ਸ਼ਬਦ ਕੋਸ਼
ਸ਼ਬਦ-ਕੋਸ਼-ਵਾਚਣ ਵਿਧੀ
ਪ੍ਰਸ਼ਨ 1. ਸ਼ਬਦ-ਕੋਸ਼ ਕੀ ਹੈ?
ਉੱਤਰ – ‘ਕੋਸ਼’ ਸ਼ਬਦ ਦੇ ਅਰਥ ਹਨ, ਭੰਡਾਰ। ਸ਼ਬਦ-ਕੋਸ਼ ਵਿਚ ਭਾਸ਼ਾ ਦੇ ਸ਼ਬਦਾਂ ਦਾ ਭੰਡਾਰ ਦਰਜ ਹੁੰਦਾ ਹੈ। ਅੱਜ ਸੰਸਾਰ ਦੇ ਹਰ ਭਾਸ਼ਾ ਦੇ ਸ਼ਾਬਦਿਕ ਭੰਡਾਰ ਉਨ੍ਹਾਂ ਦੇ ਕੋਸ਼ ਵਿਚ ਦਰਜ ਹਨ। ਭਾਰਤੀ ਪਰੰਪਰਾ ਵਿਚ ਕੋਸ਼ ਨੂੰ ਪਰਿਭਾਸ਼ਿਤ ਕਰਨ ਲਈ ਕਿਹਾ ਜਾਂਦਾ ਹੈ ਕਿ ਇਹ ਸ਼ਬਦਾਂ ਦਾ ਇਕ ਅਜਿਹਾ ਸੰਗ੍ਰਹਿ ਹੁੰਦਾ ਹੈ, ਜਿਸ ਵਿਚ ਇਕ ਤਾਂ ਸ਼ਬਦਾਂ ਨੂੰ ਕ੍ਰਮਵਾਰ ਦਿੱਤਾ ਹੁੰਦਾ ਹੈ ਅਤੇ ਦੂਸਰੇ ਇਨ੍ਹਾਂ ਸ਼ਬਦਾਂ ਦੇ ਅਰਥ ਤੇ ਭਾਵ ਵੀ ਦਿੱਤੇ ਹੁੰਦੇ ਹਨ। ਅੰਗਰੇਜ਼ੀ ਵਿਚ ਇਸ ਲਈ ਸ਼ਬਦ ਡਿਕਸ਼ਨਰੀ ਹੈ। ਵਿਗਿਆਨ ਦੇ ਯੁਗ ਦੇ ਅੱਗੇ ਵੱਧਣ ਨਾਲ ਵਿਦਵਾਨਾਂ ਦੀ ਕੋਸ਼ਕਾਰੀ ਖੋਜ ਨੇ ਸੰਸਾਰ ਵਿਚ ਕਈ ਪ੍ਰਕਾਰ ਦੇ ਕੋਸ਼ ਤਿਆਰ ਕੀਤੇ ਹਨ ; ਜਿਵੇਂ ਇਕ ਭਾਸ਼ਾਈ ਕੋਸ਼, ਦੋ ਭਾਸ਼ਾਈ ਕੋਸ਼ ਅਤੇ ਬਹੁ-ਭਾਸ਼ਾਈ ਕੋਸ਼ ਆਦਿ। ਅਜਿਹੇ ਕੋਸ਼ ਸਿਰਫ਼ ਸ਼ਬਦਾਂ ਦੇ ਅਰਥਾਂ ਤਕ ਹੀ ਸੀਮਿਤ ਹੁੰਦੇ ਹਨ। ਕਈ ਕੋਸ਼ ਤਾਂ ਸ਼ਬਦਾਂ ਦੇ ਅਰਥਾਂ ਦੇ ਨਾਲ ਸੰਖੇਪ ਜਾਣਕਾਰੀ ਵੀ ਦਿੰਦੇ ਹਨ। ਅਜਿਹੇ ਕੋਸ਼ ਇੰਦਰਾਜਾਂ ਉੱਤੇ ਆਧਾਰਿਤ ਹੁੰਦੇ ਹਨ।
ਇੰਦਰਾਜਾਂ ਦੇ ਆਧਾਰ ਤੇ ਸ਼ਬਦ-ਕੋਸ਼ (Dictionary), ਵਿਸ਼ਵ-ਕੋਸ਼ੀ ਸ਼ਬਦ-ਕੋਸ਼ (Encyclopaedic dictionary) ਅਤੇ ਵਿਸ਼ਵ-ਕੋਸ਼ (Encyclopaedia) ਤਿੰਨ ਕਿਸਮਾਂ ਦੇ ਹਨ। ਇੰਦਰਾਜ ਦੇ ਆਧਾਰ ਤੋਂ ਇਲਾਵਾ ਸਾਮਗਰੀ ਦੇ ਆਧਾਰ ਤੇ ਵੀ ਕੋਸ਼ਾਂ ਦੀ ਵੰਡ ਕੀਤੀ ਜਾਂਦੀ ਹੈ। ਸਾਡੇ ਲਈ ਸਿਰਫ਼ ਇੰਨਾ ਜਾਣ ਲੈਣਾ ਹੀ ਜ਼ਰੂਰੀ ਹੈ ਕਿ ਭਾਸ਼ਾ ਦੇ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਸਾਮਗਰੀ ਹੀ ਕੋਸ਼ ਹਨ। ਇਸ ਤਰ੍ਹਾਂ ਕੋਸ਼ ਭਾਸ਼ਾ ਦੇ ਵਿਕਾਸ ਅਤੇ ਭਾਸ਼ਾ ਦੀ ਵਰਤੋਂ ਲਈ ਇਕ ਸੰਦ ਵਜੋਂ ਵਰਤਿਆ ਜਾਣ ਵਾਲਾ ਸਾਧਨ ਹੈ। ਅਸੀਂ ਇਸ ਵਿਚੋਂ ਸ਼ਬਦਾਂ ਦੇ ਉਚਾਰਨ, ਵਿਉਤਪਤੀ ਤੇ ਵਿਆਕਰਨਿਕ ਰੂਪਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਪੰਜਾਬੀ ਕੌਸ਼ਕਾਰੀ ਦਾ ਆਰੰਭ ਭਾਰਤੀ ਪਰੰਪਰਾ ਨਾਲ ਤੇ ਵਿਕਾਸ ਪੱਛਮੀ ਪਰੰਪਰਾ ਨਾਲ ਸੰਬੰਧਿਤ ਹੈ। ਵਿਦਵਾਨਾਂ ਨੇ ਪੰਜਾਬੀ ਕੋਸ਼ਕਾਰੀ ਦਾ ਆਰੰਭ 1544 ਈ: ਤੋਂ ਮੰਨਿਆ ਹੈ।
ਪ੍ਰਸ਼ਨ 2. ਅਸੀਂ ਪੰਜਾਬੀ ਕੋਸ਼ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ?
ਉੱਤਰ : ਅਸੀਂ ਭਾਸ਼ਾ ਦੇ ਕਿਸੇ ਵੀ ਸ਼ਬਦ ਦੇ ਅਰਥ ਕੋਸ਼ ਵਿਚੋਂ ਦੇਖ ਸਕਦੇ ਹਾਂ। ਇਸ ਲਈ ਸਾਨੂੰ ਕੁੱਝ ਨਿਯਮਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਤਰ੍ਹਾਂ ਦੇ ਨਿਯਮ ਸਾਰੀਆਂ ਭਾਸ਼ਾਵਾਂ ਦੇ ਕੋਸ਼ਾਂ ਉੱਪਰ ਲਾਗੂ ਹੁੰਦੇ ਹਨ। ਪੰਜਾਬੀ ਭਾਸ਼ਾ ਕੋਸ਼ ਨੂੰ ਵਾਚਣ ਲਈ ਸਾਨੂੰ ਹੇਠ ਲਿਖੇ ਨਿਯਮਾਂ ਨੂੰ ਸਾਹਮਣੇ ਰੱਖਣਾ ਪਵੇਗਾ।
1. ਗੁਰਮੁਖੀ ਦੇ ਸਾਰੇ ਪੈਂਤੀ ਅੱਖਰ, ‘ੳ ਤੋਂ ੜ’ ਤਕ ਦੇ ਸਾਰੇ ਵਰਗ, ਤਰਤੀਬਵਾਰ ਸਾਡੇ ਮਨ ਵਿਚ ਵਸੇ ਹੋਣੇ ਚਾਹੀਦੇ ਹਨ। ਜਿਸ ਸ਼ਬਦ ਦੇ ਅਸੀਂ ਅਰਥ ਦੇਖਣੇ ਹੋਣ, ਸਭ ਤੋਂ ਪਹਿਲਾਂ ਉਸ ਦੇ ਪਹਿਲੇ ਅੱਖਰ ਨੂੰ ਦੇਖਣਾ ਪਵੇਗਾ ਕਿ ਪੈਂਤੀ ਅੱਖਰਾਂ ਵਿਚ ਉਹ ਅੰਦਾਜ਼ ਕਿੰਨਵਾਂ ਅੱਖਰ ਹੈ।
2. ਦੂਜੀ ਗੱਲ ਲਗਾਂ-ਮਾਤਰਾਂ ਤੇ ਲਗਾਖ਼ਰਾਂ ਨੂੰ ਦੇਖਣ ਦੀ ਹੈ। ਜੇਕਰ ਕਿਸੇ ਸ਼ਬਦ ਨੂੰ ਕੋਈ ਮਾਤਰਾ ਨਹੀਂ ਤਾਂ ਉਸ ਵਿਚਲੇ ਦੂਸਰੇ ਅੱਖਰ ਦੀ ਤਰਤੀਬ ਤੇ ਸਥਾਨ ਨੂੰ ਦੇਖਣਾ ਪਵੇਗਾ। ਇਸ ਦੀਆਂ ਲਗਾਂ-ਮਾਤਰਾਂ ਵਾਚਣ ਮਗਰੋਂ ਸ਼ਬਦ ਵਿਚਲੇ ਅਗਲੇ ਅੱਖਰਾਂ ਦੀ ਵਾਰੀ ਆਉਂਦੀ ਹੈ।
3. ਸ਼ਬਦ ਲੱਭਣ ਲਈ ਪਹਿਲਾਂ ਅੱਖਰ ਤੇ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਵੇਂ ‘ਨਾਸਤਿਕ’ ਸ਼ਬਦ ਦੇ ਕੋਸ਼ ਵਿਚ ਅਰਥ ਦੇਖਣ ਲਈ, ਸਭ ਤੋਂ ਪਹਿਲਾਂ ‘ਨ’ ਤਰਤੀਬ ਤੇ ਪਹੁੰਚੋ।
ਫਿਰ ‘ਨ’ ਨੂੰ ਕੰਨਾ (ਾ) ‘ਨਾ’ ਤਕ,
‘ਨਾ’ ਤੋਂ ਅੱਗੇ ‘ਸ’, ਫਿਰ ‘ਤਿ’ ਅਤੇ ‘ਕ’ ਉੱਤੇ ਪਹੁੰਚੋ।
ਅੰਤ ਕੋਸ਼ ਵਿਚ ਲਿਖਿਆ ਸ਼ਬਦ ‘ਨਾਸਤਿਕ’ ਆ ਜਾਵੇਗਾ, ਜਿਸ ਦੇ ਅੱਗੇ ਅਰਥ ਲਿਖੇ ਹੋਣਗੇ- ‘ਰੱਬ ਨੂੰ ਨਾ ਮੰਨਣ ਵਾਲਾ’।