CBSEclass 11 PunjabiEducationParagraphPunjab School Education Board(PSEB)

ਸਫਾਈ – ਪੈਰਾ ਰਚਨਾ

ਸਾਡੇ ਜੀਵਨ ਵਿੱਚ ਸਫ਼ਾਈ ਦੀ ਬਹੁਤ ਮਹਾਨਤਾ ਹੈ। ਸਾਡੇ ਆਲੇ – ਦੁਆਲੇ ਦੀ ਅਰੋਗਤਾ ਤੇ ਸੁੰਦਰਤਾ ਲਈ ਇਸ ਦੀ ਬਹੁਤ ਜ਼ਰੂਰਤ ਹੈ। ਸਫ਼ਾਈ ਦਾ ਸੰਬੰਧ ਸਾਡੇ ਸਰੀਰ, ਘਰ ਦੇ ਆਲੇ – ਦੁਆਲੇ, ਪਹਿਰਾਵੇ, ਪਾਣੀ, ਹਵਾ ਅਤੇ ਖ਼ੁਰਾਕ ਨਾਲ ਹੈ। ਜੇਕਰ ਇਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਕਿਸੇ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਾਂਗੇ ਤਾਂ ਅਸੀਂ ਗੰਦਗੀ, ਬਦਬੂ, ਮੱਖੀਆਂ, ਮੱਛਰਾਂ, ਕੀਟਾਣੂਆਂ ਤੇ ਬਿਮਾਰੀਆਂ ਵਿਚ ਘਿਰ ਜਾਵਾਂਗੇ। ਸਫ਼ਾਈ ਦਾ ਆਰੰਭ ਸਾਨੂੰ ਆਪਣੇ ਸਰੀਰ ਤੋਂ ਕਰਨਾ ਚਾਹੀਦਾ ਹੈ। ਸਾਨੂੰ ਹਰ ਰੋਜ਼ ਦੰਦਾਂ ਦੀ ਬੁਰਸ਼ ਜਾਂ ਦਾਤਣ ਨਾਲ ਸਫ਼ਾਈ ਕਰਨੀ ਚਾਹੀਦੀ ਹੈ। ਸਰੀਰ ਦੀ ਸਫ਼ਾਈ ਲਈ ਚੰਗੇ ਸਾਬਣ ਨਾਲ ਨਹਾਉਣਾ ਚਾਹੀਦਾ ਹੈ। ਹਰ ਰੋਜ਼ ਨਵੇਂ ਧੋਤੇ ਹੋਏ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰ ਦੇ ਹਰ ਮੈਂਬਰ ਦਾ ਤੌਲੀਆ ਵੱਖਰਾ – ਵੱਖਰਾ ਹੋਣਾ ਚਾਹੀਦਾ ਹੈ। ਕੱਛੇ – ਬੁਨੈਣ ਸਮੇਤ ਹਰ ਰੋਜ਼ ਧੋਤੇ ਹੋਏ ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ। ਸਾਨੂੰ ਆਪਣੇ ਸਰੀਰ ਦੇ ਕੱਪੜਿਆਂ ਤੋਂ ਬਿਨਾਂ ਬਿਸਤਰੇ ਦੇ ਕੱਪੜਿਆਂ ਤੇ ਘਰ ਵਿੱਚ ਟੰਗੇ ਪਰਦਿਆਂ, ਉਛਾੜਾਂ ਤੇ ਗਿਲਾਫ਼ਾਂ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸਰੀਰ ਤੇ ਕੱਪੜਿਆਂ ਤੋਂ ਇਲਾਵਾ ਸਾਨੂੰ ਘਰ ਦੀ ਸਫ਼ਾਈ ਦਾ ਵੀ ਪੂਰਾ – ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਹਰ ਚੀਜ਼ ਨੂੰ ਉਸ ਦੇ ਟਿਕਾਣੇ ਉੱਤੇ ਰੱਖਣਾ ਚਾਹੀਦਾ ਹੈ। ਥੁੱਕ, ਟੱਟੀ, ਪਿਸ਼ਾਬ ਨੂੰ ਘਰੋਂ ਬਾਹਰ ਕੱਢਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਇਨ੍ਹਾਂ ਲਈ ਵਰਤੇ ਜਾਂਦੇ ਸਥਾਨਾਂ ਨੂੰ ਫਿਨਾਇਲ ਅਤੇ ਤੇਜ਼ਾਬ ਨਾਲ ਸਾਫ਼ ਤੇ ਬਦਬੂ ਰਹਿਤ ਰੱਖਣਾ ਚਾਹੀਦਾ ਹੈ। ਕੂੜੇ ਨੂੰ ਇਕ ਟੋਕਰੀ ਜਾਂ ਟੀਨ ਦੇ ਬਣੇ ਬਰਤਨ ਵਿਚ ਪਾਉਣਾ ਚਾਹੀਦਾ ਹੈ ਤੇ ਉਸ ਨੂੰ ਹਰ ਰੋਜ਼ ਘਰੋਂ ਬਾਹਰ ਨਿਯਤ ਥਾਂ ਸੁਟਵਾਉਣਾ ਚਾਹੀਦਾ ਹੈ। ਫਰਨੀਚਰ, ਸਾਈਕਲ ਤੇ ਸਕੂਟਰ ਆਦਿ ਉੱਤੋਂ ਹਰ ਰੋਜ਼ ਘੱਟਾ ਝਾੜਨਾ ਚਾਹੀਦਾ ਹੈ। ਟਿੱਡੀਆਂ, ਮੱਖੀਆਂ, ਮੱਛਰ ਤੇ ਮਾਂਗਣੂਆਂ ਨੂੰ ਮਾਰਨ ਲਈ ਡੀ. ਡੀ. ਟੀ. ਅਤੇ ਫਨਿੱਟ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰਾਂ ਵਿੱਚ ਜੂਠੇ ਭਾਂਡਿਆਂ ਦੇ ਢੇਰ ਨਹੀਂ ਲਾਉਣੇ ਚਾਹੀਦੇ, ਸਗੋਂ ਉਨ੍ਹਾਂ ਦੀ ਸਫ਼ਾਈ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਘਰ ਵਿੱਚ ਖੁੱਲ੍ਹੀ ਤੇ ਸਾਫ਼ ਹਵਾ ਲਈ ਬੂਹੇ, ਬਾਰੀਆਂ ਖੁੱਲ੍ਹੇ ਰੱਖਣੇ ਚਾਹੀਦੇ ਹਨ। ਘਰ ਦੇ ਆਲੇ – ਦੁਆਲੇ ਤੇ ਗਲੀ – ਗੁਆਂਢ ਵਿਚ ਵੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਗਲੀ ਵਿਚ ਗੰਦ ਨਹੀਂ ਪੈਣ ਦੇਣਾ ਚਾਹੀਦਾ। ਸਾਨੂੰ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬਾਜ਼ਾਰ ਦੀ ਗੰਦੀ – ਮੰਦੀ ਖ਼ੁਰਾਕ ਨਹੀਂ ਖਾਣੀ ਚਾਹੀਦੀ। ਖਾਣਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਉੱਪਰ ਮੱਖੀਆਂ ਨਹੀਂ ਬੈਠਣ ਦੇਣੀਆਂ ਚਾਹੀਦੀਆਂ। ਜਦੋਂ ਘਰ ਵਿਚ ਕੋਈ ਰੋਗੀ ਹੋਵੇ ਤਾਂ ਉਸ ਦੇ ਕੱਪੜਿਆਂ ਨੂੰ ਉਬਲਦੇ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਪ੍ਰਕਾਰ ਸਰੀਰ, ਘਰ, ਗਲੀ – ਗੁਆਂਢ ਤੇ ਖ਼ੁਰਾਕ ਦੀ ਸਫ਼ਾਈ ਵੱਲ ਧਿਆਨ ਦੇ ਕੇ ਹੀ ਅਸੀਂ ਆਪ, ਸਾਡਾ ਪਰਿਵਾਰ ਤੇ ਗਲੀ – ਗੁਆਂਢ ਸੁੰਦਰ ਬਣ ਸਕੇਗਾ ਤੇ ਸਾਰੇ ਅਰੋਗਤਾ ਦਾ ਆਨੰਦ ਮਾਣ ਸਕਣਗੇ।