CBSEEducationਰਸ/रस

ਵੀਭਤਸ ਰਸ ਕੀ ਹੁੰਦਾ ਹੈ?


ਵੀਭਤਸ ਰਸ


ਇਸ ਦਾ ਸਥਾਈ ਭਾਵ ਘ੍ਰਿਣਾ ਜਾਂ ਨਫ਼ਰਤ ਹੁੰਦਾ ਹੈ। ਮ੍ਰਿਤਕ ਲੋਥ, ਚਰਬੀ, ਸੜ੍ਹਾਂਦ, ਹਵਾੜ, ਮਲ-ਮੂਤਰ, ਹੱਡਾ-ਰੋੜੀ, ਘਿਨੌਣੀਆਂ ਚੀਜ਼ਾਂ ਤੇ ਘ੍ਰਿਣਾਜਨਕ ਕੁਕਰਮਾਂ ਦਾ ਵਰਨਣ ਜਾਂ ਨਾਟਕੀ ਪੇਸ਼ਕਾਰੀ ਨਾਲ ਪਾਠਕਾਂ/ਦਰਸ਼ਕਾਂ ਦੇ ਹਿਰਦੇ ਵਿੱਚ ਜਿਹੜੀ ਕਚਿਆਣ ਜਿਹੀ ਤੇ ਗਿਲਾਨੀ ਭਾਵ ਪੈਦਾ ਹੁੰਦੇ ਹਨ, ਉਨ੍ਹਾਂ ਤੋਂ ਘ੍ਰਿਣਾ ਦਾ ਸਥਾਈ ਭਾਵ ਉਜਾਗਰ ਹੁੰਦਾ ਹੈ।

ਕਈ ਵਿਦਵਾਨ ਵੀਭਤਸ ਰਸ ਦੇ ਹਮਾਇਤੀ ਹਨ ਕਿਉਂਕਿ ਸਮਾਜ, ਸਿਆਸਤ, ਜੀਵਨ ਤੇ ਹੋਰ ਸੰਸਥਾਵਾਂ ਵਿੱਚ ਫੈਲੇ ਹੋਏ ਸਰੀਰਕ ਤੇ ਮਾਨਸਿਕ ਦੁਰਾਚਾਰ ਤੇ ਭ੍ਰਿਸ਼ਟਾਚਾਰ ਦੇ ਸ਼ੁੱਧੀਕਰਨ ਲਈ ਘ੍ਰਿਣਾ-ਭਾਵ ਦੀ ਸਖ਼ਤ ਲੋੜ ਹੈ। ਫਲਸਰੂਪ ਇਸ ਰਾਹੀਂ ਲੁਕੇ ਹੋਏ ਕੋਹੜ ਦਾ ਗਿਆਨ ਹੁੰਦਾ ਹੈ ਅਤੇ ਪਾਠਕ ਲੋਕ ਦੁਸ਼ਟਤਾ, ਬੇਇਨਸਾਫ਼ੀ, ਅਨਿਆਇ, ਰਿਸ਼ਵਤਖੋਰੀ ਤੇ ਹੋਰ ਬੁਰਾਈਆਂ ਤੋਂ ਘ੍ਰਿਣਾ ਕਰਨ ਲਗ ਪੈਂਦੇ ਹਨ ਤੇ ਦੁਰਾਚਾਰਾਂ ਤੋਂ ਮੂੰਹ ਮੋੜਨ ਲੱਗ ਪੈਂਦੇ ਹਨ। ਇੰਜ ਕੇਵਲ ਰੱਤ-ਲਹੂ, ਮਾਸ ਆਦਿ ਦੀ ਬਿਆਨਬਾਜ਼ੀ ਹੀ ਵੀਭਤਸ ਰਸ ਨਹੀਂ ਹੁੰਦੀ ਸਗੋਂ ਵਿਭਚਾਰ, ਦੁਰਾਚਾਰ ਤੇ ਭ੍ਰਿਸ਼ਟਾਚਾਰ ਵਾਲੀਆਂ ਵਸਤਾਂ ਦੀ ਕੋਰੀ ਕਲਪਨਾ ਵੀ ਵੀਭਤਸ ਦਾ ਸੰਚਾਰ ਕਰ ਸਕਦੀ ਹੈ।

ਪੰਜਾਬੀ ਵਿੱਚ ਕਰਤਾਰ ਸਿੰਘ ਦੁੱਗਲ ਦਾ ਨਾਵਲ ‘ਆਂਦਰਾਂ’, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਕੀੜੇ’ ਵੀਭਤਸ ਰਸ ਦੀਆਂ ਮਿਸਾਲਾਂ ਹਨ। ਹੇਠਲੇ ਕਾਵਿ-ਟੋਟੇ ਵੀਭਤਸ-ਰਸ ਦੇ ਨਮੂਨੇ ਹੀ ਹਨ :-

(ੳ) ਜਿਧਰ ਨਜ਼ਰ ਜਾਵੇ ਤਬਾਹੀ ਮਚੀ,

ਕਹਾਣੀ ਰਹੀ ਹੈ ਲਹੂ-ਮਿੱਝ ਦੀ,

ਕਿਤੇ ਮਗਜ਼ ਖੋਪਤ ਵਿਚੋਂ ਵਹਿ ਰਹਿਆ,

ਗਇਆ ਟੁੱਟ ਮਟਕਾ ਦਹੀਂ ਹੈ ਵਹਿਆ।

ਕਿਤੇ ਧੌਣ ਵਿਚੋਂ ਫੁਹਾਰਾਂ ਫੁੱਟੇ,

ਕਿਤੇ ਮਗਜ਼ ਦੀ ਖੋਪਰੀ ਪਏ ਟੁੱਟੇ।

ਅਕਾਲੀ ਹੈ ਸਿੰਘ ਨਾਦ ਕਰ ਗੱਜਿਆ,

ਪਠਾਣਾਂ ਦਾ ਦਲ ਦਹਿਲ ਕੇ ਲਰਜ਼ਿਆ ….

(ਅਵਤਾਰ ਸਿੰਘ ਆਜ਼ਾਦ)

(ਅ) ਰਣ ਵਿਚ ਘੱਤੀ ਘਾਣੀ ਲਹੂ ਮਿੱਝ ਦੀ॥

ਬਿਧਣ ਖੇਤ ਵਿਹਾਣੀ ਮਹਿਖੇ ਦੈਂਤ ਨੂੰ॥

(ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ)


(ੲ) ਮਦ ਵਿਚ ਰਿੱਧਾ ਪਾਇਕੈ ਕੁੱਤੇ ਦਾ ਮਾਸ।

ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ।

ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ।

ਢਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ।

ਆਖ ਸੁਣਾਇ ਪੁੱਛਿਆ ਲਾਗੈ ਵਿਸਵਾਸ।

ਨਦਰੀ ਪਵੈ ਅਕਿਰਤ ਘਣ ਮਤੁ ਹੋਇ ਵਿਣਾਸ।

(ਭਾਈ ਗੁਰਦਾਸ)