CBSEClass 9th NCERT PunjabiEducationPunjab School Education Board(PSEB)

ਸਾਂਝੀ ਕੰਧ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਕਹਾਣੀ – ਭਾਗ (ਜਮਾਤ ਨੌਵੀਂ)

ਸਾਂਝੀ ਕੰਧ – ਸੰਤੋਖ ਸਿੰਘ ਧੀਰ


ਪ੍ਰਸ਼ਨ 1 . ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ਼ ਕੰਧ ਸਾਂਝੀ ਕਰਨ ਦੀ ਲੋੜ ਕਿਉਂ ਨਹੀਂ ਸੀ ?

ਉੱਤਰ : ਦਰਬਾਰਾ ਸਿੰਘ, ਕਪੂਰ ਸਿੰਘ ਦੇ ਘਰ ਨਾਲ ਦੀ ਸਾਂਝੀ ਕੰਧ ਕਰਨ ਦੀ ਲੋੜ ਇਸ ਕਰਕੇ ਮਹਿਸੂਸ ਨਹੀਂ ਸੀ ਕਰ ਰਿਹਾ ਕਿਉਂਕਿ ਉਸ ਦੇ ਕੋਲ ਦੋ ਘਰ ਸਨ।

ਇਸ ਪੁਰਾਣੇ ਕੋਠੇ ਵਿੱਚ ਉਸ ਦਾ ਨਿੱਕ – ਸੁੱਕ ਅਤੇ ਡੰਗਰ – ਵੱਛਾ ਹੁੰਦਾ ਸੀ। ਇਸ ਤੋਂ ਅਗਲੇ ਘਰ ਵਿੱਚ ਉਹ ਰਹਿੰਦਾ ਸੀ ਜਿਸ ਦੀ ਹਾਲਤ ਬਹੁਤ ਠੀਕ ਸੀ।

ਪ੍ਰਸ਼ਨ 2 . ਸਰਪੰਚ ਦੇ ਖੰਘੂਰੇ ਦਾ ਦਰਬਾਰੇ ਉੱਤੇ ਕੀ ਅਸਰ ਹੋਇਆ ?

ਉੱਤਰ : ਜਦੋਂ ਕਪੂਰ ਸਿੰਘ ਨੇ ਸਾਂਝੀ ਕੰਧ ਦੀ ਉਸਾਰੀ ਲਈ ਥੋੜ੍ਹਾ ਹਿੱਸਾ ਵੰਡਾਉਣ ਲਈ ਦਰਬਾਰੇ ਨੂੰ ਕਿਹਾ ਤਾਂ ਉਸ ਦਾ ਹਾਂ ਕਰਨ ਨੂੰ ਜੀਅ ਵੀ ਨਹੀਂ ਕੀਤਾ।

ਪਰ ਸਰਪੰਚ ਦੇ ਖੰਗੂਰਾ ਮਾਰਨ ਨਾਲ਼ ਦਰਬਾਰਾ ਉਸ ਦੀ ਰਮਜ਼ ਨੂੰ ਸਮਝਦਾ ਹੋਇਆ ਫਿਰ ਆਕੜ ਬੈਠਾ।

ਪ੍ਰਸ਼ਨ 3 . ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਸਾਂਝੀ ਕੰਧ ਬਨਾਉਣ ਵਿੱਚ ਮੱਦਦ ਨਹੀਂ ਸੀ ਕਰ ਰਿਹਾ। ਕਿਉਂ ?

ਉੱਤਰ : ਦਰਬਾਰਾ ਸਿੰਘ ਦੀ ਧੰਮਾ ਸਿੰਘ ਸਰਪੰਚ ਨਾਲ਼ ਵਧੇਰੇ ਉੱਠਣੀ – ਬੈਠਣੀ ਸੀ। ਉਹ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਦੇ ਖਿਲਾਫ਼ ਭੜਕਾਉਂਦਾ ਰਿਹਾ।

ਇਸ ਲਈ ਦਰਬਾਰਾ ਸਿੰਘ, ਕਪੂਰ ਸਿੰਘ ਦੀ ਸਾਂਝੀ ਕੰਧ ਬਣਾਉਣ ਵਿੱਚ ਮੱਦਦ ਨਹੀਂ ਸੀ ਕਰ ਰਿਹਾ।

ਪ੍ਰਸ਼ਨ 4 . ਕਪੂਰ ਸਿੰਘ ਨੂੰ ਕਿਹੜੀ ਗੱਲ ਦਾ ਡਰ ਸੀ ਜਿਸ ਕਰਕੇ ਉਹ ਦਰਬਾਰਾ ਸਿੰਘ ਪ੍ਰਤੀ ਨਰਮਾਈ ਵਰਤ ਰਿਹਾ ਸੀ ?

ਉੱਤਰ : ਕਪੂਰ ਸਿੰਘ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋ ਗਈ ਸੀ। ਦੋਹਾਂ ਧਿਰਾਂ ਵਿੱਚ ਬੋਲਚਾਲ ਉੱਕਾ ਹੀ ਬੰਦ ਹੋ ਗਈ ਸੀ।

ਇੱਕ ਸਾਲ ਬੀਤਣ ਦੇ ਬਾਵਜੂਦ ਵੀ ਕਪੂਰ ਸਿੰਘ, ਦਰਬਾਰੇ ਕੋਲੋਂ ਪੈਸੇ ਮੰਗ ਕੇ ਦੁਬਾਰਾ ਕੋਈ ਛੇੜ ਨਹੀਂ ਸੀ ਛੇੜਨਾ ਚਾਹੁੰਦਾ।

ਪੈਸੇ ਦੇਣ ਲਈ ਸਾਰੇ ਪਿੰਡ ਦੇ ਸਾਹਮਣੇ ਲਿਖਤ ਹੋਈ ਸੀ ਜਿਸ ਕਰਕੇ ਉਹ ਮੁੱਕਰ ਨੂੰ ਨਹੀਂ ਸੀ ਸਕਦਾ।

ਪ੍ਰਸ਼ਨ 5 . “ਸਭ ਦੂਰ ਹੋ ਜੂ, ਚੁਗਾਠ ਬਚ ਰਹੇ, ਵਾਣ ਬਥੇਰਾ।” ਇਹ ਸ਼ਬਦ ਕਪੂਰ ਸਿੰਘ ਨੇ ਕਿਸ ਨੂੰ ਅਤੇ ਕਿਉਂ ਕਹੇ ?

ਉੱਤਰ : ਇਹ ਸ਼ਬਦ ਕਪੂਰ ਸਿੰਘ ਨੇ ਦਰਬਾਰੇ ਨੂੰ ਉਸ ਵਕਤ ਕਹੇ ਜਦੋਂ ਉਹ ਦਰਬਾਰੇ ਦੇ ਘਰ ਉਸ ਦੇ ਬੀਮਾਰ ਹੋਣ ਦੀ ਖ਼ਬਰ ਲੈਣ ਜਾਂਦਾ ਹੈ ਅਤੇ ਉਸ ਨੂੰ ਬੀਮਾਰ ਦੇਖ ਕੇ ਹੌਂਸਲਾ ਦਿੰਦਿਆਂ ਹੋਇਆਂ ਕਹਿੰਦਾ ਹੈ ਕਿ ਉਹ ਜਲਦੀ ਠੀਕ ਹੋ ਜਾਵੇ, ਕਿਸੇ ਚੀਜ਼ ਦੀ ਹੋਰ ਕੋਈ ਘਾਟ ਨਹੀਂ।

ਪ੍ਰਸ਼ਨ 6 . ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬੀਮਾਰ ਭਰਾ ਦਰਬਾਰੇ ਨੂੰ ਕਿਵੇਂ ਹੌਂਸਲਾ ਦਿੰਦਾ ਹੈ ?

ਉੱਤਰ : ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬੀਮਾਰ ਭਰਾ ਦਰਬਾਰੇ ਨੂੰ ਹੌਂਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਉਹ ਬੀਤੀਆਂ ਗੱਲਾਂ ਨੂੰ ਮਨੋਂ ਭੁਲਾ ਦੇਵੇ।

ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਹਨ। ਦਰਬਾਰੇ ਦੁਆਰਾ ਆਪਣੀ ਧੀ ਬੰਸੋ ਦੇ ਵਿਆਹ ‘ਤੇ ਆਉਣ ਬਾਰੇ ਪੁੱਛਣ ‘ਤੇ ਕਪੂਰ ਸਿੰਘ ਕਹਿੰਦਾ ਹੈ ਕਿ ਉਹ ਉਸ ਤੋਂ ਅਲੱਗ ਥੋੜ੍ਹੀ ਐ ਅਤੇ ਉਸ ਨੂੰ ਹੌਂਸਲਾ ਦਿੰਦਾ ਹੈ।

ਪ੍ਰਸ਼ਨ 7 . ‘ਸਾਂਝੀ ਕੰਧ’ ਕਹਾਣੀ ਵਿੱਚ ਕਹਾਣੀਕਾਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ?

ਉੱਤਰ : ਕਹਾਣੀ ‘ਸਾਂਝੀ ਕੰਧ’ ਵਿੱਚ ਕਹਾਣੀਕਾਰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸਾਨੂੰ ਦੂਸਰਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਭਰਾ ਨੂੰ ਭਰਾ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।

ਪ੍ਰਸ਼ਨ 8. ‘ਸਾਂਝੀ ਕੰਧ’ ਕਹਾਣੀ ਵਿੱਚ ਕਹਾਣੀਕਾਰ ਕੀ ਕਹਿਣਾ ਚਾਹੁੰਦਾ ਹੈ?

ਉੱਤਰ : ‘ਸਾਂਝੀ ਕੰਧ’ ਕਹਾਣੀ ਵਿੱਚ ਕਹਾਣੀਕਾਰ ਇਹ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਕਦੇ ਵੀ ਆਪਸੀ ਭਾਈਚਾਰੇ ਨੂੰ ਭੁੱਲਣਾ ਨਹੀਂ ਚਾਹੀਦਾ। ਸਗੋਂ ਆਪਸ ਵਿੱਚ ਸਹਿਯੋਗ ਕਰਕੇ ਇੱਕ ਦੂਸਰੇ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਦੂਸਰੇ ਦੇ ਕਹਿਣੇ ਵਿੱਚ ਨਾ ਆ ਕੇ ਆਪਸੀ ਪਿਆਰ ਮੁਹੱਬਤ ਨੂੰ ਕਾਇਮ ਰੱਖਦਿਆਂ ਹੋਇਆਂ ਸਾਰੇ ਮਸਲਿਆਂ ਨੂੰ ਸੁਲਝਾ ਲੈਣਾ ਚਾਹੀਦਾ ਹੈ। ਜਿਹੜੇ ਕੰਮ ਸੁਲਾਹ-ਸਫ਼ਾਈ ਨਾਲ ਹੋ ਜਾਂਦੇ ਹਨ ਉਹਨਾਂ ਵਰਗੀ ਤਾਂ ਕੋਈ ਰੀਸ ਹੀ ਨਹੀਂ ਹੁੰਦੀ। ਆਪਣੇ ਹੀ ਮੁਸੀਬਤ ਵੇਲੇ ਕੰਮ ਆਉਂਦੇ ਹਨ।

ਪ੍ਰਸ਼ਨ 9. “ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ।” ਇਸ ਦਾ ਅਰਥ ਸਪਸ਼ਟ ਕਰੋ।

ਉੱਤਰ : ਇਸ ਵਾਕ ਵਿੱਚ ਦੱਸਿਆ ਗਿਆ ਕਿ ਭਾਈਆਂ ਵਿੱਚ ਜਦੋਂ ਤੱਕ ਪਿਆਰ ਹੁੰਦਾ ਹੈ, ਭਾਈਚਾਰਾ ਹੁੰਦਾ ਹੈ, ਉਦੋਂ ਤੱਕ ਕਿਸੇ ਵੀ ਵੈਰੀ ਦਾ ਤੁਸੀਂ ਡਟ ਕੇ ਸਾਹਮਣਾ ਕਰ ਸਕਦੇ ਹੋ ਕਿਉਂਕਿ ਤੁਹਾਡਾ ਭਰਾ ਤੁਹਾਡੇ ਤੇ ਵੈਰੀ ਵਿੱਚ ਢਾਲ ਦਾ ਕੰਮ ਕਰੇਗਾ। ਪਰ ਜੇਕਰ ਤੁਹਾਡਾ ਭਰਾ ਹੀ ਤੁਹਾਡਾ ਦੁਸ਼ਮਣ ਬਣ ਜਾਵੇ ਤਾਂ ਉਸ ਤੋਂ ਵੱਧ ਕੇ ਕੋਈ ਵੀ ਦੁਸ਼ਮਣ ਤੁਹਾਡਾ ਨਹੀਂ ਹੋ ਸਕਦਾ ਕਿਉਂਕਿ ਉਸ ਨੂੰ ਤੁਹਾਡੀ ਤਾਕਤ ਦੇ ਨਾਲ-ਨਾਲ ਤੁਹਾਡੀਆਂ ਕਮਜ਼ੋਰੀਆਂ ਦਾ ਵੀ ਪਤਾ ਹੁੰਦਾ ਹੈ, ਜਿਸ ਦਾ ਫਾਇਦਾ ਉਹ ਅਸਾਨੀ ਨਾਲ ਉਠਾ ਸਕਦਾ ਹੈ। ਰਾਵਣ ਨੂੰ ਹਰਾਉਣ ਵਿੱਚ ਉਸ ਦੇ ਭਰਾ ਵਿਭੀਸ਼ਨ ਦਾ ਬਹੁਤ ਵੱਡਾ ਯੋਗਦਾਨ ਸੀ ਕਿਉਂਕਿ ਜੇਕਰ ਉਹ ਰਾਵਣ ਦੀ ਕਮਜ਼ੋਰੀ ਸ੍ਰੀ ਰਾਮ ਚੰਦਰ ਜੀ ਨੂੰ ਨਾ ਦੱਸਦਾ ਤਾਂ ਰਾਵਣ ਨੇ ਮਰਨਾ ਨਹੀਂ ਸੀ।

ਪ੍ਰਸ਼ਨ 10. ਦਰਬਾਰਾ ਸਿੰਘ ਦੇ ਪਾਤਰ ਬਾਰੇ ਆਪਣੀ ਰਾਏ ਦੱਸੋ।

ਉੱਤਰ : ਦਰਬਾਰਾ ਸਿੰਘ ‘ਸਾਂਝੀ ਕੰਧ’ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਦਿਲ ਦਾ ਮਾੜਾ ਨਹੀਂ ਹੈ ਜਿਵੇਂ ਕਿ ਜਾਪਦਾ ਹੈ। ਉਹ ਸਰਪੰਚ ਦੀ ਚੁੱਕ ਵਿੱਚ ਆ ਜਾਂਦਾ ਹੈ। ਪਰ ਜਦੋਂ ਕਪੂਰ ਸਿੰਘ ਉਸ ਨੂੰ ਸਮਝਾਉਂਦਾ ਹੈ ਤਾਂ ਉਹ ਸਮਝ ਵੀ ਜਾਂਦਾ ਹੈ ਅਤੇ ਉਸ ਦੀ ਅੜਬਾਈ ਕੁਝ ਢਿੱਲੀ ਪੈ ਜਾਂਦੀ ਹੈ ਪਰ ਸਰਪੰਚ ਦਾ ਖੰਘੂਰਾ ਸੁਣ ਕੇ ਉਹ ਫਿਰ ਅੜ ਜਾਂਦਾ ਹੈ। ਚੁੱਕ ਤਾਂ ਪੱਥਰ ਵੀ ਪਾੜ ਦਿੰਦੀ ਹੈ ਉਹ ਤਾਂ ਫਿਰ ਇੱਕ ਸਧਾਰਨ ਜਿਹਾ ਆਦਮੀ ਸੀ। ਅੰਤ ਵਿੱਚ ਲੇਖਕ ਨੇ ਦਰਬਾਰਾ ਸਿੰਘ ਦੇ ਸਕਾਰਾਤਮਕ ਪੱਖ ਨੂੰ ਪੇਸ਼ ਕੀਤਾ ਹੈ ਜਦੋਂ ਉਹ ਕਪੂਰ ਸਿੰਘ ਦੀਆਂ ਅਪਣੱਤ ਭਰੀਆਂ ਗੱਲਾਂ ਸੁਣ ਦੇ ਰੋਣ ਲੱਗ ਪੈਂਦਾ ਹੈ। ਉਹ ਦਿਲੋਂ ਚਾਹੁੰਦਾ ਹੈ ਕਿ ਦੋਵੇਂ ਪਰਿਵਾਰਾਂ ਵਿੱਚ ਸੁਲਾਹ ਹੋ ਜਾਵੇ। ਇਸ ਲਈ ਹੀ ਉਹ ਆਪਣੀ ਕੁੜੀ ਦੇ ਵਿਆਹ ਬਾਰੇ ਆਪਣੇ ਵੱਡੇ ਭਰਾ ਕਪੂਰ ਸਿੰਘ ਕੋਲੋਂ ਸਲਾਹ ਲੈਂਦਾ ਹੈ। ਕਹਾਣੀ ਦੇ ਅੰਤ ਵਿੱਚ ਉਸ ਦਾ ਇਨਸਾਨੀਅਤ ਭਰਿਆ ਰੂਪ ਸਾਹਮਣੇ ਆਉਂਦਾ ਹੈ।