ਵਧ ਰਹੀਆਂ ਆਤਮ-ਹੱਤਿਆਵਾਂ ਦੀ ਸਮੱਸਿਆ ਬਾਰੇ ਪੱਤਰ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਵਧ ਰਹੀਆਂ ਆਤਮ-ਹੱਤਿਆਵਾਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।
ਸੇਵਾ ਵਿਖੇ
ਸੰਪਾਦਕ ਸਾਹਿਬ
ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ।
ਚੰਡੀਗੜ੍ਹ।
ਵਿਸ਼ਾ : ਵਧ ਰਹੀਆਂ ਆਤਮ-ਹੱਤਿਆਵਾਂ
ਜਾਂ
ਆਤਮ-ਹੱਤਿਆਵਾਂ ਦਾ ਪੈਦਾ ਹੋ ਰਿਹਾ ਰੁਝਾਨ ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਵਧ ਰਹੀਆਂ ਆਤਮ-ਹੱਤਿਆਵਾਂ ਦੀ ਸਮੱਸਿਆ ਸੰਬੰਧੀ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਅਖ਼ਬਾਰਾਂ ਵਿੱਚ ਛਪਦੀਆਂ ਖ਼ਬਰਾਂ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਆਤਮ-ਹੱਤਿਆਵਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਲੋਕ ਇਹ ਰਾਹ ਕਿਉਂ ਅਪਣਾਉਂਦੇ ਹਨ? ਆਤਮ-ਹੱਤਿਆ ਨੂੰ ਜਿੱਥੇ ਭਾਜਵਾਦੀ ਰੁਚੀ ਸਮਝਿਆ ਜਾਂਦਾ ਹੈ ਉੱਥੇ ਇਹ ਗੱਲ ਵੀ ਨਿਸ਼ਚਿਤ ਹੈ ਕਿ ਆਤਮ-ਹੱਤਿਆ ਦਾ ਫ਼ੈਸਲਾ ਕਰਨਾ ਸੌਖਾ ਨਹੀਂ। ਆਮ ਤੌਰ ‘ਤੇ ਮਾਨਸਿਕ ਤੌਰ ‘ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਵਿਅਕਤੀ ਹੀ ਇਹ ਰਾਹ ਅਪਣਾਉਂਦੇ ਹਨ।
ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ। ਸਾਡੇ ਨੌਜਵਾਨਾਂ ਨੂੰ ਜਦ ਬੇਰੁਜ਼ਗਾਰੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਆਪਣੇ ਧੁੰਦਲੇ ਭਵਿੱਖ ਤੋਂ ਪੀੜਤ ਹੋ ਕੇ ਕਈ ਨੌਜਵਾਨ ਆਤਮ-ਹੱਤਿਆ ਦਾ ਰਸਤਾ ਅਪਣਾ ਲੈਂਦੇ ਹਨ। ਕਈ ਵਾਰ ਪਰੀਖਿਆਵਾਂ ਵਿੱਚੋਂ ਫੇਲ੍ਹ ਹੋਣ ਵਾਲੇ ਵਿਦਿਆਰਥੀ ਸਮਾਜਿਕ ਅਪਮਾਨ ਨੂੰ ਨਾ ਸਹਾਰਦੇ ਹੋਏ ਆਤਮ-ਹੱਤਿਆ ਦਾ ਰਾਹ ਚੁਣ ਲੈਂਦੇ ਹਨ। ਦਾਜ ਦੀ ਸਮੱਸਿਆ ਕਾਰਨ ਵੀ ਆਤਮ-ਹੱਤਿਆਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜਿਨ੍ਹਾਂ ਲੜਕੀਆਂ ਨੂੰ ਸਹੁਰਿਆਂ ਵੱਲੋਂ ਦਾਜ ਲਈ ਤੰਗ ਕੀਤਾ ਜਾਂਦਾ ਹੈ ਉਹ ਵੀ ਤੰਗ ਆ ਕੇ ਆਤਮ-ਹੱਤਿਆ ਦਾ ਰਸਤਾ ਚੁਣ ਲੈਂਦੀਆਂ ਹਨ। ਘਰੇਲੂ ਝਗੜਿਆਂ ਕਾਰਨ ਵੀ ਕੁਝ ਲੋਕ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਕਰਜ਼ੇ ਦੇ ਭਾਰ ਹੇਠ ਦੱਬੇ ਕਿਸਾਨਾਂ ਵੱਲੋਂ ਆਤਮ-ਹੱਤਿਆ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਕਾਰਨ ਲੋਕ ਆਤਮ-ਹੱਤਿਆ ਦਾ ਰਾਹ ਅਪਣਾਉਂਦੇ ਹਨ।
ਜੇਕਰ ਦੇਖਿਆ ਜਾਵੇ ਤਾਂ ਆਤਮ-ਹੱਤਿਆ ਇੱਕ ਤਰ੍ਹਾਂ ਦੀ ਕਾਇਰਤਾ ਹੈ। ਜਿਹੜੇ ਲੋਕ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਉਹ ਇਹ ਰਾਹ ਚੁਣਦੇ ਹਨ। ਲੋੜ ਇਸ ਗੱਲ ਦੀ ਹੈ ਕਿ ਲੋਕ ਹੌਸਲੇ ਅਤੇ ਦਲੇਰੀ ਤੋਂ ਕੰਮ ਲੈਣ ਅਤੇ ਸਮੱਸਿਆਵਾਂ ਤੋਂ ਨਾ ਘਬਰਾਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਯਤਨ ਕਰੇ। ਦਾਜ ਲਈ ਲੜਕੀਆਂ ਨੂੰ ਤੰਗ ਕਰਨ ਵਾਲੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਸਮੱਸਿਆ ਕਾਰਨ ਹੁੰਦੀਆਂ ਆਤਮ-ਹੱਤਿਆਵਾਂ ਨੂੰ ਰੋਕਿਆ ਜਾ ਸਕੇ। ਦਾਜ-ਵਿਰੋਧੀ ਕਨੂੰਨ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਗ਼ਰੀਬ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਪ੍ਰਤਿ ਈਰਖਾ ਅਤੇ ਸਾੜੇ ਦੀ ਥਾਂ ਪਿਆਰ, ਸਹਿਣਸ਼ੀਲਤਾ ਅਤੇ ਭਾਈਚਾਰੇ ਵਰਗੀਆਂ ਭਾਵਨਾਵਾਂ ਨੂੰ ਅਪਣਾਈਏ।
ਆਸ ਹੈ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰ ਕੇ ਇਹਨਾਂ ਵਿਚਾਰਾਂ ਨੂੰ ਪਾਠਕਾਂ ਅਤੇ ਅਧਿਕਾਰੀਆਂ ਤੱਕ ਪਹੁੰਚਾਉਣ ਵਿੱਚ ਮਦਦ ਕਰੋਗੇ ਅਤੇ ਇਸ ਗੰਭੀਰ ਸਮੱਸਿਆ ਸੰਬੰਧੀ ਆਪ ਵੀ ਸੰਪਾਦਕੀ ਨੋਟ ਲਿਖੋਗੇ। ਇਸ ਗੰਭੀਰ ਸਮੱਸਿਆ ਸੰਬੰਧੀ ਵਿਦਵਾਨਾਂ ਦੇ ਲੇਖ ਆਦਿ ਵੀ ਪ੍ਰਕਾਸ਼ਿਤ ਹੁੰਦੇ ਰਹਿਣੇ ਚਾਹੀਦੇ ਹਨ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਗਗਨਦੀਪ ਸਿੰਘ
ਭਾਈ ਵੀਰ ਸਿੰਘ ਨਗਰ,
…………….. ਸ਼ਹਿਰ।
ਮਿਤੀ :…………….. .