CBSEEducationਰਸ/रस

ਸ਼ਾਂਤ ਰਸ ਕੀ ਹੁੰਦਾ ਹੈ?


ਸ਼ਾਂਤ ਰਸ


ਸ਼ਾਂਤ ਰਸ ਦਾ ਸਥਾਈ ਭਾਵ ‘ਵੈਰਾਗ’ ਹੁੰਦਾ ਹੈ, ਜਿਸ ਤੋਂ ਸ਼ਾਂਤੀ ਮਿਲਦੀ ਹੈ ਅਤੇ ਸ਼ਾਂਤ ਰਸ ਅਭਿਵਿਅਕਤ ਹੁੰਦਾ ਹੈ। ਇਸ ਰਹੱਸਮਈ ਸੰਸਾਰ ਤੇ ਇਸ ਦੇ ਪਸਾਰੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੁੰਦੇ ਰਹਿੰਦੇ ਹਨ ਕਿ ਸੰਸਾਰ ਕੀ ਹੈ ? ਮਨੁੱਖ ਕੀ ਹੈ ? ਜੀਵਨ ਕੀ ਹੈ ? ਮੈਂ ਕੌਣ ਹਾਂ ? ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ ? ਆਦਿ ਪ੍ਰਸ਼ਨਾਂ ਦੇ ਉੱਤਰ ਭਲਦਾ- ਭਾਲਦਾ ਸੰਵੇਦਨਸ਼ੀਲ ਮਨੁੱਖ ਪ੍ਰਸ਼ਨਾਂ ਦੀ ਭੀੜ ਵਿੱਚ ਹੀ ਗਵਾਚ ਜਾਂਦਾ ਹੈ। ਪਰ ਉੱਤਰ ਫਿਰ ਵੀ ਨਹੀਂ ਮਿਲਦਾ। ਜਦੋਂ ਉਸ ਨੂੰ ਸੋਝੀ ਆਉਂਦੀ ਹੈ ਕਿ ਇਹ ਸੰਸਾਰ ਨਾਸ਼ਮਾਨ ਹੈ। ਉਸ ਨੇ ਇੱਕ ਦਿਨ ਇਸ ਸੰਸਾਰ ਤੋਂ ਲੋਪ ਹੋ ਜਾਣਾ ਹੈ ਤਾਂ ਉਸ ਦੇ ਦਿਲ ਵਿੱਚ ਇਸ ਨਾਸ਼ਮਾਨ ਸੰਸਾਰ ਵਲੋਂ ਵੈਰਾਗ ਉਪਜਦਾ ਹੈ। ਸੰਸਾਰ ਨਾਲ ਬੱਝਣਾ ਪ੍ਰੀਤ ਪਾਉਣੀ ਰਾਗ ਹੈ

ਜਦਕਿ ਸੰਸਾਰ ਤੋਂ ਉੱਪਰ ਉੱਠਣਾ ਵੈਰਾਗ ਹੈ। ਵਿਚਾਰਸ਼ੀਲ ਕਵੀਆਂ ਅਤੇ ਮਹਾਪੁਰਖਾਂ ਦੇ ਬੋਲਾਂ ਵਿੱਚ ਸ਼ਾਂਤ ਰਸ ਦੀਆਂ ਤਰੰਗਾਂ ਉਠਦੀਆਂ ਹਨ। ਕਿਤੇ ਕੁਦਰਤ ਦੇ ਅਦਭੁਤ ਸ਼ਾਂਤ ਨਜ਼ਾਰੇ ਦਿਲਾਂ ਨੂੰ ਧੂਹ ਪਾਉਂਦੇ, ਕਿਤੇ ਝਰਨੇ ਸੰਗੀਤ ਅਲਾਪ ਕਰ ਰਹੇ ਹਨ। ਕਿਤੇ ਬਨਸਪਤੀ ਦੀ ਹਰਿਆਲੀ ਮਨ ਨੂੰ ਖੇੜਾ ਬਖਸ਼ਦੀ, ਅੱਖਾਂ ਨੂੰ ਠੰਢ ਪਾਉਂਦੀ ਹੈ। ਦਿਲਾਂ ਨੂੰ ਸਕੂਨ ਬਖਸ਼ ਰਹੀ ਹੈ। ਸੰਵੇਦਨਸ਼ੀਲ ਮਨੁੱਖ ਇਨ੍ਹਾਂ ਦ੍ਰਿਸ਼ਾਂ ਤੋਂ ਸ਼ਾਂਤੀ ਚੈਨ, ਵੈਰਾਗ ਤੇ ਅਗੰਮੀ ਸੁਨੇਹਾ ਲੱਭ ਰਿਹਾ ਹੈ। ਇਹ ਸਾਰੇ ਅਨੋਖੇ ਦ੍ਰਿਸ਼ ਸ਼ਾਂਤ ਰਸ ਹਨ। ਪੰਜਾਬੀ ਵਿਚ ਭਾਈ ਵੀਰ ਸਿੰਘ, ਪੂਰਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਜਸਵੰਤ ਸਿੰਘ ਨੇਕੀ ਦੀਆਂ ਕਵਿਤਾਵਾਂ ਸ਼ਾਂਤ ਰਸ ਨਾਲ ਭਰਪੂਰ ਹਨ। ਹੇਠਲੇ ਕਾਵਿ ਟੋਟੇ ਸ਼ਾਂਤ ਰਸ ਦੀਆਂ ਸੁੰਦਰ ਉਦਾਹਰਨਾਂ ਹਨ :-

(ੳ) ਵੈਰੀ ਨਾਗ ਤੇਰਾ ਪਹਿਲਾ ਝਲਕਾ

ਜਦ ਅੱਖੀਆਂ ਵਿਚ ਵੱਜਦਾ।।

ਕੁਦਰਤ ਦੇ ਕਾਦਰ ਦਾ ਜਲਵਾ,

ਲੈ ਲੈਂਦਾ ਇਕ ਸਿਜਦਾ।

(ਭਾਈ ਵੀਰ ਸਿੰਘ)


(ਅ) ਮੇਰੇ ਜੀਅੜਿਆ ਪਰਦੇਸੀਆ ਕਿਵ ਪਵਹਿ ਜੰਜਾਲੇ ਰਾਮ॥

ਸਾਚਾ ਸਾਹਿਬ ਮਨ ਵਸੈ ਕੀ ਫਾਸਹਿ ਜਮ ਜਾਲੇ ਰਾਮ॥

ਮਛੁਲੀ ਵਿਛੁਨੀ ਨੈਣ ਹੁੰਨੀ ਜਾਲ ਬੀਧਕਿ ਪਾਇਆ॥

ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ ॥

(ਸ੍ਰੀ ਗੁਰੂ ਨਾਨਕ ਦੇਵ ਜੀ)


(ੲ) ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ॥

ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ॥

ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ।।

(ਸ੍ਰੀ ਗੁਰੂ ਨਾਨਕ ਦੇਵ ਜੀ)