ਸਰਬ-ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣ ਬਾਰੇ ਪੱਤਰ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਸਰਬ-ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣ ਬਾਰੇ ਆਪਣੇ ਵਿਚਾਰ ਪ੍ਰਗਟਾਓ।
37 ਆਰ, ਮਾਡਲ ਟਾਊਨ,
………………..ਸ਼ਹਿਰ।
ਮਿਤੀ : 01 ਮਾਰਚ, 20 ………
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਅਜੀਤ’ ਜਲੰਧਰ।
ਵਿਸ਼ਾ : ਸਰਬ-ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣਾ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਸਰਬ-ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣ ਸੰਬੰਧੀ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਰੇਲਵੇ ਸਟੇਸ਼ਨਾਂ, ਬੱਸ-ਅੱਡਿਆਂ ਅਤੇ ਮਹੱਤਵਪੂਰਨ ਪਾਰਕਾਂ ਤੇ ਚੌਕਾਂ ਆਦਿ ਸਰਬ-ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹਨਾਂ ਸਾਰਬ-ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣ ਵਿੱਚ ਸਰਕਾਰ ਅਤੇ ਨਗਰ-ਪਾਲਕਾਵਾਂ/ਨਗਰ-ਨਿਗਮਾਂ ਆਦਿ ਤੋਂ ਬਿਨਾਂ ਕੁਝ ਮਹੱਤਵਪੂਰਨ ਫ਼ਰਮਾਂ/ਸੰਸਥਾਵਾਂ ਵੀ ਵਿਸ਼ੇਸ਼ ਹਿੱਸਾ ਪਾ ਸਕਦੀਆਂ ਹਨ। ਪਰ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ ਵਿੱਚ ਅਜਿਹੀਆਂ ਸਰਬ-ਜਨਿਕ ਥਾਂਵਾਂ ‘ਤੇ ਬਹੁਤ ਗੰਦਗੀ ਹੁੰਦੀ ਹੈ। ਸਾਡੇ ਰੇਲਵੇ-ਸਟੇਸ਼ਨ ਅਤੇ ਬੱਸ-ਅੱਡੇ ਆਦਿ ਗੰਦਗੀ ਤੋਂ ਖ਼ਾਲੀ ਨਹੀਂ। ਪਰ ਇਸ ਲਈ ਅਸੀਂ ਆਪ ਵੀ ਜ਼ੁੰਮੇਵਾਰ ਹਾਂ। ਅਜਿਹੀਆਂ ਥਾਂਵਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਸੁੰਦਰ ਬਣਾਉਣ ਵਿੱਚ ਸਰਕਾਰ ਤੋਂ ਬਿਨਾਂ ਆਮ ਲੋਕਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਾਨੂੰ ਚਾਹੀਦਾ ਹੈ ਕਿ ਸਰਬ-ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣ ਲਈ ਕੀਤੇ ਉਪਰਾਲਿਆਂ ਦੇ ਮਹੱਤਵ ਨੂੰ ਸਮਝੀਏ ਅਤੇ ਇਸ ਸੁੰਦਰਤਾ ਨੂੰ ਕਾਇਮ ਰੱਖਣ ਵਿੱਚ ਆਪਣਾ ਹਿੱਸਾ ਪਾਈਏ। ਇਸ ਸੰਬੰਧ ਵਿੱਚ ਸਾਡਾ ਸਭ ਤੋਂ ਵੱਡਾ ਫ਼ਰਜ਼ ਇਹ ਹੈ ਕਿ ਅਸੀਂ ਅਜਿਹੀਆਂ ਥਾਂਵਾਂ ਤੇ ਗੰਦਗੀ ਨਾ ਫੈਲਾਈਏ ਅਥਵਾ ਇਹਨਾਂ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਪੂਰਾ ਸਹਿਯੋਗ ਦਈਏ।
ਵੱਡੀਆਂ-ਵੱਡੀਆਂ ਫ਼ਰਮਾਂ ਆਪਣੀ ਮਸ਼ਹੂਰੀ (Advertisement) ਲਈ ਰੇਲਵੇ-ਸਟੇਸ਼ਨਾਂ ਤੇ ਬੱਸ-ਅੱਡਿਆਂ ਨੂੰ ਸੁੰਦਰ ਬਣਾਉਣ ਦਾ ਕੰਮ ਆਪਣੇ ਜ਼ੁੰਮੇ ਲੈ ਸਕਦੀਆਂ ਹਨ। ਇਹਨਾਂ ਫ਼ਰਮਾਂ ਵੱਲੋਂ ਇਹਨਾਂ ਥਾਂਵਾਂ ‘ਤੇ ਯਾਤਰੀਆਂ ਲਈ ਸੁੰਦਰ ਉਡੀਕ-ਘਰ ਬਣਾਏ ਜਾ ਸਕਦੇ ਹਨ। ਬੱਸ-ਅੱਡਿਆਂ ‘ਤੇ ਤਾਂ ਸੁੰਦਰ ਬਗ਼ੀਚੇ ਵੀ ਲਾਏ ਜਾ ਸਕਦੇ ਹਨ।
ਮਹੱਤਵਪੂਰਨ ਪਾਰਕਾਂ ਅਤੇ ਚੌਕਾਂ ਆਦਿ ਨੂੰ ਸੁੰਦਰ ਬਣਾਉਣ ਲਈ ਵੀ ਨਗਰ-ਪਾਲਕਾਵਾਂ ਕੁਝ ਵੱਡੀਆਂ ਫਰਮਾਂ ਦੀ ਮਦਦ ਲੈ ਸਕਦੀਆਂ ਹਨ। ਇਸ ਮਦਦ ਲਈ ਇਹਨਾਂ ਪਾਰਕਾਂ/ਚੌਕਾਂ ਦੇ ਨਾਂ ਇਹਨਾਂ ਫ਼ਰਮਾਂ ਦੇ ਨਾਂ ‘ਤੇ ਰੱਖੇ ਜਾ ਸਕਦੇ ਹਨ। ਇਸੇ ਤਰ੍ਹਾਂ ਦੂਸਰੀਆਂ ਸਰਬ- ਜਨਿਕ ਥਾਂਵਾਂ ਨੂੰ ਸੁੰਦਰ ਬਣਾਉਣ ਦੀਆਂ ਸਕੀਮਾਂ ਵੀ ਬਣਾਈਆਂ ਜਾ ਸਕਦੀਆਂ ਹਨ। ਫੁੱਲ-ਬੂਟਿਆਂ ਰਾਹੀਂ ਇਹਨਾਂ ਸਰਬ-ਜਨਿਕ ਥਾਂਵਾਂ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਅਜਿਹੀਆਂ ਥਾਂਵਾਂ ਦੀ ਸਫ਼ਾਈ ਇਹਨਾਂ ਦੀ ਸੁੰਦਰਤਾ ਵਿੱਚ ਵਾਧਾ ਕਰ ਸਕਦੀ ਹੈ। ਆਮ ਲੋਕਾਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਨਿੱਜੀ ਕੰਮ-ਕਾਜ ਲਈ ਅਜਿਹੀਆਂ ਸਰਬ-ਜਨਿਕ ਥਾਂਵਾਂ ‘ਤੇ ਜਾਣ ਸਮੇਂ ਇੱਥੋਂ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਣ ਅਤੇ ਫਲ਼ਾਂ ਦੇ ਛਿਲਕੇ ਤੇ ਅਜਿਹੀਆਂ ਹੋਰ ਚੀਜ਼ਾਂ ਨਿਸ਼ਚਿਤ ਥਾਂ ‘ਤੇ ਹੀ ਸੁੱਟਣ।
ਆਸ ਹੈ ਤੁਸੀਂ ਇਸ ਪੱਤਰ ਨੂੰ ਛਾਪ ਕੇ ਇਹਨਾਂ ਵਿਚਾਰਾਂ ਨੂੰ ਸੰਬੰਧਿਤ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੋਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ਼ਪਾਤਰ,
ਜਤਿੰਦਰ ਸਪਰਾ