ਸਬਜ਼ ਪਰੀ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਮੀਰਜ਼ਾਦਾ ਪਰੀਆਂ ਦੇ ਦੇਸ਼ ਕਿਵੇਂ ਪਹੁੰਚਦਾ ਹੈ?

ਉੱਤਰ – ਮੀਰਜ਼ਾਦਾ ਹੰਸ ਉੱਤੇ ਚੜ੍ਹ ਗਿਆ। ਉਹ ਕਈ ਦਿਨ ਸਮੰਦਰਾਂ ਤੇ ਪਹਾੜਾਂ ਤੇ ਉੱਡਦੇ ਰਹੇ। ਅੰਤ ਹੰਸ ਨੇ ਮੀਰਜ਼ਾਦੇ ਨੂੰ ਪਰੀਆਂ ਦੇ ਦੇਸ਼ ਵਿੱਚ ਪਹੁੰਚਾ ਦਿੱਤਾ।

ਪ੍ਰਸ਼ਨ 2 . ਮੀਰਜ਼ਾਦੇ ਤੋਂ ਵਿਛੜ ਕੇ ਸਬਜ਼ ਪਰੀ ਨੇ ਉਸ ਨੂੰ ਕਿਸ ਤਰ੍ਹਾਂ ਮੁੜ ਲੱਭਿਆ?

ਉੱਤਰ – ਮੀਰਜ਼ਾਦਾ, ਸਬਜ਼ ਪਰੀ ਤੇ ਹੰਸ ਨਾਲ ਜਦੋਂ ਬੇੜੀ ਵਿਚ ਬੈਠ ਕੇ ਸਮੁੰਦਰ ਦੇ ਰਸਤੇ ਆਪਣੇ ਦੇਸ਼ ਨੂੰ ਆ ਰਿਹਾ ਸੀ, ਤਾਂ ਰਸਤੇ ਵਿਚ ਭਿਆਨਕ ਤੂਫ਼ਾਨ ਕਾਰਨ ਉਨ੍ਹਾਂ ਦੀ ਬੇੜੀ ਉਲਟ ਗਈ। ਫਲਸਰੂਪ ਤਿੰਨੇ ਇਕ – ਦੂਜੇ ਤੋਂ ਵਿਛੜ ਗਏ।

ਮੀਰਜ਼ਾਦਾ ਇਕ ਦੇਸ਼ ਵਿਚ ਪੁੱਜ ਗਿਆ ‘ਤੇ ਸਬਜ਼ ਪਰੀ ਦੂਸਰੇ ਦੇਸ਼ ਵਿੱਚ ਪੁੱਜ  ਗਈ। ਹੰਸ ਇਕ ਹੋਰ ਕੰਢੇ ਉੱਪਰ ਜਾ ਲੱਗਾ।

ਸਬਜ਼ ਪਰੀ ਦੀ ਸੁੰਦਰਤਾ ਦੀ ਖ਼ਬਰ ਉਸ ਸ਼ਹਿਰ ਦੇ ਰਾਜੇ ਨੂੰ ਮਿਲੀ ਤੇ ਉਹ ਉਸ ਨੂੰ ਵਿਆਹ ਕਰਾਉਣ ਲਈ ਆਪਣੇ ਮਹਿਲਾਂ ਵਿਚ ਲੈ ਆਇਆ।

ਸਬਜ਼ ਪਰੀ ਨੇ ਉਸ ਨੂੰ ਇਹ ਦੱਸ ਕੇ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ, ਇਕ ਸਾਲ ਦੀ ਮੋਹਲਤ ਲੈ ਲਈ। ਉਸ ਨੇ ਹੰਸ ਤੇ ਮੀਰਜ਼ਾਦੇ ਨੂੰ ਲੱਭਣ ਲਈ ਆਪਣੇ ਮਹਿਲ ਉੱਤੇ ਪੰਛੀਆਂ ਦਾ ਚੋਗਾ ਖਿਲਾਰ ਦਿੱਤਾ ਤੇ ਇਕ ਢੇਰੀ ਸੁੱਚੇ ਮੋਤੀਆਂ ਦੀ ਵੀ ਲਾ ਦਿੱਤੀ।

ਉਧਰ ਹੰਸ ਵੀ ਮੀਰਜ਼ਾਦੇ ਤੇ ਸਬਜ਼ ਪਰੀ ਨੂੰ ਲੱਭਣ ਲਈ ਉਡਦਾ ਫਿਰਦਾ ਸੀ। ਉਹ ਭੁੱਖਣ – ਭਾਣਾ ਸੀ। ਕੁੱਝ ਪੰਛੀਆਂ ਤੋਂ ਸੁੱਚੇ ਮੋਤੀਆਂ ਦੀ ਖ਼ਬਰ ਪਾ ਕੇ ਉਹ ਰਾਜੇ ਦੇ ਮਹਿਲਾਂ ਉੱਪਰ ਪੁੱਜਾ, ਜਿੱਥੇ ਸਬਜ਼ ਪਰੀ ਰਹਿ ਰਹੀ ਸੀ। ਹੰਸ ਨੇ ਮੋਤੀ ਖਾਧੇ। ਇੱਥੇ ਹੀ ਸਬਜ਼ ਪਰੀ ਨੇ ਉਸ ਨੂੰ ਪਛਾਣ ਲਿਆ।

ਫਿਰ ਉਸ ਦੀ ਇੱਛਾ ਅਨੁਸਾਰ ਹੰਸ ਭਠਿਆਰਨ ਲਈ ਜੰਗਲ ਵਿੱਚ ਲੱਕੜਾਂ ਕੱਟਦੇ ਮੀਰਜ਼ਾਦੇ ਨੂੰ ਲੱਭ ਕੇ ਤੇ ਆਪਣੇ ਉੱਪਰ ਬਿਠਾ ਕੇ ਸਬਜ਼ ਪਰੀ ਕੋਲ ਲੈ ਆਇਆ। ਇਸ ਤਰ੍ਹਾਂ ਸਬਜ਼ ਪਰੀ ਨੇ ਮੀਰਜ਼ਾਦੇ ਤੋਂ ਵਿਛੜ ਕੇ ਉਸ ਨੂੰ ਮੁੜ ਲੱਭਿਆ।

ਪ੍ਰਸ਼ਨ 3 . ਮਾਲਣ ਨੇ ਸਬਜ਼ ਪਰੀ ਨਾਲ ਕਿਵੇਂ ਧੋਖਾ ਕੀਤਾ?

ਉੱਤਰ – ਮਾਲਣ ਨੂੰ ਜਦੋਂ ਖੂਹ ਤੇ ਪਾਣੀ ਗਈ ਸਬਜ਼ ਪਰੀ ਤੋਂ ਪਤਾ ਲੱਗਾ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ, ਤਾਂ ਉਸ ਨੇ ਉਸ ਨੂੰ ਚਲਾਕੀ ਨਾਲ ਨਹਾਉਣ – ਧੋਣ ਵਿੱਚ ਲਾ ਦਿੱਤਾ ਤੇ ਨਾਲ ਹੀ ਉਸ ਨੂੰ ਧੱਕਾ ਦੇ ਕੇ ਖੂਹ ਵਿਚ ਸੁੱਟ ਦਿੱਤਾ।

ਫਿਰ ਉਸ ਨੇ ਉਸ ਦੇ ਕੱਪੜੇ ਪਾਏ ਤੇ ਉਸ ਵਾਂਗ ਹਾਰ – ਸ਼ਿੰਗਾਰ ਕਰ ਕੇ ਮੀਰਜ਼ਾਦੇ ਕੋਲ ਆ ਗਈ ਤੇ ਕਹਿਣ ਲੱਗੀ ਕਿ ਇਕ ਸੱਪ ਦੇ ਡੰਗ ਮਾਰਨ ਤੇ ਉਸ ਦਾ ਰੰਗ ਕਾਲਾ ਹੋ ਗਿਆ ਹੈ, ਪਰ ਛੇਤੀ ਹੀ ਠੀਕ ਹੋ ਜਾਵੇਗਾ। ਇਸ ਤਰ੍ਹਾਂ ਉਹ ਧੋਖੇ ਨਾਲ ਮੀਰਜ਼ਾਦੇ ਦੀ ਪਤਨੀ ਬਣ ਕੇ ਰਹਿਣ ਲੱਗੀ।

ਪ੍ਰਸ਼ਨ 4 . ਮੀਰਜ਼ਾਦੇ ਨੂੰ ਹੰਸ ਕਿਵੇਂ ਮਿਲਿਆ ਤੇ ਉਸ ਲਈ ਕਿਵੇਂ ‘ਮੱਦਦਗਾਰ’ ਬਣਿਆ?

ਉੱਤਰ – ਜਦੋਂ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਇੱਛਾ ਨਾਲ਼ ਮੀਰਜ਼ਾਦਾ ਸਬਜ਼ ਪਰੀ ਨੂੰ ਲੱਭਣ ਲਈ ਘੋੜੇ ਤੇ ਚੜ੍ਹ ਕੇ ਤੁਰ ਪਿਆ ਤੇ ਇਕ ਜੰਗਲ ਵਿਚ ਬੈਠ ਕੇ ਅਰਾਮ ਕਰਨ ਲੱਗਾ, ਤਾਂ ਇੱਕ ਸੱਪ ਨੇ ਉਸ ਉੱਪਰ ਹਮਲਾ ਕਰ ਦਿੱਤਾ, ਪਰ ਮੀਰਜ਼ਾਦੇ ਨੇ ਉਸ ਨੂੰ ਆਪਣੀ ਤਲਵਾਰ ਨਾਲ ਮਾਰ ਦਿੱਤਾ। ਸੱਪ ਨੂੰ ਮਰਿਆ ਦੇਖ ਕੇ ਉੱਥੇ ਦਰੱਖਤ ਉੱਪਰ ਰਹਿੰਦੇ ਹੰਸ ਤੇ ਹੰਸਣੀ ਬਹੁਤ ਖੁਸ਼ ਹੋਏ, ਕਿਉਂਕਿ ਉਹ ਉਨ੍ਹਾਂ ਦੇ ਬੱਚੇ ਖਾ ਜਾਂਦਾ ਸੀ। ਉਨ੍ਹਾਂ ਦੇ ਇਸ ਉਪਕਾਰ ਬਦਲੇ ਮੀਰਜ਼ਾਦੇ ਤੋਂ ਸੇਵਾ ਪੁੱਛੀ ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਬਜ਼ ਪਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ।

ਹੰਸ ਤੇ ਹੰਸਣੀ ਦੂਰ ਤੱਕ ਉੱਡਦੇ ਰਹਿੰਦੇ ਸਨ, ਇਸ ਕਰਕੇ ਉਨ੍ਹਾਂ ਨੂੰ ਸਬਜ਼ ਪਰੀ ਦੇ ਦੇਸ਼ ਦਾ ਪਤਾ ਸੀ। ਹੰਸ ਨੇ ਮੀਰਜ਼ਾਦੇ ਨੂੰ ਆਪਣੀ ਪਿੱਠ ਉੱਪਰ ਬਿਠਾ ਕੇ ਸਬਜ਼ ਪਰੀ ਦੇ ਦੇਸ਼ ਪੁਚਾਇਆ ਤੇ ਮੀਰਜ਼ਾਦੇ ਨੂੰ ਉਸ ਦੀ ਦੱਸੀ ਤਰਕੀਬ ਅਨੁਸਾਰ ਹੀ ਪਰੀਆਂ ਦੇ ਖੰਭ ਚੁਰਾ ਕੇ ਸਬਜ਼ ਪਰੀ ਨੂੰ ਪ੍ਰਾਪਤ ਕਰਨ ਵਿੱਚ ਸਫ਼ਲਤਾ ਮਿਲੀ।

ਇਸ ਤੋਂ ਮਗਰੋਂ ਸਮੁੰਦਰ ਵਿਚ ਬੇੜੀ ਉਲਟਣ ਕਾਰਨ ਵਿਛੜੇ ਮੀਰਜ਼ਾਦੇ ਤੇ ਸਬਜ਼ ਪਰੀ ਨੂੰ ਵੀ ਹੰਸ ਨੇ ਹੀ ਮਿਲਾਇਆ।

ਪ੍ਰਸ਼ਨ 5 . ਮੀਰਜ਼ਾਦਾ ਤੇ ਸਬਜ਼ ਪਰੀ ਕਿਵੇਂ ਵਿਛੜਦੇ ਹਨ ਤੇ ਫਿਰ ਮਿਲਦੇ ਹਨ?

ਉੱਤਰ – ਮੀਰਜ਼ਾਦਾ ਤੇ ਸਬਜ਼ ਪਰੀ ਦੋ ਵਾਰੀ ਵਿਛੜਦੇ ਤੇ ਫਿਰ ਮਿਲਦੇ ਹਨ। ਪਹਿਲੀ ਵਾਰੀ ਜਦੋਂ ਸਮੁੰਦਰ ਵਿਚ ਤੂਫ਼ਾਨ ਆਉਣ ਕਰਕੇ ਬੇੜੀ ਦੇ ਉਲਟਣ ਕਾਰਨ ਉਹ ਵਿਛੜ ਗਏ ਤੇ ਸਬਜ਼ ਪਰੀ ਇਕ ਰਾਜੇ ਦੇ ਮਹਿਲਾਂ ਵਿਚ ਪਹੁੰਚ ਗਈ, ਤਾਂ ਉਸ ਨੇ ਮਹਿਲ ਦੀ ਛੱਤ ਉੱਪਰ ਸੁੱਚੇ ਮੋਤੀਆਂ ਦੀ ਚੋਗ ਖਿਲਾਰੀ, ਜਿਸ ਨੂੰ ਚੁਗਣ ਲਈ ਉਨ੍ਹਾਂ ਨੂੰ ਲੱਭਦਾ ਹੰਸ ਉੱਥੇ ਆ ਗਿਆ ਤੇ ਸਬਜ਼ ਪਰੀ ਦਾ ਹੰਸ ਨਾਲ ਮੇਲ ਹੋ ਗਿਆ।

ਫਿਰ ਹੰਸ ਨੇ ਭਠਿਆਰਨ ਲਈ ਜੰਗਲ ਵਿੱਚੋਂ ਲੱਕੜਾਂ ਕੱਟਦੇ ਮੀਰਜ਼ਾਦੇ ਨੂੰ ਲੱਭ ਕੇ ਸਬਜ਼ ਪਰੀ ਕੋਲ ਲੈ ਆਂਦਾ ਤੇ ਇਸ ਤਰ੍ਹਾਂ ਉਨ੍ਹਾਂ ਦਾ ਆਪਸੀ ਮੇਲ ਹੋ ਗਿਆ।

ਦੂਜੀ ਵਾਰੀ ਸਬਜ਼ ਪਰੀ ਤੇ ਮੀਰਜ਼ਾਦਾ ਉਦੋਂ ਆਪਸ ਵਿਚ ਵਿਛੜਦੇ ਹਨ, ਜਦੋਂ ਪਾਣੀ ਪੀਣ ਗਈ ਸਬਜ਼ ਪਰੀ ਨੂੰ ਮਾਲਣ ਖੂਹ ਵਿੱਚ ਧੱਕਾ ਦੇ ਕੇ ਆਪ ਉਸ ਤੇ ਕੱਪੜੇ ਪਾ ਕੇ ਤੇ ਸ਼ਿੰਗਾਰ ਲਾ ਕੇ ਧੋਖੇ ਨਾਲ ਮੀਰਜ਼ਾਦੇ ਦੀ ਪਤਨੀ ਬਣ ਜਾਂਦੀ ਹੈ ਤੇ ਦੱਸਦੀ ਹੈ ਕਿ ਸੱਪ ਦੇ ਡੰਗਣ ਨਾਲ ਉਸ ਦਾ ਰੰਗ ਕਾਲਾ ਹੋ ਗਿਆ ਹੈ।

ਸਬਜ਼ ਪਰੀ ਇੱਕ ਦਿਨ ਫੁੱਲ ਬਣ ਕੇ ਮੀਰਜ਼ਾਦੇ ਦੇ ਮਹਿਲਾਂ ਵਿਚ ਆ ਜਾਂਦੀ ਹੈ, ਪਰ ਮਾਲਣ ਦੇ ਦਖ਼ਲ ਨਾਲ ਮੀਰਜ਼ਾਦਾ ਉਸ ਨੂੰ ਬਾਹਰ ਜੰਗਲ ਵਿੱਚ ਸੁੱਟ ਦਿੰਦਾ ਹੈ। ਫਿਰ ਇਕ ਦਿਨ ਜੰਗਲ ਵਿੱਚ ਉਸ ਨੂੰ ਬਹੁਤ ਸਾਰੀਆਂ ਪਰੀਆਂ ਨੱਚਦੀਆਂ ਤੇ ਗਾਉਂਦੀਆਂ ਦਿਸਦੀਆਂ ਹਨ।

ਸਬਜ਼ ਪਰੀ ਆਦਮ ਜਾਤ ਨੂੰ ਕੋਸਦੀ ਹੈ। ਮੀਰਜ਼ਾਦਾ ਉਸ ਦੀ ਆਵਾਜ਼ ਪਛਾਣ ਕੇ ਅਸਲੀਅਤ ਪੁੱਛਦਾ ਹੈ। ਸਾਰੀ ਗੱਲ ਪਤਾ ਲੱਗਣ ਤੇ ਉਹ ਮਾਲਣ ਨੂੰ ਘਰੋਂ ਕੱਢ ਦਿੰਦਾ ਹੈ। ਫਿਰ ਸਬਜ਼ ਪਰੀ ਤੇ ਉਹ ਦੋਵੇਂ ਖੁਸ਼ੀ – ਖੁਸ਼ੀ ਰਹਿਣ ਲੱਗਦੇ ਹਨ।