ਸਲੀਕਾ – ਪੈਰਾ ਰਚਨਾ
ਸਲੀਕੇ ਤੋਂ ਭਾਵ ਕਿਸੇ ਕੰਮ ਨੂੰ ਕਰਨ ਜਾਂ ਜੀਵਨ ਵਿੱਚ ਵਿਚਰਨ ਦੀ ਅਜਿਹੀ ਤਮੀਜ਼ ਹੈ, ਜਿਸ ਨਾਲ ਦੂਜਿਆਂ ਉੱਤੇ ਅਤਿਅੰਤ ਸੁਖਾਵਾਂ ਪ੍ਰਭਾਵ ਪਵੇ। ਆਮ ਕਰਕੇ ਅਸੀਂ ਸਲੀਕਾ ਸ਼ਬਦ ਨੂੰ ਗੱਲ – ਬਾਤ ਕਰਨ ਤੇ ਖਾਣ – ਪੀਣ ਦੇ ਚੱਜਾਂ ਨਾਲ ਹੀ ਜੋੜਦੇ ਹਾਂ। ਕਿਤੇ – ਕਿਤੇ ਗ੍ਰਹਿਣੀ ਦੀ ਰਸੋਈ – ਸੰਭਾਲ ਨਾਲ ਵੀ ਇਹ ਵਿਸ਼ੇਸ਼ਣ ਜੋੜ ਦਿੱਤਾ ਜਾਂਦਾ ਹੈ। ਉਂਞ ਸਲੀਕਾ ਸਾਡੇ ਹਰ ਸਮਾਜਿਕ ਵਿਹਾਰ ਨਾਲ ਜੁੜਿਆ ਹੋਇਆ ਹੈ।
ਜਦੋਂ ਅਸੀਂ ਆਪਣੇ ਕੰਮਾਂ ਨੂੰ ਕਲਾ ਦੀ ਹੱਦ ਤੱਕ ਸੁਚੱਜਤਾ ਨਾਲ ਕਰਦੇ ਹਾਂ ਤਾਂ ਸਲੀਕਾ ਉਤਪੰਨ ਹੋ ਜਾਂਦਾ ਹੈ। ਕੰਮ ਵਿੱਚ ਸਫ਼ਾਈ ਹੋਣਾ, ਕਿਸੇ ਤਰਤੀਬ ਵਿਚ ਕੀਤੇ ਜਾਣਾ, ਉਸ ਦਾ ਪ੍ਰਭਾਵਸ਼ਾਲੀ ਤੇ ਉਪਯੋਗੀ ਹੋਣਾ, ਇਹ ਸਭ ਸਲੀਕਾ ਹੈ, ਕਿਉਂਕਿ ਇਸ ਦਾ ਦੂਜਿਆਂ ਉੱਪਰ ਸੁਖਾਵਾਂ ਪ੍ਰਭਾਵ ਪੈਂਦਾ ਹੈ। ਇਸ ਸ਼ਬਦ ਨੂੰ ਕੇਵਲ ਕੁਲੀਨ ਵਰਗ ਦੇ ਕੁੱਝ ਹੋਰ ਤੌਰ – ਤਰੀਕਿਆਂ ਨਾਲ ਹੀ ਨਹੀਂ ਜੋੜਨਾ ਚਾਹੀਦਾ। ਇਸ ਤਰ੍ਹਾਂ ਕਰਨਾ ਇਸ ਦੇ ਅਰਥਾਂ ਨੂੰ ਸੰਕੁਚਿਤ ਕਰਨਾ ਹੈ।
ਅਸਲ ਵਿੱਚ ਸਲੀਕਾ ਸਮੁੱਚੀ ਜੀਵਨ – ਜਾਚ ਲਈ ਆਉਂਦਾ ਸ਼ਬਦ ਹੈ। ਸਲੀਕੇ ਨਾਲ ਕੰਮ ਕਰਨਾ ਜ਼ ਸਲੀਕੇ ਨਾਲ ਵਿਚਰਨਾ ਤੇ ਅੱਗੋਂ ਸਲੀਕੇ ਨਾਲ ਬੋਲਣਾ, ਪਸ਼ੂਆਂ ਤੇ ਜੀਵਾਂ ਤੋਂ ਅੱਗੇ ਮਨੁੱਖੀ ਜੀਵਨ ਦੀ ਹੋਂਦ ਨੂੰ ਪਛਾਨਣਾ; ਮਨੁੱਖ ਦੀਆਂ ਸਮੁੱਚੀਆਂ ਸ਼ਕਤੀਆਂ ਦਾ ਜਦੋਂ ਠੀਕ ਵਿਕਾਸ ਹੋਇਆ ਹੁੰਦਾ ਹੈ ਤਾਂ ਉਸ ਵਿੱਚ ਸਲੀਕਾ ਪੈਦਾ ਹੁੰਦਾ ਹੈ।
ਸਰੀਰਕ ਪੱਖ ਤੋਂ ਲਚਕ, ਮਾਨਸਿਕ ਪੱਖ ਤੋਂ ਸੰਤੁਲਨ ਤੇ ਫ਼ੁਰਤੀ, ਭਾਸ਼ਾ ਦੇ ਪੱਖ ਤੋਂ ਸੰਜਮ – ਮਿਠਾਸ, ਨਿਮਰਤਾ ਤੇ ਨਿਰਮਾਣਤਾ ਆਦਿ ਬਹੁਤ ਸਾਰੇ ਨਿੱਕੇ – ਨਿੱਕੇ ਗੁਣ ਸਲੀਕੇ ਦੀ ਸਿਰਜਣਾ ਕਰਦੇ ਹਨ। ਇਸੇ ਕਾਰਨ ਸਲੀਕਾ ਇਕ ਜਾਨਦਾਰ ਮਨੁੱਖੀ ਗੁਣ ਹੈ। ਜਿਸ ਵਿਅਕਤੀ ਵਿਚ ਇਹ ਗੁਣ ਹੁੰਦਾ ਹੈ, ਸਾਡੇ ਅੰਦਰ ਉਸ ਲਈ ਪ੍ਰਸ਼ੰਸਾ – ਭਾਵਨਾ ਆਪ – ਮੁਹਾਰੀ ਜਾਗਦੀ ਹੈ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਲੀਕਾ ਕੋਈ ਦੈਵੀ – ਗੁਣ ਨਹੀਂ, ਸਗੋਂ ਇਹ ਇੱਛਾ, ਮਿਹਨਤ ਤੇ ਲਗਨ ਨਾਲ ਪ੍ਰਾਪਤ ਕੀਤਾ ਜਾਣ ਵਾਲਾ ਗੁਣ ਹੈ। ਇਸ ਕਰਕੇ ਸਾਨੂੰ ਇਸ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਕਿਧਰੇ ਅਸੀਂ ਇਸ ਤੋਂ ਵਿਰਵੇ ਨਾ ਰਹਿ ਜਾਈਏ।