CBSEClass 9th NCERT PunjabiEducationPunjab School Education Board(PSEB)

ਵਾਰਤਾਲਾਪਾਂ ਸੰਬੰਧੀ ਪ੍ਰਸ਼ਨ : ਪਰਤ ਆਉਣ ਤਕ


ਇਕਾਂਗੀ : ਪਰਤ ਆਉਣ ਤਕ


1. ਓ ਜੀ. ਅਸੀਂ ਤੁਰਦੇ-ਫਿਰਦੇ ਆਏ। ਪੰਡਾਲ ਸਜਿਆ ਸੀ। ਜਜਮਾਨ ਬੈਠੇ ਸਨ। ਮਾਰ੍ਹਾਜ ……….. ਤੇ ਆਹ ਚਬੂਤਰਾ ਛੜਿਆਂ ਦੇ ਵਿਹੜੇ ਆਗੂੰ ਖ਼ਾਲੀ ਚਮਕ ਰਿਹਾ ਸੀ। ਅਹੀਂ ਸੋਚਿਆ ਚਲੋ ਦੋ ਤੇ  ਘੜੀ ਜਜਮਾਨਾਂ ਲਈ ਰੌਣਕਾਂ ਲਾਈਏ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?

ਉੱਤਰ : ‘ਪਰਤ ਆਉਣ ਤਕ’।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਦੂਜੇ ਮਰਾਸੀ ਨੇ ਪਹਿਲੇ ਕਲਾਕਾਰ ਨੂੰ ਕਹੇ।

ਪ੍ਰਸ਼ਨ. ਪੰਡਾਲ ਵਿਚ ਕੌਣ ਬੈਠਾ ਸੀ?

ਉੱਤਰ : ਦਰਸ਼ਕ ਜਜਮਾਨ ।

ਪ੍ਰਸ਼ਨ. ਜਜਮਾਨਾਂ ਲਈ ਰੌਣਕਾਂ ਲਾਉਣ ਕੌਣ ਆਏ ਸਨ?

ਉੱਤਰ : ਦੋ ਮਰਾਸੀ ।


2. ਵਟ ਨਾਨਸੈਂਸ। ਤੂੰ ਵੀ ਯਾਰ ਕਮਾਲ ਕਰਦੈਂ। ਆਹ ਕੀ ਸਿੜੀ-ਸਿਆਪਾ ਪਾ ਲਿਆ। ਇਹਨਾਂ ਕੰਜਰਾਂ ਨੇ ਤਾਂ ਰਾਜੇ ਮਹਾਰਾਜਿਆਂ ਨੂੰ ਗੱਲ ਨੀ ਸੀ ਆਉਣ ਦਿੱਤੀ। ਤੂੰ ਇਹਨਾਂ ਨਾਲ ਡਿਸਕਸ਼ਨ ਕਰਨ ਲੱਗ ਪਿਐਂ। ਇਹਨਾਂ ਨੂੰ ਕਰ ਪਰ੍ਹੇ ਤੇ ਡਰਾਮਾ ਸ਼ੁਰੂ ਕਰੀਏ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?

ਉੱਤਰ : ‘ਪਰਤ ਆਉਣ ਤਕ’ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਪਹਿਲੇ ਕਲਾਕਾਰ ਨੇ ਨਾਲ ਦੇ ਦੂਜੇ ਕਲਾਕਾਰ ਨੂੰ ਕਹੇ।

ਪ੍ਰਸ਼ਨ. ਕਿਨ੍ਹਾਂ ਨੇ ਰਾਜੇ ਮਹਾਰਾਜਿਆਂ ਨੂੰ ਗੱਲ ਨਹੀਂ ਸੀ ਆਉਣ ਦਿੱਤੀ?

ਉੱਤਰ : ਮਰਾਸੀਆਂ ਨੇ

ਪ੍ਰਸ਼ਨ. ਕੌਣ ਕਿਨ੍ਹਾਂ ਨਾਲ ਡਿਸਕਸ਼ਨ ਕਰਨ ਲਗ ਪਿਆ ਸੀ?

ਉੱਤਰ : ਪਹਿਲਾ ਕਲਾਕਾਰ ਦੋਹਾਂ ਮਰਾਸੀਆਂ ਨਾਲ।


3. “(ਦੂਜੇ ਨਾਲ ਸਲਾਹ ਮਸ਼ਵਰਾ ਕਰਦਿਆਂ) ਤੁਸੀਂ ਮੀਰਜ਼ਾਦਿਓ ਘਬਰਾਓ ਨਾ। ਤੁਸੀਂ ਇਉਂ ਏਉਂ ਕਿਉਂ ਨੀ ਕਰਦੇ ਬਈ। ਸਾਡੇ ਡਰਾਮੇ ਵਿੱਚ ਪਾਰਟ ਕਰੋ। ਕਲਾਕਾਰ ਤੁਸੀਂ ਹੈ ਈ। ਬੱਸ ਗੱਲ ਆਪਣੇ ਕੋਲੋਂ ਨੀ ਬਣਾਉਣੀ ਜੋ ਸਾਡੇ ਡਾਇਰੈਕਟਰ ਸਾਹਿਬ ਦੱਸਣ, ਉਹੀ ਬੋਲਣੀ ਐ।”

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ?

ਉੱਤਰ : ‘ਪਰਤ ਆਉਣ ਤਕ।’

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਪਹਿਲੇ ਕਲਾਕਾਰ ਨੇ ਦੋਹਾਂ ਮਰਾਸੀਆਂ ਨੂੰ ਕਹੇ ।

ਪ੍ਰਸ਼ਨ. ਇਸ ਵਾਰਤਾਲਾਪ ਵਿੱਚ ਕਲਾਕਾਰ ਕਿਸ ਨੂੰ ਕਿਹਾ ਗਿਆ ਹੈ?

ਉੱਤਰ : ਮਰਾਸੀਆਂ ਨੂੰ ।

ਪ੍ਰਸ਼ਨ. ਇਸ ਵਾਰਤਾਲਾਪ ਵਿੱਚ ਮੀਰਜ਼ਾਦਿਆਂ ਨੂੰ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕੀ ਕਿਹਾ ਗਿਆ ਹੈ ?

ਉੱਤਰ : ਇਸ ਵਿਚ ਮੀਰਜ਼ਾਦਿਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਡਰਾਮਾ ਪੇਸ਼ ਕਰਦੇ ਸਮੇਂ ਗੱਲ ਆਪਣੇ ਕੋਲੋਂ ਨਹੀਂ ਬਣਾਉਣੀ, ਸਗੋਂ ਜੋ ਡਾਇਰੈਕਟਰ ਸਾਹਿਬ ਦੱਸਣ, ਉਹੋ ਹੀ ਬੋਲਣੀ ਹੈ।


4. ਲੈ ਦੇਖ ਲੈ ਬਾਪੂ ਜੀ, ਹੁਣ ਮੇਰਾ ਕਸੂਰ ਨਾ ਕੱਢੀ । ਕੱਲ੍ਹ ਮੇਰੀ ਕਣਕ ਸੁੱਕਣੀ ਪਾਈ ਬੀ ਸੀ। ਈਹਨੇ ਏਹੀ ਜੀ ਨਜ਼ਰ ਲਾਈ ਬਈ ਮਣ ਪੱਕੀ ਕਣਕ ‘ਚੋਂ ਮਸਾਂ ਦਸ ਸੇਰ ਆਟਾ ਨਿਕਲਿਆ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ ਤੇ ਉਹ ਕਿਸ ਦਾ ਲਿਖਿਆ ਹੋਇਆ ਹੈ?

ਉੱਤਰ : ਇਹ ਸ਼ਬਦ ‘ਪਰਤ ਆਉਣ ਤਕ’ ਇਕਾਂਗੀ ਵਿੱਚੋਂ ਹਨ ਅਤੇ ਇਸ ਇਕਾਂਗੀ ਦਾ ਲੇਖਕ ਡਾ: ਸਤੀਸ਼ ਵਰਮਾ ਹੈ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਕਰਤਾਰੀ ਨੇ ਆਪਣੇ ਬਜ਼ੁਰਗ ਸਹੁਰੇ ਨੂੰ ਕਹੇ।

ਪ੍ਰਸ਼ਨ. ਨਜ਼ਰ ਲਾਉਣ ਦਾ ਕੀ ਅਸਰ ਹੋਇਆ ਸੀ ?

ਉੱਤਰ : ਨਜ਼ਰ ਲਾਉਣ ਨਾਲ ਮਣ ਪੱਕੀ ਕਣਕ ਵਿਚੋਂ ਮਸਾਂ ਦਸ ਸ਼ੇਰ ਆਟਾ ਨਿਕਲਿਆ ਸੀ।

ਪ੍ਰਸ਼ਨ. ਇਹ ਸ਼ਬਦ ਕਹਿਣ ਵਾਲੇ ਦਾ ਸੁਭਾ ਕਿਹੋ ਜਿਹਾ ਜਾਪਦਾ ਹੈ?

ਉੱਤਰ : ਇਹ ਸ਼ਬਦ ਕਹਿਣ ਵਾਲਾ ਵਹਿਮਾਂ-ਭਰਮਾਂ ਦਾ ਸ਼ਿਕਾਰ ਤੇ ਐਵੇਂ ਊਜਾਂ ਲਾਉਣ ਵਾਲਾ ਜਾਪਦਾ ਹੈ।


5. ਤੈਨੂੰ ਲੱਗਦੀ ਐ ਰਾਮ ਕਹਾਣੀ। ਏਥੇ ਜਿਹੜੀ ਰੋਜ਼ ਰਾਵਣ-ਲੀਲਾ ਹੁੰਦੀ ਐ, ਉਹਦਾ ਵੀ ਪਤੈ। ਸਾਰਾ ਦਿਨ ਸੂਈ ਕੁੱਤੇ ਆਂਗੂੰ ਕੁਰਲ-ਕੁਰਲ ਕਰਦੀ ਫਿਰਦੀ ਐ, ਤੇਰੀ ਇਹ ਵੱਡੀ ਹੇਜਲੀ ਭਰਜਾਈ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਲਏ ਗਏ ਹਨ?

ਉੱਤਰ : ‘ਪਰਤ ਆਉਣ ਤਕ’ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਕਰਤਾਰੀ ਨੇ ਆਪਣੇ ਪਤੀ ਸੱਜਣ ਨੂੰ ਕਹੇ।

ਪ੍ਰਸ਼ਨ. ‘ਰਾਵਣ ਲੀਲਾ ਹੋਣ’ ਤੋਂ ਕੀ ਭਾਵ ਹੈ?

ਉੱਤਰ : ਲੜਾਈ-ਝਗੜਾ ਹੋਣਾ ।

ਪ੍ਰਸ਼ਨ. ਕਿਸ ਨੂੰ ਕਿਸ ਦੀ ‘ਹੇਜਲੀ ਭਰਜਾਈ’ ਕਿਹਾ ਗਿਆ ਹੈ?

ਉੱਤਰ : ਸੰਤੀ ਨੂੰ ਸੱਜਣ ਦੀ ‘ਹੇਜਲੀ ਭਰਜਾਈ’ ਕਿਹਾ ਗਿਆ ਹੈ।


6. ਓ, ਤੂੰ ਕਿਸੇ ਨਾਲੋਂ ਘੱਟ ਐਂ। ਮੈਂ ਜਾਣਦਾ ਨੀਂ। ਤੁਸੀਂ ਦੋਏ ਟੋਆ ਪੁੱਟ ਕੇ ਦੱਬਣ ਆਲੀਆਂ ਓ। ਅਖੇ ਜੀ ਸਕੀਆਂ ਕ ਭੈਣਾਂ ਘਰ ‘ਚ ਲੈ ਆਉ। ਇਹ ਸਕੀਆਂ ਸੌਂਕਣਾਂ ਨੂੰ ਟੱਪੀਆਂ ਫਿਰਦੀਐ।

ਪ੍ਰਸ਼ਨ. ਜਿਸ ਇਕਾਂਗੀ ਵਿਚੋਂ ਇਹ ਸ਼ਬਦ ਲਏ ਗਏ ਹਨ, ਉਹ ਕਿਸ ਦੀ ਰਚਨਾ ਹੈ?

ਉੱਤਰ : ਡਾ: ਸਤੀਸ਼ ਵਰਮਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਸੱਜਣ ਨੇ ਆਪਣੀ ਪਤਨੀ ਕਰਤਾਰੀ ਨੂੰ ਕਹੇ ।

ਪ੍ਰਸ਼ਨ. ਕੌਣ ਸਕੀਆਂ ਭੈਣਾਂ ਸਨ ?

ਉੱਤਰ : ਸੰਤੀ ਤੇ ਕਰਤਾਰੀ, ਦੋਵੇਂ ਦਿਰਾਣੀ-ਜਿਠਾਣੀ ਸਕੀਆਂ ਭੈਣਾਂ ਸਨ।

ਪ੍ਰਸ਼ਨ. ਭੈਣਾਂ ਦੇ ਸੌਂਕਣਾਂ ਨੂੰ ਟੱਪੀਆਂ ਹੋਣ ਤੋਂ ਕੀ ਭਾਵ ਹੈ ?

ਉੱਤਰ : ਇਸਦਾ ਭਾਵ ਇਹ ਹੈ ਕਿ ਸੰਤੀ ਤੇ ਕਰਤਾਰੀ ਸਨ ਤਾਂ ਸਕੀਆਂ ਭੈਣਾਂ ਪਰੰਤੂ ਦੋ ਸਕੇ ਭਰਾਵਾਂ ਦੀਆਂ ਪਤਨੀਆਂ ਬਣਨ ਮਗਰੋਂ, ਉਨ੍ਹਾਂ ਵਿਚ ਹਰ ਸਮੇਂ ਇੰਨਾ ਲੜਾਈ-ਝਗੜਾ ਜਾਰੀ ਰਹਿੰਦਾ ਸੀ ਕਿ ਉਹ ਇਕ ਦੂਜੀ ਦੀਆਂ ਸੌਂਕਣਾਂ ਵਾਂਗ ਦੁਸ਼ਮਣ ਜਾਪਦੀਆਂ ਸਨ।


7. ਕੋਈ ਅਕਲ ਦੀ ਗਲ ਕਰ। ਕਿਉਂ ਸਾਰੇ ਪਿੰਡ ਨੂੰ ਬਦਨਾਮੀ ਖੱਟਣ ਆਲਾ ਕੰਮ ਕਰਦੀਓਂ। ਇਸ ਘਰ ‘ਚੋਂ ਕਦੇ ਉੱਚੀ ਅਵਾਜ਼ ਨੀ ਸੀ ਨਿਕਲੀ। ਲੋਕਾਂ ਨੇ ਸਾਡੀ ਅੱਲ ‘ਚੁਪਕਿਆਂ ਕੇ’ ਪਾਈ ਹੋਈ ਸੀ। ਹੁਣ ਮੈਨੂੰ ਲਗਦੈ ‘ਬੋਲ-ਬੁਲਾਰਿਆਂ’ ਕੇ ਪਾਉਣਗੇ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ ?

ਉੱਤਰ : ‘ਪਰਤ ਆਉਣ ਤਕ’ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਦੋਂ ਕਹੇ ?

ਉੱਤਰ : ਇਹ ਸ਼ਬਦ ਸੁੰਦਰ ਨੇ ਆਪਣੀ ਪਤਨੀ ਸੰਤੀ ਨੂੰ ਕਹੇ।

ਪ੍ਰਸ਼ਨ. ਇਸ ਵਾਰਤਾਲਾਪ ਵਿਚ ‘ਚੁਪਕਿਆਂ ਕੇ’ ਅੱਲ ਕਿਨ੍ਹਾਂ ਬਾਰੇ ਹੈ ?

ਉੱਤਰ : ਇਸ ਵਾਰਤਾਲਾਪ ਵਿਚ ‘ਚੁਪਕਿਆਂ ਕੇ’ ਅੱਲ ਸੁੰਦਰ ਹੁਰਾਂ ਦੇ ਟੱਬਰ ਬਾਰੇ ਹੈ ।

ਪ੍ਰਸ਼ਨ. ਇਸ ਵਾਰਤਾਲਾਪ ਅਨੁਸਾਰ ਕਿਹੜੇ ਕੰਮ ਨਾਲ ਪਿੰਡ ਵਿਚ ਬਦਨਾਮੀ ਹੋਣ ਦਾ ਖ਼ਤਰਾ ਸੀ ?

ਉੱਤਰ : ਘਰ ਵਿਚ ਤੀਵੀਆਂ ਤੋਂ ਲੜਾਈ-ਝਗੜਾ ਪੈਣਾ ਤੇ ਵਧਣਾ ਪਿੰਡ ਵਿਚ ਬਦਨਾਮੀ ਖੱਟਣ ਵਾਲਾ ਕੰਮ ਸੀ।


8. ਸਾਲਿਆ ਕੋਲਜ ਜਾਣੈ ਕਿ ਘੋੜੀ ਚੜ੍ਹਨੈ। ਮਖਾਂ ਬੜੀ ਪੋਚ-ਪੋਚ ਗੁਲਾਬੀ ਚਮਕਾਈ ਐ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ ?

ਉੱਤਰ :  ‘ਪਰਤ ਆਉਣ ਤਕ’।

ਪ੍ਰਸ਼ਨ. ਇਸ ਇਕਾਂਗੀ ਦਾ ਲੇਖਕ ਕੌਣ ਹੈ ?

ਉੱਤਰ : ਡਾ: ਸਤੀਸ਼ ਵਰਮਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਦੀਪੇ ਨੇ ਜਿੰਦੇ ਨੂੰ ਕਹੇ ।

ਪ੍ਰਸ਼ਨ. ‘ਘੋੜੀ ਚੜ੍ਹਨ’ ਤੋਂ ਕੀ ਭਾਵ ਹੈ ?

ਉੱਤਰ : ਲਾੜਾ ਬਣਨਾ ।


9. (ਜ਼ੋਰ ਨਾਲ) ਮਖਾਂ ਬਾਬਾ ਜੀ, ਆਜੋ ਬਾਹਰ। ਫ਼ੌਜਾਂ ‘ਸ਼ਿਵਰਾਂ ਮੇਂ’ ਗਈ ਹੋਈ ਐਂ। ਮੈਦਾਨੇ-ਜੰਗ ਸ਼ਾਂਤ ਐ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ ?

ਉੱਤਰ : ‘ਪਰਤ ਆਉਣ ਤਕ’ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਜਿੰਦੇ ਨੇ ਬਾਬਾ ਜੀ ਨੂੰ ਕਹੇ ।

ਪ੍ਰਸ਼ਨ. ਫ਼ੌਜਾਂ ਸ਼ਿਵਰਾਂ ਵਿਚ ਜਾਣ ਤੋਂ ਕੀ ਭਾਵ ਹੈ ?

ਉੱਤਰ : ਇਸ ਦਾ ਭਾਵ ਇਹ ਹੈ ਕਿ ਲੜਾਈ ਕਰਨ ਵਾਲੀਆਂ ਧਿਰਾਂ ਸੰਤੀ ਤੇ ਕਰਤਾਰੀ ਇਸ ਸਮੇਂ ਘਰ ਵਿਚ ਨਹੀਂ, ਜਿਨ੍ਹਾਂ ਕਰਕੇ ਘਰ ਵਿਚ ਨਾ ਕੋਈ ਲੜਾਈ ਹੈ ਤੇ ਨਾ ਕੋਈ ਖ਼ਤਰਾ ।

ਪ੍ਰਸ਼ਨ. ਮੈਦਾਨੇ-ਜੰਗ ਸ਼ਾਂਤ ਕਿਉਂ ਸੀ ?

ਉੱਤਰ : ਸੰਤੀ ਤੇ ਕਰਤਾਰੀ ਦੇ ਘਰ ਵਿਚ ਨਾ ਹੋਣ ਕਰ ਕੇ ਕੋਈ ਲੜਾਈ ਨਹੀਂ ਸੀ, ਇਸ ਕਰਕੇ ਮੈਦਾਨੇ-ਜੰਗ ਸ਼ਾਂਤ ਸੀ।


10. ਬਾਬਾ ਜੀ ! ਅਸੀਂ ਤਾਂ ਥੋਤੋਂ ਹੌਸਲਾ ਲੈਣੈਂ। ਸਗੋਂ ਤੁਸੀਂ ਆਪ ਈ ਢੇਰੀ ਢਾਹੀ ਜਾਨੇ ਓਂ। ਅਸੀਂ ਇਹ ਕਹਿਨੇ ਐਂ, ਬਈ ਅਸਾਂ ਕੋਈ ਰਲ ਕੇ ਸਬੀਲ ਬਣਾਈਏ; ਬਈ ਇਹ ਨਿੱਤ ਦੇ ਕਲੇਸ਼ ਦਾ ਕੋਈ ਹੱਲ ਬਣੇ।

ਪ੍ਰਸ਼ਨ. ਜਿਸ ਇਕਾਂਗੀ ਵਿਚੋਂ ਇਹ ਸ਼ਬਦ ਹਨ, ਉਹ ਕਿਸ ਦੀ ਰਚਨਾ ਹੈ?

ਉੱਤਰ : ਡਾ: ਸਤੀਸ਼ ਵਰਮਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਦੀਪੇ ਨੇ ਬਾਬਾ ਜੀ ਨੂੰ ਕਹੇ ।

ਪ੍ਰਸ਼ਨ. ਕੌਣ ਢੇਰੀ ਢਾਹੀ ਜਾ ਰਿਹਾ ਸੀ ?

ਉੱਤਰ : ਬਾਬਾ ਜੀ ਢੇਰੀ ਢਾਹੀ ਜਾ ਰਹੇ ਸਨ ।

ਪ੍ਰਸ਼ਨ. ਕਲੇਸ਼ ਦਾ ਹੱਲ ਕੌਣ ਕਰਨਾ ਚਾਹੁੰਦਾ ਸੀ ਤੇ ਕਿਵੇਂ?

ਉੱਤਰ : ਦੀਪਾ ਤੇ ਜਿੰਦਾ ਬਾਬਾ ਜੀ ਨਾਲ ਮਿਲ ਕੇ ਕਲੇਸ਼ ਦਾ ਹੱਲ ਕਰਨ ਲਈ ਕੋਈ ਸਕੀਮ ਬਣਾਉਣੀ ਚਾਹੁੰਦੇ ਸਨ।


11. ਬੇਬੇ ਤੂੰ ਵਾਰੇ ਸ਼ਾਹ ਨੂੰ ਭੁੱਲਗੀ ਆਖੇ ‘ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ……….. ਭਾਈਆਂ ਬਾਝ ਬਾਗੀਂ ਬਹਾਰ ਨਾਹੀਂ। ਗਾਉਂਦਾ ਹੈ ਜਿਵੇਂ ਚਿੜਾ ਰਿਹਾ ਹੋਵੇ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ?

ਉੱਤਰ : ‘ਪਰਤ ਆਉਣ ਤਕ’ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ: ਇਹ ਸ਼ਬਦ ਦੀਪੇ ਨੇ ਆਪਣੀ ਮਾਂ ਕਰਤਾਰੀ ਨੂੰ ਕਹੇ।

ਪ੍ਰਸ਼ਨ. ‘ਭਾਈਆਂ ਬਾਝ ਨਾ ਮਜਲਸਾਂ ਸੋਹਦੀਆਂ ਨੇ……….’ ਕਾਵਿ-ਸਤਰ ਕਿਸ ਦੀ ਰਚਨਾ ਹੈ?

ਉੱਤਰ : ਵਾਰਸ਼ ਸ਼ਾਹ ਦੀ ।

ਪ੍ਰਸ਼ਨ. ਇਸ ਵਾਰਤਾਲਾਪ ਵਿਚਲੀਆਂ ਕਾਵਿ-ਤੁਕਾਂ ‘ਭਾਈਆਂ ਬਾਝ ਨਾ ਮਜਲਸਾਂ ਸੋਹਦੀਆਂ ਨੇ.. .’ ਦਾ ਕੀ ਭਾਵ ਹੈ?

ਉੱਤਰ : ਭਰਾਵਾਂ ਤੋਂ ਬਿਨਾਂ ਨਾ ਬੰਦਾ ਸਭਾਵਾਂ ਵਿੱਚ ਸ਼ੋਭਾ ਦਿੰਦਾ ਹੈ ਤੇ ਨਾ ਹੀ ਉਸਨੂੰ ਕੋਈ ਖ਼ੁਸ਼ੀ ਪ੍ਰਾਪਤ ਹੁੰਦੀ ਹੈ, ਇਸ ਕਰਕੇ ਭਰਾਵਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ।


12. ਚਾਹੇ ਕੋਈ ਕੁਛ ਕਹੇ। ਮੈਨੂੰ ਨੀ ਪਰਵਾਹ। ਮੈਂ ਸੌ ਦੀ ਇੱਕ ਸੁਣਾ ‘ਤੀ। ਬਈ ਮੈਂ ਅੱਡ-ਅੱਡ ਹੋਏ ਘਰਾਂ ‘ਚ ਨੀ ਜਾਣਾ। ਨਾਲੇ ਆਹ ਅੱਜ ਦੀ ਗੱਲ ਐ-ਜਿਵੇਂ ਥੋਨੂੰ ਪਤਾ ਨੀ। ਜਿੱਦਣ ਦਾ ਇਹ ਵੰਡ-ਵੰਡਾਰਾ ਹੋਇਐ, ਮੈਂ ਪਾਇਐ ਕਦਮ ਥੋਡੇ ਦੋਹਾਂ ਦੇ ‘ਘਰਾਂ’ ‘ਚ?

ਪ੍ਰਸ਼ਨ. ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਹਨ ?

ਉੱਤਰ : ‘ਪਰਤ ਆਉਣ ਤਕ’ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਬਜ਼ੁਰਗ ਨੇ ਆਪਣੇ ਪੁੱਤਰਾਂ ਸੱਜਣ ਤੇ ਸੁੰਦਰ ਨੂੰ ਕਹੇ ।

ਪ੍ਰਸ਼ਨ. ਵੰਡ-ਵੰਡਾਰਾ ਹੋਣ ‘ਤੇ ਬਜ਼ੁਰਗ ਕਿਸ ਦੀ ਪਰਵਾਹ ਨਹੀਂ ਕਰਦਾ ?

ਉੱਤਰ : ਵੰਡ-ਵੰਡਾਰਾ ਹੋਣ ਤੇ ਬਜ਼ੁਰਗ ਦੋਹਾਂ ਪੁੱਤਰਾਂ ਵਿਚੋਂ ਕਿਸੇ ਦੇ ਵੀ ਘਰ ਦੀ ਪਰਵਾਹ ਨਹੀਂ ਕਰਦਾ ।

ਪ੍ਰਸ਼ਨ. ਵੰਡ-ਵੰਡਾਰਾ ਹੋਣ ‘ਤੇ ਬਜ਼ੁਰਗ ਕੀ ਕਹਿੰਦਾ ਹੈ ?

ਉੱਤਰ : ਵੰਡ-ਵੰਡਾਰਾ ਹੋਣ ਨੂੰ ਬਜ਼ੁਰਗ ਪਸੰਦ ਨਹੀਂ ਕਰਦਾ। ਉਸਨੇ ਦੋਹਾਂ ਪੁੱਤਰਾਂ ਦੇ ਵੰਡੇ ਘਰਾਂ ਵਿੱਚ ਪੈਰ ਨਹੀਂ ਪਾਇਆ। ਉਸਨੂੰ ਦੋਹਾਂ ਦੀ ਕੋਈ ਪਰਵਾਹ ਨਹੀਂ ਰਹੀ।


13. ਮੈਂ ਤਾਂ ਮਾੜੀ ਜੀ ਧੁੱਪ ਦੇਖ ਕੇ ਮੁੰਡਿਆਂ ਤੋਂ ਕਢਵਾਇਆ ਮੰਜਾ ਬਾਹਰ। ਬਹੁਤਾ ਕਰਦਿਉ ਮੇਰਾ ਮੰਜਾ ਅੰਦਰ ਫੇਰ ਢਾਰੇ ‘ਚ ਕਰ ਦੋ, ਪਰ ਮੈਂ ਰਹੂੰ ‘ਲੀਕ ਦੇ ਉੱਤੇ’।

ਪ੍ਰਸ਼ਨ. ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਹਨ ?

ਉੱਤਰ : ‘ਪਰਤ ਆਉਣ ਤਕ’ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਬਜ਼ੁਰਗ ਨੇ ਆਪਣੇ ਦੋਹਾਂ ਪੁੱਤਰਾਂ ਸੱਜਣ ਤੇ ਸੁੰਦਰ ਨੂੰ ਕਹੇ ।

ਪ੍ਰਸ਼ਨ. ਕਿਸ ਨੇ ਕਿਸ ਤੋਂ ਮੰਜਾ ਕਿੱਥੇ ਕਢਵਾਇਆ ਸੀ ਤੇ ਕਿਉਂ?

ਉੱਤਰ : ਬਜ਼ੁਰਗ ਨੇ ਮੰਜਾ ਆਪਣੇ ਪੋਤਰਿਆਂ ਦੀਪੇ ਅਤੇ ਜਿੰਦੇ ਤੋਂ ਢਾਰੇ ਵਿੱਚੋਂ ਬਾਹਰ ਧੁੱਪੇ ਕਢਵਾਇਆ ਸੀ, ਕਿਉਂਕਿ ਉਹ ਬਿਮਾਰ ਸੀ।

ਪ੍ਰਸ਼ਨ. ਬਜ਼ੁਰਗ ਕਿੱਥੇ ਰਹਿਣਾ ਚਾਹੁੰਦਾ ਸੀ ਤੇ ਕਿਉਂ ?

ਉੱਤਰ : ਬਜ਼ੁਰਗ ਨੇ ਘਰ ਦੀ ਵੰਡ ਨੂੰ ਸਵੀਕਾਰ ਨਹੀਂ ਸੀ ਕੀਤਾ, ਇਸੇ ਕਰਕੇ ਉਸਨੇ ਵੰਡ ਪਿੱਛੋਂ ਦੋਹਾਂ ਪੁੱਤਰਾਂ ਦੇ ਘਰਾਂ ਵਿੱਚ ਪੈਰ ਨਹੀਂ ਸੀ ਪਾਇਆ ਤੇ ਨਾ ਉਹ ਹੁਣ ਪਾਉਣਾ ਚਾਹੁੰਦਾ ਸੀ। ਇਸੇ ਕਰਕੇ ਹੀ ਉਹ ਇਕ ਪਾਸੇ ਸਾਂਝੀ ਥਾਂ ਵਿਚ ਬਣਾਏ ਢਾਰੇ ਵਿਚ ਰਹਿੰਦਾ ਸੀ ਤੇ ਉੱਥੇ ਹੀ ਰਹਿਣ ਦੀ ਜ਼ਿਦ ਕਰਦਾ ਹੈ ।