ਲੇਖ – ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ
“ਜਪਿਓ ਜਿਨ ਅਰਜਨ ਦੇਵ ਗੁਰੂ,
ਫਿਰ ਸੰਕਟ ਜੂਨ ਗਰਭ ਨਹੀਂ ਆਇਓ।।”
ਜਾਣ-ਪਛਾਣ : ‘ਸ਼ਹੀਦਾਂ ਦੇ ਸਿਰਤਾਜ’, ‘ਸ਼ਾਂਤੀ ਦੇ ਪੁੰਜ’ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਸਨ। ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਆਪ ਨੇ ਮੁਗ਼ਲ ਹਕੂਮਤ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕੀਤਾ। ਇਸ ਵਿਰੋਧ ਕਾਰਨ ਹੀ ਆਪ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਅਨੁਸਾਰ ਤੱਤੀ ਤਵੀ ‘ਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।
ਜਨਮ ਅਤੇ ਬਚਪਨ : ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਵਿੱਚ ਗੋਇੰਦਵਾਲ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੇ ਘਰ ਹੋਇਆ। ਆਪ ਦਾ ਪਾਲਣ-ਪੋਸ਼ਣ ਆਪ ਦੇ ਨਾਨਾ ਸਿੱਖਾਂ ਦੇ ਤੀਸਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਵਿੱਚ ਹੋਇਆ। ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ’ ਦਾ ਵਰ ਦਿੱਤਾ ਸੀ।
ਵਿੱਦਿਆ ਪ੍ਰਾਪਤੀ : ਆਪ ਨੇ ਪੰਡਿਤ ਕੇਸ਼ੋਵ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪ ਨੇ ਸੰਸਕ੍ਰਿਤ ਅਤੇ ਫਾਰਸੀ ਦੇ ਬਹੁਤ ਸਾਰੇ ਗ੍ਰੰਥਾਂ ਨੂੰ ਪੜ੍ਹਿਆ। ਬਚਪਨ ਤੋਂ ਹੀ ਆਪ ਵਿਦਵਾਨ ਤੇ ਸੂਝਵਾਨ ਸਨ।
ਗ੍ਰਹਿਸਥੀ ਜੀਵਨ : ਆਪ ਦਾ ਵਿਆਹ ਫਿਲੌਰ ਸ਼ਹਿਰ ਦੇ ਕਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਆਪ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੇ ਅਨਮੋਲ ਰਤਨ ਨੇ ਜਨਮ ਲਿਆ।
ਗੁਰਗੱਦੀ ‘ਤੇ ਬੈਠਣਾ : 1582 ਈ: ਵਿੱਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਜਿਉਂ ਹੀ ਆਪ ਗੁਰਗੱਦੀ ‘ਤੇ ਬੈਠੇ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ। ਉਸ ਨੇ ਆਪ ਖਿਲਾਫ਼ ਕਈ ਸਾਜ਼ਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ਪਰ ਆਪ ਅਡੋਲ ਰਹੇ।
ਸ਼ਹਾਦਤ : ਜਦੋਂ ਆਪ ਗੁਰਗੱਦੀ ‘ਤੇ ਬੈਠੇ ਉਸ ਵੱਲੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ। ਉਹ ਸਿੱਖਾਂ ਨਾਲ ਬਹੁਤ ਖ਼ਾਰ ਖਾਂਦਾ ਸੀ। ਉਸ ਦਾ ਸਪੁੱਤਰ ਅਮੀਰ ਖੁਸਰੋ ਗੁਰੂ ਜੀ ਦਾ ਅਨਿਨ ਭਗਤ ਸੀ। ਜਿਸ ਕਰਕੇ ਜਹਾਂਗੀਰ ਉਸ ਨਾਲ ਵੀ ਨਫ਼ਰਤ ਕਰਦਾ ਸੀ। ਉਧਰ ਦੂਜੇ ਪਾਸੇ ਪ੍ਰਿਥੀ ਚੰਦ ਦੀ ਈਰਖ਼ਾ ਵੀ ਬਹੁਤ ਤੇਜ਼ੀ ਨਾਲ ਵਧ ਚੁੱਕੀ ਸੀ। ਉਸ ਨੇ ਚੰਦੂ ਨਾਲ ਮਿਲ ਕੇ ਗੁਰੂ ਦੇ ਖਿਲਾਫ਼ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਚੰਦੂ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਗੁਰੂ ਜੀ ਨੇ ਆਪਣੇ ਸਪੁੱਤਰ ਹਰਗੋਬਿੰਦ ਵਾਸਤੇ ਉਸ ਦੀ ਪੁੱਤਰੀ ਦੇ ਰਿਸ਼ਤੇ ਨੂੰ ਸੰਗਤ ਦੇ ਕਹਿਣ ‘ਤੇ ਨਾ-ਮਨਜ਼ੂਰ ਕੀਤਾ ਸੀ। ਗੁੱਸੇ ਵਿੱਚ ਆ ਕੇ ਜਹਾਂਗੀਰ ਨੇ ਆਪ ਨੂੰ ਕੈਦ ਕਰ ਲਿਆ। ਜਿੱਥੇ ਆਪ ਨੂੰ ਅਨੇਕਾਂ ਕਸ਼ਟ ਦਿੱਤੇ। ਜੇਠ-ਹਾੜ੍ਹ ਦੀ ਅਤਿ ਦੀ ਗਰਮੀ ਵਿੱਚ ਆਪ ਨੂੰ ਤੱਤੀ ਤਵੀ ‘ਤੇ ਬਿਠਾਇਆ ਗਿਆ ਤੇ ਸਿਰ ਵਿੱਚ ਗਰਮ-ਗਰਮ ਰੇਤਾ ਪਾਈ ਗਈ। ਉਪਰੰਤ ਆਪ ਨੂੰ ਉਬਲਦੀ ਦੇਗ ਵਿੱਚ ਪਾਇਆ ਗਿਆ ਪਰ ਆਪ ਨੇ ਸਿਦਕ ਨਾ ਹਾਰਿਆ, ਸੀ ਨਾ ਕੀਤੀ, ਅਡੋਲ, ਸ਼ਾਂਤ ਰਹੇ ਤੇ ਆਪਣੇ ਮੁਖਾਰਬਿੰਦ ਤੋਂ ਇਹੋ ਹੀ ਉਚਾਰਦੇ ਰਹੇ :
“ਤੇਰਾ ਭਾਣਾ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥”
ਇੰਜ 1606 ਈਸਵੀ ਵਿੱਚ ਆਪ ਨੇ ਧਰਮ ਦੀ ਖਾਤਰ ਸ਼ਹਾਦਤ ਦੇ ਦਿੱਤੀ।
ਨਿਰਮਾਣ ਕਾਰਜ : ਆਪ ਨੇ ਆਪਣੇ ਸਮੇਂ ਦੌਰਾਨ ਅਨੇਕਾਂ ਹੀ ਨਿਰਮਾਣ ਕਾਰਜ ਕਰਵਾਏ। ਆਪ ਨੇ 1589 ਈਸਵੀ ਨੂੰ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ। ਆਪ ਨੇ ਸਰਬ ਸਾਂਝੇ ਧਰਮ ’ਤੇ ਚਲਦਿਆਂ ਸਿੱਖਾਂ ਦੇ ਮਹਾਨ ਮੰਦਿਰ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਮੀਆਂ ਮੀਰ ਪਾਸੋਂ ਰਖਵਾਈ। ਆਪ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਤਰਨ-ਤਾਰਨ (ਜ਼ਿਲ੍ਹਾ ਅੰਮ੍ਰਿਤਸਰ), ਕਰਤਾਰਪੁਰ (ਜ਼ਿਲ੍ਹਾ ਜਲੰਧਰ), ਸ੍ਰੀ ਹਰਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ), ਛੇਹਰਟਾ ਆਦਿ ਨਗਰਾਂ ਨੂੰ ਵਸਾਇਆ।
ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ : ਆਪ ਦਾ ਸਭ ਤੋਂ ਵੱਡਾ ਤੇ ਲਾਸਾਨੀ ਯੋਗਦਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ’ ਹੈ। ਆਪ ਨੇ ਸਿੱਖਾਂ ਦੇ ਮਹਾਨ ਧਾਰਮਿਕ ਗ੍ਰੰਥ ਨੂੰ ਸੰਪਾਦਿਤ ਕੀਤਾ। ਆਪ ਨੇ ਸਾਰੇ ਗੁਰੂਆਂ ਤੇ ਭਗਤਾਂ-ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਨਿਸਚਿਤ ਤਰਤੀਬ ਅਨੁਸਾਰ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਗ੍ਰੰਥ ਤਿਆਰ ਕੀਤਾ। ਇਸ ਦਾ ਪਹਿਲਾ ਨਾਂ ‘ਆਦਿ ਗ੍ਰੰਥ’ ਜੀ ਜੋ ਕਿ 1604 ਈਸਵੀ ਨੂੰ ਤਿਆਰ ਹੋਇਆ ਸੀ। ਇਸ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਸੀ।
ਗੁਰਗੱਦੀ ਸੌਂਪਣੀ : ਆਪ ਨੇ ਗੁਰਗੱਦੀ ਦੀ ਪਰੰਪਰਾ ਵਿੱਚ ਪਰਿਵਰਤਨ ਲਿਆਂਦਾ। ਆਪ ਤੋਂ ਪਹਿਲਾਂ ਗੁਰਗੱਦੀ ਕਿਸੇ ਯੋਗ ਸਿੱਖ ਨੂੰ ਹੀ ਦਿੱਤੀ ਜਾਂਦੀ ਸੀ ਪਰ ਹੁਣ ਇਹ ਯੋਗ ਪੁੱਤਰ ਨੂੰ ਦਿੱਤੀ ਜਾਣ ਲੱਗ ਪਈ ਸੀ। ਆਪ ਨੂੰ ਵੀ ਗੁਰਗੱਦੀ ਪਿਤਾ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਤੇ ਮਹਾਂਦੇਵ ਨਾਲੋਂ ਵੱਧ ਯੋਗ ਸਮਝ ਕੇ ਦਿੱਤੀ ਸੀ। ਫਿਰ ਆਪ ਨੇ ਇਹ ਆਪਣੇ ਸਪੁੱਤਰ (ਗੁਰੂ) ਹਰੋਗਬਿੰਦ ਰਾਏ ਨੂੰ ਦਿੱਤੀ।
ਪ੍ਰਸਿੱਧ ਰਚਨਾਵਾਂ : ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ-ਸੁਖਮਨੀ ਸਾਹਿਬ, ਬਾਰਾਮਾਹ (ਮਾਝ), ਬਾਵਨ ਅੱਖਰੀ, ਜੈਤਸਰੀ ਦੀ ਵਾਰ, ਰੁੱਤੀ, ਥਿਤੀ ਆਦਿ। ਆਪ ਨੇ ਬਾਕੀ ਗੁਰੂ ਸਾਹਿਬਾਨਾਂ ਨਾਲੋਂ ਸਭ ਤੋਂ ਵੱਧ ਬਾਣੀ ਰਚੀ। ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ।
ਬਾਣੀ ਦਾ ਵਿਸ਼ਾ : ਆਪ ਦੀ ਸਾਰੀ ਬਾਣੀ ਅਧਿਆਤਮਵਾਦੀ ਹੈ। ਆਪ ਨੇ ਨਿਮਰਤਾ ਤੇ ਉਸ ਪ੍ਰਭੂ ਦਾ ਭਾਣਾ ਮੰਨਣ ਲਈ ਪ੍ਰੇਰਨਾ ਦਿੱਤੀ ਹੈ। ਆਪ ਲਿਖਦੇ ਹਨ :
ਬੀਸ ਬਿਸਵੇ ਗੁਰੁ ਕਾ ਮਨੁ ਮਾਨੈ ॥
ਸੋ ਸੇਵਕ ਪ੍ਰਮੇਸਰ ਕੀ ਗਤਿ ਜਾਨੈ ॥
ਆਪ ਦੇ ਪਿਤਾ ਆਪ ਦੇ ਗੁਰੂ ਵੀ ਸਨ। ਆਪ ਪਿਤਾ ਦਾ ਵਿਛੋੜਾ ਝੱਲ ਨਹੀਂ ਸਨ ਸਕਦੇ। ਇੱਕ ਵਾਰ ਲੰਮਾ ਵਿਛੋੜਾ ਝੱਲਣਾ ਪਿਆ ਤੇ ਆਪ ਨੇ ਇਸ ਵਿਛੋੜੇ ਤੋਂ ਪ੍ਰਭਾਵਿਤ ਹੋ ਕੇ ਲਿਖਿਆ :
ਮੇਰਾ ਮਨੁ ਲੋਚੈ ਗੁਰ ਦਰਸਨ ਤਾਈਂ।
ਬਿਲਪੁ ਕਰੇ ਚਾਤ੍ਰਿਕ ਕੀ ਨਿਆਈਂ।
ਤੇ ਫਿਰ ਆਪ ਦਾ ਗੁਰੂ-ਪਿਤਾ ਨਾਲ ਮਿਲਾਪ ਹੋ ਗਿਆ ਤਾਂ ਆਪ ਆਪਣੇ ਆਪ ਨੂੰ ਵਡਭਾਗੀ ਸਮਝਣ ਲੱਗੇ :
ਭਾਗ ਹੋਆ ਗੁਰੂ ਸੰਤ ਮਿਲਾਇਆ॥
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ।।
ਇਸ ਤੋਂ ਇਲਾਵਾ ਆਪ ਦੀ ਬਾਣੀ ਵਲਵਲਿਆਂ ਨਾਲ ਭਰਪੂਰ ਹੈ। ਪ੍ਰਭੂ-ਪਿਆਰ ਦੀ ਤੀਬਰ-ਤਾਂਘ ਸਪਸ਼ਟ ਝਲਕਦੀ ਹੈ। ਆਪ ਦੀਆਂ ਰਚਨਾਵਾਂ ਤੁਕਾਂ ਤੇ ਅਖਾਣ ਬਣ ਗਏ ਹਨ :
ਸਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ॥
ਸਾਰੰਸ਼ : ਸਮੁੱਚੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਇੱਕ ਮਹਾਨ ਸਾਹਿਤਕਾਰ, ਮਹਾਨ ਕਵੀ, ਸੰਗੀਤਾਚਾਰੀਆ, ਭਵਨ ਨਿਰਮਾਤਾ, ਸੰਪਾਦਕ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁਜਾਰੀ ਤੇ ਭਗਤੀ ਦੇ ਰਸੀਏ, ਸੇਵਾ ਦੇ ਪੁਤਲੇ ਤੇ ਸ਼ਹੀਦਾਂ ਦੇ ਸਿਰਤਾਜ ਸਨ।