ਸਭ ਮੋਹਿ…………….ਨਾਮ ਵਾਸਾ।
ਗਗਨ ਮੈ ਥਾਲੁ : ਪ੍ਰਸੰਗ ਸਹਿਤ ਵਿਆਖਿਆ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥
ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾਤੇ ਤੇਰੈ ਨਾਮਿ ਵਾਸਾ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਗਗਨ ਮੈ ਥਾਲੁ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਪ੍ਰਭੂ ਦੀ ਆਰਤੀ ਨੂੰ ਇਕ ਫੋਕਟ ਕਰਮ ਕਰਾਰ ਦਿੰਦੇ ਹੋਏ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਜੁੱਟੀ ਹੋਈ ਹੈ ਅਤੇ ਜੀਵ ਵਿਅਕਤੀਗਤ ਰੂਪ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਤੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਕੇ ਪ੍ਰਭੂ ਦੇ ਭਾਣੇ ਵਿੱਚ ਵਿਚਰਦਿਆਂ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਾਮਲ ਹੁੰਦਾ ਹੈ।
ਵਿਆਖਿਆ : ਗੁਰੂ ਜੀ ਆਖਦੇ ਹਨ, ਹੇ ਪ੍ਰਭੂ ! ਸਾਰੇ ਜੀਵਾਂ ਵਿੱਚ ਤੇਰੀ ਜੋਤ ਹੈ। ਤੇਰੀ ਜੋਤ ਦਾ ਚਾਨਣ ਸਭਨਾਂ ਵਿੱਚ ਹੈ। ਗੁਰੂ ਦੀ ਸਿੱਖਿਆ ਨਾਲ ਹਿਰਦੇ ਵਿੱਚ ਤੇਰੀ ਜੋਤ ਪ੍ਰਗਟ ਹੁੰਦੀ ਹੈ ਤੇ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ। ਹੇ ਪ੍ਰਭੂ ! ਜਦੋਂ ਜੀਵ ਆਪਣੇ ਅੰਦਰ ਤੇਰੀ ਜੋਤ ਦਾ ਅਨੁਭਵ ਕਰਦਾ ਹੈ, ਤਾਂ ਉਸ ਨੂੰ ਤੇਰੇ ਭਾਣੇ ਦਾ ਗਿਆਨ ਹੁੰਦਾ ਹੈ ਤੇ ਉਸ ਦਾ ਤੇਰੇ ਭਾਣੇ ਵਿੱਚ ਤੁਰਨਾ ਹੀ ਤੇਰੀ ਆਰਤੀ ਉਤਾਰਨਾ ਹੈ। ਹੇ ਪ੍ਰਭੂ ! ਇਸ ਪ੍ਰਕਾਰ ਭਾਣੇ ਵਿੱਚ ਤੁਰਦਾ ਜੀਵ ਸਾਰੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਤੇਰੀ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ। ਪਰੰਤੂ ਹੇ ਪ੍ਰਭੂ ! ਤੇਰੇ ਇਸ ਭਾਣੇ ਦਾ ਗਿਆਨ ਦੇਣ ਵਾਲੀ ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਲਈ ਤੇਰੀ ਕਿਰਪਾ ਦੀ ਜ਼ਰੂਰਤ ਹੈ। ਇਸੇ ਮੰਤਵ ਦੀ ਪ੍ਰਾਪਤੀ ਲਈ ਤੇਰੇ ਚਰਨ ਕਮਲਾਂ ਦੇ ਰਸ ਉੱਪਰ ਮੇਰੇ ਮਨ ਦਾ ਭੌਰਾ ਲੋਭਿਤ ਹੋ ਰਿਹਾ ਹੈ ਅਤੇ ਉਸ ਨੂੰ ਰਾਤ-ਦਿਨ ਇਸ ਨੂੰ ਚੂਸਣ ਦੀ ਪਿਆਸ ਲੱਗੀ ਰਹਿੰਦੀ ਹੈ। ਹੇ ਪ੍ਰਭੂ ! ਮੈਨੂੰ ਆਪਣੀ ਕਿਰਪਾ ਦਾ ਜਲ ਦੇਹ, ਤਾਂ ਜੋ ਮੇਰੇ ਪਪੀਹੇ ਵਾਂਗ ਪਿਆਸੇ ਮਨ ਦੀ ਤੜਫ ਮਿਟ ਸਕੇ ਤੇ ਉਹ ਸਦਾ ਤੇਰੇ ਨਾਮ ਵਿੱਚ ਟਿਕਿਆ ਰਹੇ ਕਿਉਂਕਿ ਤੇਰੇ ਨਾਮ ਵਿੱਚ ਟਿਕਣ ਨਾਲ ਹੀ ਤੇਰੀ ਮਿਹਰ ਦੀ ਪ੍ਰਾਪਤੀ ਹੋ ਸਕਦੀ ਹੈ, ਜੋ ਕਿ ਮੈਨੂੰ ਸੱਚੇ ਗੁਰੂ ਨਾਲ ਮਿਲਾ ਸਕਦੀ ਹੈ ਅਤੇ ਸੱਚੇ ਗੁਰੂ ਦੀ ਸਿੱਖਿਆ ਮੈਨੂੰ ਤੇਰੇ ਭਾਣੇ ਅੰਦਰ ਤੋਰ ਕੇ ਕੁਦਰਤ ਦੁਆਰਾ ਉਤਾਰੀ ਜਾ ਰਹੀ ਤੇਰੀ ਆਰਤੀ ਵਿੱਚ ਸ਼ਾਮਲ ਹੋਣ ਦੇ ਯੋਗ ਬਣਾ ਸਕਦੀ ਹੈ।