ਲੇਖ :ਹੋਲੀ
ਹੋਲੀ
ਹੋਲੀ ਹੈ ਰੰਗਾਂ ਦਾ ਤਿਉਹਾਰ,
ਇਹਦੇ ਨਾਲ ਆਏ ਜੀਵਨ ‘ਚ ਬਹਾਰ।
ਭੂਮਿਕਾ : ਭਾਰਤ ਤਿਉਹਾਰਾਂ ਦਾ ਦੇਸ਼ ਹੈ। ਇਹ ਤਿਉਹਾਰ ਸਾਡੇ ਜੀਵਨ ਵਿੱਚ ਨਵੇਂ ਰੰਗ ਭਰਦੇ ਹੋਏ ਖ਼ੁਸ਼ੀਆਂ-ਖੇੜੇ ਲਿਆਉਂਦੇ ਹਨ। ਇਨ੍ਹਾਂ ਤਿਉਹਾਰਾਂ ਦਾ ਸਬੰਧ ਧਰਮ, ਇਤਿਹਾਸ, ਮਿਥਿਹਾਸ ਅਤੇ ਰੁੱਤਾਂ ਨਾਲ ਹੁੰਦਾ ਹੈ। ਹਰ ਤਿਉਹਾਰ ਦਾ ਆਪਣਾ-ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ‘ਰੰਗਾਂ ਦਾ ਤਿਉਹਾਰ’ ਵੀ ਆਖਿਆ ਜਾਂਦਾ ਹੈ। ਇਸ ਸਮੇਂ ਸਰਦੀ ਦਾ ਮੌਸਮ ਤਕਰੀਬਨ ਖ਼ਤਮ ਹੋ ਜਾਂਦਾ ਹੈ ਇਸ ਕਰ ਕੇ ਲੋਕ ਪਾਣੀ ਵਿੱਚ ਰੰਗ ਘੋਲ੍ਹ ਕੇ ਬੇਫ਼ਿਕਰ ਹੋ ਕੇ ਹੋਲੀ ਖੇਡਦੇ ਹਨ।
ਹੋਲੀ ਦਾ ਪਿਛੋਕੜ : ਹੋਲੀ ਦਾ ਪਿਛੋਕੜ ਇੱਕ ਮਿਥਿਹਾਸਕ ਕਥਾ ਨਾਲ ਜੁੜਿਆ ਹੋਇਆ ਹੈ। ਇਸ ਕਥਾ ਅਨੁਸਾਰ ਸਦੀਆਂ ਪਹਿਲਾਂ ‘ਹਰਨਾਕਸ਼ ਨਾਂ ਦਾ ਇੱਕ ਬਹੁਤ ਹੀ ਅੱਤਿਆਚਾਰੀ ਰਾਜਾ ਸੀ, ਜਿਸ ਨੇ ਕਠਿਨ ਤਪੱਸਿਆ ਕਰ ਕੇ ਇਹ ਵਰ ਪ੍ਰਾਪਤ ਕੀਤਾ ਸੀ ਕਿ ਨਾ ਉਹ ਅੰਦਰ ਮਰੇਗਾ ਤੇ ਨਾ ਬਾਹਰ, ਨਾ ਉਹ ਕਿਸੇ ਆਦਮੀ ਹੱਥੋਂ ਮਰੇਗਾ ਤੇ ਨਾ ਹੀ ਕਿਸੇ ਜਾਨਵਰ ਤੋਂ, ਨਾ ਉਹ ਦਿਨੋਂ ਮਰੇਗਾ ਤੇ ਨਾ ਹੀ ਰਾਤੀਂ, ਨਾ ਉਹ ਕਿਸੇ ਅਸਤਰ ਨਾਲ ਮਰੇਗਾ ਤੇ ਨਾ ਹੀ ਕਿਸੇ ਸ਼ਸਤਰ ਨਾਲ। ਉਹ ਆਪਣੇ ਆਪ ਨੂੰ ਰੱਬ ਸਮਝਦਾ ਸੀ। ਉਸ ਦਾ ਹੁਕਮ ਸੀ, “ਮੈਂ ਹੀ ਰੱਬ ਹਾਂ, ਮੇਰੀ ਹੀ ਪੂਜਾ ਕਰੋ।” ਸਾਰੇ ਲੋਕ ਡਰਦੇ ਮਾਰੇ ਉਸ ਦੇ ਨਾਂ ਦਾ ਜਾਪ ਕਰਦੇ ਸਨ, ਪਰ ਉਸ ਦਾ ਆਪਣਾ ਪੁੱਤਰ ਉਸ ਨੂੰ ਰੱਬ ਨਹੀਂ ਸੀ ਸਮਝਦਾ। ਪ੍ਰਹਿਲਾਦ ਤਾਂ ਵਿਸ਼ਨੂੰ ਭਗਵਾਨ ਦਾ ਉਪਾਸ਼ਕ ਸੀ ਤੇ ਉਸ ਦੀ ਹੀ ਪੂਜਾ ਕਰਦਾ ਸੀ। ‘ਹਰਨਾਕਸ਼’ ਆਪਣੇ ਪੱਤਰ ਤੋਂ ਬਹੁਤ ਪਰੇਸ਼ਾਨ ਸੀ। ਉਸ ਨੇ ਪੁੱਤਰ ਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਨਾ ਮੰਨਿਆ ਤਾਂ ਉਸ ਨੂੰ ਮਰਵਾਉਣ ਲਈ ਤਰ੍ਹਾਂ – ਤਰ੍ਹਾਂ ਦੇ ਹੱਥ – ਕੰਡੇ ਅਪਣਾਏ, ਪਰ ਅਸਫ਼ਲ ਰਿਹਾ। ਅੰਤ ਉਸ ਨੇ ਆਪਣੀ ਭੈਣ ਹੋਲਿਕਾ ਦੀ ਮਦਦ ਲਈ, ਜਿਸ ਨੂੰ ਇਹ ਵਰਦਾਨ ਮਿਲਿਆ ਸੀ ਕਿ ਅੱਗ ਉਸ ਨੂੰ ਛੂਹ ਨਹੀਂ ਸਕਦੀ। ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇ। ਹੋਲਿਕਾ ਆਪਣੇ ਭਰਾ ਦੇ ਕਹਿਣ ‘ਤੇ ਪ੍ਰਹਿਲਾਦ ਨਾਲ਼ ਅੱਗ ਵਿੱਚ ਬੈਠ ਗਈ। ਭਗਵਾਨ ਦੀ ਅਜਿਹੀ ਕਰਾਮਾਤ ਹੋਈ ਕਿ ਪ੍ਰਹਿਲਾਦ ਬੱਚ ਗਿਆ ਤੇ ਹੋਲਿਕਾ ਹੋਲਾਂ ਵਾਂਗ ਭੁੱਜ ਗਈ, ਭਾਵ ਸੜ ਕੇ ਸੁਆਹ ਹੋ ਗਈ। ਇਸੇ ਘਟਨਾ ਤੋਂ ਹੀ ਹੋਲੀ ਦਾ ਨਾਂ ਪ੍ਰਸਿੱਧ ਹੋਇਆ ਮੰਨਿਆ ਜਾਂਦਾ ਹੈ। ਹੋਲਿਕਾ ਦੇ ਸੜ ਜਾਣ ਦੀ ਖੁਸ਼ੀ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਹੋਲੀ ਅਤੇ ਰੁੱਤ : ਇਹ ਤਿਉਹਾਰ ਬਸੰਤ ਦੀ ਰੁੱਤ ਦਾ ਤਿਉਹਾਰ ਹੈ। ਹੋਲੀ ਬਸੰਤ ਪੰਚਮੀ ਤੋਂ ਚਾਲੀਵੇਂ ਦਿਨ ਮਨਾਈ ਜਾਂਦੀ ਹੈ। ਇਸ ਨੂੰ ‘ਬਸੰਤ ਦਾ ਚਲੀਆ’ ਵੀ ਆਖਿਆ ਜਾਂਦਾ ਹੈ। ਪ੍ਰਾਚੀਨ ਕਾਲ ‘ਚ ਇਹ ਤਿਉਹਾਰ ਬਸੰਤ ਤੋਂ ਲੈ ਕੇ ਹੋਲੀ ਤੱਕ ਚਾਲੀ ਦਿਨ ਲਗਾਤਾਰ ਮਨਾਇਆ ਜਾਂਦਾ ਸੀ। ਇਸ ਰੁੱਤ ਵਿੱਚ ਹੋਲ਼ਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ। ਹੋਲਾਂ ਭੁੰਨਣ ਲਈ ਬਾਲੀ ਅੱਗ ਨੂੰ ਵੀ ਹੋਲੀ ਆਖਿਆ ਜਾਂਦਾ ਹੈ। ਹੋਲੀ ਹੋਲ਼ਾਂ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ।
ਰੰਗਾਂ ਦਾ ਤਿਉਹਾਰ : ਹੋਲੀ ਰੰਗਾਂ ਦਾ ਤਿਉਹਾਰ ਹੈ। ਇਹ ਰੰਗ ਖ਼ੁਸ਼ੀ ਦਾ ਪ੍ਰਤੀਕ ਹੁੰਦੇ ਹਨ ਜੋ ਸਾਡਾ ਜੀਵਨ ਰੰਗੀਨ ਬਣਾਉਂਦੇ ਹਨ। ਹੋਲੀ ਵਾਲੇ ਦਿਨ ਸਾਰਾ ਆਲਾ-ਦੁਆਲਾ ਰੰਗ-ਬਿਰੰਗਾ ਨਜ਼ਰ ਆਉਂਦਾ ਹੈ, ਜੋ ਸਿਰਫ਼ ਸਾਡੀਆਂ ਅੱਖਾਂ ਨੂੰ ਹੀ ਸੋਹਣਾ ਨਹੀਂ ਲੱਗਦਾ, ਸਗੋਂ ਸਾਡੀ ਰੂਹ ਵੀ ਖਿੜ ਜਾਂਦੀ ਹੈ।
ਬੱਚੇ, ਜੁਆਨ ਅਤੇ ਬਜ਼ੁਰਗ ਸਾਰੇ ਹੀ ਇਸ ਤਿਉਹਾਰ ਨੂੰ ਆਪਣੇ-ਆਪਣੇ ਢੰਗ ਨਾਲ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਬੱਚੇ ਤਰ੍ਹਾਂ-ਤਰ੍ਹਾਂ ਦੀਆਂ ਪਿਚਕਾਰੀਆਂ, ਗ਼ੁਬਾਰੇ ਅਤੇ ਲਿਫ਼ਾਫ਼ਿਆਂ ਵਿੱਚ ਰੰਗ ਭਰ ਕੇ ਪਾਣੀ ਵਾਲੀ ਹੋਲੀ ਖੇਡਦੇ ਹਨ। ਉਹ ਕੋਠਿਆਂ ‘ਤੇ ਚੜ੍ਹ ਕੇ ਗਲੀ ਵਿੱਚ ਲੰਘਦਿਆਂ ਉੱਤੇ ਰੰਗ ਵਾਲਾ ਪਾਣੀ ਸੁੱਟ ਕੇ ਖ਼ੁਸ਼ੀ ਮਨਾਉਂਦੇ ਹਨ। ਨੌਜੁਆਨ ਟੋਲੀਆਂ ਬਣਾ ਕੇ ਸਕੂਟਰਾਂ, ਮੋਟਰ-ਸਾਈਕਲਾਂ ਤੇ ਸੁਆਰ ਹੋ ਕੇ ਗਲੀਆਂ-ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਘੁੰਮਦੇ ਹੋਏ ਹੋਲੀ ਖੇਡਦੇ ਹਨ ਅਤੇ ਬਜ਼ੁਰਗ ਇੱਕ-ਦੂਸਰੇ ਨੂੰ ਸੁੱਕੇ ਰੰਗ ਲਗਾ ਕੇ ਹੋਲੀ ਦਾ ਆਨੰਦ ਮਾਣਦੇ ਹਨ।
ਕਈ ਲੋਕ ਆਪਣੇ ਦੋਸਤਾਂ-ਮਿੱਤਰਾਂ, ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਗੁਲਾਲ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੰਦੇ ਹੋਏ ਇਹ ਤਿਉਹਾਰ ਮਨਾਉਂਦੇ ਹਨ। ਘਰ ਆਏ ਮਹਿਮਾਨਾਂ ਨੂੰ ਮਠਿਆਈ ਖੁਆਈ ਜਾਂਦੀ ਹੈ ਅਤੇ ਚਾਹ ਪਾਣੀ ਪਿਆਇਆ ਜਾਂਦਾ ਹੈ। ‘ਗੁਜੀਆ’ ਇਸ ਮੌਕੇ ਦੀ ਖ਼ਾਸ ਸੁਗਾਤ ਹੈ। ਹੋਰ ਵੀ ਕਈ ਪ੍ਰਕਾਰ ਦੇ ਪਕਵਾਨ ਬਣਾਏ ਜਾਂਦੇ ਹਨ। ਇਹ ਤਿਉਹਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨਾਇਆ ਜਾਂਦਾ ਹੈ। ਚਾਰੇ-ਪਾਸੇ ਰੰਗ ਉੱਡ ਰਹੇ ਹੁੰਦੇ ਹਨ ਅਤੇ ‘ਹੋਲੀ ਹੈ ! ਹੋਲੀ ਹੈ!’ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ।
ਮਥੁਰਾ ਦੀ ਹੋਲੀ : ਮਥੁਰਾ ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ-ਭੂਮੀ ਹੈ। ਇੱਥੋਂ ਦੀ ਹੋਲੀ ਬਹੁਤ ਪ੍ਰਸਿੱਧ ਹੈ। ਦੇਸ਼-ਵਿਦੇਸ਼ ਤੋਂ ਲੋਕ ਹੁੰਮ-ਹੁਮਾ ਕੇ ਆਉਂਦੇ ਹਨ ਤੇ ਇਸ ਤਿਉਹਾਰ ਦਾ ਭਰਪੂਰ ਆਨੰਦ ਮਾਣਦੇ ਹਨ। ਇੱਥੇ ਰੰਗਾਂ ਨਾਲ ਵੀ ਹੋਲੀ ਖੇਡੀ ਜਾਂਦੀ ਹੈ ਅਤੇ ਫੁੱਲਾਂ ਨਾਲ ਵੀ। ਇੱਥੋਂ ਦੀ ਹੋਲੀ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਬਰਸਾਨੇ (ਉੱਤਰ ਪ੍ਰਦੇਸ਼) ਦੀ ‘ਲੱਠਮਾਰ ਹੋਲੀ’ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਇਸ ਇਲਾਕੇ ਦੀ ਲੱਠਮਾਰ ਹੋਲੀ ਦੀ ਆਪਣੀ ਪਰੰਪਰਾ ਹੈ। ਇਸ ਵਿੱਚ ਔਰਤਾਂ ਮਰਦਾਂ ਉੱਪਰ ਲਾਠੀਆਂ ਮਾਰਦੀਆਂ ਹਨ ਅਤੇ ਮਰਦ ਇਸ ਤੋਂ ਰੱਖਿਆ ਲਈ ਢਾਲ ਦੀ ਵਰਤੋਂ ਕਰਦੇ ਹਨ।
ਇਸ ਤੋਂ ਇਲਾਵਾ ਇੱਥੇ ਹੋਲੀ ਖੇਡਣ ਦੇ ਨਾਲ-ਨਾਲ ਨਾਚ – ਗਾਣਾ ਵੀ ਹੁੰਦਾ ਹੈ ਅਤੇ ਸ਼ਾਮ ਨੂੰ ‘ਹੋਲਿਕਾ’ ਸਾੜੀ ਜਾਂਦੀ ਹੈ। ਬ੍ਰਿੰਦਾਬਨ ਵਿਖੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ਬਣਾਏ ਜਾਂਦੇ ਹਨ।
ਮਥੁਰਾ ਤੋਂ ਇਲਾਵਾ ਦੇਸ਼ ਭਰ ਦੇ ਸ਼ਹਿਰਾਂ ਵਿੱਚ ਵੱਖ-ਵੱਖ ਥਾਂਵਾਂ ਉੱਤੇ ਹੋਲੀ ਦੇ ਮੇਲੇ ਲੱਗਦੇ ਹਨ ਅਤੇ ਇਹ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਸਿੱਟਾ : ਸਮੇਂ ਦੇ ਨਾਲ-ਨਾਲ ਤਿਉਹਾਰਾਂ ਦੀ ਮਹੱਤਤਾ ਵੀ ਘਟ ਰਹੀ ਹੈ। ਪਹਿਲਾਂ ਲੋਕੀਂ ਰੰਗ-ਬਿਰੰਗੇ ਫੁੱਲਾਂ ਨਾਲ ਹੋਲੀ ਖੇਡਦੇ ਸਨ, ਅੱਜ ਉਸ ਦੀ ਥਾਂ ਰਸਾਇਣਕ ਪਦਾਰਥਾਂ ਨਾਲ ਬਣੇ ਰੰਗਾਂ ਨੇ ਲੈ ਲਈ ਹੈ ਤੇ ਕੁਝ ਸ਼ਰਾਰਤੀ ਲੋਕ ਤਾਂ ਆਂਡਿਆਂ ਅਤੇ ਗੰਦੇ ਪਾਣੀ ਦੀ ਵਰਤੋਂ ਵੀ ਕਰਨ ਲੱਗ ਪਏ ਹਨ। ਇਸ ਕਰ ਕੇ ਹੋਲੀ ਵਾਲੇ ਦਿਨ ਕਈ ਵਾਰ ਲੜਾਈ – ਝਗੜਾ ਵੀ ਵੇਖਣ ਨੂੰ ਮਿਲਦਾ ਹੈ, ਜਿਸ ਕਾਰਨ ਇਸ ਤਿਉਹਾਰ ਦੀ ਸ਼ੋਭਾ ਘਟਦੀ ਜਾ ਰਹੀ ਹੈ। ਇਹ ਤਿਉਹਾਰ ਸਾਡੀ ਕੌਮੀ ਏਕਤਾ ਦਾ ਪ੍ਰਤੀਕ ਹੁੰਦੇ ਹਨ। ਸਾਨੂੰ ਇਸ ਗੱਲ ਦਾ ਧਿਆਨ ਰੱਖਦੇ ਹੋਏ ਤਿਉਹਾਰਾਂ ਨੂੰ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ।