ਲੇਖ : ਸਾਡੀਆਂ ਸਮਾਜਿਕ ਬੁਰਾਈਆਂ
ਸਾਡੀਆਂ ਸਮਾਜਿਕ ਬੁਰਾਈਆਂ
ਭੂਮਿਕਾ : ਮਨੁੱਖ ਇੱਕ ਸਮਾਜਕ ਪ੍ਰਾਣੀ ਹੈ। ਉਹ ਸਮਾਜ ਤੋਂ ਵੱਖਰਾ ਹੋ ਕੇ ਕਦੇ ਵੀ ਜਿਊਂਦਾ ਨਹੀਂ ਰਹਿ ਸਕਦਾ। ਸਮਾਜ ਵਿੱਚ ਵਿਚਰਦਿਆਂ ਮਨੁੱਖ ਨੇ ਆਪਣੀ ਲੋੜ ਅਨੁਸਾਰ ਕਈ ਰੀਤਾਂ-ਰਸਮਾਂ ਬਣਾਈਆਂ। ਬਹੁਤ ਸਾਰੀਆਂ ਰਸਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਸਾਰੇ ਸਮਾਜ ਵੱਲੋਂ ਨਿਭਾਇਆ ਜਾਂਦਾ ਹੈ। ਸਮੇਂ ਦੇ ਪਰਿਵਰਤਨ ਨਾਲ ਕਈ ਰਸਮਾਂ ਵੀ ਬਦਲ ਜਾਂਦੀਆਂ ਹਨ ਤੇ ਕਈ ਨਵੀਆਂ ਬਣ ਜਾਂਦੀਆਂ ਹਨ ਪਰ ਜਦੋਂ ਕੁਝ ਰਸਮਾਂ ਸਮੇਂ ਅਨੁਸਾਰ ਨਹੀਂ ਬਦਲਦੀਆਂ ਤਾਂ ਇਹ ਸਮਾਜ ਦੇ ਮੱਥੇ ’ਤੇ ਕਲੰਕ ਬਣ ਜਾਂਦੀਆਂ ਹਨ। ਇਹੋ ਹੀ ਸਮਾਜਕ ਬੁਰਾਈਆਂ ਹੁੰਦੀਆਂ ਹਨ।
ਸਾਡਾ ਅਜੋਕਾ ਸਮਾਜ ਗ਼ਲਤ ਰਸਮਾਂ ਤੇ ਰਿਵਾਜਾਂ ਦਾ ਸ਼ਿਕਾਰ ਹੋ ਗਿਆ ਹੈ ਤੇ ਦਿਨੋ-ਦਿਨ ਬੁਰਾਈ ਦੀਆਂ ਡੂੰਘੀਆਂ ਖੱਡਾਂ ਵਿੱਚ ਡਿੱਗਦਾ ਜਾ ਰਿਹਾ ਹੈ। ਇਹਨਾਂ ਗ਼ਲਤ ਰਸਮਾਂ ਦੀ ਜੜ੍ਹ ਹੈ—ਭ੍ਰਿਸ਼ਟਾਚਾਰ, ਪੈਸਾ, ਮਨੁੱਖ ਦੀ ਸੋਚ, ਪਿਛਾਂਹ-ਖਿੱਚੂ ਖ਼ਿਆਲ, ਸ਼ਿਸ਼ਟਾਚਾਰ ਵਿੱਚ ਗਿਰਾਵਟ ਅਤੇ ਲੋਕ-ਵਿਖਾਵਾ ਆਦਿ। ਸਾਡੇ ਦੇਸ਼ ਨੂੰ ਅਜ਼ਾਦ ਹੋਇਆਂ ਸੱਤਰ ਸਾਲ ਤੋਂ ਉਪਰ ਹੋ ਗਏ ਹਨ। ਨਿਰਸੰਦੇਹ ਅਸੀਂ ਕਈ ਖੇਤਰਾਂ ਵਿੱਚ ਪ੍ਰਸੰਸਾਯੋਗ ਤਰੱਕੀ ਕੀਤੀ ਹੈ ਪਰ ਇਹ ਤਰੱਕੀ ਸਮਾਜਕ ਬੁਰਾਈਆਂ ਸਾਹਮਣੇ ਨਾ-ਮਾਤਰ ਹੀ ਜਾਪਦੀ ਹੈ ਕਿਉਂਕਿ ਸਾਡਾ ਸਮਾਜ ਸਮਾਜਕ ਬੁਰਾਈਆਂ ਨਾਲ ਭਰਿਆ ਪਿਆ ਹੈ; ਜੋ ਇਹ ਹਨ :
ਦਾਜ ਦੀ ਕੁਰੀਤੀ : ਅੱਜ ਸਭ ਤੋਂ ਪ੍ਰਮੁੱਖ ਕੁਰੀਤੀ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ ਉਹ ਹੈ ਦਾਜ ਦਾ ਦੈਂਤ। ਲੱਖਾਂ ਹੀ ਕੀਮਤੀ ਜਾਨਾਂ ਇਸ ਦੀ ਭੇਟ ਚੜ੍ਹ ਚੁੱਕੀਆਂ ਹਨ। ਪ੍ਰਾਚੀਨ ਸਮੇਂ ਵਿੱਚ ਇਹ ਇੱਕ ਰੀਤ ਸੀ ਜਿਹੜੀ ਅੱਜ ਕੁਰੀਤੀ ਬਣ ਗਈ ਹੈ। ਲੜਕੇ ਵਾਲੇ ਆਪਣੇ ਲੜਕੇ ਦਾ ਵਿਆਹ ਲੜਕੀ ਨਾਲ ਨਹੀਂ ਬਲਕਿ ਉਸ ਦੇ ਪੇਕਿਆਂ ਵੱਲੋਂ ਦਿੱਤੇ ਗਏ ਦਾਜ ਨਾਲ ਕਰਦੇ ਹਨ। ਅੱਜ ਵਿਆਹ ਸੌਦੇਬਾਜ਼ੀ ਹੋ ਗਿਆ ਹੈ। ਦਾਜ ਕਾਰਨ ਸਹੁਰਿਆਂ ਹੱਥੋਂ ਸਤਾਈ ਅਬਲਾ ਆਪ ਹੀ ਦਾਜ ਦੀ ਬਲੀ ਚੜ੍ਹ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਇਹ ਵੀ ਖ਼ਬਰਾਂ ਸੁਣਨ ਵਿੱਚ ਆਈਆਂ ਹਨ ਕਿ ਦਾਜ ਦੇ ਲੋਭੀਆਂ ਨੂੰ ਬੇਰੰਗ ਬਰਾਤ ਵਾਪਸ ਮੋੜਨੀ ਪਈ। ਲੜਕੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਦਾਜ ਦੇ ਲੋਭੀਆਂ ਦਾ ਡਟ ਕੇ ਮੁਕਾਬਲਾ ਕਰਨ ਨਾ ਕਿ ਦਾਜ ਦੀ ਬਲੀ ਚੜ੍ਹਨ।
ਵਿਆਹ ਸਮੇਂ ਫ਼ਜ਼ੂਲ-ਖ਼ਰਚੀ ਤੇ ਲੋਕ-ਵਿਖਾਵਾ : ਵਿਆਹ ਸਮੇਂ ਫ਼ਜ਼ੂਲ-ਖ਼ਰਚੀ ਏਨੀ ਕੁ ਵਧ ਗਈ ਹੈ ਕਿ ਲੜਕੇ-ਲੜਕੀ ਵਾਲੇ ਆਪਣੀ ਫੋਕੀ ਸ਼ਾਨੋ-ਸ਼ੌਕਤ ਖ਼ਾਤਰ ਬੇਲੋੜਾ ਪੈਸਾ ਖ਼ਰਚ ਕਰਦੇ ਹਨ। ਲੋਕ-ਵਿਖਾਵੇ ਦੀ ਖ਼ਾਤਰ ਵਿਆਹ ਅਤੇ ਵਿਆਹ ਤੋਂ ਪਹਿਲਾਂ ਮੰਗਣੀ, ਸ਼ਗਨ ‘ਤੇ ਵੀ ਖੁੱਲ੍ਹ ਕੇ ਪਾਣੀ ਵਾਂਗ ਪੈਸਾ ਰੋੜ੍ਹਦੇ ਹਨ। ਮਹਿੰਗੇ ਤੋਂ ਮਹਿੰਗੇ ਪੈਲਸ, ਤਰ੍ਹਾਂ-ਤਰ੍ਹਾਂ ਦੇ ਖਾਣੇ, ਤਰ੍ਹਾਂ-ਤਰ੍ਹਾਂ ਦੇ ਸ਼ਾਮਿਆਨੇ, ਬੇਲੋੜੀਆਂ ਲਾਈਟਾਂ, ਵੱਡੀ ਗਿਣਤੀ ਵਿੱਚ ਬਰਾਤ ਆਦਿ, ਇਹ ਸਾਰੀ ਫ਼ਜ਼ੂਲ – ਖ਼ਰਚੀ ਹੈ ਤੇ ਇੱਕ ਸਮਾਜਕ ਬੁਰਾਈ ਹੈ।
ਪਕਵਾਨਾਂ ਦੀ ਬੇਅਦਬੀ : ਵਿਆਹਾਂ ਸ਼ਾਦੀਆਂ ਤੇ ਪਕਵਾਨਾਂ ਦੀ ਗਿਣਤੀ ਬੇਹਿਸਾਬੀ ਹੋ ਗਈ ਹੈ। ਲੋਕ ਪਲੇਟਾਂ ਭਰ-ਭਰ ਲੈ ਜਾਂਦੇ ਹਨ ਤੇ ਭਾਵੇਂ ਅੱਧਿਓਂ-ਵੱਧ ਜੂਠ ਵਿੱਚ ਹੀ ਰਹਿਣ ਦੇਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਬਰਾਤ ਵਿੱਚ ਮੈਂਬਰਾਂ ਦੀ ਗਿਣਤੀ ਅਤੇ ਖਾਣਾ (ਸਧਾਰਨ) ਨਿਸਚਿਤ ਕਰ ਦਿੱਤਾ ਜਾਵੇ ਜਿਸ ਨਾਲ ਅਨਾਜ ਤੇ ਪੈਸੇ ਦੀ ਦੁਰਵਰਤੋਂ ਰੁਕ ਸਕਦੀ ਹੈ।
ਮੰਗਣ ਦੀ ਬੁਰਾਈ : ਸਾਡੇ ਸਮਾਜ ਵਿੱਚ ਭੀਖ ਮੰਗਣਾ ਇੱਕ ਕਿੱਤਾ ਬਣ ਗਿਆ ਹੈ। ਕਈ ਮੰਗਤੇ ਤਾਂ ਸਰੀਰਕ ਪੱਖੋਂ ਊਣੇ, ਲੰਗੜੇ, ਅੰਨ੍ਹੇ ਜਾਂ ਕਿਸੇ ਹੋਰ ਮਜਬੂਰੀ ਦੇ ਮਾਰੇ ਹੁੰਦੇ ਹਨ ਪਰ ਕਈ ਹੱਟੇ-ਕੱਟੇ ਹੋ ਕੇ ਵੀ ਮੰਗਣ ਤੋਂ ਗੁਰੇਜ਼ ਨਹੀਂ ਕਰਦੇ। ਕਈ ਧਾਰਮਕ ਸੰਸਥਾਵਾਂ ਦੇ ਨਾਂ ‘ਤੇ ਜਬਰੀ ਉਗਰਾਹੀ ਕਰਦੇ ਹਨ ਤੇ ਕਈ ਮੰਗਤੇ ਜਿਨ੍ਹਾਂ ਨੂੰ ਲਾਗੀ ਵੀ ਕਿਹਾ ਜਾਂਦਾ ਹੈ, ਇਹ ਵੀ ਕਿਸੇ ਵੀ ਖ਼ੁਸ਼ੀ ਦੇ ਮੌਕੇ ‘ਤੇ ਆ ਕੇ ਵੱਧ ਤੋਂ ਵੱਧ ਪੈਸੇ ਬਟੋਰਨੇ ਆਪਣਾ ਹੱਕ ਸਮਝਦੇ ਹਨ। ਬੇਸ਼ੁਮਾਰ ਮੰਗਤੇ ਇਸ ਲਈ ਮੰਗ ਕੇ ਪੈਸੇ ਇਕੱਠੇ ਕਰਦੇ ਹਨ ਕਿਉਂਕਿ ਭਾਰਤੀ ਸਮਾਜ ਵਿੱਚ ਦਿੱਤੇ ਦਾਨ ਨੂੰ ਅਗਲੇ ਜਨਮ ਲਈ ਬਹੁਤ ਚੰਗਾ ਸਮਝਿਆ ਜਾਂਦਾ ਹੈ। ਮੰਗਣਾ ਗੰਭੀਰ ਬੁਰਾਈ ਹੀ ਨਹੀਂ ਸਗੋਂ ਸਮਾਜ ਦੇ ਮੱਥੇ ‘ਤੇ ਕਲੰਕ ਹੈ। ਸਰਕਾਰ ਅਤੇ ਜਨਤਾ ਦੋਹਾਂ ਦਾ ਫ਼ਰਜ਼ ਬਣਦਾ ਹੈ ਕਿ ਇਸ ਬੁਰਾਈ ਨਾਲ ਨਜਿੱਠਣ, ਅੰਗਹੀਣ, ਨਕਾਰੇ ਵਿਅਕਤੀਆਂ ਲਈ ਵਿਸ਼ੇਸ਼ ਆਸ਼ਰਮ ਬਣਾਏ ਜਾਣ ਤੇ ਸਾਧਾਂ-ਸੰਤਾਂ ਦੇ ਭੇਸ
ਵਿੱਚ ਮੰਗਣ ਵਾਲੇ ਹੱਟੇ-ਕੱਟੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ।
ਮਾਦਾ ਭਰੂਣ-ਹੱਤਿਆ : ਦਾਜ ਦੇ ਦੈਂਤ ਦੇ ਕਹਿਰ ਨੇ ਮਾਦਾ ਭਰੂਣ-ਹੱਤਿਆ ਵਿੱਚ ਲਗਾਤਾਰ ਵਾਧਾ ਕੀਤਾ ਹੈ ਜਿਹੜਾ ਹੁਣ ਰੁਕਣ ਦਾ ਨਾਂ ਨਹੀਂ ਲੈ ਰਿਹਾ। “ਭਾਰਤੀਆਂ ਦੀ ਮਾਨਸਕਤਾ ਵਿੱਚ ਜੀਵ-ਹੱਤਿਆ ਪਾਪ ਹੈ ਸ਼ਾਇਦ ਭਰੂਣ-ਹੱਤਿਆ ਨਹੀਂ”। ਅੱਜ ਮਾਦਾ ਭਰੂਣ-ਹੱਤਿਆ ਦੇ ਕਹਿਰ ਨੇ ਲੜਕੀਆਂ ਦੀ ਗਿਣਤੀ ਬਹੁਤ ਘਟਾ ਦਿੱਤੀ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਜਿਸ ਰਫ਼ਤਾਰ ਨਾਲ ਇਹ ਭਰੂਣ-ਹੱਤਿਆ ਹੋ ਰਹੀ ਹੈ ਤੇ ਲੜਕੀਆਂ ਦੀ ਗਿਣਤੀ ਘਟ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਉਹ ਵਕਤ ਨਜ਼ਦੀਕ ਆ ਰਿਹਾ ਹੈ ਜਦੋਂ ਬਹੁਤੇ ਮੁੰਡੇ ਕੁਆਰੇ ਹੀ ਰਹਿਣਗੇ।
ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ : ਸਾਡਾ ਸਮਾਜ ਅਜੇ ਵੀ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋਇਆ ਪਿਆ ਹੈ। ਕੋਈ ਛਿੱਕ-ਨਿੱਛ ਮਾਰ ਦੇਵੇ, ਬਿੱਲੀ ਰਸਤਾ ਕੱਟ ਜਾਵੇ, ਕੋਈ ਪਿੱਛੋਂ ‘ਵਾਜ਼ ਮਾਰ ਦੇਵੇ ਤਾਂ ਅਸ਼ੁੱਭ ਮੰਨਿਆ ਜਾਂਦਾ ਹੈ। ਪੰਡਤ, ਜੋਤਸ਼ੀ, ਤਾਂਤਰਿਕ, ਮੁੱਲਾਂ-ਮੌਲਵੀ, ਵਾਸਤੂ-ਸ਼ਾਸਤਰ ਵਾਲੇ ਆਦਿ ਲੋਕਾਂ ਦੀ ਮਾਨਸਕਤਾ ਦਾ ਫ਼ਾਇਦਾ ਉਠਾ ਰਹੇ ਹਨ। ਅੱਜ ਟੀ.ਵੀ. ਦੇ ਹਰੇਕ ਚੈਨਲ ‘ਤੇ ਜੋਤਸ਼ੀਆਂ ਦਾ ਬੋਲ-ਬਾਲਾ ਹੈ। ਉਹ ਗ੍ਰਹਿ ਚਾਲ, ਦਿਸ਼ਾਵਾਂ, ਰਾਸ਼ੀਫਲ, ਨਗ ਤੇ ਕਈ ਹੋਰ ਬੋਲੜੇ ਉਪਾਅ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।
ਮਿਲਾਵਟਖ਼ੋਰੀ : ਅੱਜ ਸਾਡੇ ਭਾਰਤ ਵਿੱਚ ਮਿਲਾਵਟਖ਼ੋਰਾਂ, ਜਮ੍ਹਾਖ਼ੋਰਾਂ, ਰਿਸ਼ਵਤਖ਼ੋਰਾਂ, ਚੋਰ-ਬਜ਼ਾਰੀ ਤੇ ਸੀਨਾ-ਜ਼ੋਰਾਂ ਦਾ ਬੋਲਬਾਲਾ ਹੈ। ਦੁੱਧ ਤੋਂ ਲੈ ਕੇ ਜ਼ਹਿਰ ਤੱਕ ਹਰ ਚੀਜ਼ ਵਿੱਚ ਮਿਲਾਵਟ ਹੋ ਰਹੀ ਹੈ। ਇਸ ਲਈ ਚੀਜ਼ਾਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਕਤਲ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹ ਪੈਸੇ ਦੇ ਲਾਲਚ ਵਿੱਚ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ |
ਭ੍ਰਿਸ਼ਟਾਚਾਰ : ਭ੍ਰਿਸ਼ਟਾਚਾਰੀ ਤੇ ਰਿਸ਼ਵਤਖ਼ੋਰ ਆਪਣੀ ਇਸ ਕਮਾਈ ਨੂੰ ਹੱਕ-ਹਲਾਲ ਦੀ ਕਮਾਈ ਸਮਝਦੇ ਹਨ। ਉਹ ਆਪਣੀਆਂ ਜੇਬਾਂ ਭਰਨ ਲਈ ਲੋਕਾਂ ਦਾ ਖੂਨ ਨਿਚੋੜਦੇ ਹਨ। ਉਹਨਾਂ ਵਿਰੁੱਧ ਘਪਲਿਆਂ ਜਾਂ ਘੋਟਾਲਿਆਂ ਦੇ ਕੇਸ ਦਰਜ ਨਹੀਂ ਕੀਤੇ ਜਾਂਦੇ। ਜੇ ਦਰਜ ਹੋ ਵੀ ਜਾਣ ਤਾਂ ਰਫ਼ਾ-ਦਫ਼ਾ ਹੋ ਜਾਂਦੇ ਹਨ ਕਿਉਂਕਿ ਰਿਸ਼ਵਤ ਲੈਣ ਵਾਲੇ, ਦੋਸ਼ ਨੂੰ ਦੋਹਾਂ ਹੱਥਾਂ ਨਾਲ ਲੁੱਟ ਰਹੇ ਹਨ, ਜੋ ਰਿਸ਼ਵਤ ਲੈਂਦੇ ਪਕੜੇ ਗਏ, ਤਾਂ ਵੀ ਰਿਸ਼ਵਤ ਦੇ ਕੇ ਛੁੱਟ ਜਾਂਦੇ ਹਨ।
ਬੇਰੁਜ਼ਗਾਰੀ : ਬੇਰੁਜ਼ਗਾਰੀ, ਗ਼ਰੀਬੀ, ਅਨਪੜ੍ਹਤਾ ਆਦਿ ਬੁਰਾਈਆਂ ਉਦੋਂ ਜਨਮ ਲੈਂਦੀਆਂ ਹਨ ਜਦੋਂ ਅਬਾਦੀ ਵਿੱਚ ਬੇਹਿਸਾਬਾ ਵਾਧਾ ਹੋ ਰਿਹਾ ਹੋਵੇ। ਕਾਬਲ ਤੇ ਯੋਗ ਲੋਕ ਨੌਕਰੀਆਂ ਲਈ ਥਾਂ-ਥਾਂ ਭਟਕ ਰਹੇ ਹਨ ਪਰ ਨੌਕਰੀਆਂ ਵਿਕ ਰਹੀਆਂ ਹਨ ਤੇ ਭ੍ਰਿਸ਼ਟਾਚਾਰੀ ਦੀ ਭੇਟ ਚੜ੍ਹ ਰਹੀਆਂ ਹਨ। ਬੇਰੁਜ਼ਗਾਰ ਚੋਰੀ, ਡਾਕੇ, ਕਤਲ, ਹੇਰਾਫੇਰੀਆਂ, ਲੁੱਟਾਂ-ਖੋਹਾਂ ਕਰ ਰਹੇ ਹਨ, ਜਿਸ ਨਾਲ ਮਾਹੌਲ ਖ਼ੌਫਨਾਕ ਹੋ ਗਿਆ ਹੈ। ਇਸ ਲਈ ਬੇਰੁਜ਼ਗਾਰੀ ਦੂਰ ਕਰਨ ਦੇ ਉਪਰਾਲੇ ਸਰਕਾਰ ਤੇ ਜਨਤਾ ਵੱਲੋਂ ਹੋਣੇ ਚਾਹੀਦੇ ਹਨ ਤਾਂ ਜੋ ਬੇਰੁਜ਼ਗਾਰੀ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ ਜਾਵੇ ਤੇ ਦੇਸ਼ ਵਿੱਚ ਭਿਆਨਕ ਬੁਰਾਈਆਂ ਦਾ ਖ਼ਾਤਮਾ ਹੋ ਸਕੇ।
ਨਸ਼ਾ ਅਤੇ ਲੁੱਟਾਂ-ਖੋਹਾਂ : ਅੱਜ ਦੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋਏ ਪਏ ਹਨ । ਨਸ਼ਾਪੂਰਤੀ ਲਈ ਉਹਨਾਂ ਨੂੰ ਪੈਸਾ ਚਾਹੀਦਾ ਹੈ । ਇਸ ਲਈ ਉਨ੍ਹਾਂ ਵੱਲੋਂ ਹਰ ਨਜਾਇਜ਼ ਢੰਗ-ਤਰੀਕੇ ਨਾਲ ਪੈਸਾ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ-ਕੱਲ੍ਹ ਬਜ਼ਾਰਾਂ, ਘਰਾਂ, ਦੁਕਾਨਾਂ ਆਦਿ ਵਿੱਚ ਦਿਨ-ਦਿਹਾੜੇ ਚੋਰੀਆਂ, ਲੁੱਟਾਂ-ਖੋਹਾਂ ਤੇ ਕਤਲ ਹੋ ਰਹੇ ਹਨ। ਇਸ ਬੁਰਾਈ ਨੇ ਜਨਤਾ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਫੈਲਾਅ ਦਿੱਤੀ ਹੈ। ਇਸ ‘ਤੇ ਜਲਦੀ ਹੀ ਕਾਬੂ ਪਾਉਣਾ ਚਾਹੀਦਾ ਹੈ।
ਬਣਾਉਟੀ ਸੱਭਿਆਚਾਰ : ਪੰਜਾਬੀ ਸੱਭਿਆਚਾਰ ਦੇ ਨਾਂ ‘ਤੇ ਪਰੋਸਿਆ ਜਾ ਰਿਹਾ ਨੰਗੇਜ, ਅਸ਼ਲੀਲਤਾ, ਭੜਕਾਊ ਪਹਿਰਾਵਾ, ਲੱਚਰ ਗੀਤ, ਐਕਟਿੰਗ ਮਨੁੱਖ ਨੂੰ ਕਿੱਧਰ ਲੈ ਕੇ ਜਾ ਰਿਹਾ ਹੈ ? ਅੱਜ ਦਾ ਮਨੁੱਖ ਪੈਸੇ ਅਤੇ ਫੋਕੀ ਸ਼ੁਹਰਤ ਵਿੱਚ ਅੰਨ੍ਹਾ ਹੋਇਆ ਆਪਣੀ ਮਰਿਆਦਾ, ਧਰਮ, ਵਿਰਸਾ, ਇਖ਼ਲਾਕ ਵੀ ਭੁੱਲ ਗਿਆ ਹੈ। ਪ੍ਰੋਗਰਾਮ ਕੋਈ ਵੀ ਹੋਵੇ, ਡੀ.ਜੇ. ਦੇ ਰੋਲੇ ਵਿੱਚ ਅੱਧ ਨੰਗੀਆਂ ਚੰਗ-ਢੰਗ ਘਰਾਂ ਦੀਆਂ ਵਾਹਯਾਤ ਲੜਕੀਆਂ ਮਾਡਲ ਬਣੀਆਂ ਲੋਕਾਂ ਦਾ ਮਨਪ੍ਰਚਾਵਾ ਕਰ ਰਹੀਆਂ ਹੁੰਦੀਆਂ ਹਨ। ਇਹ ਕਿਹੜਾ ਸੱਭਿਆਚਾਰ ਹੈ ? ਕਿਹੜੀ ਮਰਯਾਦਾ ਹੈ ?
ਹੋਰ ਬੁਰਾਈਆਂ : ਇਸ ਤੋਂ ਇਲਾਵਾ ਪਰਿਵਾਰਕ ਰਿਸ਼ਤਿਆਂ ਵਿੱਚ ਤਰੇੜਾਂ, ਅਸਹਿਣਸ਼ੀਲਤਾ, ਆਪਣਿਆਂ ਹੱਥੋਂ ਆਪਣਿਆਂ ਦਾ ਬੇਰਹਿਮੀ ਨਾਲ ਕਤਲ, ਬਜ਼ੁਰਗਾਂ ਦਾ ਅਪਮਾਨ, ਬਿਰਧ-ਆਸ਼ਰਮਾਂ ਵੱਲ ਮੁਹਾਰਾਂ, ਕਲੱਬਾਂ ਤੇ ਹੋਟਲਾਂ ਨਾਲ ਲਗਾਅ, ਛੂਤ
ਛਾਤ, ਜਾਤ-ਪਾਤ, ਧਰਮ ਦੇ ਨਾਂ ‘ਤੇ ਦੰਗੇ-ਫ਼ਸਾਦ, ਰਾਜਨੀਤੀ ਵਿੱਚ ਗਿਰਾਵਟ, ਪੈਸੇ ਦੀ ਪੂਜਾ, ਆਦਿ ਬੁਰਾਈਆਂ ਤੇਜ਼ੀ ਨਾਲ ਵਧ ਰਹੀਆਂ ਹਨ।
ਸਾਰੰਸ਼ : ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਸ ਦੇਸ਼ ਵਿੱਚ ਸਹੂਲਤਾਂ ਘੱਟ ਅਤੇ ਬੁਰਾਈਆਂ ਵੱਧ ਹਨ। ਕੀ ਬਣੇਗਾ ਉਸ ਦੇਸ਼ ਦਾ ਜਿੱਥੇ ਭੁੱਖ ਖਾਤਰ ਮਾਵਾਂ ਆਪਣੇ ਬੱਚੇ ਵੇਚਦੀਆਂ ਹਨ ਤੇ ਇਨਸਾਨ ਆਪਣਾ ਇਮਾਨ ਤੇ ਸਰੀਰਕ ਅੰਗ ਵੇਚਦੇ ਹਨ। ਜਿੱਥੇ ਚਪੜਾਸੀ ਤੋਂ ਲੈ ਕੇ ਵੱਡੇ ਹਾਕਮਾਂ ਤੱਕ ਭ੍ਰਿਸ਼ਟ ਹਨ, ਅਮੀਰਾਂ ਦੀ ਦੌਲਤ ਦਾ ਕੋਈ ਹਿਸਾਬ ਨਹੀਂ ਤੇ ਗ਼ਰੀਬ ਦੌਲਤ ਦੇ ਦਰਸ਼ਨਾਂ ਨੂੰ ਤਰਸ ਰਹੇ ਹਨ। ਇੱਥੇ ਵਿੱਦਿਆ ਦਾ ਵਪਾਰੀਕਰਨ ਹੋ ਰਿਹਾ ਹੈ। ਇੱਥੋਂ ਦਾ ਕਾਰੋਬਾਰ ਹੈ ਰਿਸ਼ਵਤ, ਹੇਰਾਫੇਰੀ, ਬਲੈਕ-ਮਾਰਕੀਟਿੰਗ, ਸਮਗਲਿੰਗ ਆਦਿ।
ਅਜਿਹੀ ਸਥਿਤੀ ‘ਚ ਸਮਾਜਕ ਬੁਰਾਈਆਂ ਤੋਂ ਸਮਾਜ ਨੂੰ ਮੁਕਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਇੰਜ ਪਤਨ ਵੱਲ ਜਾ ਰਹੇ ਸਮਾਜ ਤੇ ਦੇਸ਼ ਨੂੰ ਬਚਾਉਣ ਲਈ ਗੰਭੀਰ ਹੰਭਲਾ ਮਾਰਨ ਦੀ ਲੋੜ ਹੈ।