ਸਮੇਂ ਦੀ ਪਾਬੰਦੀ – ਪੈਰਾ ਰਚਨਾ

ਮਨੁੱਖੀ ਜੀਵਨ ਵਿੱਚ ਸਫ਼ਲਤਾ ਦੇ ਬੁਨਿਆਦੀ ਨਿਯਮਾਂ ਵਿੱਚੋਂ ਇਕ ਨਿਯਮ ਹੈ, ਸਮੇਂ ਦਾ ਪਾਬੰਦ ਹੋਣਾ। ਇਸ ਦਾ ਅਰਥ ਇਹ ਹੈ ਕਿ ਸਾਨੂੰ ਆਪਣੇ ਸਾਰੇ ਕੰਮ ਮਿੱਥੇ ਸਮੇਂ ਅਨੁਸਾਰ ਕਰਨੇ ਚਾਹੀਦੇ ਹਨ। ਕੰਮਾਂ ਨੂੰ ਵੇਲੇ ਸਿਰ ਕਰਨਾ ਇਕ ਬਹੁਤ ਹੀ ਜ਼ਰੂਰੀ ਗੱਲ ਹੈ, ਪਰੰਤੂ ਸਾਡੇ ਦੇਸ਼ ਵਿੱਚ ਇਸ ਦੀ ਵਰਤੋਂ ਬਹੁਤ ਘੱਟ ਲੋਕ ਕਰਦੇ ਹਨ। ਕੰਮ ਨੂੰ ਵੇਲੇ ਸਿਰ ਕਰਨ ਵਾਲਾ ਆਦਮੀ ਸਾਨੂੰ ਇਸ ਕਰਕੇ ਚੰਗਾ ਲੱਗਦਾ ਹੈ , ਕਿਉਂਕਿ ਉਹ ਇਕਰਾਰ ਦਾ ਪੱਕਾ ਰਹਿੰਦਾ ਹੈ, ਜਿਸ ਨਾਲ ਦੋਹਾਂ ਧਿਰਾਂ ਨੂੰ ਸੁੱਖ ਮਿਲਦਾ ਹੈ।

ਪਰੰਤੂ ਵੇਲੇ ਸਿਰ ਕੰਮ ਨਾ ਕਰਨ ਵਾਲਾ ਆਦਮੀ ਸਾਡੇ ਕੰਮਾਂ ਵਿੱਚ ਦਖ਼ਲ ਦਿੰਦਾ ਹੈ ਅਤੇ ਸਾਡਾ ਸਮਾਂ ਬੇਅਰਥ ਗੁਆਉਂਦਾ ਹੈ। ਇਸ ਲਈ ਉਹ ਸਾਨੂੰ ਚੰਗਾ ਨਹੀਂ ਲਗਦਾ। ਕੰਮ ਨੂੰ ਵੇਲੇ ਸਿਰ ਕਰਨ ਨਾਲ ਮਨੁੱਖ ਵਿੱਚ ਹੋਰ ਵੀ ਕਈ ਗੁਣ ਕਾਇਮ ਰਹਿੰਦੇ ਹਨ, ਜਿਵੇਂ ਕੰਮ ਨੂੰ ਤਰੀਕੇ ਸਿਰ ਕਰਨਾ, ਹਿਸਾਬ ਦਾ ਚੰਗੀ ਤਰ੍ਹਾਂ ਖ਼ਿਆਲ ਰੱਖਣਾ ਤੇ ਇਕਰਾਰ ਪੂਰਾ ਕਰਨਾ ਆਦਿ। ਵੱਡੇ ਆਦਮੀ ਸਮੇਂ ਦੀ ਕਦਰ ਕਾਰਨ ਹੀ ਅਜਿਹੇ ਗੁਣਾਂ ਦੇ ਮਾਲਕ ਹੁੰਦੇ ਹਨ।

ਇਕ ਵਾਰੀ ਨੈਪੋਲੀਅਨ ਨੇ ਆਪਣੇ ਜਰਨੈਲਾਂ ਨੂੰ ਖਾਣੇ ਉੱਤੇ ਸੱਦਿਆ। ਐਨ ਵਕਤ ਤੇ ਨੈਪੋਲੀਅਨ ਨੇ ਖਾਣਾ ਸ਼ੁਰੂ ਕਰ ਦਿੱਤਾ। ਖਾਣਾ ਮੁੱਕਣ ਤੇ ਜਰਨੈਲ ਆ ਗਏ। ਨੈਪੋਲੀਅਨ ਨੇ ਕਿਹਾ, ਖਾਣੇ ਦਾ ਸਮਾਂ ਬੀਤ ਚੁੱਕਾ ਹੈ। ਆਓ, ਹੁਣ ਕੰਮ ਤੇ ਚੱਲੀਏ, ਤਾਂ ਜੋ ਉੱਧਰੋਂ ਵੀ ਹਰਜ ਨਾ ਹੋ ਜਾਵੇ।” ਉਨ੍ਹਾਂ ਜਰਨੈਲਾਂ ਨੂੰ ਭੁੱਖੇ ਹੀ ਨੈਪੋਲੀਅਨ ਦੇ ਨਾਲ ਕੰਮ ‘ਤੇ ਜਾਣਾ ਪਿਆ। ਨੈਪੋਲੀਅਨ ਕਹਿੰਦਾ ਹੁੰਦਾ ਸੀ, “ਹਰ ਇਕ ਘੜੀ, ਜੋ ਅਸੀਂ ਹੱਥੋਂ ਗਵਾ ਬਹਿੰਦੇ ਹਾਂ, ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ।” ਸੋ ਵਕਤ ਦੀ ਪਾਬੰਦੀ ਸੱਚਮੁੱਚ ਹੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ।