ਸਤਿਗੁਰ ਨਾਨਕ ਪ੍ਰਗਟਿਆ……..ਥਾਪਣਿ ਸੋਆ ॥
ਸਤਿਗੁਰ ਨਾਨਕ ਪ੍ਰਗਟਿਆ : ਭਾਈ ਗੁਰਦਾਸ
ਹੇਠ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥
ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ ॥
ਪ੍ਰਸੰਗ : ਇਹ ਕਾਵਿ-ਟੋਟਾ ਭਾਈ ਗੁਰਦਾਸ ਜੀ ਦਾ ਰਚਿਆ ਹੋਇਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਸਤਿਗੁਰ ਨਾਨਕ ਪ੍ਰਗਟਿਆ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਧਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਤੇ ਉਨ੍ਹਾਂ ਨੇ ਸੰਸਾਰ ਵਿੱਚ ਹਰ ਪਾਸੇ ਚੱਕਰ ਲਾ ਕੇ ਪਾਪਾਂ ਦਾ ਹਨੇਰਾ ਦੂਰ ਕਰ ਦਿੱਤਾ।
ਵਿਆਖਿਆ : ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਅਤੇ ਗਿਆਨ ਦਾ ਚਾਨਣ ਹੋ ਗਿਆ। ਜਿਵੇਂ ਸੂਰਜ ਦੇ ਚੜ੍ਹਨ ਨਾਲ ਤਾਰੇ ਛਿਪ ਜਾਂਦੇ ਹਨ ਅਤੇ ਹਨੇਰਾ ਦੂਰ ਨੱਸ ਜਾਂਦਾ ਹੈ, ਸ਼ੇਰ ਦੀ ਭਬਕਾਰ ਨਾਲ ਹਿਰਨਾਂ ਦੀ ਡਾਰ ਭੱਜ ਜਾਂਦੀ ਹੈ ਤੇ ਧੀਰਜ ਨਹੀਂ ਕਰਦੀ। ਇਸੇ ਤਰ੍ਹਾਂ ਗੁਰੂ ਜੀ ਦੇ ਪ੍ਰਵੇਸ਼ ਨਾਲ ਪਾਪਾਂ ਨੂੰ ਭਾਜੜ ਪੈ ਗਈ। ਜਿੱਥੇ ਬਾਬਾ ਜੀ ਚਰਨ ਰੱਖਦੇ ਸਨ, ਉਹ ਥਾਂ ਸੇਵਕਾਂ ਲਈ ਪੂਜਣ-ਯੋਗ ਬਣ ਜਾਂਦੀ ਸੀ।