CBSE

ਵਿਆਕਰਨ


ਵਿਆਕਰਨ

ਵਿਆਕਰਨ ਵਿੱਚ ਬੱਝ ਕੇ ਹੀ ਕੋਈ ਭਾਸ਼ਾ ਸ਼ੁੱਧ ਅਤੇ ਮਿਆਰੀ ਰੂਪ ਧਾਰਨ ਕਰਦੀ ਹੈ। ਜੇ ਵਿਆਕਰਨ ਦੇ ਨਿਯਮ ਨਾ ਹੋਣ ਤਾਂ ਭਾਸ਼ਾ ਦਾ ਪ੍ਰਯੋਗ ਕਿਸੇ ਵੀ ਪ੍ਰਕਾਰ ਨਾਲ ਅਸ਼ੁੱਧ ਰੂਪ ਵਿੱਚ ਹੋ ਸਕਦਾ ਹੈ।

ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਭਾਸ਼ਾ ਵਿਗਿਆਨੀਆਂ ਅਤੇ ਵਿਦਵਾਨਾਂ ਨੇ ਜੋ ਨਿਯਮ ਬਣਾਏ ਹਨ, ਉਹਨਾਂ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਆਖਿਆ ਜਾਂਦਾ ਹੈ। ਵਿਆਕਰਨ ਦੀ ਸਹਾਇਤਾ ਤੋਂ ਬਿਨਾਂ ਭਾਸ਼ਾ ਦਾ ਸ਼ੁੱਧ ਰੂਪ ਨਹੀਂ ਜਾਣਿਆ ਜਾ ਸਕਦਾ। ਵਿਆਕਰਨ ਦੀ ਜਾਣਕਾਰੀ ਨਾਲ ਹੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਿਆ ਜਾ ਸਕਦਾ ਹੈ।


ਵਿਆਕਰਨ ਦਾ ਉਦੇਸ਼

ਵਿਆਕਰਨ ਭਾਸ਼ਾ ਨੂੰ ਸ਼ੁੱਧ, ਮਿਆਰੀ, ਟਕਸਾਲੀ ਅਤੇ ਸਾਹਿਤਕ ਰੂਪ ਪ੍ਰਦਾਨ ਕਰਦੀ ਹੈ। ਵਿਆਕਰਨ ਨੂੰ ਸਮਝ ਕੇ ਹੀ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਜਾਣਿਆ ਜਾ ਸਕਦਾ ਹੈ। ਇਹ ਧੁਨੀਆਂ ਦੇ ਸਹੀ ਉਚਾਰਨ, ਸ਼ਬਦਾਂ ਦੀ ਬਣਤਰ, ਵਾਕਾਂ ਦੀ ਵਰਤੋਂ ਅਤੇ ਲਗਾਂ-ਲਗਾਖਰਾਂ ਦਾ ਸਹੀ ਗਿਆਨ ਕਰਵਾਉਂਦੀ ਹੈ। ਜਿਹੜੇ ਵਿਆਕਰਨ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਲੈਂਦੇ ਹਨ, ਉਹ ਇਸ ਭਾਸ਼ਾ ਵਿੱਚ ਮੁਹਾਰਤ ਹਾਸਲ ਕਰ ਲੈਂਦੇ ਹਨ। ਇਸ ਲਈ ਵਿਆਕਰਨ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੈ।


ਵਿਆਕਰਨ ਦੇ ਮੁੱਖ ਰੂਪ ਜਾਂ ਭਾਗ

ਵਿਆਕਰਨ ਦੇ ਤਿੰਨ ਮੁੱਖ ਰੂਪ ਜਾਂ ਅੰਗ ਹਨ :

1. ਵਰਨ ਬੋਧ ਜਾਂ ਅੱਖਰ ਬੋਧ

2. ਸ਼ਬਦ ਬੋਧ

3. ਵਾਕ ਬੋਧ

1. ਵਰਨ ਬੋਧ ਜਾਂ ਅੱਖਰ ਬੋਧ – ਵਿਆਕਰਨ ਦੇ ਇਸ ਭਾਗ ਵਿੱਚ ਅੱਖਰਾਂ ਦੇ ਚਿੰਨ੍ਹ, ਉਚਾਰਨ, ਲਗਾਂ ਅਤੇ
ਲਗਾਖਰਾਂ ਦਾ ਅਧਿਐਨ ਕੀਤਾ ਜਾਂਦਾ ਹੈ।

2. ਸ਼ਬਦ ਬੋਧ – ਵਿਆਕਰਨ ਦੇ ਇਸ ਭਾਗ ਵਿੱਚ ਸ਼ਬਦ ਰਚਨਾ, ਸ਼ਬਦ ਭੇਦ ਅਤੇ ਸ਼ਬਦਾਂ ਦੇ ਰੂਪ ਆਦਿ ਬਾਰੇ ਦੱਸਿਆ ਜਾਂਦਾ ਹੈ।

3. ਵਾਕ ਬੋਧ – ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ, ਵਾਕ ਵੰਡ, ਵਾਕ ਵਟਾਂਦਰਾ ਆਦਿ ਬਾਰੇ ਦੱਸਿਆ ਜਾਂਦਾ ਹੈ।