ਲੇਖ : ਹਾਕੀ ਦਾ ਜਾਦੂਗਰ ਧਿਆਨ ਚੰਦ
ਹਾਕੀ ਦਾ ਜਾਦੂਗਰ ਧਿਆਨ ਚੰਦ ਤੇ ਖੇਡ ਦਿਵਸ (29 ਅਗਸਤ)
ਖੇਡ ਪ੍ਰੇਮੀਆਂ ਲਈ ਇਹ ਬੜੀ ਖੁਸ਼ੀ ਤੇ ਹੁਲਾਸ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ 29 ਅਗਸਤ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਨੂੰ ‘ਕੌਮੀ ਖੇਡ ਦਿਵਸ’ ਦੇ ਤੌਰ ‘ਤੇ ਸਵੀਕਾਰ ਕੀਤਾ ਹੈ। ਜਿੱਥੇ ਇਸ ਦਿਨ ਅਸੀਂ ਧਿਆਨ ਚੰਦ ਦੇ ਜੀਵਨ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਾਂ ਉਥੇ ਭਾਰਤ ਦੀ ਖੇਡਾਂ ਵਿੱਚ ਜੋ ਸੰਸਾਰ ਵਿੱਚ ਦਸ਼ਾ ਹੈ ਉਸ ਬਾਰੇ ਵੀ ਜਾਣਕਾਰੀ ਤੇ ਵਿਸ਼ਲੇਸ਼ਣ ਕਰਨਾ ਇਸ ਕੌਮੀ ਖੇਡ ਦਿਵਸ ਦੇ ਸਬੰਧ ਵਿੱਚ ਉਪਯੋਗੀ ਹੁੰਦਾ ਹੈ। ਮੇਜਰ ਧਿਆਨ ਚੰਦ ਨੇ ਜਦੋਂ ਭਾਰਤ ਵਲੋਂ 1936 ਵਿੱਚ ਬਰਲਿਨ ਵਿਖੇ ਉਲੰਪਿਕ ਵਿੱਚ ਜਰਮਨੀ ਨੂੰ ਹਾਕੀ ਵਿੱਚ ਹਰਾਇਆ ਤਾਂ ਜਿੱਤ ਤੋਂ ਬਾਅਦ ਹਿਟਲਰ ਨਾਲ ਉਸ ਦੀ ਮੁਲਾਕਾਤ ਹੋਈ। ਗਲਬਾਤ ਦੌਰਾਨ ਜਦੋਂ ਹਿਟਲਰ ਨੂੰ ਪਤਾ ਚਲਿਆ ਕਿ ਧਿਆਨ ਚੰਦ ਭਾਰਤੀ ਫੌਜ ਵਿੱਚ ਮੇਜਰ ਹੈ ਤਾਂ ਉਸ ਨੂੰ ਆਪਣੀਆਂ ਫੌਜਾਂ ਦਾ ਫੀਲਡ ਮਾਰਸ਼ਲ ਲਾਉਣ ਦੀ ਪੇਸ਼ਕਸ਼ ਹੋਈ, ਜਿਸ ਨੂੰ ਧਿਆਨ ਚੰਦ ਨੇ ਬੜੀ ਹਲੀਮੀ ਨਾਲ ਠੁਕਰਾ ਦਿੱਤਾ।
ਧਿਆਨ ਚੰਦ ਦਾ ਪਹਿਲਾ ਨਾਂ ਧਿਆਨ ਸਿੰਘ ਸੀ, ‘ਚੰਦ’ ਉਸ ਨਾਲ ਇਸ ਤਰ੍ਹਾਂ ਜੁੜ ਗਿਆ, ਜਿਵੇਂ ਤਾਰਿਆ ਵਿੱਚ ਚੰਦਰਮਾ ਆਪਣੀ ਵਖਰੀ ਪਛਾਣ ਰੱਖਦਾ ਹੈ। ਇਸ ਤਰ੍ਹਾਂ ਧਿਆਨ ਸਿੰਘ ਨੂੰ ਵੀ ਭਾਰਤੀ ਖੇਡ ਸਿਤਾਰਿਆਂ ਵਿੱਚ ਲੋਕਾਂ ਨੇ ਉਸ ਨੂੰ ਚੰਦਰਮਾ ਤੇ ਚੰਦ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਧਿਆਨ ਸਿੰਘ ਦੀ ਥਾਂ ‘ਤੇ ਧਿਆਨ ਚੰਦ ਉਸ ਨਾਲ ਹਮੇਸ਼ਾ ਲਈ ਜੁੜ ਗਿਆ। ਧਿਆਨ ਸਿੰਘ ਤੇ ਉਸ ਦਾ ਭਾਈ ਰੂਪ ਸਿੰਘ ਦੇਵੇਂ ਉਲੰਪਿਕ ਦੇ ਉਤਮ ਖਿਡਾਰੀ ਸਨ ਤੇ ਬਾਅਦ ਵਿੱਚ ਧਿਆਨ ‘ਚੰਦ’ ਦਾ ਲੜਕਾ ਅਸ਼ੋਕ ਕੁਮਾਰ ਵੀ ਭਾਰਤ ਵਲੋਂ ਉਲੰਪਿਕ ਵਿਚ ਖੇਡਦਾ ਰਿਹਾ। ਅਸ਼ੋਕ ਕੁਮਾਰ ਦੀ ਖੇਡ ਦੀ ਇਕ ਖਾਸ ਗੱਲ ਇਹ ਸੀ ਕਿ ਉਹ ਹਮੇਸ਼ਾ ਫਾਰਵਰਡ ਲਾਈਨ ਵਿਚ ਨੰਗੇ ਪੈਰਾਂ ਨਾਲ ਖੇਡਦਾ ਸੀ।
ਧਿਆਨ ਚੰਦ ਦੇ ਜੀਵਨ ਵਿਚ ਇਕ ਵਿਸ਼ੇਸ਼ ਗੱਲ ਇਹ ਵੀ ਦੱਸੀ ਜਾਂਦੀ ਹੈ ਕਿ ਜਦੋਂ ਭਾਰਤੀ ਹਾਕੀ ਟੀਮ 1936 ਵਿਚ ਉਲੰਪਿਕ ਲਈ ਬਰਲਿਨ ਪਹੁੰਚੀ ਤਾਂ ਕੁੱਝ ਆਜ਼ਾਦੀ ਦੇ ਪਰਵਾਨਿਆਂ ਨੇ ਧਿਆਨ ਚੰਦ ਨੂੰ ਕਿਹਾ ਕਿ ਉਹ ਯੂਨੀਅਨ ਜੈਕ ਦੀ ਥਾਂ ‘ਤੇ ਤਿਰੰਗਾ ਝੰਡਾ ਲੈ ਕੇ ਮਾਰਚ ਪਾਸਟ ਦੀ ਅਗਵਾਈ ਕਰੇ, ਪਰ ਕਿਉਂਕਿ ਧਿਆਨ ਚੰਦ ਭਾਰਤੀ ਫੌਜ ਵਿਚ ਮੇਜਰ ਸੀ, ਇਸ ਲਈ ਉਸ ਨੇ ਇਹ ਗੱਲ ਪ੍ਰਵਾਨ ਨਾ ਕੀਤੀ।
ਧਿਆਨ ਚੰਦ ਦਾ ਨਾਂ ਸੰਸਾਰ ਵਿੱਚ ਹਾਕੀ ਦੇ ਖੇਤਰ ਵਿੱਚ ਸੱਚਮੁੱਚ ਇਕ ਚੰਦ ਦੀ ਤਰ੍ਹਾਂ ਇਸ ਤਰ੍ਹਾਂ ਚਮਕਦਾ ਹੈ, ਜਿਵੇਂ ਫੁਟਬਾਲ ਵਿਚ ਬਰਾਜ਼ੀਲ ਦੇ ਖਿਡਾਰੀ ਕਿੰਗ ਪੇਲੇ ਦਾ, ਕ੍ਰਿਕਟ ਵਿੱਚ ਵੈਸਟ ਇੰਡੀਜ਼ ਦੇ ਗੈਰੀ ਸੇਬਿਰਜ਼ ਦਾ। ਬਾਅਦ ਵਿਚ ਅਨੇਕਾਂ ਖਿਡਾਰੀ ਪੈਦਾ ਹੋਏ, ਪਰ ਉਹਦੀ ਥਾਂ ਕੋਈ ਨਾ ਲੈ ਸਕਿਆ। ਧਿਆਨ ਚੰਦ ਦੇ ਸਮੇਂ ਭਾਰਤੀ ਟੀਮ ਹਾਕੀ ਉਲੰਪਿਕ ਵਿਚ ਦਰਜਨਾਂ ਗੋਲਾਂ ਦੇ ਫਰਕ ਨਾਲ ਆਖਰੀ ਮੈਚ ਜਿੱਤਦੀ ਸੀ। ਧਿਆਨ ਚੰਦ ਦੇ ਖੇਡ ਨਾਲ ਕਈ “ਮਿੱਥਾਂ’ ਵੀ ਜੁੜ ਗਈਆਂ। ਕਿਹਾ ਜਾਂਦਾ ਹੈ ਕਿ ਇਕ ਵਾਰ ਅੰਗਰੇਜ਼ਾਂ ਨੇ ਉਸ ਨੂੰ ਹਾਕੀ ਬਦਲ ਕੇ ਖੇਡਣ ਲਈ ਕਿਹਾ, ਜਿਵੇਂ ਉਸ ਦੀ ਹਾਕੀ ਨਾਲ ਕੋਈ ਜਾਦੂ ਜੁੜਿਆ ਹੋਵੇ।
ਇਸ ਲਈ 29 ਅਗਸਤ ਦਾ ਦਿਨ ਦੋ ਗੱਲਾਂ ਲਈ ਮਹੱਤਵਪੂਰਨ ਹੋ ਗਿਆ ਹੈ, ਜਿਥੇ ਇਸ ਦਿਨ ਅਸੀਂ ਹਾਕੀ ਦੇ ਜਾਦੂਗਰ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ, ਉਥੇ ਭਾਰਤ ਦਾ ਖੇਡ ਦਿਵਸ ਹੋਣ ਕਰਕੇ, ਜੋ ਖੇਡਾਂ ਵਿੱਚ ਮੰਦ-ਭਾਗੀ ਅਵਸਥਾ ਹੈ, ਉਸ ਬਾਰੇ ਵੀ ਗੰਭੀਰ ਰੂਪ ਵਿੱਚ ਵਿਚਾਰ ਕੀਤਾ ਜਾਂਦਾ ਹੈ। ਇਸ ਦਿਨ ਇਕ ਖੇਡ ਪ੍ਰੇਮੀ ਦੇ ਮਨ ਵਿਚ ਕੁਝ ਪ੍ਰਸ਼ਨ ਉਪਜਣੇ ਸੁਭਾਵਕ ਹਨ। ਉਹ ਸੋਚਦਾ ਹੈ ਕਿ ਕੀ ਕਾਰਨ ਹੈ ਕਿ ਜਦੋਂ ਚਾਰ ਸਾਲਾਂ ਬਾਅਦ ਸੰਸਾਰ ਦੀਆਂ ਪ੍ਰਤਿਸ਼ਠ ਉਲੰਪਿਕ ਖੇਡਾਂ ਆਉਂਦੀਆਂ ਹਨ, ਤਾਂ ਉਥੇ ਭਾਰਤ ਦਾ ਨਾਂ ਕਿਸੇ ਖੇਡ ਜਾਂ ਐਥਲੈਟਿਕਸ ਵਿਚ ਨਹੀਂ ਆਉਂਦਾ। ਫੁਟਬਾਲ ਦੇ ਵਿਸ਼ਵ ਕੱਪ ਵਿਚ ਸਾਡੀ ਟੀਮ ਹਿੱਸਾ ਲੈਣ ਦਾ ਸੁਪਨਾ ਵੀ ਨਹੀਂ ਲੈ ਸਕਦੀ, ਟੈਨਿਸ ਵਿਚ ਸਾਡਾ ਨਾਂ ਡੇਢ ਸੌ ਤੋਂ ਵੀ ਉਪਰ ਹੈ। ਤੈਰਾਕੀ ਵਿੱਚ ਅਸੀਂ ਇੰਨੇ ਪਿੱਛੇ ਹਾਂ ਕਿ ਇਵੇਂ ਜਾਪਦਾ ਹੈ ਜਿਵੇਂ ਭਾਰਤਵਰਸ਼ ਵਿਚ ਕੋਈ ਤੈਰਨ ਲਈ ਸਵਿੰਮਗਪੂਲ, ਨਦੀ ਜਾਂ ਦਰਿਆ ਹੀ ਨਹੀਂ ਹੁੰਦਾ। ਕੀ ਕਾਰਨ ਹੈ ਕਿ ਸਾਡੇ ਸਕੂਲਾਂ, ਕਾਲਜਾਂ ਵਿਚ ਜਾ ਤਾਂ ਇਕ ਪਾਸੇ ਗਰਾਉਂਡਾਂ ਹੀ ਨਹੀਂ ਹਨ, ਦੂਸਰੇ ਪਾਸੇ ਜੇ ਖੁੱਲੇ ਮੈਦਾਨ ਹਨ ਤਾਂ ਉਥੇ ਖਿਡਾਰੀ ਖੇਡਦੇ ਨਜ਼ਰ ਨਹੀਂ ਆਉਂਦੇ, ਸਗੋਂ ਡੰਗਰ ਚਰਦੇ ਨਜ਼ਰ ਆਉਂਦੇ ਹਨ। ਖੇਡ ਪ੍ਰੇਮੀ ਅਖਬਾਰਾਂ ਵਿਚ ਛਪੀਆਂ ਖਿਡਾਰੀਆਂ ਦੀ ਆਰਥਕ ਦਸ਼ਾ ਬਾਰੇ ਖਬਰਾਂ ਬਾਰੇ ਚਿੰਤਾ ਮਹਿਸੂਸ ਕਰਦਾ ਹੈ, ਜਦੋਂ ਉਹ ਪੜ੍ਹਦਾ ਹੈ ਕਿ ਇਕ ਅੰਤਰਰਾਸ਼ਟਰੀ ਖਿਡਾਰੀ ਨੂੰ ਜਲੰਧਰ ਦੇ ਇਕ ਸਿਨੇਮਾ ਵਿਚ ਗੇਟ ਕੀਪਰ ਦੀ ਨੌਕਰੀ ਕਰਨੀ ਪਈ। ਪਟਿਆਲੇ ਵਿਚ ਇਕ ਰਾਸ਼ਟਰੀ ਪੱਧਰ ਦੇ ਖਿਡਾਰੀ ਨੂੰ ਬੱਸ ਅੱਡੇ ‘ਤੇ ਫਲਾਂ ਦੀ ਰੇੜੀ ਲਾਉਣੀ ਪਈ ਤੇ ਇਥੋਂ ਤਕ ਕਿ ਇਕ ਅਰਜਨ ਅਵਾਰਡ ਨਾਲ ਸਨਮਾਨਿਤ ਖਿਡਾਰੀ ਬੇਰੁਜ਼ਗਾਰੀ ਕਰਕੇ ਫਾਕੇ ਕੱਟ ਰਿਹਾ ਹੈ।
ਖੇਡ ਪ੍ਰੇਮੀ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕਰਦਾ ਹੈ ਕਿ ਜਦੋਂ ਕ੍ਰਿਕਟ ਦੇ ਟੈਸਟ ਜਾਂ ਵਿਸ਼ਵ ਕੱਪ ਮੈਚ ਹੁੰਦੇ ਹਨ ਤਾਂ ਸਾਰਾ ਭਾਰਤ ਵਰਸ਼ ਮੈਚਾਂ ਦੀ ਹੀ ਗੱਲ ਕਰ ਰਿਹਾ ਹੁੰਦਾ ਹੈ। ਦਫਤਰਾਂ ਵਿਚ ਬਾਬੂ ਸਰਕਾਰੀ ਕੰਮ ਨਹੀਂ ਕਰਦੇ, ਸਕੂਲਾਂ, ਕਾਲਜਾਂ ਵਿਚ ਵਿਦਿਆਰਥੀ ਕਲਾਸਾਂ ਨਹੀਂ ਲਾਉਂਦੇ, ਘਰਾਂ ਵਿਚ ਸੁਆਣੀਆਂ ਦੁੱਧ ਉਬਲਣਾ ਧਰ ਕੇ ਭੁੱਲ ਜਾਂਦੀਆਂ ਹਨ। ਕੀ ਕ੍ਰਿਕਟ ਦੀ ਲੋੜ ਤੋਂ ਵੱਧ ਮਸ਼ਹੂਰੀ ਤੇ ਕਈ-ਕਈ ਦਿਨ ਰੇਡੀਓ, ਟੈਲੀਵੀਯਨ ‘ਤੇ ਇਨ੍ਹਾਂ ਦਾ ਪ੍ਰਸਾਰਣ ਦੂਸਰੀਆਂ ਖੇਡਾਂ ਨੂੰ ਪਲਰਨ ਵਿਚ ਘਾਤਕ ਸਿੱਧ ਤਾਂ ਨਹੀਂ ਹੋ ਰਿਹਾ?
ਅਜਿਹਾ ਨਹੀਂ ਕਿ ਭਾਰਤ ਵਰਸ਼ ਮੁੱਢ ਤੋਂ ਹੀ ਖੇਡਾਂ ਦੇ ਮੈਦਾਨ ਵਿੱਚ ਸਭ ਤੋਂ ਪਿੱਛੇ ਰਿਹਾ ਹੈ ਅਤੇ ਨਾ ਹੀ ਇਸ ਦੇ ਇਤਿਹਾਸ ਵਿੱਚ ਕੁਝ ਅਜਿਹਾ ਮਿਲਦਾ ਹੈ, ਜਿਸ ਤੋਂ ਇਹ ਪਤਾ ਚਲ ਸਕੇ ਕਿ ਸਾਡੇ ਧਰਮ ਤੇ ਸੰਸਕ੍ਰਿਤੀ ਵਿੱਚ ਖੇਡਾਂ ਦਾ ਅਭਾਵ ਰਿਹਾ ਹੈ। ਮਹਾਂਭਾਰਤ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਅਰਜਨ ਦੀਆਂ ਫੌਜਾਂ ਲਈ ਇੱਕ ਚੰਗੇ ਕੋਚ (ਰਥਵਾਨ) ਬਣੇ, ਤੇ ਨਾਲ ਉਹ ਆਪ ਇਕ ਮਹਾਨ ਯੋਧਾ ਵੀ ਸਨ। ਗੁਰੂ ਨਾਨਕ ਦੇਵ ਜੀ ਨੇ ਲਗਪਗ ਚਾਲੀ ਸਾਲ ਹਜਾਰਾਂ ਮੀਲ ਪੈਦਲ ਯਾਤਰਾ ਕੀਤੀ। ਗੁਰੂ ਗੋਬਿੰਦ ਸਿੰਘ ਤੀਰ ਕਮਾਨ, ਘੋੜ ਸਵਾਰੀ ਵਿਚ ਨਿਪੁੰਨ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਆ ਵਰਗਾ ਬਹਾਦਰ ਜਰਨੈਲ ਖੇਡ ਮੈਦਾਨ ਵਿਚੋਂ ਹੀ ਲਭਿਆ। ਸਾਡੇ ਪੁਰਾਣੇ ਵਿਸ਼ਵ ਵਿਦਿਆਲਿਆਂ ਬਾਰੇ ਇਹ ਪ੍ਰਸਿੱਧ ਹੈ ਕਿ ਨਲੰਦਾ ਵਿਚ ਦਸ ਹਜਾਰ ਵਿਦਿਆਰਥੀ ਖੁੱਲੀ ਹਵਾ ਵਿਚ ਇਕੱਠੇ ਵਰਜਸ਼ ਕਰਿਆ ਕਰਦੇ ਸਨ।
ਜੇ ਅਸੀਂ ਉਲੰਪਿਕ ਅਤੇ ਵਿਸ਼ਵ ਪੱਧਰ ਦੀਆਂ ਖੇਡਾਂ ਨੂੰ ਦੇਖੀਏ ਤਾਂ ਪਤਾ ਚੱਲੇਗਾ ਕਿ ਸਮਾਜਵਾਦੀ ਦੇਸ਼ ਰੂਸ ਅਤੇ ਚੀਨ ਵਿਸ਼ੇਸ਼ ਕਰਕੇ ਦੂਸਰੇ ਦੇਸ਼ਾਂ ਨਾਲੋਂ ਖੇਡਾਂ ਵਿਚ ਅੱਗੇ ਰਹੇ ਹਨ। ਜੋ ਦੇਸ਼ ਦੂਸਰੇ ਦੇਸ਼ ਦੀ ਕਾਲੋਨੀ ਤੋਂ ਮੁਕਤ ਹੋ ਰਹੇ ਹਨ, ਉਨ੍ਹਾਂ ਵਿਚ ਜਾਗ੍ਰਿਤੀ ਪੈਦਾ ਹੋ ਰਹੀ ਹੈ ਤੇ ਖੇਡਾਂ ਵਿਚ ਉਨ੍ਹਾਂ ਦਾ ਨਾਂ ਚਮਕਣਾ ਸ਼ੁਰੂ ਹੋਇਆ ਹੈ। ਦੱਖਣੀ ਅਫਰੀਕਾ ਵਰਗੇ ਮੁਲਕ ਨੂੰ 25 ਸਾਲਾਂ ਤੋਂ ਬਾਅਦ ਕ੍ਰਿਕਟ ਖੇਡਣਾ ਨਸੀਬ ਹੋਇਆ ਹੈ ਤੇ ਉਹ ਸੰਸਾਰ ਦੀਆਂ ਪਹਿਲੀਆਂ ਪੰਜ ਟੀਮਾਂ ਵਿਚ ਸ਼ਾਮਲ ਹੋ ਗਿਆ ਹੈ। ਭਾਰਤ ‘ਤੇ ਅੰਗਰੇਜਾਂ ਦਾ ਰਾਜ ਰਿਹਾ ਹੋਣ ਕਰਕੇ ਅੰਗਰੇਜ਼ਾਂ ਦੀ ਨੀਤੀ ਹਮੇਸ਼ਾ ਤੋਂ ਇਹ ਰਹੀ ਕਿ ਭਾਰਤ ਨੂੰ ਇਕ ਅਮੀਰ ਬਸਤੀ ਬਣਾ ਕੇ ਲੁੱਟਿਆ ਜਾਵੇ ਤੇ ਪ੍ਰਬੰਧਕੀ ਕੰਮਾਂ ਲਈ ਕੇਵਲ ਕਲਰਕ ਹੀ ਪੈਦਾ ਕੀਤੇ ਜਾਣ। ਲਾਰਡ ਮੈਕਾਲੇ ਦੀ ਵਿਦਿਅਕ ਨੀਤੀ ਵਿਚ ਭਾਰਤੀ ਯੁਵਕਾਂ ਲਈ ਖੇਡ ਖੇਤਰ ਵਿਚ ਕੁਝ ਬਣਨ ਦੀ ਸੰਭਾਵਨਾ ਬਹੁਤ ਘੱਟ ਸੀ। ਅੰਗਰੇਜਾਂ ਦੇ ਸਮੇਂ ਕ੍ਰਿਕਟ, ਘੋੜ ਸਵਾਰੀ, ਨਿਸ਼ਾਨੇਬਾਜੀ ਵਰਗੀਆਂ ਖੇਡਾਂ ਹੀ ਪ੍ਰਫੁਲਤ ਹੋਈਆਂ, ਜਿਹੜੀਆਂ ਰਾਜੇ-ਮਹਾਰਾਜਿਆਂ ਵਲੋਂ ਸ਼ੁਗਲ ਵਜੋਂ ਖੇਡੀਆਂ ਜਾਂਦੀਆਂ ਸਨ।
ਧਿਆਨ ਚੰਦ ਦੀ ਖੇਡ ਹਾਕੀ ਭਾਵੇਂ ਅੰਗਰੇਜਾਂ ਨੇ ਲਿਆਂਦੀ, ਪਰ ਇਹ ਸਾਦਾ ਤੇ ਸਸਤੀ ਹੋਣ ਕਰਕੇ ਪੰਜਾਬੀਆਂ ਨੂੰ ਵਧੇਰੇ ਰਾਸ ਆਈ। ਇਸ ਖੇਡ ਲਈ ਜਿਥੇ ਵੀ ਕਿਤੇ ਕੋਈ ਮੈਦਾਨ, ਗਲੀ ਮਿਲੀ ਉਥੇ ਖਿੱਦੋ ਤੇ ਖੂੰਡੀ ਨਾਲ ਇਹ ਖੇਡ ਖੇਡਣੀ ਸ਼ੁਰੂ ਹੋ ਗਈ। ਖੇਡ ਲਈ ਜਗ੍ਹਾ ਥੋੜ੍ਹੀ ਹੋਣ ਕਰਕੇ ਇਹ ‘ਛੋਟੇ ਪਾਸਾਂ’ ਨਾਲ ਖੇਡਣੀ ਆਰੰਭ ਕੀਤੀ ਗਈ, ਇਸ ਲਈ ਇਹ ਕਿਹਾ ਜਾਂਦਾ ਹੈ ਕਿ ਭਾਰਤ ਦੀ ਕਲਾਤਮਕ ਹਾਕੀ ਦਾ ਜਨਮ ਭੋਪਾਲ ਦੀਆਂ ਗਲੀਆਂ ਵਿਚ ਹੋਇਆ। ਅਨੇਕਾਂ ਸਾਲ ਭਾਰਤ ਹਾਕੀ ਵਿਚ ਉਲੰਪਿਕ ਖੇਡਾਂ ਵਿਚ ਸੋਨੇ ਦੇ ਤਮਗੇ ਜਿਤਦਾ ਰਿਹਾ, ਪਰ ਜਦੋਂ ਜਰਮਨੀ, ਆਸਟ੍ਰੇਲੀਆ. ਇੰਗਲੈਂਡ ਅਤੇ ਹਾਲੈਂਡ ਵਰਗੇ ਦੇਸ਼ਾਂ ਨੇ ਤਕੜੇ ਹੋ ਕੇ ਇਸ ਖੇਡ ਨੂੰ ਖੇਡਣਾ ਸ਼ੁਰੂ ਕੀਤਾ, ਭਾਰਤ ਦੀ ਸਰਦਾਰੀ ਹਾਕੀ ਵਿਚ ਖੁੱਸਣੀ ਸ਼ੁਰੂ ਹੋ ਗਈ। ਖੇਡ ਪ੍ਰੇਮੀ ਇਹ ਜਾਣਦੇ ਹਨ ਕਿ ਕਈ ਵਾਰੀ ਹੁਣ ਅਗਲੀਆਂ ਉਲੰਪਿਕ ਵਿਚ ਹਿੱਸਾ ਲੈਣ ਲਈ ਪਹਿਲਾਂ ਸਾਨੂੰ ਦਾਖਲੇ ਦੀ ਸ਼ਰਤ ਲਈ ਮੈਚ ਜਿੱਤਣਾ ਹੋਵੇਗਾ। ਭਾਰਤੀ ਹਾਕੀ ਦੇ ਪਤਨ ਦੇ ਪ੍ਰਮੁੱਖ ਕਾਰਨਾਂ ਵਿਚੋਂ ਪਹਿਲਾ ਕਾਰਨ ਤਾਂ ਹਾਕੀ ਦੇ ਮੈਦਾਨੀ ਗਰਾਊਂਡ ਦੀ ਥਾਂ ‘ਤੇ ਐਸਟ੍ਰੋਟਰਫ ਦਾ ਆਉਣਾ ਹੈ। ਯੂਰਪੀਨ ਦੇਸਾਂ ਨੇ ਬੜੀ ਡੂੰਘੀ ਸਾਜ਼ਸ਼ ਨਾਲ ਅਜਿਹੇ ਬਣਾਉਟੀ ਗਰਾਊਂਡ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ, ਜਿਥੇ ਹਾਕੀ ਫੁਟਬਾਲ ਦੀ ਤਰ੍ਹਾਂ ਖੇਡੀ ਜਾਂਦੀ ਹੈ। ਜਿਥੇ ਗੇਂਦ ਹਿੱਟ ਕਰਨ ਕਾਰਨ ਬਹੁਤ ਤੇਜ਼ੀ ਨਾਲ ਦੌੜਦੀ ਹੈ। ਭਾਰਤੀ ਖੇਡ ਨੀਤੀ ਬਿਲਕੁਲ ਇਸ ਤੋਂ ਉਲਟ ਹੈ, ਭਾਰਤ ਤੇ ਪਾਕਿ ਛੋਟੇ ਪਾਸਾਂ ਵਾਲੀ ਕਲਾਤਮਕ ਹਾਕੀ ਖੇਡਦੇ ਹਨ, ਜਿਵੇਂ ਮੋਰ ਪੈਲਾਂ ਪਾਉਂਦੇ ਹੋਣ। ਇਹ ਹਾਕੀ ਮਨ ਨੂੰ ਮੋਂਹਦੀ ਹੈ, ਪ੍ਰੰਤੂ ਹਾਰ ਜਿੱਤ ਦਾ ਫੈਸਲਾ ਤਾਂ ਗੋਲਾਂ ਨੇ ਕਰਨਾ ਹੈ। ਯੂਰਪੀਅਨ ਦੇਸ਼ਾਂ ਨੇ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਪੈਨਲਟੀ ਕਾਰਨਰ ਦੇ ਨਿਯਮ ਵੀ ਆਪਣੀ ਮਰਜ਼ੀ ਦੇ ਬਣਾਏ ਹਨ, ਗੋਲਾਂ ਵਿਚਲਾ ਫੱਟਾ ਜ਼ਰੂਰ ਖੜਕਣਾ ਚਾਹੀਦਾ ਹੈ। ਯੂਰਪੀਅਨ ਦੇਸ਼ ਆਸਾਨੀ ਨਾਲ ਪੈਨਲਟੀ ਕਾਰਨਰ ਕਮਾ ਲੈਂਦੇ ਹਨ ਅਤੇ ਫਿਰ ਹਿੱਟ ਅਜਿਹੀ ਮਾਰਦੇ ਹਨ ਕਿ ਆਰਾਮ ਨਾਲ ਗੋਲ ਕਰ ਦਿੰਦੇ ਹਨ, ਜਦੋਂ ਕਿ ਭਾਰਤੀ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬਹੁਤੀਆਂ ਪੈਨਲਟੀਆਂ ਕਮਾਉਂਦੇ ਹਨ, ਪ੍ਰੰਤੂ ਮਨੋਵਿਗਿਆਨਕ ਦਬਾਓ ਕਾਰਨ ਤੇ ਐਸਟ੍ਰੋਟਰਫ ਦਾ ਅਭਿਆਸ ਨਾ ਹੋਣ ਕਾਰਨ ਗੋਲ ਵਿੱਚ ਇਨ੍ਹਾਂ ਨੂੰ ਬਦਲ ਨਹੀਂ ਸਕਦੇ।
ਖੇਡ ਪ੍ਰੇਮੀ ਇਹ ਜਾਣਦੇ ਹਨ ਕਿ ਅਜਿਹੀਆਂ ਬਣਾਉਟੀ ਗਰਾਊਂਡਾਂ ਭਾਰਤ ‘ਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚ ਉਂਗਲੀਆਂ ਤੇ ਗਿਣੀਆਂ ਜਾਣ ਵਾਲੀਆਂ ਹਨ ਤੇ ਉਹ ਵੀ ਹੁਣ ਦੇ ਸਮੇਂ ਦੀ ਦੇਣ ਹਨ। ਖੇਡ ਪ੍ਰੇਮੀ ਦੱਬੀ ਜ਼ੁਬਾਨ ਵਿਚ ਇਹ ਵੀ ਸਵੀਕਾਰ ਕਰਦੇ ਹਨ ਕਿ ਖੇਡਾਂ ਲਈ ਕਿਸੇ ਖਾ਼ਸ ਕਿਸਮ ਦੇ ਲੋਕ, ਧਰਤੀ ਤੇ ਵਾਤਾਵਰਣ ਵਿਸ਼ੇਸ਼ ਤੌਰ ‘ਤੇ ਸਹਾਈ ਹੁੰਦਾ ਹੈ। ਭਾਰਤੀ ਹਾਕੀ ਦਰਅਸਲ ਪੰਜਾਬ ਦੀ ਹਾਕੀ ਹੈ, ਜਦੋਂ ਭਾਰਤ ਹਾਕੀ ਵਿਚ ਹਾਰਦਾ ਹੈ ਤਾਂ ਪੰਜਾਬ ਹਾਰਦਾ ਹੈ, ਉਸ ਦਿਨ ਪੰਜਾਬ ਦੇ ਲੋਕ ਚੁੱਲ੍ਹੇ ਅੱਗ ਨਹੀਂ ਬਾਲਦੇ ਤੇ ਸੋਗੀ ਅਵਸਥਾ ਵਿਚ ਹੁੰਦੇ ਹਨ। ਹਰ ਕੌਮ ਵਿਚ ਕੁਝ ਖਾਸ ਕਿਸਮ ਦੀਆਂ ਸਿਫਤਾਂ ਹੁੰਦੀਆਂ ਹਨ, ਜਿਵੇਂ ਬੰਗਾਲੀ ਫੁਟਬਾਲ ਖੇਡਾਂ ਦੇ ਸ਼ੌਕੀਨ ਹਨ। ਪੰਜਾਬ ਇਕ ਅਜਿਹੀ ਧਰਤੀ ਹੈ ਜਿਥੇ ਉਲੰਪਿਕ ਵਿਚ ਸੰਸਾਰਪੁਰ ਪਿੰਡ ਦੇ ਸੱਤ ਖਿਡਾਰੀ ਇਕੋ ਸਮੇਂ ਖੇਡੇ ਸਨ। ਖੇਡ ਪ੍ਰੇਮੀ ਇਹ ਵੀ ਜਾਣਦੇ ਹਨ ਕਿ ਅਨੇਕਤਾ ਵਿਚ ਏਕਤਾ, ਸੈਕੂਲਰ ਹੋਣਾ ਆਦਿ ਉੱਤਮ ਗੱਲਾਂ ਹਨ, ਪ੍ਰੰਤੂ ਖਿਡਾਰੀਆ ਦੀ ਚੋਣ ਕਰਨ ਵੇਲੇ ਉਨ੍ਹਾਂ ਦੀ ਖੇਡ ਨੂੰ ਹੀ ਆਧਾਰ ਬਣਾਉਣਾ ਚਾਹੀਦਾ ਹੈ ਨਾ ਕਿ ਹਰ ਰਾਜ ਵਿਚੋਂ ਖਿਡਾਰੀਆਂ ਦੀ ਚੋਣ ਦਾ ਆਧਾਰ ਬਣਾਇਆ ਜਾਵੇ। ਪ੍ਰਧਾਨ ਕੇ.ਪੀ.ਐਸ ਗਿੱਲ ਤਾਂ ਆਪ ਵੀ ਪਹਿਲਾਂ ਹਾਕੀ ਖਿਡਾਰੀ ਰਹਿ ਚੁਕੇ ਸਨ , ਖੇਡ ਸਾਬਕਾ ਡਾਇਰੈਕਟਰ ਰਮਿੰਦਰ ਸਿੰਘ ਕਰਕੇ ਹਾਲਾਤ ਕੁਝ ਸੁਧਰੇ ਹਨ, ਪ੍ਰੰਤੂ ਇਹ ਸੁਧਾਰ ਪਛੜਕੇ ਹੋ ਰਹੇ ਹਨ। ਪੰਜਾਬ ਵਿਚ ਹਾਕੀ ਵਿਚ ਸੰਸਾਰਪੁਰ, ਫੁਟਬਾਲ ਵਿਚ ਮਾਹਿਲਪੁਰ ਤੇ ਬਾਸਕਟਬਾਲ ਵਿਚ ਕਪੂਰਥਲਾ ਖੇਡਾਂ ਲਈ ਸੋਨੇ ਦੀਆਂ ਖਾਣਾਂ ਹਨ, ਜਿਥੋਂ ਸੋਨੇ ਵਰਗੇ ਖਿਡਾਰੀ ਲੱਭੇ ਜਾ ਸਕਦੇ ਹਨ।
ਖੇਡ ਪ੍ਰੇਮੀਆਂ ਦਾ ਇਹ ਯਕੀਨ ਹੈ ਕਿ ਜਿੰਨੇ ਖਿਡਾਰੀ ਪੰਜਾਬ ਵਿਚ ਅੰਤਰਰਾਸ਼ਟਰੀ ਪੱਧਰ ਦੇ ਪੰਜਾਬ ਵਿਚ ਪ੍ਰਾਪਤ ਕੀਤੇ ਜਾ ਸਕਦੇ ਹਨ, ਉਹ ਸੰਸਾਰ ਵਿਚ ਕਿਤੇ ਵੀ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਸਾਡੀ ਸਰਕਾਰ ਦੋਹਰੀ ਨੀਤੀ ਅਪਣਾਉਂਦੀ ਹੈ। ਇਕ ਪਾਸੇ ਉਹ ਧਿਆਨ ਚੰਦ ਦੇ ਜਨਮ ਦਿਨ ਨੂੰ ਖੇਡ ਦਿਵਸ ਦੇ ਤੌਰ ‘ਤੇ ਮਨਾਉਂਦੀ ਹੈ, ਦੂਸਰੇ ਪਾਸੇ ਸਾਡੇ ਅਰਥ ਸ਼ਾਸਤਰੀ ਖੇਡਾਂ ਵਿਚ ਰੁਚੀ ਨਾ ਹੋਣ ਕਰਕੇ ਬੜਾ ਨਿਰਾਸ਼ਾਜਨਕ ਬਜਟ ਪੇਸ਼ ਕਰਦੇ ਹਨ, ਜੋ ਖਿਡਾਰੀਆਂ ਲਈ ਇਕ ਮਜ਼ਾਕ ਦੀ ਤਰ੍ਹਾਂ ਹੈ।
ਇਹ ਹੀ ਕਾਰਨ ਹੈ ਕਿ ਭਾਰਤ ਵਿਚ ਜਿੰਨੇ ਵੀ ਸੰਸਾਰ ਪੱਧਰ ਦੇ ਖਿਡਾਰੀ ਹੋਏ ਹਨ ਉਨ੍ਹਾਂ ਨੇ ਆਪਣੇ ਨਿੱਜੀ ਸਾਧਨਾ ਨੂੰ ਵਰਤਦੇ ਹੋਏ ਹੀ ਗੌਰਵ ਨੂੰ ਪ੍ਰਾਪਤ ਕੀਤਾ। ਸਰਕਾਰ ਦੇ ਰਹਿਮ ‘ਤੇ ਰਹਿਕੇ ਅੱਜ ਤਕ ਕਿਸੇ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਨਹੀਂ ਕੀਤੀ। ਜੇ ਅਸੀਂ ਬੈਡਮਿੰਟਨ ਦੇ ਸੰਸਾਰ ਪੱਧਰ ਦੇ ਖਿਡਾਰੀ ਪ੍ਰਕਾਸ਼ ਪਾਦੁਕੋਣ, ਟੈਨਿਸ ਦੇ ਓਲੰਪਕ ਮਿਕਸ ਡਬਲ ਜਿਤਣ ਵਾਲੇ ਫੁਟਬਾਲ ਵਿਚ ਜਰਨੈਲ ਸਿੰਘ ਤੇ ਇੰਦਰ ਸਿੰਘ, ਦੌੜਾਂ ਵਿਚ ਮਿਲਖਾ ਸਿੰਘ ਤੇ ਪੀ.ਟੀ. ਉਸ਼ਾ ਦੇ ਜੀਵਨ ਬ੍ਰਿਤਾਂਤ ਨੂੰ ਦੇਖੀਏ ਤਾਂ ਪਤਾ ਚੱਲੇਗਾ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਸਰਕਾਰ ਦੀ ਕੋਚਿੰਗ ਤੇ ਸਹੂਲਤਾਂ ਪ੍ਰਾਪਤ ਨਹੀਂ ਸੀ ਕੀਤੀਆਂ। ਮਿਲਖਾ ਸਿੰਘ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਲੰਪਿਕ ਵਿਚ ਪਿੱਛਲਾ ਰਿਕਾਰਡ ਤੋੜਨ ਦੇ ਬਾਵਜੂਦ ਵੀ ਮੈਡਲ ਪ੍ਰਾਪਤ ਨਾ ਕਰ ਸਕਿਆ ਤਾਂ ਉਸ ਦਾ ਜਵਾਬ ਸੀ ਕਿ ਦੂਜੇ ਦੇਸ਼ਾ ਦੇ ਮੁਕਾਬਲੇ ਤੇ ਉਸ ਨੂੰ ਕੋਚਿੰਗ ਨਾਂ ਦੀ ਕੋਈ ਗੱਲ ਪ੍ਰਾਪਤ ਨਹੀਂ ਸੀ ਤੇ ਉਸ ਦੇ ਦੌੜ ਸ਼ੁਰੂ ਕਰਨ ਦਾ ਢੰਗ ਉੱਤਮ ਨਹੀਂ ਸੀ।
ਖਿਡਾਰੀ ਦੇ ਮਨ ਕੋਮਲ ਫੁਲਾਂ ਦੀ ਤਰ੍ਹਾਂ ਹੁੰਦੇ ਹਨ, ਜੋ ਪਿਆਰ ਤੇ ਸਾਬਾਸ਼ ਦੀ ਛੋਹ ਪਾ ਕੇ ਸਿਖਰਾਂ ਛੋਹ ਸਕਦੇ ਹਨ। ਨਿਰਸੰਦੇਹ ਪੰਜਾਬ ਦੀ ਧਰਤੀ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦੀ ਧਰਤੀ ਹੈ। ਹਰ ਅਨੁਸ਼ਾਸਨ ਵਿਚ ਇਸ ਧਰਤੀ ਨੇ ਸੰਸਾਰ ਪ੍ਰਸਿੱਧ ਖਿਡਾਰੀ ਪੈਦਾ ਕੀਤੇ ਹਨ। ਫੁਟਬਾਲ ਵਿਚ ਵੀ ਪੰਜਾਬ ਨੇ ਬੰਗਾਲ ਨੂੰ ਕਈ ਵਾਰੀ ਹਰਾਇਆ ਹੈ। ਕ੍ਰਿਕਟ ਵਿਚ ਲਾਲਾ ਅਮਰ ਨਾਥ ਤੇ ਉਨ੍ਹਾਂ ਦੇ ਬੇਟੇ ਸੁਰਿੰਦਰ ਤੇ ਮਹਿੰਦਰ, ਬਿਸ਼ਨ ਬੇਦੀ, ਨਵਜੋਤ ਸਿੱਧੂ ਤੇ ਹਰਭਜਨ ਸਿੰਘ ਪੰਜਾਬ ਦੇ ਖੇਡ ਜਗਤ ਦੇ ਉਚੇ ਮੁਨਾਰੇ ਹਨ। ਜੇ ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੇ ਖੇਡਾਂ ਵਿਚ ਇੰਨਾ ਯੋਗਦਾਨ ਦਿੱਤਾ ਹੈ ਤਾਂ ਕਿਉਂ ਨਾ ਪੰਜਾਬ ਰਾਜ ਨੂੰ ‘ਖੇਡਾਂ ਦਾ ਰਾਜਾ’ ਦਾ ਤਾਜ ਪਹਿਨਾ ਕੇ ਇਸ ਧਰਤੀ ਤੋਂ ਵਧੇਰੇ ਮਿਹਨਤ, ਤਕਨੀਕੀ ਸਾਧਨਾ ਦੀ ਕੋਚਿੰਗ ਪ੍ਰਦਾਨ ਕਰਕੇ ਸਮੁੱਚੇ ਭਾਰਤ ਲਈ ਖਿਡਾਰੀ ਪੈਦਾ ਕੀਤੇ ਜਾਣ।
ਸਾਡੀ ਧੌਣ ਤਾਂ ਹੀ ਉਚੀ ਹੋ ਸਕਦੀ ਹੈ ਜੇ ਅਸੀਂ ਖੇਡਾਂ ਵਿਚ ਦੂਸਰੇ ਦੇਸ਼ਾਂ ਦੇ ਮੁਕਾਬਲੇ ਵਿਚ ਸੋਨੇ ਦੇ ਤਮਗੇ ਜਿੱਤ ਸਕੀਏ। ਸਵਾ ਅਰਬ ਦੀ ਆਬਾਦੀ ਵਿਚ ਕੀ ਅਸੀਂ ਕੁੱਝ ਸੈਂਕੜੇ ਖਿਡਾਰੀ ਵੀ ਪੈਦਾ ਨਹੀਂ ਕਰ ਸਕਦੇ?