਭੂਮੀ ਵਿੱਚ ਬਣਦੀਆਂ ਪਰਿਸਥਿਤੀਆਂ ਨਾਲੋਂ ਅਜੋਕੀਆਂ ਪਰਿਸਥਿਤੀਆਂ ਕਿਵੇਂ ਭਿੰਨ ਹਨ?

ਉੱਤਰ : ‘ਸਾਂਝ’ ਕਹਾਣੀ ਦੀ ਪਿੱਠ-ਭੂਮੀ ਵਿੱਚ ਬਣਦੀਆਂ ਪਰਿਸਥਿਤੀਆਂ ਨਾਲੋਂ ਅਜੋਕੀਆਂ ਪਰਿਸਥਿਤੀਆਂ ਵਿੱਚ ਅੰਤਰ ਆ ਗਿਆ ਹੈ। ਸਮਾਂ ਬੀਤਣ ਨਾਲ ਭਾਰਤ ਨੇ ਤਰੱਕੀ ਕਰ ਲਈ ਹੈ। ਭਾਰਤ ਵਿੱਚ ਹੁਣ ਸਾਈਕਲ ਜੁਗ ਹੀ ਨਹੀਂ ਰਿਹਾ ਸਗੋਂ ਅੱਗੇ ਵਿਕਾਸ ਹੋਇਆ ਹੈ। ਲੋਕਾਂ ਕੋਲ ਸਕੂਟਰ, ਮੋਟਰਸਾਈਕਲ ਤੇ ਕਾਰਾਂ ਹੁਣ ਆਮ ਹੀ ਹੋ ਗਈਆਂ ਹਨ। ਪ੍ਰੋਫ਼ੈਸਰਾਂ ਦੀ ਤਨਖ਼ਾਹ ਵੀ ਕਾਫ਼ੀ ਵਧ ਗਈ ਹੈ ਜਿਸ ਨਾਲ ਉਹ ਆਪਣਾ ਗੁਜ਼ਾਰਾ ਬੜੀ ਅਸਾਨੀ ਨਾਲ ਕਰ ਸਕਦੇ ਹਨ। ਹੁਣ ਸੜਕਾਂ ਪਹਿਲਾਂ ਵਰਗੀਆਂ ਹੀ ਟੁੱਟੀਆਂ ਹੋਈਆਂ ਨਹੀਂ ਹਨ। ਹੁਣ ਸਾਫ਼ ਤੇ ਪੱਧਰੀਆਂ ਸੜਕਾਂ ਵੀ ਹਨ। ਆਵਾਜਾਵੀ ਵੀ ਅੱਗੇ ਨਾਲੋਂ ਵਧ ਗਈ ਹੈ। ਬੱਸਾਂ ਲਗਪਗ ਹਰ ਸੜਕ ਤੇ ਹਰ ਪਿੰਡ ਨੂੰ ਵੱਡੀ ਗਿਣਤੀ ਵਿੱਚ ਚੱਲਣ ਲੱਗ ਪਈਆਂ ਹਨ। ਸਰਕਾਰ ਬੁਢਾਪਾ-ਪੈਨਸ਼ਨ ਵੀ ਲਾਗੂ ਕਰ ਚੁੱਕੀ ਹੈ ਜਿਸ ਕਾਰਨ ਬੇਸਹਾਰਾ ਬਜ਼ੁਰਗ ਹੁਣ ਪਹਿਲਾਂ ਵਾਂਗ ਵਿਚਾਰੇ ਜਿਹੇ ਨਹੀਂ ਰਹੇ। ਇੱਕ ਵੱਡੀ ਤਬਦੀਲੀ ਇਹ ਵੀ ਆਈ ਹੈ ਕਿ ਮਨੁੱਖ, ਮਨੁੱਖ ਤੋਂ ਦੂਰ ਹੋ ਰਿਹਾ ਹੈ। ਹੁਣ ਸਾਈਕਲ ਜਾਂ ਸਕੂਟਰ ਸਵਾਰ ਕਈ ਵਾਰੀ ਰਸਤੇ ਜਾਂਦੀ ਸਵਾਰੀ ਦੀ ਪਰਵਾਹ ਵੀ ਨਹੀਂ ਕਰਦੇ ਅਤੇ ਆਪਣੇ ਧਿਆਨ ਲੰਘ ਜਾਂਦੇ ਹਨ। ਲੋਕਾਂ ਦੇ ਦਿਲ ਵਿੱਚ ਹਮਦਰਦੀ ਦੀ ਭਾਵਨਾ ਵੀ ਘਟੀ ਹੈ।