ਵਾਤਾਵਰਨ ਵਿੱਚ ਫੈਲ ਰਹੇ ਪ੍ਰਦੂਸ਼ਣ ਬਾਰੇ ਪੱਤਰ
ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਵਾਤਾਵਰਨ ਵਿੱਚ ਫੈਲ ਰਹੇ ਪ੍ਰਦੂਸ਼ਣ ਬਾਰੇ ਆਪਣੇ ਵਿਚਾਰ ਪ੍ਰਗਟਾਓ।
ਪਰੀਖਿਆ ਭਵਨ,
ਕੇਂਦਰ ਨੰਬਰ ………,
……………. ਸ਼ਹਿਰ।
ਮਿਤੀ : …………….
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਅਜੀਤ’,
ਜਲੰਧਰ ਸ਼ਹਿਰ।
ਵਿਸ਼ਾ : ਵਾਤਾਵਰਨ ਵਿੱਚ ਫੈਲ ਰਿਹਾ ਪ੍ਰਦੂਸ਼ਣ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਵਾਤਾਵਰਨ ਵਿੱਚ ਫੈਲ ਰਹੇ ਪ੍ਰਦੂਸ਼ਣ ਦੀ ਸਮੱਸਿਆਂ ਬਾਰੇ ਆਪਣੇ ਵਿਚਾਰ ਪ੍ਰਗਟਾਉਣੇ ਚਾਹੁੰਦਾ ਹਾਂ। ਪਿਛਲੇ ਕੁਝ ਸਾਲਾਂ ਤੋਂ ਪ੍ਰਕਿਰਤੀ ਦੇ ਸੰਤੁਲਿਤ ਵਾਤਾਵਰਨ ਵਿੱਚ ਪੈਦਾ ਹੋ ਰਹੇ ਵਿਗਾੜ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੋਈ ਹੈ। ਜਦੋਂ ਵੀ ਮਨੁੱਖ ਨੇ ਆਪਣੇ ਲਾਲਚ ਜਾਂ ਸੁੱਖ ਸਹੂਲਤਾਂ ਲਈ ਪ੍ਰਕਿਰਤੀ ਦੇ ਨਿਯਮਾਂ ਦਾ ਵਿਰੋਧ ਕੀਤਾ ਹੈ ਤਾਂ ਉਸ ਨੇ ਆਪਣੇ ਲਈ ਸਮੱਸਿਆਵਾਂ ਪੈਦਾ ਕੀਤੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਵਾਤਾਵਰਨ ਵਿੱਚ ਫੈਲ ਰਹੇ ਪ੍ਰਦੂਸ਼ਣ ਦੀ ਸਮੱਸਿਆ ਸਾਮ੍ਹਣੇ ਆਈ ਹੈ।
ਅਸੀਂ ਜਾਣਦੇ ਹਾਂ ਕਿ ਜਿਸ ਵਾਤਾਵਰਨ ਵਿੱਚ ਅਸੀਂ ਸਾਹ ਲੈਂਦੇ ਹਾਂ ਉਸ ਵਿਚਲੀ ਹਵਾ ਹੀ ਸ਼ੁੱਧ ਨਹੀਂ ਹੈ। ਕਈ ਤਰ੍ਹਾਂ ਦੇ ਜ਼ਹਿਰੀਲੇ ਕਣਾਂ, ਜ਼ਹਿਰੀਲੀਆਂ ਗੈਸਾਂ, ਸਨਅਤੀ ਇਕਾਈਆਂ ਦੀਆਂ ਚਿਮਨੀਆਂ ਅਤੇ ਡੀਜ਼ਲ ਤੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਧੂਏ, ਕੀਟਨਾਸ਼ਕ ਦਵਾਈਆਂ ਅਤੇ ਪ੍ਰਮਾਣੂ ਫਿਸਫੋਟਾਂ ਦੇ ਤਜਰਬਿਆਂ ਕਾਰਨ ਅਤੇ ਬਿਜਲੀ ਉਪਕਰਨਾਂ ਵਿੱਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਹਵਾ ਨੂੰ ਇੱਥੋਂ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਇਸ ਵਿੱਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਦਮਾ, ਖੰਘ, ਕੈਂਸਰ ਆਦਿ ਦਾ ਖ਼ਤਰਾ ਬਣਿਆ ਰਹਿੰਦਾ ਹੈ। ਧਰਤੀ ਉੱਤੇ ਰਹਿੰਦੇ ਜੀਵ-ਜੰਤੂਆ ਲਈ ਵੀ ਅਜਿਹਾ ਪ੍ਰਦੂਸ਼ਿਤ ਵਾਤਾਵਰਨ ਬਹੁਤ ਨੁਕਸਾਨਦਾਇਕ ਹੈ। ਸੂਰਜ ਦੀਆਂ ਖ਼ਤਰਨਾਕ ਕਿਰਨਾਂ ਤੋਂ ਮਨੁੱਖਾਂ ਅਤੇ ਜੀਵਾਂ ਨੂੰ ਬਚਾਉਣ ਲਈ ਕੁਦਰਤ ਨੇ ਧਰਤੀ ‘ਤੇ ਓਜ਼ੋਨ ਗੈਸ ਦੇ ਗਿਲਾਫ਼ ਦੀ ਵਿਵਸਥਾ ਕੀਤੀ ਹੋਈ ਹੈ। ਪਰ ਧਰਤੀ ਉੱਪਰਲੀਆਂ ਜ਼ਹਿਰੀਲੀਆਂ ਗੈਸਾਂ ਇਸ ਗਿਲਾਫ਼ ਵਿੱਚ ਛੇਕ ਕਰ ਰਹੀਆਂ ਹਨ ਜਿਸ ਕਾਰਨ ਧਰਤੀ ‘ਤੇ ਰਹਿਣ ਵਾਲੇ ਜੀਵਾਂ ਲਈ ਇਕ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।
ਹਵਾ ਦੇ ਨਾਲ-ਨਾਲ ਧਰਤੀ ਉੱਪਰਲਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ। ਸਨਅਤੀ ਇਕਾਈਆਂ ਵਿੱਚੋਂ ਨਿਕਲ਼ਦਾ ਗੰਦਾ ਤਰਲ ਪਦਾਰਥ ਤੇ ਜ਼ਹਿਰੀਲਾ ਪਾਣੀ ਅਤੇ ਸੀਵਰੇਜ ਦਾ ਗੰਦ-ਮੰਦ ਨਹਿਰਾਂ ਤੇ ਨਦੀਆਂ ਆਦਿ ਵਿੱਚ ਸੁੱਟਿਆ ਜਾਂਦਾ ਹੈ ਜੋ ਅੰਤ ਸਮੁੰਦਰ ਵਿੱਚ ਪਹੁੰਚ ਜਾਂਦਾ ਹੈ। ਸਨਅਤੀ ਇਕਾਈਆਂ ਵਿੱਚੋਂ ਨਿਕਲਦੇ ਪਾਣੀ ਵਿੱਚ ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਘੁਲੇ ਹੁੰਦੇ ਹਨ ਜੋ ਧਰਤੀ ਉੱਪਰਲੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਤਰ੍ਹਾਂ ਇਹ ਪਾਣੀ ਪਸੂਆਂ ਅਤੇ ਜਲ-ਜੀਵਾਂ ਲਈ ਨੁਕਸਾਨਦਾਇਕ ਹੁੰਦਾ ਹੈ। ਖੇਤੀ ਲਈ ਵਰਤੀਆਂ ਜਾਦੀਆਂ ਖਾਦਾਂ ਅਤੇ ਫ਼ਸਲਾਂ ‘ਤੇ ਛਿੜਕਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦਾ ਅਸਰ ਧਰਤੀ ਹੇਠਲੇ ਪਾਣੀ ‘ਤੇ ਵੀ ਹੋ ਰਿਹਾ ਹੈ। ਇਹ ਪਾਣੀ ਬਿਨਾਂ ਸ਼ੁੱਧ ਕੀਤੇ ਪੀਣ ਦੇ ਯੋਗ ਨਹੀਂ।
ਸਾਡੇ ਵਾਤਾਵਰਨ ‘ਤੇ ਧੁਨੀ ਪ੍ਰਦੂਸ਼ਣ ਦਾ ਵੀ ਮਾੜਾ ਅਸਰ ਹੋ ਰਿਹਾ ਹੈ। ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਦੇ ਸ਼ੋਰ ਤੋਂ ਬਿਨਾਂ ਜਨਰੇਟਰਾਂ, ਲਾਊਡ ਸਪੀਕਰਾਂ ਆਦਿ ਨੇ ਧੁਨੀ ਪ੍ਰਦੂਸ਼ਣ ਪੈਦਾ ਕਰ ਕੇ ਸਾਡੇ ਵਾਤਾਵਰਨ ਨੂੰ ਸੁਖਾਵਾਂ ਨਹੀਂ ਰਹਿਣ ਦਿੱਤਾ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪ੍ਰਦੂਸ਼ਿਤ ਵਾਤਾਵਰਨ ਵਿੱਚ ਕਿਵੇਂ ਸੁਧਾਰ ਲਿਆਂਦਾ ਜਾਵੇ। ਸਭ ਤੋਂ ਜ਼ਰੂਰੀ ਹੈ ਕਿ ਧਰਤੀ ਉੱਪਰਲੇ ਦਰਖ਼ਤ ਨਾ ਕੱਟੇ ਜਾਣ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਮਦਦ ਕਰਦੇ ਹਨ। ਨਵੇਂ ਰੁੱਖ ਲਾਉਣੇ ਵੀ ਬਹੁਤ ਜ਼ਰੂਰੀ ਹਨ ਤਾਂ ਜੋ ਲੋੜ ਪੈਣ ਤੇ ਪੁਰਾਣੇ ਰੁੱਖਾਂ ਦੀ ਵਰਤੋ ਹੋ ਸਕੇ। ਅਬਾਦੀ ਦੇ ਲਗਾਤਾਰ ਹੋ ਰਹੇ ਵਾਧੇ ‘ਤੇ ਰੋਕ ਲਾਉਣੀ ਹੋਰ ਵੀ ਜ਼ਰੂਰੀ ਹੈ ਜਿਸ ਨਾਲ ਵਾਤਾਵਰਨ ਨੂੰ ਸੁਧਾਰਨ ਵਿੱਚ ਬਹੁਤ ਮਦਦ ਮਿਲ ਸਕਦੀ ਹੈ। ਅਜਿਹੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਕਿ ਸਨਅਤੀ ਇਕਾਈਆਂ ਦਾ ਗੰਦਾ ਪਾਣੀ ਸਾਫ਼ ਕਰ ਕੇ ਹੀ ਨਹਿਰਾਂ ਅਤੇ ਨਦੀਆਂ ਆਦਿ ਵਿੱਚ ਪਾਇਆ ਜਾਵੇ | ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਊਰਜਾ-ਸਰੋਤਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਸੂਰਜੀ ਊਰਜਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸਾਨੂੰ ਵਿਅਕਤੀਗਤ ਤੌਰ ‘ਤੇ ਵੀ ਚਾਹੀਦਾ ਹੈ ਕਿ ਅਸੀ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਈਏ।
ਆਸ ਹੈ ਕਿ ਤੁਸੀਂ ਇਹਨਾਂ ਵਿਚਾਰਾਂ ਨੂੰ ਪ੍ਰਕਾਸ਼ਿਤ ਕਰੋਗੇ ਤਾਂ ਜੋ ਆਮ ਪਾਠਕ ਇਸ ਸਮੱਸਿਆ ਤੋਂ ਜਾਣੂ ਹੋ ਸਕਣ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ਼ਪਾਤਰ,
ਸਿਮਰਨਜੀਤ ਸਿੰਘ