ਲੇਖ : ਸੰਤੋਖ ਸਿੰਘ ਧੀਰ
ਸੰਤੋਖ ਸਿੰਘ ਧੀਰ (1920-2010)
ਜਨਮ : 2 ਦਿਸੰਬਰ 1920, ਫਤਹਿਗੜ੍ਹ ਸਾਹਿਬ (Fatehgarh Sahib)
ਮੌਤ : 8 ਫਰਵਰੀ 2010, ਚੰਡੀਗੜ੍ਹ (Chandigarh)
ਸੰਤੋਖ ਸਿੰਘ ਧੀਰ ਇੱਕ ਪ੍ਰਗਤੀਵਾਦੀ ਕਹਾਣੀਕਾਰ ਹੈ। ਉਸਨੇ ਜੋ ਕੁੱਝ ਵੀ ਲਿਖਿਆ, ਉਹ ਲੋਕਾਂ ਦੀ ਭਲਾਈ ਲਈ ਲਿਖਿਆ ਹੈ। ਉਸ ਨੇ ਆਰਥਿਕ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਆਪਣਾ ਸਾਰਾ ਸਾਹਿਤ ਲਿਖਿਆ ਹੈ। ਉਸ ਨੇ ਨਾਵਲ, ਕਹਾਣੀ ਤੇ ਕਵਿਤਾ ਦੇ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ। ਪੰਜਾਬੀ ਦਾ ਕੇਵਲ ਇਹ ਹੀ ਲੇਖਕ ਹੈ ਜਿਸ ਨੇ ਲਿਖਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕੀਤਾ।
ਜੀਵਨ : ਸੰਤੋਖ ਸਿੰਘ ਧੀਰ ਦਾ ਜਨਮ 1920 ਨੂੰ ਬਸੀ ਪਠਾਣਾ, ਜ਼ਿਲ੍ਹਾ ਪਟਿਆਲਾ ਵਿੱਚ ਹੋਇਆ। ਉਸਦੀ ਘਰ ਦੀ ਹਾਲਾਤ ਠੀਕ ਨਹੀਂ ਸੀ। ਇਸ ਲਈ ਉਸ ਨੇ ਸਕੂਲ ਦੀ ਵਿੱਦਿਆ ਪ੍ਰਾਪਤ ਨਾ ਕੀਤੀ ਪਰ ਵੱਡੀ ਉਮਰ ਵਿੱਚ ਉਸਨੇ 1945 ਵਿੱਚ ਗਿਆਨੀ ਤੇ 1952 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਪੜ੍ਹਨ ਦਾ ਇਰਾਦਾ ਹੋਣ ਦੇ ਬਾਵਜੂਦ ਉਹ ਅੱਗੇ ਨਾ ਪੜ੍ਹ ਸਕਿਆ। ਗਿਆਨੀ ਪਾਸ ਕਰਨ ਤੋਂ ਬਾਅਦ ਉਸਨੇ ਲਿਖਣਾ ਸ਼ੁਰੂ ਕੀਤਾ। ਉਸਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਤੌਰ ‘ਤੇ ਪੇਸ਼ ਕੀਤਾ ਹੈ। ਉਹ ਕਿਰਤੀਆਂ ਕਾਮਿਆਂ ਦਾ ਲੇਖਕ ਹੈ। ਅਮਨ ਲਹਿਰ ਨਾਲ ਵੀ ਉਹ ਤੁਰਿਆ ਰਿਹਾ। ਸਾਰੀ ਉਮਰ ਭਾਵੇਂ ਉਹ ਗ਼ਰੀਬੀ ਦੀ ਹਾਲਤ ਵਿੱਚ ਰਿਹਾ ਪਰ ਉਸ ਵੇਲੇ ਹੌਸਲਾ ਨਹੀਂ ਛੱਡਿਆ ਤੇ ਲਿਖਣਾ ਜਾਰੀ ਰੱਖਿਆ ਹੈ।
ਰਚਨਾਵਾਂ : ਉਸ ਨੇ ਪ੍ਰਸਿੱਧ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ –
(1) ਸਿੱਟਿਆਂ ਦੀ ਛਾਂ
(2) ਸਵੇਰ ਹੋਣ ਤੱਕ
(3) ਸਾਝੀ ਕੰਧ
(4) ਸ਼ਰਾਬ ਦਾ ਗਲਾਸ
ਉਸਨੇ ਕਵਿਤਾਵਾਂ ਦੀਆਂ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਗੁੱਡੀਆਂ ਪਟੋਲੇ, ਪਤਝੜ, ਪਹੁ ਫੁਟਾਲਾ ਬਿਰਹੜੇ ਆਦਿ ਪੁਸਤਕਾਂ ਲਿਖੀਆਂ। ਉਸਨੇ ਆਪਣੀ ਜੀਵਨੀ ਵੀ ਲਿਖੀ ਹੈ ਤੇ ਇੰਗਲੈਂਡ ਦੀ ਯਾਤਰਾ ਵੀ। ਸੰਤੋਖ ਸਿੰਘ ਧੀਰ ਦੀਆਂ ਸਾਹਿਤਕ ਗੁਣਾਂ ਨਾਲ ਪ੍ਰਾਪਤੀਆਂ ਇਸ ਪ੍ਰਕਾਰ ਹਨ :-
ਸਾਹਿਤਕ ਗੁਣ :
(1) ਸੰਤੋਖ ਸਿੰਘ ਧੀਰ ਨਿੱਕੀ ਕਹਾਣੀ ਦਾ ਉਸਤਾਦ ਹੈ। ਉਹ ਆਪਣੇ ਆਲੇ-ਦੁਆਲੇ ਤੋਂ ਕਹਾਣੀ ਚੁਣਦਾ ਹੈ ਤੇ ਕਿਰਸਾਨੀ ਜੀਵਨ ਬਾਰੇ ਲਿਖਦਾ ਹੈ।
(2) ਉਸਨੇ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ ਹੈ।
(3) ਉਹ ਇੱਕ ਵਾਸਤਵਿਕ ਲੇਖਕ ਹੈ ਤੇ ਜੀਵਨ ਵਿੱਚ ਆਮ ਘਟਨਾਵਾਂ ਨੂੰ ਲੈ ਕੇ ਕਹਾਣੀਆਂ ਲਿਖਦਾ ਹੈ।
(4) ਤਕਨੀਕੀ ਪੱਖ ਤੋਂ ਉਹ ਸਫ਼ਲ ਹੈ। ਉਸ ਦੇ ਪਲਾਟ ਗੁੰਝਲਦਾਰ ਨਹੀਂ ਹੁੰਦੇ। ਉਸ ਵਿੱਚ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਵੇਖਣ ਨੂੰ ਮਿਲਦੀ ਹੈ।
(5) ਉਹ ਪਾਤਰ ਆਮ ਜੀਵਨ ਵਿੱਚੋਂ ਲੈਂਦਾ ਹੈ ਤੇ ਉਹਨਾਂ ਦੇ ਸੁਭਾਅ ਨੂੰ ਪੇਸ਼ ਕਰਦਾ ਹੈ। ਉਸ ਦੇ ਪਾਤਰ ਜੀਉਂਦੇ ਜਾਗਦੇ ਲਗਦੇ ਹਨ। ਕੱਠਪੁਤਲੀ ਦੀ ਤਰ੍ਹਾਂ ਨਜ਼ਰ ਨਹੀਂ ਆਉਂਦੇ।
(6) ਉਹ ਇੱਕ ਪ੍ਰਤੀਬੱਧ ਲੇਖਕ ਹੈ ਤੇ ਆਪਣੇ ਵਿਸ਼ੇ ਨਾਲ ਪੂਰਾ ਇਨਸਾਫ਼ ਕਰਦਾ ਹੈ।
ਮਾਨ-ਸਨਮਾਨ : ਉਸਨੂੰ 1991 ਵਿੱਚ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ। ਉਹ ਇੱਕ ਸਾਡਾ ਬਜ਼ੁਰਗ ਕਹਾਣੀ ਲੇਖਕ ਹੈ।