ਸ਼ਾਹ ਸ਼ੁਜਾਹ


ਪ੍ਰਸ਼ਨ. ਸ਼ਾਹ ਸ਼ੁਜਾਹ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : ਸ਼ਾਹ ਸੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ। ਉਸ ਨੇ 1803 ਈ. ਤੋਂ 1809 ਈ. ਤਕ ਸ਼ਾਸਨ ਕੀਤਾ। ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ।

1809 ਈ. ਵਿੱਚ ਉਹ ਰਾਜਗੱਦੀ ਛੱਡ ਕੇ ਦੌੜ ਗਿਆ ਸੀ। ਉਸ ਨੂੰ ਕਸ਼ਮੀਰ ਦੇ ਅਫ਼ਗਾਨ ਸੂਬੇਦਾਰ ਅੱਤਾ ਮੁਹੰਮਦ ਖ਼ਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ।

1813 ਈ. ਵਿੱਚ ਕਸ਼ਮੀਰ ਦੀ ਪਹਿਲੀ ਮੁਹਿੰਮ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਕੇ ਲਾਹੌਰ ਲੈ ਆਂਦਾ ਸੀ। ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਦੀ ਪਤਨੀ ਵਫ਼ਾ ਬੇਗ਼ਮ ਤੋਂ ਸੰਸਾਰ ਪ੍ਰਸਿੱਧ ਕੋਹਿਨੂਰ ਹੀਰਾ ਪ੍ਰਾਪਤ ਕੀਤਾ ਸੀ।

1833 ਈ. ਵਿੱਚ ਸ਼ਾਹ ਸ਼ੁਜਾਹ ਨੇ ਰਾਜਗੱਦੀ ਨੂੰ ਮੁੜ ਪ੍ਰਾਪਤ ਕਰਨ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ ਪਰ ਸ਼ਾਹ ਸ਼ੁਜਾਹ ਨੂੰ ਆਪਣੇ ਯਤਨਾਂ ਵਿੱਚ ਸਫਲਤਾ ਨਾ ਮਿਲੀ।

26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ਹੋਈ। ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ
ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਗਿਆ।

ਅੰਗਰੇਜ਼ਾਂ ਦੇ ਯਤਨਾਂ ਸਦਕਾ 1839 ਈ. ਵਿੱਚ ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਤਾਂ ਬਣ ਗਿਆ ਪਰ ਛੇਤੀ ਹੀ ਉਸ ਵਿਰੁੱਧ ਵਿਦਰੋਹ ਹੋ ਗਿਆ ਜਿਸ ਵਿੱਚ ਸ਼ਾਹ ਸ਼ੁਜਾਹ ਮਾਰਿਆ ਗਿਆ।