ਸਵੈ – ਜੀਵਨੀ
ਸਵੈ – ਜੀਵਨੀ ਦੀ ਪਰਿਭਾਸ਼ਾ, ਤੱਤ ਅਤੇ ਪ੍ਰਮੁੱਖ ਜੀਵਨੀਕਾਰ
ਜਾਣ – ਪਛਾਣ : ਸਵੈ ਦਾ ਅਰਥ ਹੈ : ‘ਆਪ’ ਅਤੇ ਜੀਵਨੀ ਦਾ ਅਰਥ ਹੈ : ‘ਜੀਵਨ ਦੀ ਦਾਸਤਾਨ’। ਭਾਵ ਕਿ ਆਪਣੇ ਜੀਵਨ ਦੀ ਦਾਸਤਾਨ ਆਪ ਲਿਖਣੀ। ਇਸ ਨੂੰ ਸਵੈ – ਜੀਵਨੀ ਆਖਦੇ ਹਨ। ਇਸ ਨੂੰ ਅੰਗਰੇਜ਼ੀ ਵਿੱਚ ਆਟੋ ਬਾਇਓਗ੍ਰਾਫੀ (Auto-biography) ਅਤੇ ਹਿੰਦੀ ਵਿੱਚ ਆਤਮਕਥਾ ਜਾਂ ਆਤਮ – ਚਰਿੱਤਰ ਆਖਦੇ ਹਨ।
ਮਨੁੱਖ ਆਪਣੇ ਬਾਰੇ ਦੂਜਿਆਂ ਨੂੰ ਕੁੱਝ ਦੱਸਣ ਅਤੇ ਦੂਸਰਿਆਂ ਬਾਰੇ ਕੁੱਝ ਜਾਣਨ ਦੀ ਸਦੀਵੀ ਇੱਛਾ ਰੱਖਦਾ ਹੈ। ਸਵੈ – ਜੀਵਨੀ ਵਾਰਤਕ ਸਾਹਿਤ ਦਾ ਇੱਕ ਵਿਸ਼ੇਸ਼ ਰੂਪ ਹੈ ਜੋ ਵਿਅਕਤੀ ਦੀ ਆਪਣੇ ਨਿੱਜੀ ਅਨੁਭਵ ਨੂੰ ਸਿੱਧੇ ਤੇ ਸਪਸ਼ਟ ਤੌਰ ‘ਤੇ ਪੇਸ਼ ਕਰਨ ਦੀ ਇੱਛਾ ਵਿੱਚੋਂ ਪੈਦਾ ਹੋਇਆ ਹੈ। ਸਵੈ – ਜੀਵਨੀ ਬਾਰੇ ਕਿਹਾ ਜਾਂਦਾ ਹੈ, “ਸਵੈ – ਜੀਵਨੀ ਵਿੱਚ ਆਪ ਹੰਢਾਏ ਅਤੇ ਭੋਗੇ ਪਲਾਂ ਦੀ ਪੁਨਰ – ਉਸਾਰੀ ਹੁੰਦੀ ਹੈ।”
ਪਰਿਭਾਸ਼ਾਵਾਂ : ਪੱਛਮੀ ਵਿਦਵਾਨ ਰਾਏ ਪਾਸਕਲ ਅਨੁਸਾਰ “ਸਵੈ – ਜੀਵਨੀ ਹੀ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਵਿੱਚ ਕੋਈ ਲੇਖਕ ਆਪਣੇ – ਆਪ ਅਤੇ ਆਪਣੇ ਅਨੁਭਵਾਂ ਨੂੰ ਪ੍ਰਗਟ ਕਰਦਾ ਹੈ।”
ਡਾ. ਸਤਿੰਦਰ ਸਿੰਘ ਅਨੁਸਾਰ : “ਸਵੈ – ਜੀਵਨੀ ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਦਾ ਬਿਰਤਾਂਤ ਹੈ, ਜਿਸ ਵਿੱਚ ਲੇਖਕ ਆਪਣੇ ਵਿਅਕਤੀਤਵ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਬੀਤ ਚੁੱਕੇ ਜੀਵਨ ਦਾ ਪੁਨਰ – ਨਿਰਮਾਣ ਕਰਦਾ ਹੈ। ਉਹ ਆਪਣੇ ਜੀਵਨ ਤਜਰਬਿਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਪੇਸ਼ ਕਰਦਾ ਹੈ।”
ਡਾ. ਗੁਰਚਰਨ ਸਿੰਘ ਅਨੁਸਾਰ : “ਸਵੈ – ਜੀਵਨੀ ਨਾਇਕ ਦੇ ਮੂੰਹੋਂ ਬਿਆਨ ਕੀਤਾ ਗਿਆ ਆਪਣਾ ਹੀ ਜੀਵਨ ਇਤਿਹਾਸ ਹੈ। ਇਸ ਵਿੱਚ ਨਾਇਕ (ਲੇਖਕ) ਉੱਤਮ ਪੁਰਖ ਵਿੱਚ ਉਨ੍ਹਾਂ ਕੁੱਝ ਘਟਨਾਵਾਂ ਅਤੇ ਲੱਛਣਾਂ ਨੂੰ ਉਲੀਕਣ ਤੇ ਉਨ੍ਹਾਂ ਦਾ ਮਹੱਤਵ ਉਘਾੜਨ ਦਾ ਇੱਛੁਕ ਹੁੰਦਾ ਹੈ, ਜਿਨ੍ਹਾਂ ਨੇ ਉਸ ਨੂੰ ਉਹ ਕੁੱਝ ਬਣਾਇਆ ਹੁੰਦਾ ਹੈ ਜਾਂ ਉਹ ਕੁੱਝ ਬਣਨ ਵਿੱਚ ਸਹਾਇਤਾ ਕੀਤੀ ਹੈ ਜੋ ਕੁਝ ਕਿ ਉਹ ਹੈ।”
ਇਨ੍ਹਾਂ ਪਰਿਭਾਸ਼ਾਵਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਵੈ – ਜੀਵਨੀ ਵਾਰਤਕ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸਵੈ – ਜੀਵਨੀਕਾਰ ਆਪਣੇ ਅਤੀਤ ਦੀ ਪੁਨਰ – ਸਿਰਜਣਾ ਕਰਦਾ ਹੈ। ਅਤੀਤ ਦੇ ਅਥਾਹ ਸਾਗਰ ਵਿੱਚੋਂ ਉਹ ਅਜਿਹੇ ਅਨਮੋਲ ਮੋਤੀ ਅਤੇ ਘੋਗੇ – ਸਿੱਪੀਆਂ ਚੁਣ ਕੇ ਬਾਹਰ ਲੈ ਆਉਂਦਾ ਹੈ ਜਿਹੜੇ ਉਸ ਦੇ ਆਪੇ ਦੀ ਉਸਾਰੀ ਵਿੱਚ ਸਹਾਇਕ ਸਿੱਧ ਹੋਏ ਹੁੰਦੇ ਹਨ ਅਤੇ ਜਿਨ੍ਹਾਂ ਬਾਰੇ ਉਹ ਪਾਠਕਾਂ ਨੂੰ ਜਾਣੂ ਕਰਾਉਣਾ ਚਾਹੁੰਦਾ ਹੈ। ਉਹ ਉੱਤਮ – ਪੁਰਖ ਸ਼ੈਲੀ ਵਿੱਚ ਆਪਣੇ ਜੀਵਨ ਅਨੁਭਵ ਅਤੇ ਜੀਵਨ ਘਟਨਾਵਾਂ ਨੂੰ ਪੂਰੇ ਸਮਾਜਿਕ ਸੰਦਰਭ ਵਿੱਚ ਪੇਸ਼ ਕਰਦਾ ਹੈ।
ਸਵੈ-ਜੀਵਨੀ ਦੇ ਲੱਛਣ/ਤੱਤ
ਸਵੈ-ਜੀਵਨੀ ਦੇ ਕੁਝ ਪ੍ਰਮੁੱਖ ਤੱਤ ਹਨ :
ਲੇਖਕ ਦਾ ਪ੍ਰਸਿੱਧ ਤੇ ਹਰਮਨ ਪਿਆਰਾ ਹੋਣਾ : ਸਵੈ – ਜੀਵਨੀ ਲਿਖਣ ਵਾਲਾ ਭਾਵੇਂ ਕਿਸੇ ਵੀ ਵਰਗ ਜਾਂ ਜਾਤੀ ਧੰਦੇ ਨਾਲ ਸਬੰਧਤ ਹੋਵੇ, ਉਸ ਦਾ ਪ੍ਰਸਿੱਧ ਅਤੇ ਹਰਮਨ ਪਿਆਰਾ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਵੈ-ਜੀਵਨੀ ਤਾਂ ਹੀ ਪਾਠਕਾਂ ਨੂੰ ਪ੍ਰਭਾਵਿਤ ਕਰ ਸਕੇਗੀ ਜੇਕਰ ਪਹਿਲਾਂ ਤੋਂ ਹੀ ਪਾਠਕਾਂ ਨੂੰ ਇਸ ਵਿਅਕਤੀ ਬਾਰੇ ਕੁਝ ਜਾਣਕਾਰੀ ਹੋਵੇ। ਅਜਿਹੇ ਵਿਅਕਤੀ ਨੇ ਕਿਸੇ ਵਿਸ਼ੇਸ਼ ਖੇਤਰ ਵਿੱਚ ਕੋਈ ਨਾਮਣਾ ਖੱਟਿਆ ਹੋਵੇ ਤੇ ਉਹ ਲੋਕਾਂ ਲਈ ਪ੍ਰੇਰਨਾ-ਸਰੋਤ ਬਣਨ ਦੇ ਕਾਬਲ ਹੋਵੇ। ਕਿਉਂਕਿ ਸਵੈ-ਜੀਵਨੀਕਾਰ ਦਾ ਮੂਲ ਮਕਸਦ ਹੀ ਇਹੋ ਹੁੰਦਾ ਹੈ ਕਿ ਪਾਠਕ ਤੇ ਹੋਰ ਲੋਕ ਉਸ ਦੇ ਜੀਵਨ-ਚਰਿੱਤਰ ਤੋਂ ਕੁਝ ਨਾ ਕੁਝ ਲਾਭ ਲੈ ਸਕਣ। ਇਸ ਲਈ ਇਸ ਦਾ ਬੁਨਿਆਦੀ ਲੱਛਣ ਇਹ ਹੈ ਕਿ ਇਸ ਦਾ ਨਾਇਕ ਭਾਵ ਲੇਖਕ ਆਪ ਸਮਾਜ ਦੁਆਰਾ ਸਵੀਕਾਰਿਆ ਤੇ ਸਤਿਕਾਰਿਆ ਹੋਇਆ ਵਿਅਕਤੀ ਹੋਵੇ। ਇੰਜ ਸਵੈ-ਜੀਵਨੀ ਲੇਖਕ ਇਕ ਸ੍ਰੇਸ਼ਟ ਵਿਅਕਤੀ ਹੁੰਦਾ ਹੈ।
ਇਤਿਹਾਸਕ ਸੰਦਰਭ/ ਅਤੀਤ ਦਾ ਰਿਕਾਰਡ : ਸਵੈ – ਜੀਵਨੀ, ਨਿਰਸੰਦੇਹ ਅਤੀਤ ਦਾ ਰਿਕਾਰਡ ਹੁੰਦਾ ਹੈ। ਕੋਈ ਲੇਖਕ ਆਪਣੇ ਜੀਵਨ ਦੀਆਂ ਘਟਨਾਵਾਂ ਵਿੱਚ ਆਪਣੇ ਵਿਅਕਤੀਤਵ ਨੂੰ ਉਭਾਰ ਕੇ ਸਾਹਮਣੇ ਲਿਆਉਂਦਾ ਹੈ। ਇਹ ਸਾਰੀ ਪ੍ਰਕਿਰਿਆ ਆਪਣੇ-ਆਪ ਵਿੱਚ ਇਤਿਹਾਸਕ ਤੱਥ ਵੀ ਹੈ। ਜੀਵਨੀ ਪ੍ਰਮੁੱਖ ਤੌਰ ‘ਤੇ ਸਾਹਿਤ ਤੇ ਇਤਿਹਾਸ ਦੋਵਾਂ ਤੱਤਾਂ ਦਾ ਸੁਮੇਲ ਹੁੰਦੀ ਹੈ।
ਭਾਸ਼ਾ ਤੇ ਸ਼ਬਦਾਵਲੀ ਦੀ ਕੋਮਲਤਾ ਤੇ ਵਿਸ਼ਾਲਤਾ : ਸਵੈ-ਜੀਵਨੀ ਇੱਕ ਕੋਮਲ ਕਲਾ ਹੈ। ਇਹ ਉਸਾਰੂ ਭਾਵਨਾਵਾਂ ਅਤੇ ਅਨੁਭਵ ਦੇ ਖੇਤਰ ਦਾ ਵਿਸ਼ਾ ਹੈ। ਇਸ ਵਿੱਚ ਜੀਵਨ ਦੀਆਂ ਅਭੁੱਲ ਯਾਦਾਂ ਨੂੰ ਸ਼ਬਦਾਂ ਵਿੱਚ ਸੁਰੱਖਿਅਤ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਲੇਖਕ ਨੇ ਕਾਗਜ਼ਾਂ ਦੀ ਹਿੱਕ ਵਿੱਚੋਂ ਇੱਕ ਧੜਕਦੇ ਦਿਲ ਵਾਲੀ ਜਿਊਂਦੀ-ਜਾਗਦੀ ਦੁਖ-ਸੁਖ ਹੰਢਾਉਂਦੀ ਸ਼ਖ਼ਸੀਅਤ ਸਾਕਾਰ ਕਰਨੀ ਹੁੰਦੀ ਹੈ। ਇਸ ਲਈ ਇਸ ਦੀ ਉਸਾਰੀ ਲਈ ਲੇਖਕ ਕੋਲ ਸ਼ਬਦ ਭੰਡਾਰ ਦਾ ਅਮੁੱਕ ਖ਼ਜ਼ਾਨਾ ਹੋਣਾ ਚਾਹੀਦਾ ਹੈ।
ਵਿਵੇਕਸ਼ੀਲਤਾ : ਸਵੈ-ਜੀਵਨੀਕਾਰ ਦੇ ਸਾਹਮਣੇ ਘਟਨਾਵਾਂ ਦੇ ਚੋਣ ਦੀ ਸਮੱਸਿਆ ਬਹੁਤ ਵੱਡੀ ਹੁੰਦੀ ਹੈ ਕਿ ਉਹ ਆਪਣੇ ਜੀਵਨ ਦੀ ਕਿਸੇ ਘਟਨਾ ਨੂੰ ਛੱਡੇ ਤੇ ਕਿਸ ਨੂੰ ਲਿਖੇ ਕਿਉਂਕਿ ਉਸ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨਾਲ ਉਸ ਦੀ ਭਾਵੁਕ ਸਾਂਝ ਵੀ ਹੋ ਜਾਂਦੀ ਹੈ। ਉਸ ਨੂੰ ਹਰ ਘਟਨਾ ਦੂਸਰੀ ਨਾਲੋਂ ਚੰਗੀ ਤੇ ਵਧੀਆ ਜਾਪਦੀ ਹੈ। ਅਜਿਹੀ ਸਥਿਤੀ ਵਿੱਚ ਉਸ ਨੂੰ ਵਿਵੇਕਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਲਈ ਗੱਲਾਂ ਲਿਖਣੀਆਂ
ਚਾਹੀਦੀਆਂ ਹਨ।
ਨਿਰਪੱਖਤਾ : ਸਵੈ-ਜੀਵਨੀ ਕਿਉਂਕਿ ਲੇਖਕ ਦੇ ਆਪੇ ਦਾ ਪ੍ਰਗਟਾਵਾ ਹੈ, ਇਸ ਲਈ ਉਸ ਦਾ ਨਿਰਪੱਖ ਹੋਣਾ ਵੀ ਜ਼ਰੂਰੀ ਹੈ। ਲੇਖਕ ਆਪਣੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਦਾ ਬਿਆਨ ਕਿਸੇ ਵਿਸ਼ੇਸ਼ ਮਨਰੋਥ ਨਾਲ ਕਰਦਾ ਹੈ। ਅਜਿਹੀ ਸਥਿਤੀ ਵਿਚ ਸਵੈ-ਤਾਰੀਫ਼ ਜਾਂ ਆਪਣੀ ਉਸਤਤੀ ਦੇ ਅੰਸ਼ਾਂ ਦਾ ਉਪਜ ਪੈਣਾ ਲਾਜ਼ਮੀ ਹੈ ਪਰ ਲੇਖਕ ਆਪਣੇ-ਆਪ ਨੂੰ ਨਿਰਪੱਖ ਰੱਖਦਿਆਂ ਨਿੱਜ ਤੋਂ ਉੱਪਰ ਉੱਠ ਕੇ ਰਚਨਾ ਪੇਸ਼ ਕਰੇ ਤਾਂ ਹੀ ਜੀਵਨੀ ਸਫਲ ਸਵੈ-ਜੀਵਨੀ ਬਣ ਸਕਦੀ ਹੈ।
ਸੁਹਿਰਦਤਾ : ਸਵੈ-ਜੀਵਨੀਕਾਰ ਨੂੰ ਸੁਹਿਰਦ ਹੋਣਾ ਚਾਹੀਦਾ ਹੈ, ਕਿਉਂਕਿ ਉਸ ਨੇ ਆਪਣਾ ਅਤੀਤ ਬਿਆਨ ਕਰਨਾ ਹੁੰਦਾ ਹੈ। ਅਤੀਤ ਕਦੇ ਵੀ ਨਿਰੋਲ ਚੰਗਾ ਜਾਂ ਨਿਰੋਲ ਬੁਰਾ ਨਹੀਂ ਹੁੰਦਾ। ਉਸ ਵਿੱਚ ਗੁਣ-ਔਗੁਣ ਦੋਵੇਂ ਹੁੰਦੇ ਹਨ। ਸੁਹਿਰਦ ਲੇਖਕ ਜਿੱਥੇ ਆਪਣੇ ਗੁਣਾਂ ਨੂੰ ਪੇਸ਼ ਕਰਦਾ ਹੈ, ਉੱਥੇ ਉਸ ਨੂੰ ਆਪਣੇ ਔਗੁਣ ਕਦੇ ਵੀ ਛੁਪਾਉਣੇ ਨਹੀਂ ਚਾਹੀਦੇ। ਇਸ ਲਈ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਆਪਣੇ ਜੀਵਨ ਦੇ ਮਾੜੇ ਪੱਖਾਂ ਨੂੰ ਵੀ ਖ਼ੂਬਸੂਰਤੀ ਨਾਲ ਪੇਸ਼ ਕਰੇਗਾ।
ਸੱਚ ਦੀ ਪੇਸ਼ਕਾਰੀ : ਸਵੈ-ਜੀਵਨੀ ਵਿਚਲਾ ਸੱਚ ਨੰਗਾ ਸੱਚ ਹੁੰਦਾ ਹੈ ਤੇ ਨੰਗੇ ਸੱਚ ਦੇ ਸਾਹਮਣੇ ਖੜ੍ਹੇ ਹੋਣ ਦੀ ਹਿੰਮਤ ਬਹੁਤ ਘੱਟ ਲੇਖਕਾਂ ਵਿੱਚ ਹੁੰਦੀ ਹੈ। ਆਮ ਤੌਰ ‘ਤੇ ਬਹੁਤੇ ਲੇਖਕ ਆਪਣੀ ਜ਼ਿੰਦਗੀ ਦੇ ਉੱਜਲ ਜਾਂ ਚੰਗੇ ਪੱਖਾਂ ਦਾ ਵਰਨਣ ਹੀ ਕਰਦੇ ਹਨ। ਕੋਈ ਮਹਾਤਮਾ ਗਾਂਧੀ ਵਰਗਾ ਸੱਚਾ ਪੁਰਖ ਹੀ ਆਪਣੀ ਸਵੈ-ਜੀਵਨੀ ‘My Experiments with the truth’ ਵਿੱਚ ਆਪਣੀ ਕਲਮ ਨਾਲ ਆਪਣੀਆਂ ਕਮੀਆਂ ਤੇ ਕਮਜ਼ੋਰੀਆਂ ਨੂੰ ਬਿਆਨ ਕਰਨ ਦੀ ਹਿੰਮਤ ਰੱਖਦਾ ਹੈ। ਇੰਜ ਸਵੈ-ਜੀਵਨੀ ਵਿੱਚ ਸੱਚ ਨੂੰ ਜ਼ਰੂਰ ਪੇਸ਼ ਕਰਨਾ ਚਾਹੀਦਾ ਹੈ।
ਆਪੇ ਦੀ ਪੇਸ਼ਕਾਰੀ : ਆਪਣੇ-ਆਪ ਨੂੰ ਪਛਾਣਨਾ ਹੀ ਸਵੈ-ਜੀਵਨੀ ਦਾ ਮੂਲ ਧੁਰਾ ਹੈ ਕਿਉਂਕਿ ਆਪਣੇ-ਆਪ ਨੂੰ ਜਾਣਨਾ ਹੀ ਆਪਣੀਆਂ ਕਮਜ਼ੋਰੀਆਂ, ਊਣਤਾਈਆਂ, ਸ਼ਕਤੀਆਂ ਤੇ ਕਾਮਯਾਬੀਆਂ ਨੂੰ ਪਛਾਣਨਾ ਹੈ। ਇਸ ਲਈ ਸਵੈ-ਜੀਵਨੀ ਆਪਣੇ-ਆਪ ਦੀ ਤਲਾਸ਼ ਕਰਦੀ ਹੈ। ਇਸ ਲਈ ਆਪਾ ਜਾਂ ਵਿਅਕਤੀਤਵ ਸਵੈ-ਜੀਵਨੀ ਦਾ ਅਹਿਮ ਤੱਤ ਹੈ। ਇੱਥੇ ਲੇਖਕ ਖੁਦ ਹੀ ਆਪ ਪਾਤਰ ਹੁੰਦਾ ਹੈ ਤੇ ਆਪ ਹੀ ਲੇਖਕ। ਇਸੇ ਲਈ ਕਿਹਾ ਜਾਂਦਾ ਹੈ, “ਸਵੈ-ਜੀਵਨੀ, ਆਪੇ ਵਲੋਂ ਆਪੇ ਦੀ ਸਹੀ, ਸੁਚੱਜੀ ਤੇ ਸਮੁੱਚੀ ਸਿਰਜਣਾ ਹੀ ਤਾਂ ਹੈ।”
ਵਿਸ਼ਾ-ਵਸਤੂ : ਇਹੋ ਆਪਾ ਸਵੈ-ਜੀਵਨੀ ਵਿੱਚ ਇਸ ਵਿਸ਼ੇ ਵਜੋਂ ਵੀ ਦਾਖ਼ਲ ਹੁੰਦਾ ਹੈ ਕਿਉਂਕਿ ਸਵੈ-ਜੀਵਨੀ ਦਾ ਵਿਸ਼ਾ ਜੀਵਨ ਹੁੰਦਾ ਹੈ। ਲੇਖਕ ਨੇ ਆਪਣੇ-ਆਪ ਨੂੰ ਇੱਕ ਵਿਸ਼ੇ ਵਜੋਂ ਦੂਰ ਫਾਸਲੇ ‘ਤੇ ਰੱਖ ਕੇ ਵਾਚਣਾ ਹੁੰਦਾ ਹੈ। ਇੱਥੇ ਇੱਕੋ ਵੇਲੇ ਲੇਖਕ ਨੂੰ ਆਪਣਾ ਆਪਾ ਭੁੱਲਣਾ ਵੀ ਪੈਂਦਾ ਹੈ ਤੇ ਯਾਦ ਵੀ ਕਰਨਾ ਹੁੰਦਾ ਹੈ। ਮਨੁੱਖ ਆਪਣੀਆਂ ਹਾਲਤਾਂ ਤੇ ਆਪਣੇ ਆਲੇ-ਦੁਆਲੇ ਤੋਂ ਆਪਣੇ ਸਮਾਜ ਦੇ ਪ੍ਰਭਾਵ ਹੇਠਾਂ ਜੋ ਵੀ ਆਪਣਾ ਜੀਵਨ ਸਫ਼ਰ ਤੈਅ ਕਰਦਾ ਹੈ, ਉਸੇ ਅਨੁਸਾਰ ਹੀ ਉਸ ਦੀ ਸ਼ਖ਼ਸੀਅਤ ਬਣਦੀ ਹੈ। ਇਸ ਰੂਪ ਵਿੱਚ ਉਸ ਦੇ ਆਪਣੇ ਬਾਰੇ ਜਾਣਕਾਰੀ ਦੇ ਨਾਲ-ਨਾਲ ਸਮਕਾਲੀਨ ਸਮੇਂ ਦੇ ਰਾਜਨੀਤਿਕ, ਧਾਰਮਿਕ, ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਵਿਦਿਅਕ ਪਰਿਸਥਿਤੀਆਂ ਬਾਰੇ ਵੀ ਜਾਣਕਾਰੀ ਦਿੰਦਾ ਹੈ ਤੇ ਇਸ ਵਿੱਚੋਂ ਲੇਖਕ ਦੇ ਵਿਅਕਤੀਤਵ ਦੇ ਗੁਣ ਵੀ ਪਤਾ ਲੱਗਦੇ ਹਨ।
ਤਜਰਬੇ : ਸਵੈ-ਜੀਵਨੀ, ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬਿਆਂ ਦਾ ਸੰਗ੍ਰਹਿ ਹੁੰਦਾ ਹੈ। ਕਈ ਵਾਰ ਅਜਿਹੇ ਨਿੱਜੀ ਅਨੁਭਵ ਸਾਰੀ ਮਨੁੱਖਤਾ ਲਈ ਗਿਆਨ ਦੇ ਭੰਡਾਰ ਬਣ ਜਾਂਦੇ ਹਨ ਤੇ ਸਾਡੇ ਲਈ ਚਾਨਣ-ਮੁਨਾਰੇ ਦਾ ਕੰਮ ਦਿੰਦੇ ਹਨ। ਸਵੈ-ਜੀਵਨੀ ਇੱਕ ਤਰ੍ਹਾਂ ਨਾਲ ਸਵੈ-ਪੜਚੋਲ ਵੀ ਹੁੰਦੀ ਹੈ, ਜਿੱਥੇ-ਜਿੱਥੇ ਲੇਖਕ ਥਿੜਕਿਆ ਜਾਂ ਅਸਫਲ ਹੋਇਆ, ਉੱਥੇ ਅਜਿਹੇ ਤਜਰਬੇ ਪਾਠਕਾਂ ਲਈ ਵੀ ਸੋਚਣ ਵਾਲੇ ਭਾਵ ਪ੍ਰੇਰਨਾਦਾਇਕ ਬਣ ਜਾਂਦੇ ਹਨ।
ਮਨੁੱਖ ਯਾਦਾਂ ਦੇ ਸਹਾਰੇ ਜਿਉਂਦਾ ਹੈ। ਸਵੈ-ਜੀਵਨੀ ਵਿੱਚ ਬੀਤੇ ਸਮੇਂ ਦੀਆਂ ਯਾਦਾਂ ਅਤੇ ਘਟਨਾਵਾਂ ਲੜੀਵਾਰ ਰੂਪ ਵਿੱਚ ਦਰਜ ਹੁੰਦੀਆਂ ਹਨ ਜੋ ਬੀਤੇ ਤੇ ਵਰਤਮਾਨ ਸਮੇਂ ਵਿੱਚ ਸੰਬੰਧ ਸਥਾਪਤ ਕਰਦੀਆਂ ਹਨ। ਲੇਖਕ ਆਪਣੇ-ਆਪ ਨਾਲ ਗੱਲ ਕਰਦਿਆਂ ਬੀਤੇ ਵੇਲੇ ਨੂੰ ਵਰਤਮਾਨ ਦੇ ਪ੍ਰਸੰਗ ਵਿਚ ਵੇਖਦਾ ਹੈ।
ਨਿਰਮਾਣਤਾ : ਲੇਖਕ ਦਾ ਨਿਰਮਾਣ (Humble) ਹੋਣਾ ਵੀ ਸਫਲ ਸਵੈ-ਜੀਵਨੀ ਦਾ ਗੁਣ ਹੁੰਦਾ ਹੈ। ਇੱਕ ਨਿਰਮਾਣ ਮਨੁੱਖ ਹੀ ਹਉਮੈ ਤੋਂ ਬਚ ਸਕਦਾ ਹੈ ਤੇ ਸੱਚ ਬੋਲਣ ਦੀ ਜ਼ੁੱਰਅਤ ਕਰ ਸਕਦਾ ਹੈ। ਪੰਜਾਬੀ ਵਿੱਚ ਨਿਰਮਾਣਤਾ ਦਾ ਪੁੰਜ ਤੇ ਇੱਕ ਸਫ਼ਲ ਜੀਵਨੀਕਾਰ ਪ੍ਰਿ. ਤੇਜਾ ਸਿੰਘ ਸੀ। ਉਸ ਨੇ ਆਪਣੀ ਸਵੈ-ਜੀਵਨੀ ‘ਆਰਸੀ’ ਵਿੱਚ ਲਿਖਿਆ ਹੈ, “ਮੇਰੇ ਰੱਬ ਜੀ। ਮੇਰੀ ਯਾਦ ਦੀ ਆਰਸੀ ਸਾਫ਼ ਕਰਕੇ ਰੱਖਣੀ। ਮੈਥੋਂ ਆਪਣੇ ਬਾਰੇ ਬਹੁਤ ਗੱਲਾਂ ਨਾ ਅਖਵਾਉਣੀਆਂ ਸਗੋਂ ਬਹੁਤ ਕੁਝ ਉਨ੍ਹਾਂ ਘਟਨਾਵਾਂ ਅਤੇ ਵਿਅਕਤੀਆਂ ਸੰਬੰਧੀ ਲਿਖਵਾਉਣਾ, ਜਿੰਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ ਹਾਂ। ਸਮਰੱਥਾ ਬਖਸ਼ੋ ਕਿ ਮੈਂ ਕੁਝ ਲਿਖ ਸਕਾਂ, ਜੋ ਸੱਚੋ – ਸੱਚ ਹੋਵੇ, ਪਰ ਇਸ ਲਿਖਣ ਵਿੱਚ ਕੋਈ ਕੁੜੱਤਣ, ਲਾਗਤਬਾਜ਼ੀ ਜਾਂ ਦਿਲ – ਦੁਖਾਵੀਂ ਗੱਲ ਨਾ ਆ ਪਵੇ।”
ਇਸੇ ਤਰ੍ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵੀ ਕਿਹਾ ਹੈ, “ਆਪਣੀ ਜੀਵਨ ਕਹਾਣੀ ਲਿਖਣ ਦੀ ਕਦੇ ਗੁਸਤਾਖ਼ੀ ਮੈਂ ਨਹੀਂ ਕਰ ਸਕਦਾ ਜੇ ਇਹ ਕਹਾਣੀ ਬਹੁਤੀ ਦੂਜਿਆਂ ਦੀ ਕਹਾਣੀ ਨਾ ਹੁੰਦੀ।”
ਉਦੇਸ਼ : ਸਵੈ-ਜੀਵਨੀ ਦਾ ਉਦੇਸ਼ ਆਪਣੀ ਜੀਵਨ-ਯਾਤਰਾ ਦੇ ਦੌਰਾਨ ਹੋਈਆਂ ਗ਼ਲਤੀਆਂ ਨੂੰ ਸਵੀਕਾਰ ਕਰਨ ਪ੍ਰਾਪਤੀਆਂ ਦਾ ਮੁੱਲ ਪੁਆਉਣਾ ਹੈ ਤਾਂ ਜੋ ਜ਼ਿੰਦਗੀ ਦੀਆਂ ਤਲਖ਼ੀਆਂ, ਨਾਕਾਮੀਆਂ ਤੇ ਕਮਜ਼ੋਰੀਆਂ ਸਾਡੇ ਲਈ ਸਿੱਖਿਆ ਦਾ ਪ੍ਰੇਰਨਾ-ਸਰੋਤ ਬਣ ਸਕਣ। ਕਈ ਵਾਰ ਮਾਨਸਿਕ ਸੰਤਾਪ ਨੂੰ ਤਸੱਲੀ ਦੇਣ ਲਈ ਵੀ ਸਵੈ-ਜੀਵਨੀ ਲਿਖੀ ਜਾਂਦੀ ਹੈ ਜਿਵੇਂ ਰੂਸੋ ਨੇ ਆਪਣੀ ਸਵੈ-ਜੀਵਨੀ ‘ਮਾਈ ਕਨਫੈਸ਼ਨਜ਼’ ਵਿੱਚ ਲਿਖਿਆ ਹੈ, “ਜਦੋਂ ਰੱਬ ਵਲੋਂ ਮੈਨੂੰ ਬੁਲਾਵਾ ਆਵੇਗਾ ਤਾਂ ਮੈਂ ਆਪਣੀ ਸਵੈ-ਜੀਵਨੀ ਉਸ ਅੱਗੇ ਪੇਸ਼ ਕਰਾਂਗਾ ਅਤੇ ਕਹਾਂਗਾ ਕਿ ਹੇ ਈਸ਼ਵਰ ! ਮੈਂ ਇਸ ਤਰ੍ਹਾਂ ਸੰਸਾਰ ਵਿੱਚ ਵਿਚਰਿਆ ਹਾਂ। ਮੈਂ ਆਪਣੇ ਪਾਪ ਅਤੇ ਪੁੰਨ ਤੇਰੇ ਸਾਹਮਣੇ ਪੇਸ਼ ਕਰਦਾ ਹਾਂ।”
ਪੰਜਾਬੀ ਸਾਹਿਤ ਵਿੱਚ ਪ੍ਰਮੁੱਖ ਸਵੈ-ਜੀਵਨੀਆਂ
ਪ੍ਰਿੰ. ਤੇਜਾ ਸਿੰਘ : ਆਰਸੀ
ਬਲਰਾਜ ਸਾਹਨੀ : ਮੇਰੀ ਫਿਲਮੀ ਆਤਮਕਥਾ, ਗ਼ੈਰ-ਜਜ਼ਬਾਤੀ ਡਾਇਰੀ
ਨਾਨਕ ਸਿੰਘ : ਮੇਰੀ ਦੁਨੀਆ
ਗੁਰਬਖਸ਼ ਸਿੰਘ ਪ੍ਰੀਤਲੜੀ : ਮੇਰੀ ਜੀਵਨ ਕਹਾਣੀ ਭਾਗ 1, 2, 3
ਪ੍ਰੋ. ਸਾਹਿਬ ਸਿੰਘ : ਮੇਰੀ ਜੀਵਨ ਕਹਾਣੀ
ਅੰਮ੍ਰਿਤਾ ਪ੍ਰੀਤਮ : ਰਸੀਦੀ ਟਿਕਟ
ਮਹਿੰਦਰ ਸਿੰਘ ਰੰਧਾਵਾ : ਆਪ ਬੀਤੀ
ਬਲਵੰਤ ਗਾਰਗੀ : ਨੰਗੀ ਧੁੱਪ
ਰਾਮ ਸਰੂਪ ਅਣਖੀ : ਮਲ੍ਹੇ ਝਾੜੀਆਂ
ਸੋਹਿੰਦਰ ਸਿੰਘ ਵਣਜਾਰਾ ਬੇਦੀ : ਅੱਧੀ ਮਿੱਟੀ ਅੱਧਾ ਸੋਨਾ
ਦਲੀਪ ਕੌਰ ਟਿਵਾਣਾ : ਨੰਗੇ ਪੈਰਾਂ ਦਾ ਸਫ਼ਰ
ਅਜੀਤ ਕੌਰ : ਖਾਨਾਬਦੋਸ਼
ਕਰਤਾਰ ਸਿੰਘ ਦੁੱਗਲ : ਕਿਸ ਪਹਿ ਖੋਲਿਓ ਗੱਠੜੀ