CBSEClass 9th NCERT PunjabiEducationPunjab School Education Board(PSEB)

ਵਾਰਤਕ ਭਾਗ : ‘ਮੋਦੀਖ਼ਾਨਾ ਸੰਭਾਲਿਆ’ ਸਾਖੀ ਦਾ ਸਾਰ


ਪ੍ਰਸ਼ਨ. ‘ਮੋਦੀਖ਼ਾਨਾ ਸੰਭਾਲਿਆ’ ਸਾਖੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿੱਚ ਲਿਖੋ।

ਜਾਂ

ਪ੍ਰਸ਼ਨ. ‘ਮੋਦੀਖ਼ਾਨਾ ਸੰਭਾਲਿਆ’ ਦੀ ਵਾਰਤਾ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਪਹੁੰਚਣ ‘ਤੇ ਜੈਰਾਮ ਬਹੁਤ ਖ਼ੁਸ਼ ਹੋਇਆ। ਉਸ ਨੇ ਕਿਹਾ ਕਿ ਨਾਨਕ ਚੰਗਾ ਭਲਾ ਹੈ। ਫਿਰ ਜੈਰਾਮ ਨੇ ਨਵਾਬ ਦੌਲਤ ਖ਼ਾਂ ਦੇ ਦਰਬਾਰ ਵਿੱਚ ਜਾ ਕੇ ਬੇਨਤੀ ਕੀਤੀ ਕਿ ਉਸ ਦਾ ਇਕ ਸਾਲਾ ਆਇਆ ਹੈ ਜੋ ਉਸ ਨੂੰ ਮਿਲਣਾ ਚਾਹੁੰਦਾ ਹੈ। ਖ਼ਾਨ ਤੋਂ ਆਗਿਆ ਲੈ ਕੇ ਜੈਰਾਮ ਗੁਰੂ ਨਾਨਕ ਦੇਵ ਜੀ ਨੂੰ ਉਸ ਕੋਲ ਲੈ ਗਿਆ। ਨਾਨਕ ਨਜ਼ਰਾਨਾ ਲੈ ਕੇ ਖ਼ਾਨ ਨੂੰ ਮਿਲਿਆ। ਖ਼ਾਨ ਬਹੁਤ ਖ਼ੁਸ਼ ਹੋਇਆ। ਉਸ ਦੇ ਪੁੱਛਣ ਤੇ ਜੈਰਾਮ ਨੇ ਦੱਸਿਆ ਕਿ ਉਸ ਦਾ ਨਾਂ ‘ਨਾਨਕ’ ਹੈ। ਖ਼ਾਨ ਨੇ ਕਿਹਾ ਕਿ ਉਹ ਉਸ ਨੂੰ ਬੜਾ ਦਿਆਨਤਦਾਰ ਨਜ਼ਰ ਆਉਂਦਾ ਹੈ। ਉਹ ਉਸ ਦਾ ਕੰਮ ਉਸ ਦੇ ਹਵਾਲੇ ਕਰ ਦੇਵੇ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਖ਼ੁਸ਼ ਹੋਏ ਤੇ ਮੁਸਕਰਾਏ। ਖ਼ਾਨ ਨੇ ਉਨ੍ਹਾ ਨੂੰ ਸਿਰੋਪਾ ਦਿੱਤਾ। ਫਿਰ ਜੈਰਾਮ ਤੇ ਗੁਰੂ ਨਾਨਕ ਦੇਵ ਜੀ ਘਰ ਆ ਗਏ ਤੇ ਕੰਮ ਕਰਨ ਲੱਗੇ। ਹਰ ਕੋਈ ਗੁਰੂ ਜੀ ਦਾ ਕੰਮ ਦੇਖ ਕੇ ਖ਼ੁਸ਼ ਹੋਵੇ ਤੇ ਖ਼ਾਨ ਕੋਲ ਆ ਕੇ ਉਨ੍ਹਾਂ ਦੀ ਵਡਿਆਈ ਕਰੇ। ਇਹ ਦੇਖ ਕੇ ਖ਼ਾਨ ਬਹੁਤ ਖ਼ੁਸ਼ ਹੋਇਆ। ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਅਲੂਫ਼ ਮਿਲਦਾ ਸੀ, ਲੋੜ ਅਨੁਸਾਰ ਖਾ ਪੀ ਕੇ ਬਾਕੀ ਰੱਬ ਦੇ ਨਾਂ ਤੇ ਦਾਨ ਕਰ ਦਿੰਦੇ ਸਨ। ਉਹ ਹਰ ਰੋਜ਼ ਰਾਤ ਨੂੰ ਕੀਰਤਨ ਕਰਦੇ। ਫਿਰ ਤਲਵੰਡੀ ਤੋਂ ਮਰਦਾਨਾ ਡੂਮ ਵੀ ਗੁਰੂ ਜੀ ਕੋਲ ਆ ਟਿਕਿਆ। ਹੋਰ ਵੀ ਜਿਹੜਾ ਆਉਂਦਾ ਗੁਰੂ ਜੀ ਉਸ ਨੂੰ ਖ਼ਾਨ ਨਾਲ ਮਿਲਾ ਕੇ ਅਲੂਫ਼ਾ ਲੁਆ ਦਿੰਦੇ। ਇਸ ਤਰ੍ਹਾਂ ਸਾਰੇ ਰੋਟੀਆਂ ਖਾਂਦੇ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੇ ਖ਼ੁਸ਼ ਹੋਏ। ਜਦੋਂ ਬਾਬੇ ਦੀ ਰਸੋਈ ਤਿਆਰ ਹੁੰਦੀ ਸੀ ਤਾਂ ਸਾਰੇ ਆ ਕੇ ਛਕਦੇ। ਰਾਤ ਨੂੰ ਹਰ ਰੋਜ਼ ਕੀਰਤਨ ਹੁੰਦਾ। ਪਹਿਰ ਰਾਤ ਰਹਿੰਦੀ ਨੂੰ ਗੁਰੂ ਜੀ ਦਰਿਆ ਉੱਤੇ ਜਾ ਕੇ ਇਸ਼ਨਾਣ ਕਰਦੇ। ਜਦੋਂ ਸਵੇਰ ਹੁੰਦੀ, ਤਾਂ ਗੁਰੂ ਜੀ ਕੱਪੜੇ ਪਾ ਕੇ ਤੇ ਤਿਲਕ ਲਾ ਕੇ ਦਰਬਾਰ ਵਿਖੇ ਦਫ਼ਤਰ ਵਿੱਚ ਲਿਖਣ ਬੈਠ ਜਾਂਦੇ।