ਵਚਨ ਦੀ ਪਰਿਭਾਸ਼ਾ
ਪ੍ਰਸ਼ਨ. ਵਚਨ ਤੋਂ ਕੀ ਭਾਵ ਹੈ? ਇਹ ਕਿੰਨੀ ਕਿਸਮ ਦੇ ਹੁੰਦੇ ਹਨ?
ਉੱਤਰ—ਵਚਨ— ਉਹ ਸ਼ਬਦ, ਜਿਸ ਤੋਂ ਇੱਕ ਜਾਂ ਇੱਕ ਤੋਂ ਵੱਧ ਗਿਣਤੀ ਦਾ ਫ਼ਰਕ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ।
ਹੇਠਾਂ ਦਿੱਤੇ ਚਿੱਤਰਾਂ ਨੂੰ ਧਿਆਨ ਨਾਲ ਵੇਖੋ ਅਤੇ ਇਹਨਾਂ ਦੇ ਹੇਠਾਂ ਲਿਖੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ –
ਭਾਗ (ੳ) (1) ਇਹ ਇੱਕ ਦਵਾਤ ਹੈ।
ਭਾਗ (ਅ) (1) ਇਹ ਦੋ ਦਵਾਤਾਂ ਹਨ।
ਭਾਗ (ੳ) (2) ਇਹ ਇੱਕ ਲੜਕੀ ਹੈ।
ਭਾਗ (ਅ) (2) ਇਹ ਚਾਰ ਲੜਕੀਆਂ ਹਨ।
ਭਾਗ (ੳ) ਦੇ ਵਾਕਾਂ ਵਿੱਚ ਆਏ ਸ਼ਬਦ ਦਵਾਤ ਅਤੇ ਲੜਕੀ—ਇੱਕ ਵਸਤੂ ਨੂੰ ਜਾਂ ਇੱਕ ਜੀਵ ਨੂੰ ਪ੍ਰਗਟ ਕਰਦੇ ਹਨ। ਇਸ ਲਈ, ‘ਦਵਾਤ’ ਅਤੇ ‘ਲੜਕੀ’ ਸ਼ਬਦ ਇੱਕ ਵਚਨ ਹਨ।
ਭਾਗ (ਅ) ਦੇ ਵਾਕਾਂ ਵਿੱਚ ਆਏ ਸ਼ਬਦ ਦਵਾਤਾਂ ਅਤੇ ਲੜਕੀਆਂ— ਇੱਕ ਤੋਂ ਵੱਧ ਚੀਜ਼ਾਂ ਜਾਂ ਵੱਧ ਜੀਵਾਂ ਨੂੰ ਪ੍ਰਗਟ ਕਰਦੇ ਹਨ। ਇਸ ਲਈ, ‘ਦਵਾਤਾਂ’ ਅਤੇ ‘ਲੜਕੀਆਂ’ ਸ਼ਬਦ ਬਹੁ-ਬਚਨ ਹਨ।
ਵਚਨ ਦੋ ਪ੍ਰਕਾਰ ਦੇ ਹੁੰਦੇ ਹਨ:
1. ਇੱਕ ਵਚਨ (Singular)
2. ਬਹੁ ਵਚਨ (Plural)
(ੳ) ਇੱਕ ਵਚਨ (Singular) – ਸ਼ਬਦਾਂ ਦੇ ਜਿਸ ਰੂਪ ਤੋਂ, ਗਿਣਤੀ ਦੇ ਇੱਕ ਹੋਣ ਦਾ ਪਤਾ ਲੱਗੇ, ਉਸ ਨੂੰ ਇੱਕ ਵਚਨ ਆਖਦੇ ਹਨ, ਜਿਵੇਂ – ਕੁਰਸੀ, ਮੇਜ਼, ਕਿਤਾਬ, ਕੁੜੀ ਆਦਿ।
(ਅ) ਬਹੁ ਵਚਨ (Plural) – ਸ਼ਬਦਾਂ ਦੇ ਜਿਸ ਰੂਪ ਤੋਂ, ਗਿਣਤੀ ਦੇ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ, ਉਸ ਨੂੰ ਬਹੁ ਵਚਨ ਆਖਦੇ ਹਨ, ਜਿਵੇਂ – ਕੁਰਸੀਆਂ, ਮੇਜ਼ਾਂ, ਕਿਤਾਬਾਂ, ਕੁੜੀਆਂ ਆਦਿ।