CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationHistory of PunjabNCERT class 10thParagraphPunjab School Education Board(PSEB)Punjabi Viakaran/ Punjabi Grammar

ਲੇਖ : ਸੁਤੰਤਰਤਾ-ਪ੍ਰਾਪਤੀ ਅਤੇ ਪੰਜਾਬੀਆਂ ਦੀ ਦੇਣ


ਸੁਤੰਤਰਤਾ-ਪ੍ਰਾਪਤੀ ਅਤੇ ਪੰਜਾਬੀਆਂ ਦੀ ਦੇਣ


ਅਣਖੀਲੇ ਪੰਜਾਬੀਆਂ ਦਾ ਦੇਸ਼ ਪ੍ਰਤੀ ਜਜ਼ਬਾ : ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਸ੍ਰੀ
ਗੋਪਾਲਾਚਾਰੀਆ ਨੇ ਆਪਣੇ ਦਿਲ ਦੀ ਅਵਾਜ਼ ਪ੍ਰਗਟ ਕਰਦਿਆਂ ਠੀਕ ਹੀ ਕਿਹਾ, “ਕਾਸ਼ ! ਮੈਂ ਪੰਜਾਬੀ ਹੁੰਦਾ!” ਪੰਜਾਬੀਆਂ ਨੂੰ ਸੁਤੰਤਰਤਾ ਦੇ ਪੁਜਾਰੀ ਕਹਿਣ ਵਿੱਚ ਕੋਈ ਅਤਿ-ਕਥਨੀ ਨਹੀਂ। ਕੁਦਰਤ ਨੇ ਪੰਜਾਬ ਨੂੰ ਇਹੋ ਜਿਹੀ ਭੂਗੋਲਿਕ ਸਥਿਤੀ ਦਿੱਤੀ ਹੈ ਅਤੇ ਪੰਜਾਬੀਆਂ ਨੂੰ ਅਜਿਹੇ ਦਿਲ ਦਿੱਤੇ ਹਨ ਕਿ ਪੰਜਾਬ ਸੁਤੰਤਰਤਾ-ਸੰਗਰਾਮ ਵਿੱਚ ਮੂਹਰਲੀ ਕਤਾਰ ਵਿੱਚ ਬੜੇ ਮਾਣ ਨਾਲ ਖੜ੍ਹਾ ਰਿਹਾ ਹੈ। ਪੰਜਾਬ ਭਾਰਤ ਦਾ ਉੱਤਰ ਪੱਛਮੀ ਸਰਹੱਦੀ ਇਲਾਕਾ ਹੋਣ ਕਰਕੇ ਹਰ ਬਾਹਰਲੇ ਹਮਲਾਵਰ ਨੂੰ ਸਭ ਤੋਂ ਪਹਿਲਾਂ ਬਾਂਕੇ, ਛੈਲ-ਛਬੀਲੇ ਤੇ ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀ ਨੌਜਵਾਨਾਂ ਨਾਲ ਟਾਕਰਾ ਕਰਨਾ ਪਿਆ। ਨਾਲੇ ਪੰਜਾਬ ਦਾ ਪਾਣੀ ਵੀ ਕੁਝ ਇਹੋ ਜਿਹਾ ਹੈ ਕਿ ਇੱਥੋਂ ਦੇ ਵਾਸੀ ਗ਼ੁਲਾਮੀ ਦੇ ਜੂਲੇ ਨੂੰ ਸਹਾਰ ਨਹੀਂ ਸਕਦੇ। ਉਹ ਆਪ ਜਿਉਂਦੇ ਰਹਿਣ ਨਾਲੋਂ ਆਪਣੀ ਅਣਖ ਜਿਉਂਦੀ ਰੱਖਣ ਲਈ ਵਧੇਰੇ ਚਿੰਤਾਤੁਰ ਹੁੰਦੇ ਹਨ। ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਨਾਲੋਂ ਵਧ ਕੇ ਕਿਸੇ ਹੋਰ ਕੌਮ ਨੇ ਹਿੱਸਾ ਨਹੀਂ ਪਾਇਆ।

ਅੰਗਰੇਜ਼ਾਂ ਦੇ ਗ਼ੁਲਾਮ ਹੋਣ ਦੀ ਮਜਬੂਰੀ : 1747 ਈ. ਵਿੱਚ ਪਲਾਸੀ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਸਹਿਜੇ-ਸਹਿਜੇ ਭਾਰਤ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਕੋਈ ਸੌ-ਡੇਢ ਸੌ ਸਾਲ ਦੇ ਅੰਦਰ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ। ਪੰਜਾਬੀ ਵੀ ਕਈ ਇੱਕ ਘਰੋਗੀ ਕਮਜ਼ੋਰੀਆਂ ਕਰਕੇ ਅੰਗਰੇਜ਼ਾਂ ਦੀ ਕੁਟਲ ਨੀਤੀ ਦਾ ਸ਼ਿਕਾਰ ਹੋ ਗਏ। ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਵੀ ਸਿੱਖਾਂ ਦੀ ਦੂਜੀ ਲੜਾਈ ਤੋਂ ਬਾਅਦ ਗ਼ੁਲਾਮ ਬਣਾ ਲਿਆ। ਪੰਜਾਬੀ ਮਜਬੂਰੀ ਦੀ ਹਾਲਤ ਵਿੱਚ ਗ਼ੁਲਾਮ ਤਾਂ ਬਣ ਗਏ, ਪਰ ਉਹ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਸਨ ਜਾਣਦੇ। ਇਸ ਲਈ ਉਹ ਗ਼ੁਲਾਮੀ ਦੇ ਜੂਲੇ ਨੂੰ ਗਲੋਂ ਉਤਾਰਨ ਲਈ ਮੌਕੇ ਨੂੰ ਤਾੜਨ ਲੱਗ ਪਏ।

ਜਾਗ੍ਰਿਤੀ : ਸਮਾਂ ਆਪਣੀ ਤੋਰ ਤੁਰਦਾ ਰਿਹਾ। ਭਾਰਤ ਮਾਂ ਦੇ ਪੁੱਤਰਾਂ ਦੀਆਂ ਗ਼ਦਾਰੀਆਂ, ਲਾਅਨਤ ਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਬਣ ਕੇ ਸਮੇਂ ਦੀ ਹਿੱਕ ‘ਤੇ ਰੜਕਦੀਆਂ ਰਹੀਆਂ। ਕਠੋਰ-ਚਿੱਤ ਤੇ ਜ਼ਾਲਮ ਅੰਗਰੇਜ਼ ਹਾਕਮਾਂ ਨੇ ਭਾਰਤ ਦੀ ਸੰਸਕ੍ਰਿਤੀ ਤੇ ਸੱਭਿਅਤਾ ਇਸ ਤੋਂ ਖੋਹ ਲਈ; ਇਸ ਦਾ ਸਾਹਿਤਕ, ਧਾਰਮਕ, ਰਾਜਸੀ, ਸਮਾਜਕ ਤੇ ਸੱਭਿਆਚਾਰਕ ਵਿਰਸਾ ਇਸ ਤੋਂ ਲੁੱਟ ਲਿਆ। ਜਦੋਂ ਇਸ ਦੇ ਪਵਿੱਤਰ ਪਾਣੀ ਵਿੱਚ ਜ਼ਹਿਰ ਘੋਲ ਦਿੱਤੀ ਗਈ, ਇੱਥੋਂ ਦੀ ਗ਼ਰੀਬ ਤੇ ਮਾਸੂਮ ਜਨਤਾ ਦੇ ਪੇਟ ਅੰਨ ਦੀ ਥਾਂ ਗੋਲੀਆਂ ਨਾਲ ਭਰੇ ਜਾਣ ਲੱਗ ਪਏ, ਤਦ ਭਾਰਤ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਲੇ ਇੱਕ ਨਹੀਂ, ਹਜ਼ਾਰਾਂ ਦੂਲੇ ਸੰਗੀਨਾਂ ਦੀਆਂ ਨੋਕਾਂ ‘ਤੇ ਨੱਚ ਕੇ ਵਤਨ-ਦੋਸਤੀ ਦਾ ਸਬੂਤ ਦੇਣ ਲਈ ਤਿਆਰ-ਬਰ-ਤਿਆਰ ਹੋ ਗਏ, ਇੱਥੋਂ ਦੇ ਕਿਣਕੇ ਵਿੱਚੋਂ ਵੰਗਾਰ ਪੈਦਾ ਹੋਈ :

ਵਤਨ ਕੀ ਫ਼ਿਕਰ ਕਰ ਨਾਦਾਂ, ਮੁਸੀਬਤ ਆਨੇ ਵਾਲੀ ਹੈ।
ਤੇਰੀ ਬਰਬਾਦੀਓਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ।
ਨਾ ਮਾਨੋਗੇ ਤੋਂ ਮਿਟ ਜਾਉਗੇ ਐ ਹਿੰਦੁਸਤਾਂ ਵਾਲੋ। ਤੁਮਹਾਰੀ ਦਾਸਤਾਂ ਤਕ ਭੀ ਨਾ ਹੋਂਗੀ ਦਾਸਤਾਨੋਂ ਮੇਂ।

ਅਜ਼ਾਦੀ ਦੀ ਲਹਿਰ ਵਿੱਚ ਪੰਜਾਬੀਆਂ ਦਾ ਯੋਗਦਾਨ : ਭਾਰਤ ਦੀ ਸੁਤੰਤਰਤਾ ਲਹਿਰ ਵਿੱਚ ਪੰਜਾਬੀਆਂ ਦੀ ਸਭ ਤੋਂ ਮਹਾਨ ਦੇਣ ਇਹ ਹੈ ਕਿ ਜੇ ਪੰਜਾਬ ਤੋਂ ਛੁੱਟ ਬਾਕੀ ਭਾਰਤ ਵਿੱਚ ਅੰਗਰੇਜ਼ ਤਿੰਨ ਸੌ ਸਾਲ ਰਹੇ ਤਾਂ ਪੰਜਾਬ ਵਿੱਚ ਕੇਵਲ ਇੱਕ ਸੌ ਸਾਲ ਅਤੇ ਇਸ ਸਮੇਂ ਵੀ ਪੰਜਾਬੀਆਂ ਨੇ ਉਨ੍ਹਾਂ ਨੂੰ ਨਿਸਚਿੰਤ ਹੋ ਕੇ ਰਾਜ ਨਹੀਂ ਕਰਨ ਦਿੱਤਾ। ਸਭ ਤੋਂ ਪਹਿਲਾਂ 1870-80 ਈ. ਵਿੱਚ ਬਾਬਾ ਰਾਮ ਸਿੰਘ ਜੀ ਭੈਣੀ ਵਾਲੇ ਹੁਰਾਂ ‘ਕੂਕਾ ਲਹਿਰ’ ਦੇ ਰੂਪ ਵਿੱਚ ਭਾਰਤ ਦੀ ਸੁਤੰਤਰਤਾ ਦਾ ਸੰਗਰਾਮ ਅਰੰਭਿਆ। ਹਜ਼ਾਰਾਂ ਰਾਂਝੇ ਅਜ਼ਾਦੀ ਦੀ ਹੀਰ ਨੂੰ ਪਰਨਾਉਣ ਲਈ ਸਿਰਾਂ ‘ਤੇ ਖ਼ੱਫ਼ਣ ਬੰਨ੍ਹ ਕੇ ਮੈਦਾਨ ਵਿੱਚ ਨਿੱਤਰ ਪਏ। ਇਸ ਦੇ ਫਲਸਰੂਪ ਨੌਜੁਆਨ, ਬੁੱਢੇ ਤੇ ਫੁੱਲਾਂ ਵਰਗੇ ਨਿੱਕੇ-ਨਿਕੇ ਮਾਸੂਮ ਬੱਚੇ ਮਲਰੇਕੋਟਲੇ ਵਿੱਚ ਤੋਪਾਂ ਨਾਲ ਉਡਾ ਦਿੱਤੇ ਗਏ। ਸੱਚ ਪੁੱਛੋ ਤਾਂ ਬਾਬਾ ਰਾਮ ਸਿੰਘ ਦੀ ‘ਨਾ-ਮਿਲਵਰਤਨ ਲਹਿਰ’, ਜੋ ਪਿੱਛੋਂ ਗਾਂਧੀ ਜੀ ਨੇ ਅਪਣਾਈ, ਸੁਤੰਤਰਤਾ-ਪ੍ਰਾਪਤੀ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਦੇਣ ਸੀ। ਉਪਰੰਤ 1907 ਈ. ਵਿੱਚ ਇਸੇ ਪ੍ਰਾਂਤ ਵਿੱਚ ਸੂਫ਼ੀ ਅੰਬਾ ਪ੍ਰਸਾਦ, ਸਰਦਾਰ ਅਜੀਤ ਸਿੰਘ, ਲਾਲਾ ਲਾਜਪਤ ਰਾਏ ਤੇ ਚੌਧਰੀ ਸ਼ਹਾਬੁਦੀਨ ਨੇ ‘ਪੱਗੜੀ ਸੰਭਾਲ ਜੱਟਾ’ ਦਾ ਨਾਅਰਾ ਲਾਇਆ। ਇਸ ਤੋਂ ਬਾਅਦ ਚੀਨ, ਕੈਨੇਡਾ ਤੇ ਅਮਰੀਕਾ ਵਿੱਚ ਗਏ ਪੰਜਾਬੀਆਂ ਨੇ ‘ਗ਼ਦਰ ਲਹਿਰ’ ਸ਼ੁਰੂ ਕੀਤੀ। ਅੱਜ ਕਿਸ ਨੂੰ ਨਹੀਂ ਪਤਾ ਕਿ ਇਸ ਪਾਰਟੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਭਕਨਾ ਤੇ ਜਨਰਲ ਸਕੱਤਰ, ਲਾਲਾ ਹਰਦਿਆਲ ਐਮ.ਏ. ਨੇ ਭਾਰਤ ਦੀ ਅਜ਼ਾਦੀ ਲਈ ਆਪਣੀ ਜਵਾਨੀ ਦੀਆਂ ਰੀਝਾਂ ਤੇ ਸੱਧਰਾਂ ਵਾਰ ਦਿੱਤੀਆਂ ਅਤੇ ਆਪਣਾ ਘਰ-ਘਾਟ ਬਰਬਾਦ ਕਰ ਦਿੱਤਾ? ਕੌਣ ਨਹੀਂ ਜਾਣਦਾ ਕਿ ਪੰਜਾਬੀਆਂ ਨੇ ‘ਸੱਤਿਆਗ੍ਰਹਿ ਤੇ ‘ਨਾ-ਮਿਲਵਰਤਨ’ ਲਹਿਰਾਂ ਵਿੱਚ ਅਜ਼ਾਦੀ ਦੀ ਦੇਵੀ ਨੂੰ ਖ਼ੂਨ ਦੀ ਅਹੂਤੀ ਦੇ ਦਿੱਤੀ? ਜ਼ੰਜੀਰਾਂ ਤੋੜ – ਤੋੜ ਕੇ, ਸਰਬੰਸ ਵਾਰ – ਵਾਰ ਕੇ ਅਤੇ ਫਾਂਸੀਆਂ ਦੇ ਰੱਸੇ ਚੁੰਮ – ਚੁੰਮ ਕੇ ਪੰਜਾਬੀ ਅੱਗੇ ਤੁਰਦਾ ਗਿਆ। ਉਸ ਦੇ ਖ਼ੂਨ ਦਾ ਡੁੱਲ੍ਹਿਆ ਹੋਇਆ ਇੱਕ-ਇੱਕ ਕਤਰਾ ਕੇਵਲ ਭਾਰਤ ਲਈ ਹੀ ਨਹੀਂ ਸਗੋਂ ਸਰਬੱਤ ਸੰਸਾਰ ਲਈ ਸੁਨੇਹਾ ਬਣ ਕੇ ਆਖਦਾ ਰਿਹਾ :

ਐ ਖ਼ਾਕ ਨਸ਼ੀਨੋ ਉਠ ਬੈਠੋ ਵੋਹ ਵਕਤ ਕਰੀਬ ਆ ਪਹੁੰਚਾ ਹੈ,
ਜਬ ਤਖ਼ਤ ਉੜਾਏ ਜਾਏਂਗੇ ਔਰ ਤਾਜ ਉਛਾਲੇ ਜਾਏਂਗੇ।

ਲਹਿਰਾਂ ਵਿੱਚ ਸ਼ਹੀਦ ਹੋਏ ਪੰਜਾਬੀ : 1914 ਈ. ਤੋਂ ਪਿੱਛੋਂ ‘ਬੱਬਰ ਲਹਿਰ’ ਦੇ ਸੰਤ ਸਿੰਘ, ਕ੍ਰਿਸ਼ਨ ਸਿੰਘ ਗੜਗੱਜ, ਸ: ਧਰਮ ਸਿੰਘ ਤੇ ਸ: ਦਲੀਪ ਸਿੰਘ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਭਾਰਤ ਦੀ ਅਜ਼ਾਦੀ ਲਈ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ, ਬਜਬਜ ਘਾਟ ਅਤੇ ਕਾਮਾਗਾਟਾਮਾਰੂ ਜਹਾਜ਼ ‘ਤੇ ਵਰ੍ਹਦੀਆਂ ਗੋਲੀਆਂ ਹਿੰਦੁਸਤਾਨ ਦੀ ਅਜ਼ਾਦੀ ਦਾ ਸੰਦੇਸ਼ ਬਣੀਆਂ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ: ਬਲਵੰਤ ਸਿੰਘ ਖੁਰਦਪੁਰ, ਸ: ਬੰਤਾ ਸਿੰਘ ਸੰਘਵਾਲ, ਪੰਡਤ ਕਾਂਸ਼ੀ ਰਾਮ ਅਤੇ ਸ੍ਰੀ ਰਹਿਮਤ ਅਲੀ ਦੀਆਂ ਸੂਲੀ ‘ਤੇ ਟੰਗੀਆਂ ਹੋਈਆਂ ਲਾਸ਼ਾਂ ਨੂੰ ਵੇਖ ਕੇ ਕਿਸ ਦਾ ਦਿਲ ਨਹੀਂ ਡੋਲਿਆ? ਅਸਲ ਵਿੱਚ ਇਨ੍ਹਾਂ ਸ਼ਹੀਦਾਂ ਦੇ ਸਾਹਮਣੇ ਮੌਤ ਤੁੱਛ ਤੇ ਸੁਤੰਤਰਤਾ-ਪ੍ਰਾਪਤੀ ਮਹਾਨ ਸੀ।

ਸਤਾਰਾਂ ਸਾਲ ਦੇ ਬੱਚੇ ਸ: ਕਰਤਾਰ ਸਿੰਘ ਸਰਾਭਾ ਨੂੰ ਫ਼ਾਂਸੀ ਦੇ ਤਖ਼ਤੇ ਉੱਤੇ ਚਾੜ੍ਹਦਿਆਂ ਹੋਇਆਂ ਅੰਗਰੇਜ਼ ਅਫ਼ਸਰ ਨੇ ਕਿਹਾ, “ਐ ਕਰਤਾਰ ਸਿੰਘ ਮੁਝੇ ਟੁਮਾਰੀ ਬੀਊਟੀ ਪਰ ਟਰਸ ਆਟਾ ਹੈ, ਅੱਛੀ ਬਾਟ ਹੋਗੀ ਅਗਰ ਟੁਮ ਮਾਫ਼ੀ ਮਾਂਗ ਲੋ।’

ਸੂਰਬੀਰ ਸਰਾਭੇ ਨੇ ਅੰਗਰੇਜ਼ ਅਫ਼ਸਰ ਦੀ ਨੀਅਤ ਸਮਝਦਿਆਂ ਉਸ ਨੂੰ ਚੰਗੀ ਫ਼ਿਟਕਾਰ ਪਾਈ ਅਤੇ ਆਖ਼ਰੀ ਖ਼ਾਹਸ਼ ਪੁੱਛੇ ਜਾਣ ’ਤੇ ਕਿਹਾ, “ਮੈਨੂੰ ਜਲਦੀ ਫ਼ਾਂਸੀ ਦੇ ਦਿਓ ਤਾਂ ਜੁ ਨਵਾਂ ਜਨਮ ਲੈ ਕੇ ਮੁੜ ਦੇਸ਼ ਦੇ ਕੰਮ ਆ ਸਕਾਂ।’

ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਦੇ ਪਿੰਡੇ ‘ਤੇ ਵੱਜੀਆਂ ਡਾਂਗਾਂ ਅੰਗਰੇਜ਼ ਸਾਮਰਾਜ ਦੀ ਮੌਤ ਦਾ ਕਾਰਨ ਬਣੀਆਂ। ਸ: ਅਤਰ ਸਿੰਘ ਛੀਨਾ, ਸ: ਸੋਹਨ ਸਿੰਘ ਜੋਸ਼, ਸ: ਤੇਜਾ ਸਿੰਘ ਸੁਤੰਤਰ, ਸ: ਊਧਮ ਸਿੰਘ, ਮਾਸਟਰ ਤਾਰਾ ਸਿੰਘ, ਬਾਬਾ ਗੁਰਦਿੱਤ ਸਿੰਘ ਤੇ ਸ੍ਰੀ ਫ਼ਿਰੋਜ਼ਦੀਨ ਮਨਸੂਰ ਨੇ ਅੰਗਰੇਜ਼ ਸਾਮਰਾਜ ਦੇ ਬਖੀਏ ਉਧੇੜ ਦਿੱਤੇ। ਜਨਰਲ ਮੋਹਨ ਸਿੰਘ ਤੇ ਸ੍ਰੀ ਸ਼ਾਹ ਨਿਵਾਜ਼ ਨੇ ਵਿਦੇਸ਼ੀ ਰਾਜ ਦੀਆਂ ਧੱਜੀਆਂ ਉਡਾ ਦਿੱਤੀਆਂ। ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਸਤਲੁਜ ਦੇ ਕੰਢੇ ਸੜਦੀਆਂ ਹੋਈਆਂ ਲੋਥਾਂ ਨੇ ਭਾਰਤ ਵਾਸੀਆਂ ਨੂੰ ਅਜ਼ਾਦੀ ਲਈ ਮੌਤ ਦਾ ਸੁਨੇਹਾ ਦਿੱਤਾ। ਜਲ੍ਹਿਆਂਵਾਲੇ ਬਾਗ਼ ਦੀ ਧਰਤੀ ‘ਤੇ ਖ਼ੂਨ-ਖ਼ਰਾਬਾ ਵੇਖ ਕੇ ਮਹਾਂਕਵੀ ਟੈਗੋਰ, ਮਹਾਤਮਾ ਗਾਂਧੀ, ਸਰਦਾਰ ਪਟੇਲ, ਸ੍ਰੀ ਮਦਨ ਮੋਹਨ ਅਤੇ ਸ੍ਰੀ ਮੋਤੀ ਲਾਲ ਨਹਿਰੂ ਵਰਗੇ ਵੀ ਰੋ ਪਏ। ਯਤੀਮ ਹੋ ਚੁੱਕੀਆਂ ਬੱਚੀਆਂ, ਵਿਧਵਾ ਹੋ ਗਈਆਂ ਸੁਹਾਗਣਾਂ, ਨਪੁੱਤੀਆਂ ਬਣੀਆਂ ਮਾਵਾਂ ਤੇ ਬੇਆਸਰਾ ਹੋ ਗਈਆਂ ਭੈਣਾਂ ਦਾ ਸੀਨਾ ਲੀਰੋ-ਲੀਰ ਹੋ ਕੇ ਵੀ ਪੁਕਾਰਦਾ ਰਿਹਾ :

ਫੁੱਲ ਵਤਨ ਦੇ ਬਾਗ਼ ਵਿੱਚ ਖਿੜਨ ਪਿੱਛੋਂ,
ਸਿੰਜੀਏ ਖ਼ੂਨ ਦੀ ਡੋਲ੍ਹ ਕੇ ਧਾਰ ਪਹਿਲਾਂ।
ਛਾਤੀ ਤਾਣ ਕੇ ਰੱਖਣੀ ਵੀਰ ਮੇਰੇ,
ਡਾਇਰ ਰੱਜ ਕੇ ਕਰ ਲਵੇ ਵਾਰ ਪਹਿਲਾਂ।

ਏਥੇ ਹੀ ਬੱਸ ਨਹੀਂ ਇਸ ਸੁਤੰਤਰਤਾ ਲਈ ਪੰਜਾਬੀਆਂ ਨੇ ਆਪਣੀ ਧਰਤੀ ਮਾਂ (ਪੰਜਾਬ) ਦੀ ਵੰਡ ਵੀ ਸਿਰ ਮੱਥੇ ‘ਤੇ ਮੰਨ ਲਈ।

ਪੰਜਾਬੀ ਸਾਹਿਤਕਾਰਾਂ ਦਾ ਯੋਗਦਾਨ : ਭਾਰਤ ਦੀ ਸੁਤੰਤਰਤਾ ਪ੍ਰਾਪਤੀ ਦੇ ਆਦਰਸ਼ ਵੱਲ ਵਧਦੇ ਹੋਏ ਕਾਫ਼ਲੇ ਵਿੱਚ ਪੰਜਾਬੀ ਸਾਹਿਤਕਾਰ ਵੀ ਪਿੱਛੇ ਨਹੀਂ ਰਿਹਾ। ਸਰ ਮੁਹੰਮਦ ਇਕਬਾਲ ਦੇ ਇਨਕਲਾਬੀ ਨਗਮੇ, ਸ: ਸੋਹਨ ਸਿੰਘ ਜੋਸ਼ ਦੇ ‘ਹੰਝੂ’, ਸ. ਵਿਧਾਤਾ ਸਿੰਘ ਤੀਰ ਦੇ ‘ਸੀਨੇ ਜ਼ਖ਼ਮ’, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦੇ ‘ਥਲਾਂ ਵਿੱਚ ਸੜ ਚੁੱਕ ਪੈਰ’, ਸ੍ਰੀ ਸ਼ਰਫ਼ ਦੇ ‘ਸੀਨੇ ਦੇ ਅੰਗਿਆਰ’, ਸ. ਮੁਨਸ਼ਾ ਸਿੰਘ ਦੁਖੀ ਦੀਆਂ ‘ਆਹਾਂ’, ਸ: ਅਵਤਾਰ ਸਿੰਘ ਅਜ਼ਾਦ ਦੀ ‘ਵੰਗਾਰ’, ਲਾਲਾ ਧਨੀ ਰਾਮ ਚਾਤ੍ਰਿਕ ਦੇ ‘ਮਚਲਦੇ ਅਰਮਾਨ’ ਅਤੇ ਗਿਆਨੀ ਹੀਰਾ ਸਿੰਘ ਦਰਦ ਦੇ ‘ਦਰਦ-ਸੁਨੇਹੇ’ ਸੱਚਮੁੱਚ ਦੀ ਅਜ਼ਾਦੀ ਲਈ ਨਿੱਘੇ ਪਿਆਰ ਦਾ ਸਬੂਤ ਦਿੰਦੇ ਹਨ।

ਸਿੱਟਾ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀਆਂ ਨੇ ਭਾਰਤ ਦੀ ਸੁਤੰਤਰਤਾ ਵਿੱਚ ਸਭ ਨਾਲੋਂ ਵਧ-ਚੜ੍ਹ ਕੇ ਭਾਗ ਲਿਆ ਹੈ। ਪੰਜਾਬੀ ਸੂਰਬੀਰ ਭਾਰਤ ਤੇ ਵਿਦੇਸ਼ਾਂ ਵਿੱਚ ਚਲ ਰਹੀਆਂ ਅਜ਼ਾਦੀ ਦੀਆਂ ਲਹਿਰਾਂ ਦੇ ਹਮੇਸ਼ਾ ਥੰਮ੍ਹ ਬਣੇ ਰਹੇ ਅਤੇ ਕਦੇ ਨਾ ਡੋਲੇ। ਇਨ੍ਹਾਂ ਦੀਆਂ ਕੁਰਬਾਨੀਆਂ ਸਦਾ ਯਾਦ ਰਹਿਣਗੀਆਂ :

ਜਦੋਂ ਕਦੇ ਵੀ ਦੇਸ਼ ਖੁਸ਼ਹਾਲ ਹੋਵੇ,
ਯਾਦ ਰੱਖਣੀ ਇਨ੍ਹਾਂ ਪਰਵਾਨਿਆਂ ਦੀ।
ਕਰਨੀ ਯਾਤਰਾ ਇਨ੍ਹਾਂ ਦੀਆਂ ਝੁੱਗੀਆਂ ਦੀ,
ਮੜ੍ਹੀ ਪੂਜਣੀ ਇਨ੍ਹਾਂ ਮਸਤਾਨਿਆਂ ਦੀ।