ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਪੱਤਰ
ਨੌਕਰੀ ਲਈ ਅਰਜ਼ੀ।
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਖਾਲਸਾ ਹਾਇਰ ਸੈਕੰਡਰੀ ਸਕੂਲ,
ਗੁਰਦਾਸਪੁਰ।
ਸ੍ਰੀਮਾਨ ਜੀ,
12 ਅਗਸਤ, 1999 ਦੀ ਪੰਜਾਬੀ ਟ੍ਰਿਬਿਊਨ ਤੋਂ ਪਤਾ ਲੱਗਾ ਹੈ ਕਿ ਤੁਹਾਡੇ ਸਕੂਲ ਵਿਚ ਹਾਈ ਕਲਾਸਾਂ ਨੂੰ ਅੰਗਰੇਜ਼ੀ ਪੜ੍ਹਾਉਣ ਲਈ ਇਕ ਅਧਿਆਪਕ ਦੀ ਲੋੜ ਹੈ। ਮੈਂ ਇਸ ਅਸਾਮੀ ਲਈ ਆਪਣੀਆਂ ਸੇਵਾਵਾਂ ਪੇਸ਼ ਕਰਦਾ ਹਾਂ।
ਆਪਣੀਆਂ ਯੋਗਤਾਵਾਂ ਤੇ ਵਿਦਿਅਕ ਗੁਣਾਂ ਸੰਬੰਧੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਂ 1999 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਚ ਆਨਰਜ਼ ਸਮੇਤ ਬੀ.ਏ. ਦੀ ਪ੍ਰੀਖਿਆ ਫਸਟ ਡਵੀਜ਼ਨ ਵਿਚ ਪਾਸ ਕੀਤੀ ਸੀ। ਉਸ ਤੋਂ ਅਗਲੇ ਸਾਲ ਮੈਂ ਇਸੇ ਯੂਨੀਵਰਸਿਟੀ ਤੋਂ ਬੀ.ਐਡ ਦੀ ਡਿਗਰੀ ਵੀ ਫਸਟ ਡਵੀਜ਼ਨ ਵਿਚ ਪ੍ਰਾਪਤ ਕੀਤੀ। ਮੈਟ੍ਰਿਕ ਤੇ ਪ੍ਰੀ-ਯੂਨੀਵਰਸਿਟੀ ਵਿਚ ਮੇਰਾ ਨਾਂ ਮੈਰਿਟ ਲਿਸਟ ਵਿਚ ਆਇਆ ਸੀ।
ਬੀ.ਐਡ ਕਰਨ ਤੋਂ ਬਾਅਦ ਮੈਂ ਪਿਛਲੇ ਚਾਰ ਸਾਲ ਤੋਂ ਖਾਲਸਾ ਹਾਈ ਸਕੂਲ ਕਾਦੀਆਂ ਵਿਚ ਪੜ੍ਹਾ ਰਿਹਾ ਹਾਂ। ਮੇਰੀਆਂ ਪੜ੍ਹਾਈਆਂ ਹੋਈਆਂ ਜਮਾਤਾਂ ਦੇ ਨਤੀਜੇ ਹਮੇਸ਼ਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਤੋਂ ਵਧ ਨਿਕਲਦੇ ਰਹੇ ਹਨ। ਆਪਣੇ ਪਿੰਡ ਦੇ ਨੇੜੇ ਹੋਣ ਦੀ ਖਾਤਰ ਮੈਂ ਸਕੂਲ ਬਦਲਣਾ ਚਾਹੁੰਦਾ ਹਾਂ।
ਮੈਂ ਪੰਝੀ ਸਾਲ ਦਾ ਸਿਹਤਮੰਦ ਨੌਜਵਾਨ ਹਾਂ। ਵਿਦਿਆਰਥੀ ਜੀਵਨ ਵਿਚ ਹਾਕੀ ਤੇ ਵਾਲੀਵਾਲ ਦਾ ਵਧੀਆਂ ਖਿਡਾਰੀ ਸਾਂ ਤੇ ਕਾਲਜ ਵਿਚ ਮੈਂ ਹਾਕੀ ਦੀ ਟੀਮ ਦਾ ਕਪਤਾਨ ਸਾਂ। ਪੜ੍ਹਾਈ ਤੋਂ ਛੁੱਟ ਸਾਹਿਤਿਕ ਸਰਗਰਮੀਆਂ ਭਾਸ਼ਨ ਪ੍ਰਤਿਯੋਗਤਾਵਾਂ, ਵਾਦ-ਵਿਵਾਦਾਂ ਆਦਿ ਵਿਚ ਭਰਪੂਰ ਹਿੱਸਾ ਲੈਂਦਾ ਰਿਹਾ ਹਾਂ ਤੇ ਆਪਣੇ ਕਾਲਜ ਮੈਗਜ਼ੀਨ ਦੇ ਅੰਗਰੇਜ਼ੀ ਵਿਭਾਗ ਦਾ ਵਿਦਿਆਰਥੀ ਸੰਪਾਦਕ ਸਾਂ। ਮੈਂ ਆਪ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਨਿਯੁਕਤੀ ਹੋਣ ਦੀ ਸੂਰਤ ਵਿਚ ਮੈਂ ਆਪਣਾ ਕੰਮ ਪੂਰੀ ਲਗਨ ਤੇ ਈਮਾਨਦਾਰੀ ਨਾਲ ਕਰਾਂਗਾ।
ਆਪਣੇ ਕੰਮ, ਆਚਰਨ ਤੇ ਵਿਦਿਅਕ ਯੋਗਤਾਵਾਂ ਸੰਬੰਧੀ ਸਨਦਾਂ ਦੀਆਂ ਨਕਲਾਂ ਇਸ ਅਰਜ਼ੀ ਦੇ ਨਾਲ ਭੇਜ ਰਿਹਾ ਹਾਂ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ-ਪਾਤਰ,
ਮਲਕੀਅਤ ਸਿੰਘ ਬਾਜਵਾ।
ਬੀ.ਏ., ਬੀ.ਐਡ।
ਖਾਲਸਾ ਹਾਈ ਸਕੂਲ
ਕਾਦੀਆਂ,
ਜ਼ਿਲ੍ਹਾ ਗੁਰਦਾਸਪੁਰ।
15 ਅਗਸਤ, 1999