ਸਾਂਝ – ਕਹਾਣੀ


ਪ੍ਰਸ਼ਨ. ‘ਸਾਂਝ’ ਕਹਾਣੀ ਦੇ ਵਿਸ਼ਾ-ਵਸਤੂ ਬਾਰੇ 125 ਤੋਂ 150 ਸ਼ਬਦਾਂ ਵਿੱਚ ਚਰਚਾ ਕਰੋ।

ਉੱਤਰ : ‘ਸਾਂਝ’ ਕਹਾਣੀ ਵਿੱਚ ਲੇਖਕ ਨੇ ਇੱਕ ਸਾਧਾਰਨ ਵਿਅਕਤੀ ਦੀ ਮਾਨਸਿਕ ਅਵਸਥਾ ਬਿਆਨ ਕੀਤੀ ਹੈ ਕਿ ਕਈ ਵਾਰ ਸੁਹਿਰਦ ਇਨਸਾਨ ਵੀ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਚਾਹੁੰਦਿਆਂ ਹੋਇਆਂ ਵੀ ਮਜਬੂਰੀ ਵੱਸ ਕਿਸੇ ਲੋੜਵੰਦ ਦੀ ਮਦਦ ਨਹੀਂ ਕਰ ਪਾਉਂਦਾ। ਕਹਾਣੀ ਦਾ ਮੁੱਖ ਪਾਤਰ ‘ਪ੍ਰੋਫ਼ੈਸਰ’ ਕਾਲਜ ਤੋਂ ਸ਼ਹਿਰ ਲਾਲ ਚੀਰੇ ਵਾਲੇ ਸਾਈਕਲ ਸੁਆਰ ਨੂੰ ਇੱਕ ਮਾਈ ਨਾਲ ਲੈ ਕੇ ਜਾਣ ਲਈ ਮਿੰਨਤ ਕਰ ਰਹੀ ਸੀ, ਪਰ ਲਾਲ ਚੀਰੇ ਵਾਲਾ ਕਾਹਲੀ ਨਾਲ ਅੱਗੇ ਲੰਘ ਗਿਆ। ਪ੍ਰੋਫ਼ੈਸਰ ਨੂੰ ਉਹ ਪੱਥਰ-ਦਿਲ ਇਨਸਾਨ ਜਾਪਿਆ। ਜਦੋਂ ਪ੍ਰੋਫ਼ੈਸਰ ਬੁੱਢੀ ਮਾਈ ਦੇ ਕੋਲ ਪਹੁੰਚਿਆ ਤਾਂ ਉਹ ਸਾਈਕਲ ‘ਤੇ ਬਿਠਾ ਕੇ ਲੈ ਜਾਣ ਦਾ ਤਰਲਾ ਕਰਨ ਲੱਗ ਪਈ। ਮਾਈ ਦੇ ਗੰਦੇ-ਮੰਦੇ ਕੱਪੜੇ ਤੇ ਥੈਲਾ ਵੇਖ ਕੇ ਪ੍ਰੋਫ਼ੈਸਰ ਨੇ ਆਖਿਆ ਕਿ ਉਹ ਤਾਂ ਸਿਰਫ਼ ਸ਼ਹਿਰ ਤਕ ਹੀ ਜਾ ਰਿਹਾ ਹੈ, ਮਾਈ ਦਾ ਪਿੰਡ ‘ਸਹੇੜਾ’ ਤਾਂ ਬਹੁਤ ਦੂਰ ਹੈ, ਪਰ ਫਿਰ ਉਸ ਨੂੰ ਤਰਸ ਆ ਗਿਆ ਅਤੇ ਮਾਈ ਨੂੰ ਸਾਈਕਲ ‘ਤੇ ਬਿਠਾ ਲਿਆ। ਰਸਤੇ ਵਿੱਚ ਮਾਈ ਦੇ ਜੀਵਨ ਬਾਰੇ ਜਾਣ ਕੇ ਪ੍ਰੋਫ਼ੈਸਰ ਨੂੰ ਬਹੁਤ ਤਰਸ ਆਇਆ। ਵੰਨ-ਸੁਵੰਨੇ ਵਿਚਾਰ ਉਸ ਦੇ ਮਨ ਵਿੱਚ ਆਏ ਕਿ ਉਹ ਕਿਸੇ ਤਰ੍ਹਾਂ ਮਾਈ ਦੀ ਮਦਦ ਕਰੇ, ਪਰ ਹਾਲਾਤ ਤੋਂ ਮਜਬੂਰ ਸੀ। ਏਨੇ ਨੂੰ ਲਾਲ ਚੀਰੇ ਵਾਲਾ ਸਾਈਕਲ ਸੁਆਰ ਆਪਣਾ ਸ਼ਹਿਰ ਦਾ ਕੰਮ ਮੁਕਾ ਕੇ ਵਾਪਸ ਆ ਰਿਹਾ ਸੀ। ਮਾਈ ਨੂੰ ਵੇਖ ਕੇ ਰੁਕ ਗਿਆ ਅਤੇ ਸ਼ਹਿਰ ਛੇਤੀ ਪਹੁੰਚ ਜਾਣ ਬਾਰੇ ਪੁੱਛਿਆ ਤਾਂ ਮਾਈ ਨੇ ਪ੍ਰੋਫ਼ੈਸਰ ਬਾਰੇ ਦੱਸਿਆ। ਉਸ ਨੌਜੁਆਨ ਨੇ ਪ੍ਰੋਫ਼ੈਸਰ ਵੱਲ ਬੜੇ ਹੀ ਧਿਆਨ ਨਾਲ ਵੇਖਿਆ। ਚੀਰੇ ਵਾਲੇ ਨੇ ਮਾਈ ਨੂੰ ਉਸ ਦੇ ਪਿੰਡ ‘ਸਹੇੜੇ’ ਛੱਡ ਆਉਣ ਲਈ ਆਖਦਿਆਂ ਆਪਣੇ ਸਾਈਕਲ ‘ਤੇ ਬਿਠਾ ਲਿਆ। ਉਸ ਨੇ ਕਿਹਾ ਕਿ ਉਸ ਬਾਗਾਂ ਵਾਲੇ ਤਕ ਤਾਂ ਜਾਣਾ ਹੀ ਹੈ, ਪਰ ਮਾਈ ਨੂੰ ‘ਸਹੇੜੇ’ ਉਸ ਦੇ ਘਰ ਤਕ ਛਡ ਆਵੇਗਾ। ਪ੍ਰੋਫ਼ੈਸਰ, ਜੋ ਲਾਲ ਚੀਰੇ ਵਾਲੇ ਨੂੰ ਪੱਥਰ-ਦਿਲ ਸਮਝਦਾ ਸੀ, ਹੁਣ ਉਸ ਨੂੰ ਆਪਣੇ ਵਰਗਾ ਹੀ ਭਾਵੁਕ ਅਤੇ ਜ਼ਰੂਰਤਮੰਦਾਂ ਦਾ ਹਮਦਰਦ ਲੱਗਣ ਲੱਗ ਪਿਆ। ਅੱਖਾਂ-ਅੱਖਾਂ ਰਾਹੀਂ ਹੀ ਉਨ੍ਹਾਂ ਦੀ ਲੋੜਵੰਦਾਂ ਪ੍ਰਤੀ ਪਿਆਰ ਤੇ ਹਮਦਰਦੀ ਦੀ ਸਾਂਝ ਪੈ ਗਈ ਸੀ। ਦੋਵੇਂ ਹੀ ਨੇਕ-ਦਿਲ ਅਤੇ ਭਾਵੁਕ ਇਨਸਾਨ ਸਨ, ਜੋ ਕਿਸੇ ਦਾ ਦੁੱਖ-ਦਰਦ ਨਹੀਂ ਸਨ ਵੇਖ ਸਕਦੇ।