ਕਿੱਸਾ ਪੂਰਨ ਭਗਤ : ਕਾਦਰਯਾਰ
ਕਾਵਿ ਟੁਕੜੀ : ਮਾਂ ਪੁੱਤਰ ਦਾ ਮੇਲ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਵਾਉ ਵਰਤਿਆ ਕੀ ਤੇਰੇ ਨਾਲ ਮਾਤਾ, ਪੂਰਨ ਆਖਦਾ ਦਸ ਖਾਂ ਸਾਰ ਮੈਨੂੰ ।
ਤੇਰੇ ਰੋਂਦੀ ਦੇ ਨੈਨ ਬਿਸੀਰ ਹੋਏ, ਨਜ਼ਰ ਆਂਵਦਾ ਏ ਅਜ਼ਾਰ ਮੈਨੂੰ ।
ਮਾਤਾ ਆਖਦੀ ਦੁੱਖ ਨਾ ਫੋਲ ਬੇਟਾ, ਪਿਆ ਪੁੱਤਰ ਬੈਰਾਗ ਗੁਬਾਰ ਮੈਨੂੰ।
ਕਾਦਰਯਾਰ ਬੁਰੇ ਦੁੱਖ ਪੁੱਤਰਾਂ ਦੇ, ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ ।
ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਦਾ ਇਕ ਕਾਵਿ-ਅੰਸ਼ ਹੈ ਅਤੇ ਇਹ ‘ਸਾਹਿਤ- ਮਾਲਾ’ ਪੁਸਤਕ ਵਿੱਚ ‘ਮਾਂ ਪੁੱਤਰ ਦਾ ਮੇਲ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ- ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਸਿਆਲਕੋਟ ਵਿਖੇ ਆਪਣੇ ਬਾਗ਼ ਵਿੱਚ ਬੈਠੇ ਪੂਰਨ ਦੁਆਰਾ ਆਪਣੀ ਮਾਤਾ ਦਾ ਦੁੱਖ ਵੰਡਾਉਣ ਦੀ ਝਾਕੀ ਪੇਸ਼ ਕਰਦਾ ਹੈ।
ਵਿਆਖਿਆ : ਕਾਦਰਯਾਰ ਕਹਿੰਦਾ ਹੈ ਕਿ ਪੂਰਨ ਨੇ ਮਾਤਾ ਇੱਛਰਾਂ ਨੂੰ ਦੇਖਦਿਆਂ ਹੀ ਪੁੱਛਿਆ ਕਿ ਉਸ ਨਾਲ ਕੀ ਗੁਜ਼ਰੀ ਹੈ? ਜ਼ਰਾ ਉਸ ਨੂੰ ਸੰਖੇਪ ਵਿੱਚ ਇਸ ਦਾ ਹਾਲ ਦੱਸੇ। ਉਸ ਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਬਹੁਤ ਦੁਖੀ ਹੈ ਅਤੇ ਉਸ ਦੀਆਂ ਰੋ-ਰੋ ਕੇ ਅੱਖਾਂ ਅੰਨ੍ਹੀਆਂ ਹੋ ਗਈਆਂ ਹਨ। ਮਾਤਾ ਇੱਛਰਾਂ ਨੇ ਕਿਹਾ ਕਿ ਉਹ ਉਸ ਦਾ ਦੁੱਖ ਨਾ ਫੋਲੇ, ਤਾਂ ਚੰਗਾ ਹੈ। ਪੁੱਤਰ ਦੇ ਵਿਛੋੜੇ ਕਾਰਨ ਉਸ ਲਈ ਤਾਂ ਚੁਫ਼ੇਰੇ ਹਨੇਰ ਪੈ ਗਿਆ ਹੈ। ਉਸ ਨੇ ਕਿਹਾ ਕਿ ਪੁੱਤਰਾਂ ਦੇ ਦੁੱਖ ਬੜੇ ਬੁਰੇ ਹੁੰਦੇ ਹਨ ਤੇ ਉਸ ਦੇ ਵਿਛੋੜੇ ਨੇ ਉਸ ਨੂੰ ਮਾਰ ਸੁੱਟਿਆ ਹੈ।