ਵਿਆਕਰਨ ਤੇ ਭਾਸ਼ਾ


ਵਿਆਕਰਨ : ਪਰਿਭਾਸ਼ਾ, ਮੰਤਵ, ਅੰਗ


ਪ੍ਰਸ਼ਨ 1. ਵਿਆਕਰਨ ਕਿਸ ਨੂੰ ਆਖਦੇ ਹਨ? ਵਿਆਕਰਨ ਦੀ ਪਰਿਭਾਸ਼ਾ ਲਿਖੋ।

ਜਾਂ

ਪ੍ਰਸ਼ਨ. ਵਿਆਕਰਨ ਦੇ ਸਰੂਪ ਬਾਰੇ ਜਾਣਕਾਰੀ ਦਿਓ ।

ਉੱਤਰ : ਵਿਆਕਰਨ ਅਜਿਹੀ ਵਿੱਦਿਆ ਹੈ, ਜਿਸ ਵਿੱਚ ਭਾਸ਼ਾ ਦੇ ਧੁਨੀ-ਉਚਾਰਨ, ਸ਼ਬਦ-ਰਚਨਾ, ਸ਼ਬਦ-ਜੋੜਾਂ, ਸ਼ਬਦਾਰਥ ਅਤੇ ਵਾਕ-ਰਚਨਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ। ਵਿਆਕਰਨਿਕ ਨਿਯਮਾਂ ਵਿੱਚ ਬੱਝ ਕੇ ਹੀ ਕੋਈ ਭਾਸ਼ਾ ਸਾਹਿਤਕ ਜਾਂ ਟਕਸਾਲੀ ਰੂਪ ਧਾਰਨ ਕਰਦੀ ਹੈ।

ਪ੍ਰਸ਼ਨ 2. ਵਿਆਕਰਨ ਦੀ ਕੀ ਮਹੱਤਤਾ ਹੈ? ਸਪੱਸ਼ਟ ਕਰੋ।

ਜਾਂ

ਪ੍ਰਸ਼ਨ. ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ?

ਜਾਂ

ਪ੍ਰਸ਼ਨ. ਸਕੂਲ ਪੱਧਰ ਤੇ ਵਿਆਕਰਨ ਦਾ ਗਿਆਨ ਕਿਉਂ ਜ਼ਰੂਰੀ ਹੈ?

ਉੱਤਰ : ਭਾਸ਼ਾ ਦੇ ਸ਼ੁੱਧ ਤੇ ਮਿਆਰੀ ਸਰੂਪ ਨੂੰ ਸਮਝਣ ਲਈ ਵਿਆਕਰਨ ਦੀ ਪੜ੍ਹਾਈ ਦੀ ਬੜੀ ਮਹੱਤਤਾ ਹੈ । ਇਸ ਦੇ ਨਿਯਮਾਂ ਵਿੱਚ ਬੱਝ ਕੇ ਹੀ ਕੋਈ ਭਾਸ਼ਾ ਟਕਸਾਲੀ ਰੂਪ ਧਾਰਨ ਕਰਦੀ ਹੈ। ਇਸ ਤੋਂ ਧੁਨੀਆਂ ਦੇ ਉਚਾਰਨ, ਸ਼ਬਦਾਂ ਦੀ ਬਣਤਰ ਤੇ ਵਾਕ-ਰਚਨਾ ਦਾ ਪਤਾ ਲਗਦਾ ਹੈ। ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਲਈ ਵਿਆਕਰਨ ਤੋਂ ਬਿਨਾਂ ਕੰਮ ਚਲਦਾ ਹੀ ਨਹੀਂ। ਇਸ ਕਰਕੇ ਸਕੂਲ ਪੱਧਰ ‘ਤੇ ਵਿਆਕਰਨ ਦੀ ਪੜ੍ਹਾਈ ਜ਼ਰੂਰੀ ਹੈ।

ਪ੍ਰਸ਼ਨ 3. ਵਿਆਕਰਨ ਦਾ ਕੀ ਮੰਤਵ ਹੈ? ਸਪੱਸ਼ਟ ਕਰੋ।

ਉੱਤਰ : ਵਿਆਕਰਨ ਦਾ ਮੰਤਵ ਕਿਸੇ ਭਾਸ਼ਾ ਦੇ ਵਰਤਾਰੇ ਨੂੰ ਵਿਗਿਆਨਕ ਢੰਗ ਨਾਲ ਸਮਝਣਾ ਹੈ। ਇਸ ਰਾਹੀਂ ਭਾਸ਼ਾ ਦੇ ਵਰਤਾਰੇ ਪਿੱਛੇ ਕੰਮ ਕਰਦੇ ਨਿਯਮ ਕੱਢੇ ਜਾਂਦੇ ਹਨ। ਉਨ੍ਹਾਂ ਨਿਯਮਾਂ ਨੂੰ ਸਮੁੱਚੀ ਭਾਸ਼ਾ ਉੱਤੇ ਲਾਗੂ ਕਰ ਕੇ ਭਾਸ਼ਾ ਦਾ ਮਿਆਰੀ ਜਾਂ ਟਕਸਾਲੀ ਰੂਪ ਸਥਾਪਿਤ ਕੀਤਾ ਜਾਂਦਾ ਹੈ ਤੇ ਇਸੇ ਰਾਹੀਂ ਵਿਦੇਸ਼ੀਆਂ ਨੂੰ ਸੰਬੰਧਿਤ ਬੋਲੀ ਸਿਖਾਈ ਜਾਂਦੀ ਹੈ।

ਪਸ਼ਨ 4. ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀ ਕਿਉਂ ਕਰਨੀ ਪੈਂਦੀ ਹੈ?

ਉੱਤਰ : ਵਿਆਕਰਨ ਵਿੱਚ ਭਾਸ਼ਾ ਦੀ ਬਣਤਰ ਦੇ ਨਿਯਮਾਂ ਦੀ ਚਰਚਾ ਕੀਤੀ ਜਾਂਦੀ ਹੈ। ਇਸ ਕਰਕੇ ਜਦੋਂ ਸਮਾਂ ਪਾ ਕੇ ਭਾਸ਼ਾ ਦੀ ਬਣਤਰ ਦੇ ਨਿਯਮਾਂ ਵਿੱਚ ਤਬਦੀਲੀ ਆ ਜਾਂਦੀ ਹੈ, ਤਾਂ ਵਿਆਕਰਨ ਦੇ ਨਿਯਮਾਂ ਵਿੱਚ ਵੀ ਤਬਦੀਲੀ ਕਰਨੀ ਪੈਂਦੀ ਹੈ।

ਪ੍ਰਸ਼ਨ 5. ਬੋਲ-ਚਾਲ ਦੀ ਭਾਸ਼ਾ ਵਿੱਚ ਵਿਆਕਰਨ ਦੇ ਨਿਯਮਾਂ ਤੋਂ ਲਈ ਜਾਂਦੀ ਖੁੱਲ੍ਹ ਨੂੰ ਕਿਵੇਂ ਪੂਰਾ ਕੀਤਾ ਜਾਂਦਾ ਹੈ?

ਉੱਤਰ : ਬੋਲ-ਚਾਲ ਦੀ ਭਾਸ਼ਾ ਸਮੇਂ ਬੋਲਣ ਵਾਲਾ ਸਰੋਤੇ ਦੇ ਸਾਹਮਣੇ ਹੁੰਦਾ ਹੈ, ਜੋ ਕਿ ਵਿਆਕਰਨਿਕ ਨਿਯਮਾਂ ਤੋਂ ਲਈ ਖੁੱਲ੍ਹ ਨੂੰ ਆਪਣੀ ਗੱਲ ਦੁਹਰਾ ਕੇ, ਚਿਹਰੇ ਦੇ ਪ੍ਰਭਾਵਾਂ ਜਾਂ ਇਸ਼ਾਰਿਆਂ ਨਾਲ ਪੂਰਾ ਕਰਦਾ ਹੈ।

ਪ੍ਰਸ਼ਨ 6. ਭਾਸ਼ਾ ਸਿੱਖਣ ਲਈ ਵਿਆਕਰਨ ਦੀ ਕੀ ਮਹੱਤਤਾ ਹੈ?

ਉੱਤਰ : ਮਾਤ-ਭਾਸ਼ਾ ਬੱਚਾ ਆਪਣੀ ਮਾਂ ਤੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਸਿੱਖਦਾ ਹੈ। ਇਸ ਨੂੰ ਸਿੱਖਣ ਲਈ ਵਿਆਕਰਨ ਦੀ ਸੁਚੇਤ ਰੂਪ ਵਿਚ ਕੋਈ ਲੋੜ ਨਹੀਂ ਹੁੰਦੀ। ਇਸੇ ਕਰਕੇ ਦੋ-ਤਿੰਨ ਸਾਲ ਦਾ ਬੱਚਾ ਤੇ ਅਨਪੜ੍ਹ ਲੋਕ ਵੀ ਮਾਤ-ਭਾਸ਼ਾ ਸ਼ੁੱਧ ਰੂਪ ਵਿਚ ਬੋਲ ਸਕਦੇ ਹਨ। ਵਿਆਕਰਨ ਦੀ ਸੁਚੇਤ ਲੋੜ ਸਿਰਫ਼ ਵਿਦੇਸ਼ੀ ਭਾਸ਼ਾ ਨੂੰ ਸਿੱਖਣ ਸਮੇਂ ਹੀ ਪੈਂਦੀ ਹੈ।

ਪ੍ਰਸ਼ਨ 7. ਪੰਜਾਬੀ ਵਿਆਕਰਨ ਕਿਸ ਨੂੰ ਕਹਿੰਦੇ ਹਨ?

ਉੱਤਰ : ਪੰਜਾਬੀ ਬੋਲੀ ਦੀ ਵਾਕ-ਰਚਨਾ, ਸ਼ਬਦ ਰਚਨਾ, ਸ਼ਬਦ-ਰੂਪਾਂ, ਸ਼ਬਦ-ਜੋੜਾਂ ਤੇ ਸ਼ਬਦਾਰਥ ਵਿੱਚ ਕੰਮ ਕਰਦੇ ਨਿਯਮਾਂ ਨੂੰ ਪੰਜਾਬੀ ਵਿਆਕਰਨ ਕਿਹਾ ਜਾਂਦਾ ਹੈ। ਇਨ੍ਹਾਂ ਨਿਯਮਾਂ ਦੀ ਵਰਤੋਂ ਨਾਲ ਹੀ ਪੰਜਾਬੀ ਦਾ ਸਾਹਿਤਕ ਰੂਪ ਨਿਸਚਿਤ ਕੀਤਾ ਜਾਂਦਾ ਹੈ।

ਪ੍ਰਸ਼ਨ 8. ਵਿਆਕਰਨ ਦੇ ਕਿੰਨੇ ਭਾਗ ਹਨ?

ਜਾਂ

ਪ੍ਰਸ਼ਨ. ਭਾਸ਼ਾ ਦੇ ਵੱਖ-ਵੱਖ ਅੰਗਾਂ ਦੇ ਅਧਿਐਨ ਅਨੁਸਾਰ ਵਿਆਕਰਨ ਦੇ ਕਿਹੜੇ-ਕਿਹੜੇ ਅੰਗ ਹਨ?

ਉੱਤਰ : ਵਿਆਕਰਨ ਭਾਸ਼ਾ ਦੇ ਵਰਤਾਰੇ ਦੀ ਵਿਆਖਿਆ ਕਰਦਾ ਹੈ । ਇਸ ਲਈ ਭਾਸ਼ਾ ਦੇ ਵੱਖ-ਵੱਖ
ਲਈ ਪੰਜਾਬੀ ਵਿਆਕਰਨ ਦੇ ਅੰਗ ਹੇਠ ਲਿਖੇ ਹਨ-

ਧੁਨੀ ਬੋਧ (ਵਰਨ-ਬੋਧ),

ਸ਼ਬਦ-ਬੋਧ,

ਵਾਕ-ਬੋਧ ਤੇ ਅਰਥ-ਬੋਧ।

ਇਸ ਤੋਂ ਬਿਨਾ ਵਿਆਕਰਨ ਵਿੱਚ ਵਿਸਰਾਮ ਚਿੰਨ੍ਹਾ, ਸ਼ਬਦ-ਜੋੜਾਂ, ਮੁਹਾਵਰਿਆਂ, ਮੁਹਾਵਰੇਦਾਰ ਵਾਕੰਸ਼ਾਂ ਤੇ ਅਖਾਣਾਂ ਦੀ ਚਰਚਾ ਵੀ ਕੀਤੀ ਜਾਂਦੀ ਹੈ।

ਪ੍ਰਸ਼ਨ 9. ਵਿਆਕਰਨ ਦੇ ਕਿਸ ਭਾਗ ਨੂੰ ‘ਵਰਨ-ਬੋਧ’ ਆਖਦੇ ਹਨ?

ਜਾਂ

ਪ੍ਰਸ਼ਨ. ਵਰਨ (ਅੱਖਰ) ਬੋਧ ਤੋਂ ਕੀ ਭਾਵ ਹੈ ?

ਉੱਤਰ : ਵਿਆਕਰਨ ਦੇ ਜਿਸ ਭਾਗ ਅਧੀਨ ਧੁਨੀਆਂ ਦੇ ਚਿੰਨ੍ਹਾਂ ਅਰਥਾਤ ਵਰਨਾਂ (ਅੱਖਰਾਂ) ਦਾ ਅਧਿਐਨ ਕੀਤਾ ਜਾਂਦਾ ਹੈ, ਇਸ ਨੂੰ ‘ਵਰਨ-ਬੋਧ’ ਜਾਂ ਅੱਖਰ-ਬੋਧ ਆਖਦੇ ਹਨ।

ਪ੍ਰਸ਼ਨ 10. ਵਿਆਕਰਨ ਵਿੱਚ ਧੁਨੀਆਂ ਦੀ ਵਿਆਖਿਆ ਵਾਲੇ ਭਾਗ ਦਾ ਕੀ ਨਾਂ ਹੈ?

ਉੱਤਰ : ਧੁਨੀ ਬੋਧ।

ਪ੍ਰਸ਼ਨ 11. ਸ਼ਬਦ-ਬੋਧ ਤੋਂ ਕੀ ਭਾਵ ਹੈ?

ਉੱਤਰ : ਵਿਆਕਰਨ ਦੇ ਜਿਸ ਭਾਗ ਅਧੀਨ ਭਾਸ਼ਾ ਦੇ ਸ਼ਬਦਾਂ ਦੇ ਭਿੰਨ-ਭਿੰਨ ਰੂਪਾਂ ਤੇ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਸ਼ਬਦ-ਬੋਧ ਕਹਿੰਦੇ ਹਨ।

ਪ੍ਰਸ਼ਨ 12. ਅਰਥ-ਬੋਧ ਤੋਂ ਕੀ ਭਾਵ ਹੈ?

ਉੱਤਰ : ਸ਼ਬਦਾਂ ਦੇ ਭਿੰਨ-ਭਿੰਨ ਪ੍ਰਕਾਰ ਦੇ ਅਰਥਾਂ-ਸਮਾਨਾਰਥਕ, ਵਿਰੋਧਾਰਥਕ, ਬਹੁਅਰਥਕ ਭਿੰਨ-ਅਰਥਕ ਅਤੇ ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ ਦਾ ਗਿਆਨ ‘ਅਰਥ-ਬੋਧ’ ਕਹਾਉਂਦਾ ਹੈ।

ਪ੍ਰਸ਼ਨ 13. ਵਿਆਕਰਨ ਵਿੱਚ ਵਾਕਾਂ ਦੀ ਵਿਆਖਿਆ ਵਾਲੇ ਭਾਗ ਦਾ ਕੀ ਨਾਂ ਹੈ?

ਉੱਤਰ : ਵਾਕ-ਬੋਧ ।

ਪ੍ਰਸ਼ਨ 14. ਵਿਆਕਰਨ ਵਿੱਚ ਸ਼ਬਦਾਂ ਦੀ ਵਿਆਖਿਆ ਵਾਲੇ ਭਾਗ ਦਾ ਕੀ ਨਾਂ ਹੈ?

ਉੱਤਰ : ਸ਼ਬਦ-ਬੋਧ ।

ਪ੍ਰਸ਼ਨ 15. ਧੁਨੀ ਬੋਧ ਤੋਂ ਕੀ ਭਾਵ ਹੈ?

ਉੱਤਰ : ਵਿਆਕਰਨ ਦੇ ਜਿਸ ਭਾਗ ਅਧੀਨ ਭਾਸ਼ਾਈ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਧੁਨੀ-ਬੋਧ ਆਖਦੇ ਹਨ।

ਪ੍ਰਸ਼ਨ 16. ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

ਉੱਤਰ : ਕਾਰਜ (ਪ੍ਰਯੋਗ) ਦੇ ਆਧਾਰ ‘ਤੇ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ-

ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ।

ਰੂਪ ਦੇ ਆਧਾਰ ‘ਤੇ ਸ਼ਬਦ ਦੇ ਪ੍ਰਕਾਰ ਦੇ ਹੁੰਦੇ ਹਨ : ਵਿਕਾਰੀ ਤੇ ਅਵਿਕਾਰੀ।

ਵਿਕਾਰੀ ਸ਼ਬਦ ਵਾਕ ਵਿਚ ਆਪਣੇ ਰੂਪ ਬਦਲ ਲੈਂਦੇ ਹਨ। ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਵਿਕਾਰੀ ਹੁੰਦੇ ਹਨ, ਜਿਹੜੇ ਸ਼ਬਦ ਆਪਣੇ ਰੂਪ ਨਹੀਂ ਬਦਲਦੇ ਉਹ ਅਵਿਕਾਰੀ ਹੁੰਦੇ ਹਨ। ਕਿਰਿਆ ਵਿਸ਼ੇਸ਼ਣ ਸੰਬੰਧਕ, ਯੋਜਕ ਤੇ ਵਿਸਮਿਕ ਸ਼ਬਦ ਅਵਿਕਾਰੀ ਹੁੰਦੇ ਹਨ। ਕਈ ਲੋਕ ਸ਼ਬਦਾਂ ਦੀ ‘ਸਾਰਥਕ’ ਤੇ ‘ਨਿਰਾਰਥਕ ਵਿਚ ਵੰਡ ਕਰਦੇ ਹਨ ਜੋ ਕਿ ਠੀਕ ਨਹੀਂ।