CBSEEducationNCERT class 10thPunjab School Education Board(PSEB)

ਸਹਸ ਤਵ……….. ਚਲਤ ਮੋਹੀ।।


ਗਗਨ ਮੈ ਥਾਲੁ : ਪ੍ਰਸੰਗ ਸਹਿਤ ਵਿਆਖਿਆ


ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ॥


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਗਗਨ ਮੈ ਥਾਲੁ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਪ੍ਰਭੂ ਦੀ ਆਰਤੀ ਨੂੰ ਇਕ ਫੋਕਟ ਕਰਮ ਕਰਾਰ ਦਿੰਦੇ ਹੋਏ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਜੁੱਟੀ ਹੋਈ ਹੈ ਅਤੇ ਜੀਵ ਵਿਅਕਤੀਗਤ ਰੂਪ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਤੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਕੇ ਪ੍ਰਭੂ ਦੇ ਭਾਣੇ ਵਿੱਚ ਵਿਚਰਦਿਆਂ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਾਮਲ ਹੁੰਦਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਪ੍ਰਭੂ ਦੇ ਉਸ ਸਰਗੁਣ ਤੇ ਨਿਰਗੁਣ ਸਰੂਪ ਦਾ ਵਰਣਨ ਕੀਤਾ ਹੈ, ਜਿਸ ਦੀ ਆਰਤੀ ਉਤਾਰਨ ਵਿੱਚ ਕੁਦਰਤ ਜੁੱਟੀ ਹੋਈ ਹੈ।

ਵਿਆਖਿਆ : ਗੁਰੂ ਜੀ ਆਖਦੇ ਹਨ ਕਿ ਹੇ ਪ੍ਰਭੂ ! ਸਾਰੇ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਇਸ ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰਾਂ ਅੱਖਾਂ ਹਨ । ਪਰ ਨਿਰਾਕਾਰ (ਨਿਰਗੁਣ) ਸਰੂਪ ਵਿੱਚ ਤੇਰੀ ਕੋਈ ਵੀ ਅੱਖ ਨਹੀਂ। ਇਸੇ ਪ੍ਰਕਾਰ ਹੀ ਤੇਰੇ ਸਰਗੁਣ ਸਰੂਪ ਦੀਆਂ ਹਜ਼ਾਰਾਂ ਮੂਰਤਾਂ ਹਨ, ਪਰ ਨਿਰਾਕਾਰ ਅਵਸਥਾ ਵਿੱਚ ਤੇਰੀ ਕੋਈ ਮੂਰਤ ਨਹੀਂ ਹੈ। ਤੇਰੇ ਸਰਗੁਣ ਸਰੂਪ ਦੇ ਹਜ਼ਾਰਾਂ ਨਿਰਮਲ ਪੈਰ ਹਨ, ਪਰ ਨਿਰਾਕਾਰ ਰੂਪ ਦਾ ਕੋਈ ਪੈਰ ਨਹੀਂ। ਨਿਰਾਕਾਰ ਸਰੂਪ ਵਿੱਚ ਤੂੰ ਗੰਧ ਦਾ ਅਨੁਭਵ ਕਰਨ ਵਾਲੀਆਂ ਨਾਸਾਂ ਤੋਂ ਬਿਨਾਂ ਹੈ, ਪਰ ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰਾਂ ਨਾਸਾਂ ਹਨ। ਅਜਿਹੇ ਕੌਤਕਾਂ ਨਾਲ ਤੂੰ ਸਭ ਨੂੰ ਮੋਹਿਆ ਹੋਇਆ ਹੈ ਤੇ ਇਸ ਮੋਹ ਦੀ ਬੰਨ੍ਹੀ ਹੋਈ ਸਾਰੀ ਕੁਦਰਤ ਤੇਰੀ ਆਰਤੀ ਉਤਾਰਨ ਦੇ ਆਹਰ ਵਿੱਚ ਜੁੱਟੀ ਹੋਈ ਹੈ।