CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਵਾਰਸ ਸ਼ਾਹ : ਅਮ੍ਰਿਤਾ ਪ੍ਰੀਤਮ


20-25 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਵਾਰਸ ਸ਼ਾਹ’ ਨਾਂ ਦੀ ਕਵਿਤਾ ਦੀ ਲੇਖਕਾ ਦੀ ਕਾਵਿ-ਕਲਾ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ।

ਉੱਤਰ : ਅੰਮ੍ਰਿਤਾ ਪ੍ਰੀਤਮ ਇਸਤਰੀ ਜਾਤੀ ਦੀ ਪ੍ਰਤਿਨਿਧ ਕਵਿੱਤਰੀ ਹੈ ਜਿਸ ਨੂੰ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ ਹੈ। ਉਸ ਦੀ ਕਵਿਤਾ ਦੇ ਵਿਸ਼ੇ ਨਿੱਜੀ ਪੀੜ, ਨਾਰੀ-ਪੀੜ ਅਤੇ ਲੋਕ-ਪੀੜ ਨਾਲ ਸੰਬੰਧਿਤ ਹਨ। ਦੇਸ-ਵੰਡ ਨਾਲ ਸੰਬੰਧਿਤ ਰਚਨਾ ਕਾਰਨ ਉਸ ਨੂੰ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਉਸ ਨੇ ਪੰਜਾਬੀ ਕਵਿਤਾ ਨੂੰ ਰੁਮਾਂਸਵਾਦੀ-ਪ੍ਰਗਤੀਵਾਦੀ ਰੰਗਣ ਪ੍ਰਦਾਨ ਕੀਤੀ ਹੈ। ਆਪ ਦੀ ਕਾਵਿ-ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੈ।

ਪ੍ਰਸ਼ਨ 2. ‘ਵਾਰਸ ਸ਼ਾਹ’ (ਅੰਮ੍ਰਿਤਾ ਪ੍ਰੀਤਮ) ਨਾਂ ਦੀ ਕਵਿਤਾ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ : ‘ਵਾਰਸ ਸ਼ਾਹ’ (ਅੰਮ੍ਰਿਤਾ ਪ੍ਰੀਤਮ) ਨਾਂ ਦੀ ਕਵਿਤਾ ਦਾ ਵਿਸ਼ਾ 1947 ਈ. ਦੀ ਦੇਸ-ਵੰਡ ਦੇ ਦੁਖਾਂਤ ਨਾਲ ਸੰਬੰਧਿਤ ਹੈ। ਇਸ ਵੰਡ ਕਾਰਨ ਅਨੇਕਾਂ ਲੋਕ ਮਾਰੇ ਗਏ ਅਤੇ ਸਭ ਤਰ੍ਹਾਂ ਦੀਆਂ ਸਾਂਝਾਂ ਖ਼ਤਮ ਹੋ ਗਈਆਂ। ਪਿਆਰ ਦਾ ਵਾਤਾਵਰਨ ਨਫ਼ਰਤ ਵਿੱਚ ਬਦਲ ਗਿਆ। ਇਸ ਵੰਡ ਦਾ ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਇਹ ਵੰਡ ਪਿਆਰ ਦੇ ਰਸਤੇ ਵਿੱਚ ਇੱਕ ਦੀਵਾਰ ਬਣ ਗਈ।

ਪ੍ਰਸ਼ਨ 3. ‘ਵਾਰਸ ਸ਼ਾਹ’ ਕਵਿਤਾ ਵਿੱਚ ਪਿਆਰ/ਇਸ਼ਕ ਦੇ ਦੁਖਾਂਤ ਨੂੰ ਕਿਵੇਂ ਪੇਸ਼ ਕੀਤਾ ਗਿਆ ਹੈ?

ਉੱਤਰ : ‘ਵਾਰਸ ਸ਼ਾਹ’ ਕਵਿਤਾ ਵਿੱਚ ਪਿਆਰ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। 1947 ਈ. ਦੀ ਦੇਸ-ਵੰਡ ਪਿਆਰ/ਇਸ਼ਕ ਦੇ ਦੁਖਾਂਤ ਦਾ ਵੀ ਕਾਰਨ ਬਣੀ। ਅੰਮ੍ਰਿਤਾ ਪ੍ਰੀਤਮ ਉਹਨਾਂ ਲੱਖਾਂ ਧੀਆਂ ਦੇ ਦੁੱਖ ਨੂੰ ਮਹਿਸੂਸ ਕਰਦੀ ਹੈ ਜਿਨ੍ਹਾਂ ਦਾ ਪਿਆਰ ਇਸ ਵੰਡ ਕਾਰਨ ਪ੍ਰਵਾਨ ਨਾ ਚੜ੍ਹ ਸਕਿਆ।

ਪ੍ਰਸ਼ਨ 4. ‘ਵਾਰਸ ਸ਼ਾਹ’ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਵਾਰਸ ਸ਼ਾਹ ਨੂੰ ਕਿਸ ਪ੍ਰਸੰਗ ਵਿੱਚ ਸੰਬੋਧਨ ਕਰਦੀ ਹੈ?

ਉੱਤਰ : ‘ਵਾਰਸ ਸ਼ਾਹ’ ਨੂੰ ਸੰਬੋਧਨ ਕਰਦੀ ਅੰਮ੍ਰਿਤਾ ਪ੍ਰੀਤਮ ਆਖਦੀ ਹੈ ਕਿ ਜਦ ਹੀਰ ਦਾ ਪਿਆਰ ਪ੍ਰਵਾਨ ਨਹੀਂ ਸੀ ਚੜ੍ਹਿਆ ਤਾਂ ਉਸ ਨੇ (ਵਾਰਸ ਸ਼ਾਹ ਨੇ) ਆਪਣੇ ਹੀਰ ਦੇ ਕਿੱਸੇ ਵਿੱਚ ਇਸ ‘ਤੇ ਦੁੱਖ ਪ੍ਰਗਟਾਉਂਦਿਆਂ ਵੈਣ ਪਾਏ ਸਨ। ਪਰ ਅੱਜ ਤਾਂ ਦੇਸ-ਵੰਡ ਕਾਰਨ ਅਜਿਹੀਆਂ ਲੱਖਾਂ ਧੀਆਂ ਰੋ ਰਹੀਆਂ ਹਨ। ਇਸ ਲਈ ਅੰਮ੍ਰਿਤਾ ਪ੍ਰੀਤਮ ਵਾਰਸ ਸ਼ਾਹ ਨੂੰ ਪਿਆਰ ਦੇ ਦੁਖਾਂਤ ਦਾ ਇੱਕ ਹੋਰ ਕਿੱਸਾ ਲਿਖਣ ਲਈ ਕਹਿੰਦੀ ਹੈ।

ਪ੍ਰਸ਼ਨ 5. ਅੰਮ੍ਰਿਤਾ ਪ੍ਰੀਤਮ ਵਾਰਸ ਸ਼ਾਹ ਨੂੰ ‘ਦਰਦਮੰਦਾਂ ਦਿਆ ਦਰਦੀਆ’ ਕਿਉਂ ਕਹਿੰਦੀ ਹੈ?

ਉੱਤਰ : ‘ਵਾਰਸ ਸ਼ਾਹ’ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਪ੍ਰਸਿੱਧ ਕਿੱਸਾਕਾਰ ਵਾਰਸ ਸ਼ਾਹ ਨੂੰ ਸੰਬੋਧਨ ਕੀਤਾ ਹੈ। ਉਸ ਨੇ ਵਾਰਸ ਸ਼ਾਹ ਨੂੰ ਦੁਖੀਆਂ ਦਾ ਦਰਦ ਮਹਿਸੂਸ ਕਰਨ ਵਾਲਾ ਕਿਹਾ ਹੈ। ਉਸ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਵਾਰਸ ਸ਼ਾਹ ਨੇ ਹੀਰ ਦੇ ਪਿਆਰ ਦੇ ਦੁਖਾਂਤ ਦਾ ਦਰਦ ਮਹਿਸੂਸ ਕੀਤਾ ਅਤੇ ਇਸ ਦਰਦ ਨੂੰ ਪ੍ਰਗਟਾਉਣ ਲਈ ਹੀਰ ਦਾ ਕਿੱਸਾ ਲਿਖਿਆ ਜੋ ਪੰਜਾਬੀ ਸਾਹਿਤ ਵਿੱਚ ਅਮਰ ਹੋਇਆ।

ਪ੍ਰਸ਼ਨ 6. ਹੇਠ ਦਿੱਤੀ ਕਾਵਿ-ਤੁਕ ਦੀ ਵਿਆਖਿਆ ਕਰੋ :

ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।

ਉੱਤਰ: ਦੇਸ-ਵੰਡ ਦੇ ਦੁਖਾਂਤ ਨੂੰ ਪ੍ਰਗਟਾਉਂਦੀ ਅਤੇ ਵਾਰਸ ਸ਼ਾਹ ਨੂੰ ਸੰਬੋਧਨ ਕਰਦੀ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਜਿਸ ਬੇਲੇ ਵਿੱਚ ਹੀਰ ਤੇ ਰਾਂਝੇ ਵਰਗਿਆਂ ਦੇ ਪਿਆਰ ਪ੍ਰਵਾਨ ਚੜ੍ਹਦੇ ਸਨ ਉਸ ਬੇਲੇ ਵਿੱਚ ਲਾਸ਼ਾਂ ਵਿਛੀਆਂ ਹੋਈਆਂ ਸਨ। ਇਸ਼ਕ ਦਾ ਦਰਿਆ ਸਮਝਿਆ ਜਾਣ ਵਾਲਾ ਚਨਾਬ ਦਰਿਆ ਮਾਰ-ਕਾਟ ਕਾਰਨ ਲਹੂ ਨਾਲ ਭਰਿਆ ਪਿਆ ਸੀ।

ਪ੍ਰਸ਼ਨ 7. “ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ’ ਤੁਕ ਦੀ ਵਿਆਖਿਆ ਕਰੋ।

ਉੱਤਰ : 1947 ਈ. ਦੀ ਦੇਸ-ਵੰਡ ਦੇ ਦੁਖਾਂਤ ਨੂੰ ਪ੍ਰਗਟਾਉਂਦੀ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਪੰਜ ਦਰਿਆਵਾਂ ਦੇ ਪਾਣੀਆਂ ਵਿੱਚ ਭਾਵ ਪੰਜ ਦਰਿਆਵਾਂ ਦੀ ਧਰਤੀ ਪੰਜਾਬ ‘ਤੇ ਕਿਸੇ ਦੁਸ਼ਮਣ ਨੇ ਫ਼ਿਰਕੂਪੁਣੇ ਦਾ ਜ਼ਹਿਰ ਘੋਲ ਦਿੱਤਾ ਹੈ। ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ ਕੋਸ਼ਸ਼ ਕੀਤੀ ਗਈ ਹੈ।

ਪ੍ਰਸ਼ਨ 8. ‘ਓਹਨੇ ਹਰ ਇੱਕ ਬਾਂਸ ਦੀ ਵੰਝਲੀ ਦਿੱਤੀ ਨਾਗ ਬਣਾ ਤੁਕ ਦਾ ਕੀ ਭਾਵ ਹੈ ?

ਉੱਤਰ : 1947 ਈ. ਦੀ ਦੇਸ-ਵੰਡ ਦੇ ਦੁਖਾਂਤ ਨੂੰ ਗਟਾਉਂਦੀ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਫ਼ਿਰਕੂਪੁਣੇ ਦੀ ਜ਼ਹਿਰੀਲੀ ਹਵਾ ਨੇ ਬਾਂਸ ਦੀ ਹਰ ਵੰਝਲੀ ਨੂੰ ਨਾਗ ਬਣਾ ਦਿੱਤਾ। ਇਸ ਦਾ ਭਾਵ ਇਹ ਹੈ ਕਿ ਜਿਸ ਧਰਤੀ ‘ਤੇ ਪਿਆਰ ਦੀਆਂ ਵੰਝਲੀਆਂ ਵੱਜਦੀਆਂ ਸਨ ਉੱਥੇ ਲੋਕ ਇੱਕ ਦੂਜੇ ਨੂੰ ਫ਼ਿਰਕੂਪੁਣੇ ਦੇ ਸੱਪ ਬਣ ਕੇ ਡੰਗ ਮਾਰਦੇ ਸਨ।

ਪ੍ਰਸ਼ਨ 9. ‘ਵਾਰਸ ਸ਼ਾਹ’ ਨਾਂ ਦੀ ਕਵਿਤਾ ਵਿੱਚ 1947 ਈ. ਦੀ ਦੇਸ-ਵੰਡ ਦੇ ਦੁਖਾਂਤ ਕਾਰਨ ਕਿਹੜੀਆਂ ਸਾਂਝਾ ਦੇ ਟੁੱਟ ਜਾਣ ਦਾ ਜ਼ਿਕਰ ਹੈ?

ਉੱਤਰ : 1947 ਈ. ਦੀ ਦੇਸ-ਵੰਡ ਦੇ ਵਾਪਰੇ ਦੁਖਾਂਤ ਕਾਰਨ ਗਲੇ ਵਿੱਚੋਂ ਪਿਆਰ ਦੇ ਗੀਤਾਂ ਦੇ ਰੂਪ ਵਿੱਚ ਨਿਕਲਦੀ ਅਵਾਜ਼ ਖ਼ਤਮ ਹੋ ਗਈ। ਤੱਕਲੇ ਤੋਂ ਤੰਦ ਟੁੱਟ ਗਈ ਕਿਉਂਕਿ ਤ੍ਰਿੰਞਣ ਵਿੱਚ ਜੁੜਦੀਆਂ ਸਹੇਲੀਆਂ ਦੀ ਸਾਂਝ ਟੁੱਟ ਗਈ ਸੀ। ਤ੍ਰਿੰਞਣ ਵਿੱਚ ਸਹੇਲੀਆਂ/ਔਰਤਾਂ ਦੇ ਨਾ ਜੁੜ ਸਕਣ ਕਾਰਨ ਚਰਖਿਆਂ ਦੀ ਘੂਕਰ ਵੀ ਬੰਦ ਹੋ ਗਈ ਸੀ।

ਪ੍ਰਸ਼ਨ 10. ‘ਵਾਰਸ ਸ਼ਾਹ’ (ਅੰਮ੍ਰਿਤਾ ਪ੍ਰੀਤਮ) ਕਵਿਤਾ ਵਿੱਚ ਧਰਤੀ ‘ਤੇ ਲਹੂ ਦੇ ਵੱਸਣ ਅਤੇ ਕਬਰਾਂ ਦੇ ਚੋਣ ਦਾ ਜੋ ਜ਼ਿਕਰ ਹੋਇਆ ਹੈ ਉਸ ਬਾਰੇ ਜਾਣਕਾਰੀ ਦਿਓ।

ਉੱਤਰ : ਅੰਮ੍ਰਿਤਾ ਪ੍ਰੀਤਮ ਦੱਸਦੀ ਹੈ ਕਿ 1947 ਈ. ਦੀ ਦੇਸ-ਵੰਡ ਸਮੇਂ ਵਾਪਰੇ ਦੁਖਾਂਤ ਕਾਰਨ ਧਰਤੀ ਤੇ ਲਹੂ ਵਾਰਿਆ ਸੀ। ਇੱਥੇ ਤੱਕ ਵਿੱਚ ਕਬਰਾਂ ਵਿੱਚੋਂ ਵੀ ਖੂਨ ਚੌਂਦਾ ਸੀ। ਪਿਆਰ ਦੇ ਦੁਖਾਂਤ ਦਾ ਸ਼ਿਕਾਰ ਹੋਈਆਂ ਪ੍ਰੀਤ ਕਰਨ ਵਾਲੀਆਂ ਸ਼ਹਿਜ਼ਾਦੀਆਂ ਮਜ਼ਾਰਾਂ/ਕਬਰਾਂ ਵਿੱਚ ਪਈਆਂ ਵੀ ਜਿਵੇਂ ਹੋ ਰਹੀਆਂ ਸਨ।

ਪ੍ਰਸ਼ਨ 11. “ਵਾਰਸ ਸ਼ਾਹ (ਅੰਮ੍ਰਿਤਾ ਪ੍ਰੀਤਮ) ਨਾਂ ਦੀ ਕਵਿਤਾ ਵਿੱਚ ਹੀਰ-ਰਾਂਝੇ ਦਾ ਜ਼ਿਕਰ ਕਿਸ ਪ੍ਰਸੰਗ ਵਿੱਚ ਹੋਇਆ ਹੈ?

ਉੱਤਰ : ‘ਵਾਰਸ ਸ਼ਾਹ’ (ਅਮ੍ਰਿਤਾ ਪ੍ਰੀਤਮ) ਨਾਂ ਦੀ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਦੱਸਿਆ ਹੈ ਕਿ 1947 ਈ. ਦੀ ਦੇਸ-ਵੰਡ ਪਿਆਰ ਦੇ  ਰਸਤੇ ਵਿੱਚ ਇੱਕ ਦਿਵਾਰ ਬਣ ਗਈ ਸੀ। ਵਾਰਸ ਸ਼ਾਹ ਨੂੰ ਸੰਬੋਧਨ ਕਰਦੀ ਉਹ ਕਹਿੰਦੀ ਹੈ ਕਿ ਹੀਰ-ਰਾਂਝੇ ਦੇ ਪਿਆਰ ਦੇ ਪ੍ਰਵਾਨ ਨਾ ਚੜ੍ਹਨ ਤੇ ਉਸ ਨੇ ਆਪਣੇ ਕਿੱਸੇ ਵਿੱਚ ਹੀਰ ਨਾਲ ਵਾਪਰੇ ਦੁਖਾਂਤ ਨੂੰ ਪ੍ਰਗਟਾਇਆ ਸੀ ਪਰ 1947 ਈ. ਦੀ ਦੇਸ-ਵੰਡ ਸਮੇਂ ਤਾਂ ਇਹ ਦੁਖਾਂਤ ਲੱਖਾਂ ਧੀਆਂ ਨਾਲ ਵਾਪਰਿਆ ਸੀ।


ਵਾਰਸ ਸ਼ਾਹ