ਲੇਖ : ਸਰਦਾਰ ਭਗਤ ਸਿੰਘ
ਸਰਦਾਰ ਭਗਤ ਸਿੰਘ (1907-1931)
ਭਾਰਤ ਦੀ ਆਜ਼ਾਦੀ ਵਿੱਚ ਜੇ ਸਭ ਤੋਂ ਵਧ ਕੁਰਬਾਨੀ ਕਿਸੇ ਵਿਅਕਤੀ ਦੀ ਹੋ ਸਕਦੀ ਹੈ ਤਾਂ ਉਹ ਸਰਦਾਰ ਭਗਤ ਸਿੰਘ ਦੀ ਹੈ, ਜਿਸਨੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਭਾਰਤੀਆਂ ਵਿਚ ਅਜਿਹੀ ਵਿਦਰੋਹ ਦੀ ਭਾਵਨਾ ਪੈਦਾ ਕੀਤੀ ਕਿ ਅੰਗਰੇਜ਼ਾਂ ਕੋਲ ਹੋਰ ਕੋਈ ਰਸਤਾ ਹੀ ਨਹੀਂ ਰਿਹਾ ਕਿ ਉਹ ਭਾਰਤੀਆਂ ਦੇ ਜੋਸ਼ ਨੂੰ ਦੇਖਦੇ ਹੋਏ ਭਾਰਤ ਨਾ ਛੱਡ ਜਾਂਦੇ। ਸਰਦਾਰ ਭਗਤ ਸਿੰਘ ਜੇ ਚਾਂਹੁੰਦੇ ਤਾਂ ਉਹ ਆਸਾਨੀ ਨਾਲ ਆਪਣੀ ਜਾਨ ਬਚਾ ਸਕਦੇ ਸੀ, ਪਰ ਭਗਤ ਸਿੰਘ ਅਜਿਹੇ ਨੌਜਵਾਨ ਸਨ, ਜਿਨ੍ਹਾਂ ਦੇਸ਼ ਤੋਂ ਕੁਰਬਾਨ ਹੋਣਾ ਸਹੀ ਸਮਝਿਆ।
ਭਗਤ ਸਿੰਘ ਦਾ ਜਨਮ 11 ਨਵੰਬਰ 1907 ਦੇਸ਼ ਭਗਤਾਂ ਦੇ ਪਰਿਵਾਰ ਵਿਚ ਚੱਕ ਨੰਬਰ ਪੰਜ, ਜ਼ਿਲਾ ਲਾਇਲਪੁਰ ਵਿੱਚ ਹੋਇਆ। ਖਟਕੜ ਕਲਾਂ ਜਲੰਧਰ ਉਨ੍ਹਾਂ ਦਾ ਜੱਦੀ ਪਿੰਡ ਸੀ। ਆਪ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਉਸ ਸਮੇਂ ਜੇਲ੍ਹ ਤੋਂ ਛੁੱਟ ਕੇ ਵਾਪਸ ਘਰ ਪਰਤੇ ਸਨ ਤੇ ਇਸ ਤਰ੍ਹਾਂ ਭਗਤ ਸਿੰਘ ਨੂੰ ਬਹੁਤ ਭਾਗਾਂ ਵਾਲਾ ਸਮਝਿਆ ਗਿਆ। ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜ੍ਹਤੀ ਘਰ ਵਿਚੋਂ ਹੀ ਪ੍ਰਾਪਤ ਹੋਈ, ਜਦੋਂ ਹਰ ਇਨਕਲਾਬੀ ਲਹਿਰ ਦੀ ਬੁਨਿਆਦ ਘਰ ਵਿਚ ਉਨ੍ਹਾਂ ਦੇ ਸਾਹਮਣੇ ਹੀ ਵਿਚਾਰੀ ਗਈ। ਉਨ੍ਹਾਂ ਦੇ ਪਿਤਾ ਦਾ ਨਾਂ ਸ. ਕ੍ਰਿਸ਼ਨ ਸਿੰਘ ਸੀ। ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ‘ਪਗੜੀ ਸੰਭਾਲ ਜੱਟਾ’ ਦੇ ਪ੍ਰਮੁੱਖ ਸੰਸਥਾਪਕਾਂ ਵਿਚੋਂ ਸਨ। ਬੱਚਪਨ ਵਿਚ ਉਹ ਇਕ ਬਹੁਤ ਹੀ ਜ਼ਹੀਨ ਤੇ ਪੜ੍ਹਨ ਵਾਲਾ ਵਿਦਿਆਰਥੀ ਸੀ, ਉਹ ਆਪਣੀਆਂ ਕੋਰਸ ਦੀਆਂ ਪੁਸਤਕਾਂ ਤੱਕ ਹੀ ਸੀਮਤ ਨਹੀਂ ਸੀ ਰਹਿੰਦਾ, ਸਗੋਂ ਉਸਨੇ ਸੰਸਾਰ ਦੇ ਸਾਰੇ ਚਿੰਤਕਾਂ ਦੀਆਂ ਪੁਸਤਕਾਂ ਨੂੰ ਬਹੁਤ ਚਿੰਤਨ ਨਾਲ ਵਿਚਾਰਿਆ ਸੀ। ਖਾਸ ਤੌਰ ਤੇ ਸਮਾਜਵਾਦੀ ਵਿਚਾਰਕਾਂ ਲੈਨਿਨ ਤੇ ਮਾਰਕਸ ਦੀਆਂ ਜੀਵਨੀਆਂ ਤੇ ਵਿਚਾਰਾਂ ਤੋਂ ਉਹ ਖਾਸ ਢੰਗ ਨਾਲ ਪ੍ਰਭਾਵਿਤ ਸੀ, ਉਸਦੀ ਕੁਰਬਾਨੀ ਨੂੰ ਕੇਵਲ ਇਕ ਉਤੇਜਨਾ ਤੇ ਜੋਸ਼ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਸਗੋਂ ਜੋਸ਼ ਦੇ ਨਾਲ-ਨਾਲ ਭਗਤ ਸਿੰਘ ਨੂੰ ਇਨਕਲਾਬੀ ਲਹਿਰਾਂ ਦੀ ਪੂਰੀ ਜਾਣਕਾਰੀ ਵੀ ਸੀ। ਉਹ ਜੋਸ਼ ਤੇ ਹੋਸ਼ ਦਾ ਪੂਰਾ ਸੁਮੇਲ ਸੀ। ਪਿੰਡ ਦੇ ਸਕੂਲ ਤੋਂ ਪੜ੍ਹ ਕੇ ਉਹ ਡੀ.ਏ.ਵੀ. ਸਕੂਲ ਲਾਹੌਰ ਤੋਂ ਪੜ੍ਹਿਆ। ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦੇ ਹੋਏ ਉਸਦਾ ਮੇਲ ਸੁਖਦੇਵ ਨਾਲ ਹੋਇਆ।
ਭਗਤ ਸਿੰਘ ਦਾ ਜੀਵਨ ਸੰਪੂਰਣ ਇਨਕਲਾਬੀਆਂ ਦੀ ਤਰ੍ਹਾਂ ਸੀ। ਉਹ ਕਦੇ ਵੀ ਕਿਸੇ ਗੱਲ ਨਾਲ ਸਮਝੌਤਾ ਨਹੀਂ ਸੀ ਕਰਦਾ। ਜਦੋਂ ਲਾਲਾ ਲਾਜਪਤ ਰਾਏ ਨੂੰ ਸਾਈਮਨ ਕਮਿਸ਼ਨ ਦੇ ਭਾਰਤ ਆਉਣ ਤੇ ਜਲੂਸ ਵਿੱਚ ਲਾਠੀਆਂ ਪਈਆਂ ਤੇ ਉਹ ਬਾਅਦ ਵਿੱਚ ਲਾਠੀਆਂ ਦੇ ਜ਼ਖਮ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ ਤਾਂ ਭਗਤ ਸਿੰਘ ਨੇ ਇਨ੍ਹਾਂ ਦਾ ਬਦਲਾ ਲਿਆ। ਭਗਤ ਸਿੰਘ ਦੇ ਭਾਵੇਂ ਲਾਲਾ ਜੀ ਦੀ ਵਿਚਾਰਧਾਰਾ ਨਾਲ ਕਈ ਤਰ੍ਹਾਂ ਦੇ ਮਤਭੇਦ ਸਨ, ਪਰੰਤੂ ਭਗਤ ਸਿੰਘ ਦਾ ਇਹ ਦ੍ਰਿਸ਼ਟੀਕੋਣ ਸੀ ਕਿ ਲਾਲਾ ਜੀ ਦੇ ਵਿਦਿਆਰਥੀ ਹੋਣ ਕਰਕੇ ਲਾਲਾ ਜੀ ਦੀ ਪੱਗ ਨੂੰ ਕੋਈ ਹੱਥ ਪਾਵੇ, ਇਹ ਉਸ ਕੋਲੋਂ ਬਰਦਾਸ਼ਤ ਕਰਨਾ ਮੁਸ਼ਕਲ ਸੀ। ਉਨ੍ਹਾਂ ਨੇ ਲਾਲਾ ਜੀ ਦੇ ਕਾਤਲ ਮਿ. ਸਕਾਟ ਨੂੰ ਮਾਰਨ ਦਾ ਫ਼ੈਸਲਾ ਕੀਤਾ, ਪਰ ਭੁਲੇਖੇ ਨਾਲ ਸਾਂਡਰਸ ਨੂੰ ਮਾਰ ਦਿੱਤਾ। ਭਗਤ ਸਿੰਘ ਆਪਣੇ ਕੰਮਾਂ ਨਾਲ ਭਾਰਤੀਆਂ ਵਿੱਚ ਆਜ਼ਾਦੀ ਲਈ ਜਾਗ੍ਰਿਤੀ ਪੈਦਾ ਕਰਨਾ ਚਾਹੁੰਦਾ ਸੀ ਤੇ ਉਸਦਾ ਇਰਾਦਾ ਕੋਈ ਜ਼ੁਲਮ ਜਾਂ ਆਤੰਕਵਾਦ ਪੈਦਾ ਕਰਨਾ ਨਹੀਂ ਸੀ। ਅਸੰਬਲੀ ਵਿੱਚ ਜਦੋਂ ਭਗਤ ਸਿੰਘ ਨੇ ਬੰਬ ਚਲਾਇਆ ਤਾਂ ਉਸਦਾ ਇਹ ਕਹਿਣਾ ਸੀ ਕਿ ਉਹ ਤਾਂ ਅਗਰੇਜ਼ਾਂ ਦੇ ਕੰਨ ਖੋਹਲਣ ਲਈ ਸੀ ਤਾਂ ਜੋ ਇਹ ਸਮਝ ਸਕਣ ਕਿ ਹੁਣ ਭਾਰਤੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣਾ ਹੀ ਹੈ। ਇਹ ਬੰਬ ਤਾਂ ਗੂੰਗੇ ਤੇ ਬੋਲੇ ਲੋਕਾਂ ਦੇ ਕੰਨ ਖੋਹਲਣ ਲਈ ਹੀ ਚਲਾਇਆ ਗਿਆ ਸੀ।
ਇਨਕਲਾਬੀ ਲਹਿਰ ਵਿੱਚ ਭਗਤ ਸਿੰਘ ਨੇ ਇੱਕ ਵਾਰ ਆਪਣੇ ਕੇਸ਼ ਕਟਾ ਲਏ ਤੇ ਆਪਣਾ ਨਾਂ ਬਲਵੰਤ ਰੱਖ ਲਿਆ ਤੇ ਕਾਨਪੁਰ ਚਲਾ ਗਿਆ, ਫਿਰ ਉਸਦਾ ਮਿਲਾਪ ਕਲਕੱਤੇ ਦੇ ਪ੍ਰਸਿੱਧ ਇਨਕਲਾਬੀਆਂ ਨਾਲ ਹੋ ਗਿਆ। ਭਗਤ ਸਿੰਘ ਨੂੰ ਜਦੋਂ ਫੜਿਆ ਗਿਆ ਤਾਂ ਉਸ ਸਮੇਂ ਭਾਰਤ ਵਿੱਚ ਦੇਸ਼ ਭਗਤੀ ਦੀ ਲਹਿਰ ਪੂਰੇ ਜੋਬਨ ਤੇ ਪਹੁੰਚ ਚੁੱਕੀ ਸੀ। ਇਸ ਸਮੇਂ ਉਸਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਉਹ ਉਸਦੀ ਜਾਨ ਬਖਸ਼ਾਣ ਲਈ ਅੰਗਰੇਜ਼ ਕੋਲ ਕੋਈ ਅਪੀਲ ਨਹੀਂ ਕਰਨਗੇ। ਕਿਸੇ ਨੇਤਾ ਨੇ ਵੀ ਅਪੀਲ ਇਸ ਲਈ ਨਹੀਂ ਕੀਤੀ ਕਿ ਜਿਸ ਸਿਖਰ ਤੇ ਭਗਤ ਸਿੰਘ ਨੇ ਇਨਕਲਾਬੀ ਲਹਿਰ ਨੂੰ ਪਹੁੰਚਾ ਦਿੱਤਾ ਸੀ, ਉਸਦੀ ਫਾਂਸੀ ਦੀ ਸਜ਼ਾ ਮਾਫ ਹੋਣ ਤੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਬਹੁਤ ਢਾਹ ਲਗਣੀ ਸੀ। ਉਸ ਲਈ ਉਨ੍ਹਾਂ ਵਲੋਂ ਵੀ ਕੋਈ ਰਹਿਮ ਦੀ ਅਪੀਲ ਨਾ ਕੀਤੀ ਗਈ। ਕਹਿੰਦੇ ਹਨ, ਜਦੋਂ ਫਾਂਸੀ ਦਾ ਸਮਾਂ ਨੇੜੇ ਆਇਆ ਤਾਂ ਉਸ ਸਮੇਂ ਕਵੀਆਂ ਨੇ ਭਗਤ ਸਿੰਘ ਦੀਆਂ ਘੋੜੀਆਂ ਗਾਈਆਂ ਤੇ ਲਿਖਿਆ।
ਜੰਝ ਚੜ੍ਹ ਗਈ ਭਗਤ ਸਿੰਘ ਦੱਤ ਦੀ
ਫਾਂਸੀ ਵਾਲੇ ਦਿਨ ਜਦੋਂ ਭਗਤ ਸਿੰਘ ਦਾ ਭਾਰ ਤੋਲਿਆ ਗਿਆ ਤਾਂ ਕਹਿੰਦੇ ਹਨ ਕਿ ਖੁਸ਼ੀ ਨਾਲ ਉਸਦਾ ਭਾਰ ਪਹਿਲਾਂ ਤੋਂ ਵੀ ਵੱਧ ਗਿਆ ਸੀ, ਕਿਉਂਕਿ ਉਹ ਮੌਤ ਲਾੜੀ ਨਾਲ ਵਿਆਹੁਣ ਜਾ ਰਿਹਾ ਸੀ, ਉਸਦੇ ਜੀਵਨ ਵਿੱਚ ਸੰਸਾਰਕ ਰੋਮਾਂਸ ਦੀ ਕੋਈ ਥਾਂ ਨਹੀਂ ਸੀ ਤੇ ਨਾ ਹੀ ਉਸਦਾ ਕਿਸੇ ਲੜਕੀ ਨਾਲ ਕੋਈ ਰੋਮਾਂਸਿਕ ਜਾਂ ਭਾਵੁਕ ਸੰਬੰਧ ਸੀ। ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਜਿਹੜੀਆਂ ਫਿਲਮਾਂ ਬਣੀਆਂ ਹਨ, ਉਨ੍ਹਾਂ ਵਿੱਚ ਰੋਮਾਂਸ ਵਿਖਾ ਕੇ ਭਗਤ ਸਿੰਘ ਦੇ ਇਨਕਲਾਬੀ ਜੀਵਨ ਨਾਲ ਕੋਈ ਇਨਸਾਫ ਨਹੀਂ ਕੀਤਾ ਗਿਆ। ਉਸਦੀ ਮਹਿਬੂਬਾ ਮੌਤ ਸੀ ਤੇ ਇਸ ਨਾਲ ਹੀ ਉਸਨੇ ਲਾਵਾਂ ਲਈਆਂ, 23 ਮਾਰਚ, 1931 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ।
ਭਗਤ ਸਿੰਘ ਨੂੰ ਆਪਣੇ ਆਪ ਤੇ ਸੰਪੂਰਣ ਵਿਸ਼ਵਾਸ਼ ਸੀ ਤੇ ਉਸਨੂੰ ਕਿਸੇ ਧਾਰਮਕ ਵਿਸ਼ਵਾਸ਼ ਦੀ ਲੋੜ ਨਹੀਂ ਸੀ। ਜੇਲ੍ਹ ਵਿੱਚ ਸੰਤ ਰਣਧੀਰ ਸਿੰਘ ਨਾਲ ਜੋ ਉਸ ਸਮੇਂ ਦੇਸ਼ ਦੀ ਆਜ਼ਾਦੀ ਲਈ ਉਮਰ-ਕੈਦ ਭੋਗ ਰਹੇ ਸਨ, ਮੁਲਾਕਾਤ ਹੋਈ। ਇਸ ਮੁਲਾਕਾਤ ਤੋਂ ਬਾਅਦ ਜਿਹੜੀਆਂ ਫੋਟੋਆਂ ਭਗਤ ਸਿੰਘ ਦੀਆਂ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਵਿੱਚ ਭਗਤ ਸਿੰਘ ਦੇ ਸਿਰ ਦੇ ਵੱਧਦੇ ਹੋਏ ਵਾਲ ਸਪੱਸ਼ਟ ਦਿਖਾਈ ਦੇਂਦੇ ਹਨ, ਸੰਭਵ ਹੈ ਕਿ ਭਾਈ ਸਾਹਿਬ ਦੇ ਪ੍ਰਭਾਵ ਨਾਲ ਭਗਤ ਸਿੰਘ ਨੇ ਦੁਬਾਰਾ ਕੇਸ ਰੱਖਣ ਦਾ ਮਨ ਬਣਾ ਲਿਆ ਹੋਵੇ। ਭਗਤ ਸਿੰਘ ਦਾ ਜੀਵਨ ਕੋਈ ਧਰਮ ਜਾਂ ਸਿੱਖ ਸਿਧਾਤਾਂ ਦੀ ਹੇਠੀ ਕਰਨਾ ਨਹੀਂ ਸੀ।
ਇੱਕ ਇਨਕਲਾਬੀ ਦਾ ਜੀਵਨ ਜਿਊਂਦੇ ਹੋਏ ਜਦੋਂ ਫਾਂਸੀ ਦੇ ਨੇੜੇ ਭਗਤ ਸਿੰਘ ਨੂੰ ਇਹ ਕਿਹਾ ਗਿਆ ਕਿ ਹੁਣ ਉਹ ਰੱਬ ਦਾ ਨਾਂ ਯਾਦ ਕਰ ਲਵੇ ਤਾਂ ਉਸਨੇ ਸਪਸ਼ਟ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਸਾਰੀ ਉਮਰ ਨਾਸਤਕ ਹੀ ਰਿਹਾ ਹੈ ਤੇ ਇਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰਕੇ ਇੱਕ ਬੁਜ਼ਦਿਲ ਦੀ ਮੌਤ ਨਹੀਂ ਮਰਨਾ ਚਾਹੁੰਦਾ।
ਅੰਗਰੇਜ਼ ਨੇ ਫਾਂਸੀ ਦੀ ਨਿਯਤ ਮਿਤੀ ਤੋਂ ਪਹਿਲਾਂ ਹੀ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ, ਤਾਂ ਜੋ ਲੋਕਾਂ ਨੂੰ ਇਸ ਦੀ ਪੂਰੀ ਜਾਣਕਾਰੀ ਹੀ ਪ੍ਰਾਪਤ ਨਾ ਹੋਵੇ। ਹੁਸੈਨੀਵਾਲਾਂ ਨੇੜੇ ਫਿਰੋਜ਼ਪੁਰ ਵਿੱਚ ਭਗਤ ਦੀ ਯਾਦਗਾਰ ਬਣੀ ਹੋਈ ਹੈ।
ਭਗਤ ਸਿੰਘ ਦੀ ਸ਼ਹਾਦਤ ਸਹੀ ਅਰਥਾਂ ਵਿੱਚ ਇੱਕ ਇਨਕਲਾਬੀਆਂ ਵਾਲੀ ਸ਼ਹਾਦਤ ਹੈ, ਉਸ ਵਿੱਚ ਕਿਸੇ ਕਿਸਮ ਦਾ ਕੋਈ ਲੋਭ, ਸੁਆਰਥ ਜਾਂ ਉਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਸਨਮਾਨ ਲੈਣ ਦੀ ਇੱਛਾ ਨਹੀਂ ਸੀ। ਇਹ ਸਹੀ ਹੈ ਕਿ ਭਗਤ ਸਿੰਘ ਦੀ ਮਾਂ ਨੂੰ ਪੰਜਾਬ ਸਰਕਾਰ ਨੇ ਪੰਜਾਬ ਮਾਤਾ ਦਾ ਅਹੁਦਾ ਦਿੱਤਾ, ਪਰ ਇਹ ਸਭ ਗੱਲਾਂ ਉਸਦੀ ਸੋਚ ਤੋਂ ਉੱਪਰ ਸਨ।
ਭਗਤ ਸਿੰਘ ਦੀ ਸ਼ਹਾਦਤ ਨੌਜਵਾਨ ਸ਼ਕਤੀ ਦਾ ਇੱਕ ਪ੍ਰਤੀਕ ਬਣ ਗਈ ਹੈ, ਨੌਜਵਾਨਾਂ ਨੂੰ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਆਪਣਾ ਜੀਵਨ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਬਿਤਾਉਣਾ ਚਾਹੀਦਾ ਹੈ।