ਵੱਡੇ ਉੱਤਰਾਂ ਵਾਲੇ ਪ੍ਰਸ਼ਨ – ਜ਼ਫ਼ਰਨਾਮਾ

ਇਕਾਂਗੀ – ਜ਼ਫ਼ਰਨਾਮਾ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ

ਪ੍ਰਸ਼ਨ 1 . ‘ਜ਼ਫ਼ਰਨਾਮਾ’ ਨਾਂ ਦਾ ਖ਼ਤ ਪੜ੍ਹ ਕੇ ਔਰੰਗਜ਼ੇਬ ‘ਤੇ ਇਸ ਦਾ ਕੀ ਅਸਰ ਹੋਇਆ ?

ਉੱਤਰ – ‘ਜ਼ਫ਼ਰਨਾਮਾ’ ਨਾਂ ਦੇ ਖ਼ਤ ਨੇ ਔਰੰਗਜ਼ੇਬ ਨੂੰ ਪੂਰੀ ਤਰ੍ਹਾਂ ਹਲੂਣ ਦਿੱਤਾ ਸੀ। ਉਸ ਦੀ ਜ਼ਮੀਰ ਝੰਜੋੜੀ ਗਈ ਸੀ। ਇਸ ਖ਼ਤ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਅਜਿਹੀਆਂ ਲਾਹਨਤਾਂ ਪਾਈਆਂ ਸਨ ਕਿ ਉਸ ਦੀ ਜ਼ਮੀਰ ਕੰਬ ਗਈ ਸੀ ਅਤੇ ਉਸ ਦਾ ਵਜੂਦ ਪਿੰਜਿਆਂ ਗਿਆ ਸੀ। ਉਹ ਸਾਰੀ ਰਾਤ ਸੋ ਨਹੀਂ ਸੀ ਸਕਿਆ।

ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਵਜ਼ੀਰ ਖ਼ਾਨ ਨੇ ਪਹਿਲਾਂ ਉਸ ਦੇ (ਔਰੰਗਜ਼ੇਬ ਦੇ) ਨਾਂ ‘ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਦੀਆਂ ਅਤੇ ਫਿਰ ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ।

ਬਾਅਦ ਵਿੱਚ ਉਸ ਨੇ ਧੋਖੇ ਨਾਲ ਹਮਲਾ ਕਰ ਦਿੱਤਾ। ਲੜਾਈ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ।

ਪ੍ਰਸ਼ਨ 2 . ‘ਜ਼ਫ਼ਰਨਾਮੇ’ ਦੇ ਔਰੰਗਜ਼ੇਬ ‘ਤੇ ਪਏ ਪ੍ਰਭਾਵ ਨੂੰ ਦੇਖ ਕੇ ਅਸਦ ਖ਼ਾਨ ਔਰੰਗਜ਼ੇਬ ਦੇ ਪੁੱਛਣ ‘ਤੇ ਕੀ ਸਲਾਹ ਦਿੰਦਾ ਹੈ?

ਉੱਤਰ – ਔਰੰਗਜ਼ੇਬ ਜਾਣਦਾ ਹੈ ਕਿ ਵਜ਼ੀਰ ਖ਼ਾਨ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਧੋਖਾ ਹੋਇਆ ਹੈ। ਔਰੰਗਜ਼ੇਬ ਅਸਦ ਖ਼ਾਨ ਨੂੰ ਪੁੱਛਦਾ ਹੈ ਕਿ ਵਜ਼ੀਰ ਖ਼ਾਨ ਨੂੰ ਕੀ ਸਜ਼ਾ ਦਿੱਤੀ ਜਾਵੇ?

ਅਸਦ ਖ਼ਾਨ ਜਵਾਬ ਦਿੰਦਾ ਹੈ ਕਿ ਗੁਰੂ ਜੀ ਨੂੰ ਬਾਇੱਜਤ ਇੱਥੇ ਬੁਲਾਇਆ ਜਾਵੇ ਅਤੇ ਉਹਨਾਂ ਦੀ ਤਸੱਲੀ ਕਰ ਕੇ ਉਹਨਾਂ ਨਾਲ ਸੁਲਾਹ ਕਰ ਲਈ ਜਾਵੇ।

ਅਸਦ ਖ਼ਾਨ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਉਹ ਆਪਣੇ ਹੱਥੀਂ ਖ਼ਤ ਲਿਖ ਕੇ ਇਤਬਾਰ ਯੋਗ ਕਾਸਦ ਦੇ ਹੱਥ ਗੁਰੂ ਜੀ ਨੂੰ ਭੇਜੋ।

ਪ੍ਰਸ਼ਨ 3 . ‘ ਜ਼ਫ਼ਰਨਾਮਾ ‘ ਇਕਾਂਗੀ ਦੇ ਵਿਸ਼ੇ ਬਾਰੇ ਆਪਣੇ ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ – ‘ ਜ਼ਫ਼ਰਨਾਮਾ ‘ ਇਕਾਂਗੀ ਦਾ ਵਿਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ  ‘ ਜ਼ਫ਼ਰਨਾਮਾ ‘ ਨਾਂ ਦੇ ਲਿਖੇ ਖ਼ਤ ਵਿੱਚ ਪਈਆਂ ਲਾਹਨਤਾਂ ਅਤੇ ਇਸ ਖ਼ਤ ਦੇ ਔਰੰਗਜ਼ੇਬ ‘ਤੇ ਪਏ ਪ੍ਰਭਾਵ ਨਾਲ ਸੰਬੰਧਿਤ ਹੈ।

ਇਸ ਖ਼ਤ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਅਦੀਦੇ ਅਤੇ ਅਮਲਾਂ ‘ਤੇ ਲਾਹਨਤਾਂ ਪਈਆਂ ਹਨ ਅਤੇ ਉਸ ਨੂੰ ਖਰੀਆਂ – ਖਰੀਆਂ ਸੁਣਾਈਆਂ ਹਨ।

ਇਸ ਖ਼ਤ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਜ਼ਮੀਰ ਕੰਬ ਗਈ ਸੀ। ਵਜ਼ੀਰ ਖ਼ਾਨ ਨੇ ਪਹਿਲਾਂ ਔਰੰਗਜ਼ੇਬ ਦੇ ਨਾਂ ‘ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਦੀਆਂ ਸਨ ਅਤੇ ਫਿਰ ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ ਸੀ।

ਪਿੱਛੋਂ ਉਸ ਨੇ ਧੋਖੇ ਨਾਲ ਹਮਲਾ ਕਰ ਦਿੱਤਾ ਸੀ। ਗੁਰੂ ਜੀ ਨੇ ਔਰੰਗਜ਼ੇਬ ਨੂੰ ਇਕਰਾਰ ਤੋੜਨ ਵਾਲਾ, ਧਨ – ਦੌਲਤ ਦਾ ਮੁਰੀਦ, ਧਰਮ – ਇਮਾਨ ਦੀ ਪਰਵਾਹ ਨਾ ਕਰਨ ਵਾਲਾ ਅਤੇ ਦੀਨ – ਇਮਾਨ ਤੇ ਕਾਇਮ ਨਾ ਰਹਿਣ ਵਾਲਾ ਦੱਸਿਆ ਹੈ।

ਪ੍ਰਸ਼ਨ 4 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣ ਕੇ ਜ਼ੀਨਤ ਔਰੰਗਜ਼ੇਬ ਨੂੰ ਕੀ ਕਹਿੰਦੀ ਹੈ ?

ਉੱਤਰ – ਜਦ ਜ਼ੀਨਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਵੱਲੋਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਜਾਣ ਬਾਰੇ ਪਤਾ ਲਗਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ।

ਉਹ ਚੀਕ ਮਾਰਦੀ ਹੋਈ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਇਹ ਤਾਂ ਜ਼ੁਲਮ ਦੀ ਇੰਤਹਾ ਹੈ। ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਖ਼ੁਦਾ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਜ਼ੀਨਤ ਆਪਣੇ ਬਾਪ ਨੂੰ ਯਾਦ ਕਰਵਾਉਂਦੀ ਹੈ ਕਿ ਉਹ ਆਪਣੇ ਬੇਟੇ ਅਕਬਰ ਦੇ ਮਰਨ ‘ਤੇ ਬਹੁਤ ਰੋਇਆ ਸੀ।

ਇਸੇ ਤਰ੍ਹਾਂ ਜਦ ਉਸ ਦੀ ਬੇਟੀ ਜ਼ੇਬ – ਉਨ – ਨਿਸ਼ਾ ਦਾ ਦਿਹਾਂਤ ਹੋਇਆ ਸੀ ਤਾਂ ਉਹ ਜ਼ਾਰ – ਜ਼ਾਰ ਹੋਇਆ ਸੀ। ਪਰ ਗੁਰੂ ਜੀ ਦੇ ਬੱਚਿਆਂ ਦੀ ਸ਼ਹੀਦੀ ‘ਤੇ ਉਹ ਚੁੱਪ ਖੜ੍ਹਾ ਹੈ। ਜ਼ੀਨਤ ਕਹਿੰਦੀ ਹੈ ਕਿ ਇਹ ਗੁਨਾਹ ਭਰਾਵਾਂ ਦੇ ਕਤਲ ਤੋਂ ਵੀ ਵੱਡਾ ਹੈ। ਇਸ ਲਈ ਉਸ ਦੀ (ਔਰੰਗਜ਼ੇਬ ਦੀ) ਰੂਹ ਨੂੰ ਕਦੇ ਵੀ ਚੈਨ ਨਹੀਂ ਆਵੇਗਾ।

ਪ੍ਰਸ਼ਨ 5 . ਜ਼ੀਨਤ ਦੇ ਸੁਭਾਅ / ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।

ਉੱਤਰ – ਜ਼ੀਨਤ ‘ ਜ਼ਫ਼ਰਨਾਮਾ ‘ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਔਰੰਗਜ਼ੇਬ ਦੀ ਲਾਡਲੀ ਬੇਟੀ ਹੈ। ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਦਾ ਬਹੁਤ ਖ਼ਿਆਲ ਰੱਖਦੀ ਹੈ। ਉਹ ਦੁੱਖ ਅਤੇ ਪਰੇਸ਼ਾਨੀ ਵਿੱਚ ਆਪਣੇ ਬਾਪ ਦਾ ਸਾਥ ਦਿੰਦੀ ਹੈ।

ਔਰੰਗਜ਼ੇਬ ਜਦੋਂ ਮਾਨਸਿਕ ਧੱਕੇ ਨਾਲ ਡਿੱਗਣ ਲਗਦਾ ਹੈ ਤਾਂ ਜ਼ੀਨਤ ਉਸ ਨੂੰ ਹੱਥਾਂ ‘ਤੇ ਬੋਚਦੀ ਹੈ। ਔਰੰਗਜ਼ੇਬ ਦੀਆਂ ਚੀਕਾਂ ਸੁਣ ਕੇ ਉਹ ਬਿਨਾਂ ਇਜਾਜ਼ਤ ਅੰਦਰ ਜਾਂਦੀ ਹੈ ਅਤੇ ਬਾਪ ਦੀ ਪਰੇਸ਼ਾਨੀ ਨੂੰ ਜਾਣਨ ਦਾ ਯਤਨ ਕਰਦੀ ਹੈ।

ਹਰ ਬੇਟੀ ਵਾਂਗ ਜ਼ੀਨਤ ਨੂੰ ਆਪਣੇ ਬਾਪ ਨਾਲ ਪੂਰੀ ਹਮਦਰਦੀ ਹੈ ਅਤੇ ਉਹ ਉਸ ਦਾ ਭਲਾ ਚਾਹੁੰਦੀ ਹੈ। ਪਰ ਉਹ ਔਰੰਗਜ਼ੇਬ ਦੇ ਗੁਨਾਹਾਂ ਦੀ ਵੀ ਉਸ ਨੂੰ ਯਾਦ ਦਿਵਾਉਂਦੀ ਹੈ। ਉਹ ਚਾਹੁੰਦੀ ਹੈ ਕਿ ਵਜ਼ੀਰ ਖ਼ਾਨ ਨੂੰ ਉਸ ਦੇ ਜ਼ੁਰਮ ਦੀ ਸਜ਼ਾ ਮਿਲੇ।