ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਬਾਰੇ ਪੱਤਰ
ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਆਪਣੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਬਾਰੇ ਆਪਣੇ ਵਿਚਾਰ ਪਗਟਾਓ।
ਪਰੀਖਿਆ ਭਵਨ,
ਕੇਂਦਰ ਨੰਬਰ………..,
………………ਸ਼ਹਿਰ।
ਮਿਤੀ : …………….. .
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਨਵਾਂ ਜ਼ਮਾਨਾ’,
ਜਲੰਧਰ ਸ਼ਹਿਰ।
ਵਿਸ਼ਾ : ਸੜਕਾਂ ਦੀ ਹਾਲਤ ਸੁਧਾਰਨ ਬਾਰੇ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਆਪਣੇ ਸ਼ਹਿਰ ……… ਦੀਆਂ ਸੜਕਾਂ ਦੀ ਮੰਦੀ ਹਾਲਤ ਨੂੰ ਸੁਧਾਰਨ ਲਈ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ।
ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਸਾਡੇ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੀ ਰਹਿੰਦੀਆਂ ਹਨ ਅਤੇ ਥਾਂ-ਥਾਂ ਟੋਏ ਪਏ ਹੁੰਦੇ ਹਨ। ਮੀਂਹ ਪੈਣ ‘ਤੇ ਅਤੇ ਬਰਸਾਤ ਦੇ ਦਿਨਾਂ ਵਿੱਚ ਤਾਂ ਇਹਨਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ। ਸੜਕਾਂ ‘ਤੇ ਪਏ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਸਾਈਕਲ, ਸਕੂਟਰ, ਮੋਟਰ ਸਾਈਕਲ ਆਦਿ ਵਾਹਨਾਂ ਦੇ ਚਾਲਕਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਕਿੱਥੇ ਟੋਆ ਹੈ। ਇਸੇ ਲਈ ਉਹ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਪਾਣੀ ਵਿੱਚੋਂ ਤੇਜ਼ ਰਫ਼ਤਾਰ ਨਾਲ ਲੰਘਦੇ ਵਾਹਨ ਪੈਦਲ ਚੱਲਣ ਵਾਲੇ ਲੋਕਾਂ ਦੇ ਕੱਪੜੇ ਆਦਿ ਖ਼ਰਾਬ ਕਰ ਦਿੰਦੇ ਹਨ। ਜਿੱਥੇ ਸੜਕਾਂ ਨੀਵੀਆਂ ਹਨ ਉੱਥੇ ਤਾਂ ਕਈ-ਕਈ ਦਿਨ ਪਾਣੀ ਭਰਿਆ ਰਹਿੰਦਾ ਹੈ। ਇਸ ਕਾਰਨ ਲੋਕਾਂ ਲਈ ਆਉਣਾ-ਜਾਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਤਾਂ ਬਿਮਾਰੀ ਫੈਲਣ ਵਾਲੀ ਹਾਲਤ ਹੁੰਦੀ ਹੈ। ਇਹ ਹਾਲਤ ਸ਼ਹਿਰ ਦੀ ਕਿਸੇ ਇੱਕ ਜਗ੍ਹਾ ਦੀ ਨਹੀਂ ਸਗੋਂ ਲਗਪਗ ਸਾਰੇ ਹੀ ਸ਼ਹਿਰ ਦੀ ਸਥਿਤੀ ਅਜਿਹੀ ਹੀ ਹੈ।
ਸੰਬੰਧਿਤ ਅਧਿਕਾਰੀਆਂ ਨੂੰ ਸੜਕਾਂ ਦੀ ਅਜਿਹੀ ਮੰਦੀ ਹਾਲਤ ਨੂੰ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਚਾਹੀਦਾ ਤਾਂ ਇਹ ਹੈ ਕਿ ਸੜਕਾਂ ਦੀ ਲਗਾਤਾਰ ਮੁਰੰਮਤ ਹੁੰਦੀ ਰਹੇ। ਬਰਸਾਤ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਹੋਰ ਵੀ ਜ਼ਰੂਰੀ ਹੁੰਦੀ ਹੈ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਜਿਹੜੀਆਂ ਸੜਕਾਂ ਨੀਵੀਆਂ ਹਨ ਉਹਨਾਂ ਨੂੰ ਉੱਚਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕੇ। ਸੀਵਰੇਜ ਦੀਆਂ ਹੁੰਦੀਆਂ ਦੇ ਢੱਕਣਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿਉਂ ਜੋ ਢੱਕਣ ਨਾ ਹੋਣ ਕਾਰਨ ਦੁਰਘਟਨਾਵਾਂ ਦੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਨਗਰ-ਪਾਲਕਾ/ਨਗਰ-ਨਿਗਮ ਅਧਿਕਾਰੀਆਂ ਨੂੰ ਸ਼ਹਿਰ ਦੇ ਅੰਦਰ ਦੀਆਂ ਸੜਕਾਂ ਦੀ ਹਾਲਤ ਨੂੰ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਮੇਂ ਸਿਰ ਸੜਕਾਂ ਦੀ ਮੁਰੰਮਤ ਹੁੰਦੀ ਰਹੇ ਤਾਂ ਆਉਣ-ਜਾਣ ਵਾਲ਼ੇ ਲੋਕਾਂ ਲਈ ਵੀ ਸਹੂਲਤ ਹੁੰਦੀ ਹੈ ਅਤੇ ਪੈਟਰੋਲ ਦੀ ਵੀ ਬੱਚਤ ਹੁੰਦੀ ਹੈ।
ਆਸ ਹੈ ਕਿ ਤੁਸੀ ਇਸ ਪੱਤਰ ਨੂੰ ਪ੍ਰਕਾਸ਼ਿਤ ਕਰ ਕੇ ਸੰਬੰਧਿਤ ਅਧਿਕਾਰੀਆਂ ਦਾ ਧਿਆਨ ਇਸ ਪਾਸੇ ਖਿੱਚਣ ਵਿੱਚ ਮਦਦ ਕਰੋਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ਼ਪਾਤਰ,
ਜੰਗ ਬਹਾਦਰ ਸਿੰਘ