ਲੇਖ : ਸੰਗਤ ਦੀ ਰੰਗਤ
ਸੰਗਤ ਦੀ ਰੰਗਤ ਜਾਂ ਜੈਸੀ ਸੰਗਤ ਵੈਸੀ ਰੰਗਤ
ਜਾਣ-ਪਛਾਣ : ਆਮ ਕਹਾਵਤ ਹੈ ‘ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਬਦਲਦਾ ਹੈ।’ ਇਸ ਦਾ ਭਾਵ ਇਹ ਹੈ ਕਿ ਮੌਸਮ ਦਾ ਅਸਰ ਸਾਰੀ ਫ਼ਸਲ ‘ਤੇ ਇੱਕੋ ਜਿਹਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਫ਼ਸਲ ਦਾ ਕੁਝ ਹਿੱਸਾ ਜਲਦੀ ਪ੍ਰਭਾਵਿਤ ਹੋ ਜਾਂਦਾ ਹੈ ਤੇ ਬਾਕੀ ਉਸ ਤੋਂ ਬਾਅਦ ਜਲਦੀ ਹੀ ਉਸ ਵਰਗਾ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਮੌਸਮ ਵਾਂਗ ਸੰਗਤ ਦਾ ਪ੍ਰਭਾਵ ਹੁੰਦਾ ਹੈ। ਜਿਹੋ ਜਿਹੀ ਸੰਗਤ ਹੋਵੇਗੀ, ਉਹੋ ਜਿਹੇ ਹੀ ਵਿਚਾਰ ਉਸ ਸੰਗਤ ਵਿੱਚ ਜੁੜਨ ਵਾਲਿਆਂ ਦੇ ਹੋਣਗੇ। ਉਹ ਸੰਗੀ-ਸਾਥੀ, ਜਿਨ੍ਹਾਂ ਦੇ ਵਿਚਾਰ ਭੈੜੇ ਹੋਣ, ਮਨ ਵਿੱਚ ਖੋਟ ਹੋਵੇ, ਛਲ-ਕਪਟ ਤੇ ਧੋਖਾ-ਫ਼ਰੇਬ ਆਦਿ ਹੋਵੇ, ਉਨ੍ਹਾਂ ਦੀ ਸੰਗਤ ਮਾੜੀ ਸੰਗਤ ਹੁੰਦੀ ਹੈ ਤੇ ਜਿਸ ਸੰਗਤ ਦੇ ਵਿਚਾਰ ਉੱਚੇ-ਸੁੱਚੇ, ਨੇਕ, ਇਮਾਨਦਾਰ ਤੇ ਸਰਬੱਤ ਦੇ ਭਲੇ ਵਾਲੇ ਹੋਣ, ਉਹ ਸੰਗਤ ਸਤਿਸੰਗਤ ਦਾ ਦਰਜਾ ਹਾਸਲ ਕਰਦੀ ਹੈ।
ਮਨੁੱਖ ਅਤੇ ਉਸ ਦੀ ਸੰਗਤ : ਮਨੁੱਖ ਇੱਕ ਸਮਾਜਕ ਪ੍ਰਾਣੀ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਸਮਾਜ ਵਿੱਚ ਰਹਿੰਦਿਆਂ ਉਸ ਨੂੰ ਕਿਸੇ ਨਾ ਕਿਸੇ ਸੰਗੀ-ਸਾਥੀ ਜਾਂ ਸਹਾਰੇ ਦੀ ਲੋੜ ਰਹਿੰਦੀ ਹੀ ਹੈ ਤਾਂ ਜੋ ਉਹ ਕਿਸੇ ਨਾਲ ਦੁੱਖ-ਸੁੱਖ ਸਾਂਝਾ ਕਰ ਸਕੇ ਤੇ ਲੋੜ ਪੈਣ ‘ਤੇ ਕਿਸੇ ਦੀ ਮਦਦ ਵੀ ਕੀਤੀ ਜਾ ਸਕੇ। ਇਸ ਲਈ ਉਸ ਨੇ ਸਮਾਜ ਵਿੱਚ ਵਿਚਰਨ ਲਈ ਇੱਕ-ਦੂਜੇ ਨਾਲ ਸਾਂਝ ਸਥਾਪਿਤ ਕੀਤੀ ਹੋਈ ਹੈ। ਆਪਸੀ ਸਮਾਜਕ ਸਾਂਝ ਹੀ ਮਨੁੱਖ ਦੀ ਸੰਗਤ ਹੁੰਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਦੀ ਸਾਂਝ ਕਿਹੋ ਜਿਹੇ ਮਨੁੱਖਾਂ ਨਾਲ ਹੈ ? ਕੀ ਉਸ ਦਾ ਮੇਲ-ਜੋਲ ਚੰਗੇ ਗੁਣਾਂ ਵਾਲੇ ਵਿਅਕਤੀਆਂ ਨਾਲ ਹੈ ਜਾਂ ਦਗ਼ਾਬਾਜ਼ਾਂ, ਧੋਖੇਬਾਜ਼ਾਂ ਜਾਂ ਭੈੜੀਆਂ ਅਲਾਮਤਾਂ ਵਾਲਿਆਂ ਨਾਲ ਹੈ ? ਕਿਉਂਕਿ ਇਹ ਇੱਕ ਅਟੱਲ ਸਚਾਈ ਹੈ ਕਿ ਸੰਗਤ ਨੇ ਆਪਣਾ ਪ੍ਰਭਾਵ, ਆਪਣਾ ਰੰਗ-ਰੂਪ ਜ਼ਰੂਰ ਵਿਖਾਉਣਾ ਹੁੰਦਾ ਹੈ। ਜਿਵੇਂ ਪਾਰਸ ਦੀ ਛੋਹ ਲੋਹੇ ਨੂੰ ਸੋਨਾ ਬਣਾ ਸਕਦੀ ਹੈ ਇਹੋ ਹਾਲ ਵਿਅਕਤੀ ਦਾ ਹੈ, ਉਹ ਜਿਹੋ-ਜਿਹੀ ਸੰਗਤ ਨਾਲ ਮੇਲ-ਮਿਲਾਪ ਬਣਾਏਗਾ ਉਹ ਆਪ ਵੀ ਉਸੇ ਰੂਪ ਵਿੱਚ ਢਲ ਜਾਏਗਾ। ਕਹਿਣ ਤੋਂ ਭਾਵ ਹੈ ਕਿ ਸੰਗਤ ਹੀ ਮਨੁੱਖ ਨੂੰ ਰੌਸ਼ਨ ਕਰ ਸਕਦੀ ਹੈ ਤੇ ਸੰਗਤ ਹੀ ਬਦਨਾਮ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ‘ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ’ ਭਾਵ ਭੈੜੇ ਕੰਮਾਂ ਦਾ ਸਿੱਟਾ ਭੈੜਾ ਹੀ ਨਿਕਲਦਾ ਹੈ।
ਪਦਾਰਥਕ ਰੁਚੀਆਂ ਦਾ ਗ਼ੁਲਾਮ ਮਨੁੱਖ : ਇਹ ਵੀ ਇੱਕ ਸਚਾਈ ਹੈ ਕਿ ਮਨੁੱਖ ਬੁਰੀ ਸੰਗਤ ਵੱਲ ਜਲਦੀ ਹੀ ਆਕਰਸ਼ਿਤ ਹੋ ਜਾਂਦਾ ਹੈ ਕਿਉਂਕਿ ਉਹ ਮਨਮੁਖ ਹੁੰਦਾ ਹੈ। ਉਸ ਦੇ ਮਨ ‘ਤੇ ਵਿਸ਼ੇ-ਵਿਕਾਰਾਂ ਦੀ ਮੈਲ ਚੜ੍ਹੀ ਹੋਈ ਹੁੰਦੀ ਹੈ। ਦੁਨਿਆਵੀ ਮੋਹ-ਮਾਇਆ ਉਸ ਨੂੰ ਦਿਲ – ਲੁਭਾਊ ਜਾਪਦੇ ਹਨ। ਉਸ ਦੀਆਂ ਤ੍ਰਿਸ਼ਨਾਵਾਂ ਵਧਦੀਆਂ ਜਾਂਦੀਆਂ ਹਨ। ਉਹ ਭੁੱਲ ਜਾਂਦਾ ਹੈ ਕਿ ਸੰਸਾਰ ਚਲਾਇਮਾਨ ਹੈ, ਸਰੀਰ ਨਾਸ਼ਵਾਨ ਹੈ, ਇਸ ਲਈ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਗ਼ੁਲਾਮ ਬਣਿਆ ਚੰਗੇ-ਬੁਰੇ ਦੀ ਪਛਾਣ ਵੀ ਭੁੱਲ ਜਾਂਦਾ ਹੈ ਤੇ ਬੁਰੀਆਂ ਆਦਤਾਂ, ਭੈੜੀਆਂ ਅਲਾਮਤਾਂ, ਹੇਰਾਫੇਰੀਆਂ, ਠੱਗੀਆਂ ਆਦਿ ਨੂੰ ਅਪਣਾ ਲੈਂਦਾ ਹੈ।ਉਹ ਪੈਸੇ ਦਾ ਪੁਜਾਰੀ ਬਣ ਜਾਂਦਾ ਹੈ।
ਚੰਗੀ ਸੰਗਤ ਵਾਲੇ ਵਡਭਾਗੇ ਹੁੰਦੇ ਹਨ : ਚੰਗੀ ਸੰਗਤ ਕਰਮਾਂ-ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਗੁਰਬਾਣੀ ਵਿੱਚ ਫ਼ਰਮਾਨ ਹੈ :
ਵਡਭਾਗੀ ਹਰਿ ਸੰਗਤ ਪਾਵੈ…॥
ਭਾਵ ਕਿ ਜਿਸ ਵਿਅਕਤੀ ਦੇ ਭਾਗ ਚੰਗੇ ਹੋਣ, ਉਹ ਹੀ ਪ੍ਰਭੂ-ਪਿਆਰਿਆਂ ਦੀ ਸੰਗਤ ਕਰ ਸਕਦਾ ਹੈ ਤੇ ਉਹ ਪ੍ਰਭੂ ਪਿਆਰਿਆਂ ਦੀ ਸੰਗਤ ਕਰਕੇ ਵਡਭਾਗੀ ਬਣ ਜਾਂਦੇ ਹਨ ਪਰ ਭਾਗਾਂ ਤੋਂ ਬਿਨਾਂ ਸਤਿਸੰਗਤ ਨਹੀਂ ਮਿਲਦੀ ਤੇ ਸੰਗਤ ਤੋਂ ਬਿਨਾਂ ਮਨ ਅੰਦਰ ਵਿਸ਼ੇ-ਵਿਕਾਰਾਂ ਦੀ ਮੈਲ ਜਮ੍ਹਾ ਹੋ ਜਾਂਦੀ ਹੈ :
ਬਿਨ ਭਾਗਾਂ ਸਤਿਸੰਗ ਨ ਲਭੇ
ਬਿਨ ਸੰਗਤਿ ਮੈਲਿ ਭਰੀਜੈ ਜੀਓ॥
ਸਤਿਸੰਗਤ ਵਿੱਚ ਜਾਣ ਵਾਲੇ ਮਨੁੱਖ ਦਾ ਹਿਰਦਾ ਸ਼ੁੱਧ ਹੁੰਦਾ ਹੈ ਅਤੇ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਜਦੋਂ ਮਨੁੱਖ ਵਿੱਚੋਂ ਹਉਮੈ ਦੂਰ ਹੋ ਜਾਂਦੀ ਹੈ ਤਾਂ ਫਿਰ ‘ਮੈਂ ਨਾਹੀ ਸਭ ਤੂੰ ਹੀ ਤੂੰ’ ਹੋ ਜਾਂਦਾ ਹੈ। ਇਸ ਲਈ ਸਤਿਸੰਗਤ ਕਰਨੀ ਚਾਹੀਦੀ ਹੈ। ਇਸ ਹਉਮੈ ਸਬੰਧੀ ਭਗਤ ਰਵਿਦਾਸ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਸਾਨੂੰ ਮਧੂ-ਮੱਖੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਉਹ ਸ਼ਹਿਦ ਦੀ ਮਿਠਾਸ ਪ੍ਰਾਪਤ ਕਰਨ ਲਈ ਸ਼ਹਿਦ ਦੇ ਛੱਤੇ ਨਾਲ ਚਿਪਕੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਸਾਨੂੰ ਵੀ ਨੇਕ ਇਨਸਾਨ ਬਣਨ ਲਈ ਸਤਿਸੰਗਤ ਨਾਲ ਜੁੜੇ ਰਹਿਣਾ ਚਾਹੀਦਾ ਹੈ :
ਸਤਿਸੰਗਤਿ ਮਿਲ ਰਹੀਐ ਮਾਧੋ ਜੈਸੇ ਮਧਪ ਮਖੀਰਾ॥
ਇਤਿਹਾਸ ਅਤੇ ਸੰਗਤ : ਇਤਿਹਾਸ ਵਿੱਚ ਸਾਨੂੰ ਕਈ ਉਦਾਹਰਨਾਂ ਅਜਿਹੀਆਂ ਮਿਲਦੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਚੰਗੀ ਸੰਗਤ ਨਾਲ ਬਹੁਤ ਸਾਰੇ ਬੁਰੇ ਮਨੁੱਖਾਂ ਦਾ ਜੀਵਨ ਸੁਧਰ ਗਿਆ ਤੇ ਬੁਰੀ ਸੰਗਤ ਕਾਰਨ ਕਈ ਮਨੁੱਖ ਕੁਰਾਹੇ ਪੈ ਗਏ। ਗੁਰੂ ਸਾਹਿਬਾਨ ਅਤੇ ਕਈ ਮਹਾਂਪੁਰਖਾਂ ਨੇ ਕੁਰਾਹੇ ਪਈ ਜਨਤਾ ਨੂੰ ਆਪਣੇ ਉਪਦੇਸ਼ਾਂ ਨਾਲ ਸਿੱਧੇ ਰਸਤੇ ਪਾਇਆ। ਮਹਾਂਭਾਰਤ ਵਿੱਚ ਦੁਰਯੋਧਨ ਅਤੇ ਦੁਸ਼ਾਸਨ ਕੁਪਾਤਰਾਂ ਵਜੋਂ ਜਾਣੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੀ ਸੰਗਤ ਨਾਲ ਕਈ ਯੋਧੇ ਕੁਰਾਹੇ ਪੈ ਗਏ ਸਨ, ਪਰ ਯੁਧਿਸ਼ਟਰ ਨੂੰ ਉਸ ਦੀ ਨੇਕ-ਦਿਲੀ ਕਾਰਨ ਹੀ ‘ਧਰਮ ਪੁੱਤਰ ਯੁਧਿਸ਼ਟਰ’ ਕਹਿ ਕੇ ਯਾਦ ਕੀਤਾ ਜਾਂਦਾ ਹੈ।
ਚੰਗੀ ਸੰਗਤ ਸੋਭਾ ਦਾ ਕਾਰਨ ਬਣਦੀ ਹੈ : ਚੰਗੀ ਸੰਗਤ ਨਾਲ ਜੁੜੇ ਇਨਸਾਨ ਦੀ ਹਰ ਪਾਸਿਓਂ ਸੋਭਾ ਹੁੰਦੀ ਹੈ ਕਿਉਂਕਿ ਚੰਗੀ ਸੰਗਤ ਤਾਂ ਮਨੁੱਖ ਨੂੰ ਕੱਚ ਤੋਂ ਕੰਚਨ ਬਣਾ ਦਿੰਦੀ ਹੈ। ਮਨੁੱਖ ਵਿੱਚੋਂ ਵੈਰ-ਵਿਰੋਧ, ਮੇਰ-ਤੇਰ, ਈਰਖਾ, ਅਗਿਆਨਤਾ ਵਰਗੇ ਔਗੁਣਾਂ ਨੂੰ ਬਾਹਰ ਕੱਢ ਦਿੰਦੀ ਹੈ। ਭਾਈ ਘਨੱਈਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤਾਪ ਸਦਕਾ ਹੀ ਗੁਰੂ ਦੇ ਪਰਮ-ਪਿਆਰੇ ਸਿੱਖ ਕਹਿਲਾਏ। ਉਹ ਆਪਣੇ ਅਸਲੇ ਨਾਲ ਜੁੜ ਚੁੱਕੇ ਸਨ, ਇਸ ਲਈ ਉਨ੍ਹਾਂ ਵਿੱਚੋਂ ਵੈਰ-ਵਿਰੋਧ ਅਤੇ ਬੇਗ਼ਾਨਾਪਨ ਖ਼ਤਮ ਹੋ ਗਿਆ ਸੀ। ਗੁਰਬਾਣੀ ਵਿੱਚ ਫ਼ਰਮਾਨ ਹੈ :
ਸਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ॥
ਸੱਚੇ ਮਾਰਗ ਦਾ ਪਾਂਧੀ ਉਹੋ ਹੀ ਬਣ ਸਕਦਾ ਹੈ ਜਿਸ ਨੇ ਹਉਮੈ ਦਾ ਤਿਆਗ ਕਰ ਦਿੱਤਾ ਹੋਵੇ ਤੇ ਗੁਰੂ ਦੇ ਉਪਦੇਸ਼ਾਂ ’ਤੇ ਪਹਿਰਾ ਦਿੰਦਾ ਹੋਵੇ। ਇਸ ਦੀ ਸੋਝੀ ਸਾਧ-ਸੰਗਤ ਕਰਕੇ ਹੁੰਦੀ ਹੈ। ਸਾਧ-ਸੰਗਤ ਵਿੱਚ ਜਾਣ ਨਾਲ ਮਨੁੱਖ ਦਾ ਇਹ ਜੀਵਨ ਤਾਂ ਸੁਧਰਦਾ ਹੀ ਹੈ ਤੇ ਨਾਲ ਹੀ ਪਰਲੋਕ ਵੀ ਸੁਧਰ ਜਾਂਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ :
ਸਾਧ ਸੰਗਤਿ ਮਿਲ ਹੋਇ ਤਰਾਬਾ ॥
ਸੋ ਸਭ ਗੁਣੀ-ਗਿਆਨੀ ਤੇ ਸੰਤ-ਮਹਾਤਮਾ ਮਾੜੀ ਸੰਗਤ ਤੋਂ ਦੂਰ ਰਹਿਣ ਤੇ ਸਾਧ-ਸੰਗਤ ਵਿੱਚ ਵਿਚਰਨ ਲਈ ਪ੍ਰੇਰਦੇ ਹਨ ਤਾਂ ਜੋ ਹਿਰਦਾ ਪਾਪਾਂ ਦੀ ਮੈਲ ਤੋਂ ਰਹਿਤ ਹੋ ਜਾਵੇ।
ਬੁਰੀ ਸੰਗਤ ਦੇ ਪ੍ਰਭਾਵ : ਬੁਰੀ ਸੰਗਤ ਵਿਅਕਤੀ ਦਾ ਸਰਬਨਾਸ਼ ਕਰ ਦਿੰਦੀ ਹੈ। ਜਿਵੇਂ ਇੱਕ ਮਛਲੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ, ਇੱਕ ਖ਼ਰਾਬ ਫਲ ਸਾਰੇ ਚੰਗੇ ਫਲਾਂ ਨੂੰ ਖ਼ਰਾਬ ਕਰ ਦਿੰਦਾ ਹੈ ਤੇ ਖਟਾਸ ਦੀ ਇੱਕ ਬੂੰਦ ਦੁੱਧ ਦੇ ਭਰੇ ਚਾਟੇ ਵਿੱਚ ਪੈ ਜਾਵੇ ਤਾਂ ਉਹ ਖ਼ਰਾਬ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਫ਼ਰਮਾਇਆ ਹੈ :
ਵਿਗੜੈ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ ॥
ਮਨੁੱਖੀ ਚੇਤੰਨਤਾ ਦੀ ਲੋੜ : ਇਸ ਲਈ ਮਨੁੱਖ ਨੂੰ ਹਰ ਸਮੇਂ ਚੇਤੰਨ ਰਹਿਣਾ ਚਾਹੀਦਾ ਹੈ। ਉਸ ਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਤੇ ਜੇ ਹੋ ਸਕੇ ਤਾਂ ਬੁਰੇ ਲੋਕਾਂ ਨੂੰ ਸੁਧਾਰਨ ਦਾ ਜਤਨ ਕਰਨਾ ਚਾਹੀਦਾ ਹੈ । ਅੱਜ ਦੇ ਇਸ ਕਲਜੁਗ ਵਿੱਚ ਬਹੁਤ ਸਾਰੇ ਨੇਤਾ ਜਾਂ ਧਾਰਮਕ ਅਖੌਤੀ ਬਾਬੇ ਅਜਿਹੇ ਵਿਚਾਰਾਂ ਵਾਲੇ ਹੁੰਦੇ ਹਨ। ਉਹ ਭੋਲੀ-ਭਾਲੀ ਜਨਤਾ ਨੂੰ ਆਪਣੇ ਭਰਮ-ਜਾਲ ਵਿੱਚ ਫਸਾ ਕੇ ਬਾਅਦ ਵਿੱਚ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਉਨ੍ਹਾਂ ਦਾ ਸ਼ੋਸ਼ਣ ਕਰਦੇ ਤੇ ਗੁੰਮਰਾਹ ਕਰਦੇ ਹਨ। ਪਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਬੁਰੀ ਸੰਗਤ ਦਾ ਪ੍ਰਭਾਵ ਆਪਣੇ ‘ਤੇ ਨਾ ਪੈਣ ਦੇਵੇ ਜਿਵੇਂ ਚੰਦਨ ਦੇ ਰੁੱਖ ਦੁਆਲੇ ਭਾਵੇਂ ਸੱਪ ਲਿਪਟੇ ਰਹਿਣ ਪਰ ਉਹ ਉਨ੍ਹਾਂ ਦੇ ਵਿਸ ਤੋਂ ਦੂਰ ਰਹਿੰਦੇ ਹਨ। ਇਸੇ ਤਰ੍ਹਾਂ ਚਿੱਕੜ ਵਿੱਚ ਖਿੜਿਆ ਕੰਵਲ ਦਾ ਫੁੱਲ ਵੀ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ :
ਜੈਸੇ ਜਲ ਮਹਿ ਕਮਲ ਨਿਰਾਲਮ ॥
ਸਾਰੰਸ਼ : ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਮਨੁੱਖਾ ਜਨਮ ਅਨਮੋਲ ਹੈ। ਇਸ ਨੂੰ ਸਾਰਥਕ ਬਣਾਉਣ ਲਈ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ, ਸਾਧ-ਸੰਗਤ ਤੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਦੱਸੇ ਅਸੂਲਾਂ ‘ਤੇ ਚੱਲ ਕੇ ਅਮਲ ਕਰਨਾ ਚਾਹੀਦਾ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਖ਼ਾਸ ਤੌਰ ‘ਤੇ ਛੋਟੇ ਬੱਚਿਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸੰਗਤ ਕਿਹੋ ਜਿਹੇ ਬੱਚਿਆਂ ਨਾਲ ਹੈ ਕਿਉਂਕਿ ਬਚਪਨ ਦੀ ਅਵਸਥਾ ਵਿੱਚ ਹੀ ਜਿਹੜੀ ਆਦਤ ਪੈ ਜਾਵੇ, ਉਹ ਬਾਅਦ ਵਿੱਚ ਬਦਲਣੀ ਔਖੀ ਹੋ ਜਾਂਦੀ ਹੈ। ਜੇ ਵਿਹਲਾ ਸਮਾਂ ਮਿਲਦਾ ਹੈ ਤਾਂ ਪੁਸਤਕਾਂ ਨੂੰ ਆਪਣਾ ਸਾਥੀ ਬਣਾਓ, ਚੰਗੇ ਵਿਚਾਰ ਸੋਚੋ ਜਾਂ ਚੰਗੇ ਮਹਾਂਪੁਰਖਾਂ ਦੇ ਅਸੂਲਾਂ ਨੂੰ ਧਿਆਨ ਵਿੱਚ ਰੱਖੋ। ਆਪਣੇ ਮਨ ਨੂੰ ਹਮੇਸ਼ਾ ਕਿਸੇ ਨਾ ਕਿਸੇ ਚੰਗੇ ਪਾਸੇ ਟਿਕਾਈ ਰੱਖੋ, ਨਹੀਂ ਤਾਂ ਚੋਰ-ਜੁਆਰੀਏ, ਧੋਖੇਬਾਜ਼, ਬੇਈਮਾਨ ਤੇ ਭ੍ਰਿਸ਼ਟ ਵਿਸ਼ੇਸ਼ਣਾਂ ਨਾਲ ਜਾਣੇ ਜਾਓਗੇ। ਇਸ ਲਈ ਇਨਸਾਨ ਬਣਨ ਲਈ ਚੰਗੀ ਸੰਗਤ ਦੀ ਲੋੜ ਹੈ। ਤੁਸੀਂ ਜਿਸ ਵੀ ਸੰਗਤ ਵਿੱਚ ਜਾਓਗੇ ਉਸ ਦੇ ਰੰਗ ਵਿੱਚ ਰੰਗੇ ਜਾਓਗੇ ਕਿਉਂਕਿ ਇਹ ਅਟੱਲ ਸਚਾਈ ਹੈ ਕਿ : ਜੈਸੀ ਸੰਗਤ ਵੈਸੀ ਰੰਗਤ’।