ਲੇਖ : ਸਭ ਕੁਝ ਭੁੱਲਣਾ ਮਾਂ ਨੂੰ ਕਦੇ ਨਾ ਭੁੱਲਣਾ
“ਚਾਹੇ ਲੱਖ ਕੋਈ ਲਾਡ ਲਡਾ ਦੇਵੇ,
ਜਿੰਨਾ ਮਰਜ਼ੀ ਪਿਆਰ ਜਤਾ ਦੇਵੇ,
ਬਣ ਕੇ ਰਿਸ਼ਤੇਦਾਰ,
ਕੋਈ ਕਰ ਸਕਦਾ ਨਹੀਂ ਮਾਵਾਂ ਵਰਗਾ ਪਿਆਰ।”
ਮਾਂ ਉਹ ਇਨਸਾਨ ਹੈ, ਜਿਸ ਦਾ ਪਿਆਰ ਕੋਈ ਵੀ ਹੋਰ ਨਹੀਂ ਦੇ ਸਕਦਾ। ਕਿਸੇ ਨੇ ਲਿਖਿਆ ਹੈ, “ਪੁੱਤਾਂ ਬਾਝੋਂ ਮਾਵਾਂ ਦਾ ਕੀ?” ਪਰ ਮੈਂ ਕਹਿੰਦੀ ਹਾਂ, “ਮਾਵਾਂ ਬਾਝੋਂ ਪੁੱਤਾਂ-ਧੀਆਂ ਦਾ ਕੀ?”
ਮਾਂ ਦੇ ਪਿਆਰ ਲਈ, ਜਿਸ ਦੀ ਮਾਂ ਨਹੀਂ ਹੈ, ਉਹ ਸਾਰੀ ਉਮਰ ਤਰਸਦਾ ਹੈ। ਜਿਵੇਂ ਦਰੱਖ਼ਤ ਦੀ ਛਾਂ ਠੰਢੇ ਝੋਂਕੇ ਦਿੰਦੀ ਹੈ ਤੇ ਧਰਤੀ ਦੀ ਰੱਖਿਆ ਕਰਦੀ ਹੈ। ਉਵੇਂ ਹੀ ਮਾਂ ਦੀ ਛਾਂ ਵੀ ਠੰਢੇ ਮਿੱਠੇ ਝੋਂਕਿਆਂ ਨਾਲ ਬੱਚਿਆਂ ਦੀ ਰੱਖਿਆ ਕਰਦੀ ਹੈ।
‘ਮਾਂ’ ਦੀ ਲੋਰੀ ਸਾਰੀ ਉਮਰ ਇੱਕ ਪਾਠ ਵਾਂਗੂੰ ਯਾਦ ਰਹਿੰਦੀ ਹੈ। ਮਨੁੱਖ ਦੁਨੀਆਂ ਦੇ ਸਾਰੇ ਕਰਜ਼ੇ ਚੁਕਾ ਸਕਦਾ ਹੈ, ਪਰ ਉਹ ਮਾਂ ਦੇ ਦੁੱਧ ਦਾ ਕਰਜ਼ਾ ਚੁਕਾ ਨਹੀਂ ਸਕਦਾ। ਮਨੁੱਖ ਥਾਂ-ਥਾਂ ਤੇ ਗੁਰੂ ਬਣਾ ਲੈਂਦਾ ਹੈ, ਪਰ ਘਰ ਬੈਠੀ ਮਾਂ ਦਾ ਸਤਿਕਾਰ ਨਹੀਂ ਕਰਦਾ, ਫਿਰ ਬਾਹਰ ਗੁਰੂ ਬਣਾਉਣ ਦਾ ਵੀ ਕੀ ਲਾਭ ਹੈ?
ਮੈਂ ਤਾਂ ਕਹਿੰਦੀ ਹਾਂ :-
“ਥਾਂ-ਥਾਂ ਗੁਰੂ ਬਣਾ ਕੇ ਜਿੰਨੇ ਮਾਂ ਨੂੰ ਦਿਲੋਂ ਭੁਲਾਇਆ,
ਰੱਬ ਦੇ ਘਰ ਤਦ ਵੀ ਬੰਦਾ ਜਾਂਦਾ ਹੈ ਠੁਕਰਾਇਆ।”
ਮਾਂ ਸ਼ਬਦ ਸੁਣ ਕੇ ਹੀ ਦਿਲ ਨੂੰ ਇੱਕ ਠੰਢ ਜਿਹੀ ਮਹਿਸੂਸ ਹੁੰਦੀ ਹੈ। ਜਿੰਨੀ ਅਸੀਂ ਮਾਂ ਦੀ ਸੇਵਾ ਕਰਾਂਗੇ ਸਾਨੂੰ ਉਨ੍ਹਾਂ ਹੀ ਮੇਵਾ ਮਿਲੇਗਾ।
“ਰੱਬ ਤੋਂ ਵੱਧ ਕੇ ਨੇੜੇ ਇਸ ਧਰਤੀ ਤੇ, ਮਾਵਾਂ ਰਾਹੀਂ ਸਵਰਗ ਜਿਹਾ ਸੁੱਖ ਮਿਲਦਾ, ਮਾਂ ਦੇ ਬਣਕੇ ਸੇਵਾਦਾਰ, ਕੋਈ ਕਰ ਸਕਦਾ ਨਹੀਂ ਮਾਵਾਂ ਵਰਗਾ ਪਿਆਰ।”