ਲੇਖ : ਸਫ਼ਾਈ ਅਭਿਆਨ/ ਸਵੱਛ ਭਾਰਤ ਮੁਹਿੰਮ/ ਸਵੱਛ ਭਾਰਤ ਅਭਿਆਨ
ਸਫ਼ਾਈ ਅਭਿਆਨ/ ਸਵੱਛ ਭਾਰਤ ਮੁਹਿੰਮ/ ਸਵੱਛ ਭਾਰਤ ਅਭਿਆਨ
ਜਾਣ-ਪਛਾਣ : ਸਫ਼ਾਈ ਅਭਿਆਨ ਰਾਸ਼ਟਰੀ ਪੱਧਰ ਦਾ ਇੱਕ ਅਭਿਆਨ ਹੈ, ਜੋ ਭਾਰਤ ਦੇ ਵਰਤਮਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਮਹਾਤਮਾ ਗਾਂਧੀ ਜੀ ਦੀ 145ਵੀਂ ਜੈਅੰਤੀ ਦੇ ਮੌਕੇ 2 ਅਕਤੂਬਰ, 2014 ਵਿੱਚ ਸ਼ੁਰੂ ਕੀਤਾ। ਇਹ ਉਨ੍ਹਾਂ ਦੀਆਂ ਮਹਤੱਵਪੂਰਨ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਦਿਨ ਉਨ੍ਹਾਂ ਨੇ ਰਾਜਪੱਥ ‘ਤੇ ਜਨਸਮੂਹ ਨੂੰ ਇਸ ਅਭਿਆਨ ਵਿੱਚ ਸ਼ਾਮਲ ਹੋਣ ਤੇ ਇਸ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
ਮਕਸਦ : ਇਸ ਅਭਿਆਨ ਰਾਹੀਂ ਪ੍ਰਧਾਨ ਮੰਤਰੀ ਜੀ ਦੇਸ਼ ਦਾ ਅਕਸ ਸੁਧਾਰਨਾ ਚਾਹੁੰਦੇ ਹਨ। ਉਹ ਇਸ ਅਭਿਆਨ ਨੂੰ ਇੱਕ ਅੰਦੋਲਨ ਵਾਂਗ ਬਣਾਉਣਾ ਚਾਹੁੰਦੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪ ਦਿੱਲੀ ਵਿਖੇ ਬਾਲਮੀਕੀ ਬਸਤੀ ਵਿੱਚ ਜਾ ਕੇ ਝਾੜੂ ਲਾ ਕੇ ਮਹਾਤਮਾ ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਸੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਗਾਂਧੀ ਜੀ ਦਾ ‘ਕਲੀਨ ਇੰਡਿਆ’ ਵਾਲਾ ਸੁਪਨਾ ਅਧੂਰਾ ਹੈ। ਉਸ ਨੂੰ ਪੂਰਾ ਕਰਨਾ ਹੈ।
ਜਾਗ੍ਰਿਤੀ ਪੈਦਾ ਕਰਨੀ : ਭਾਰਤ ਨੂੰ ਹਰ ਪੱਖੋਂ ਸਾਫ਼-ਸੁਥਰਾ ਬਣਾਉਣ ਲਈ ਉਨ੍ਹਾਂ ਨੇ ਹਰ ਇੱਕ ਨੂੰ ਜਾਗ੍ਰਿਤ ਤੇ ਪ੍ਰੇਰਤ ਕੀਤਾ। ਇਹ ਗੱਲ ਵੱਖਰੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਵਿਸ਼ੇਸ਼ ਤੌਰ ‘ਤੇ ਇਸ ਨੂੰ ਇੱਕ ਅਭਿਆਨ’ ਵਜੋਂ ਅਰੰਭ ਕੀਤਾ ਹੈ, ਜਦ ਕਿ ਸਾਡਾ ਸਾਰਿਆਂ ਦਾ ਹੀ ਮੁਢਲਾ ਫ਼ਰਜ਼ ਹੈ ਕਿ ਅਸੀਂ ਘੱਟੋ-ਘੱਟ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਬਣਾਉਣ ਲਈ ਯਤਨ ਕਰੀਏ।
ਸਾਡੀ ਜ਼ਿੰਮੇਵਾਰੀ : ਸਾਫ਼-ਸਫ਼ਾਈ ਲਈ ਭਾਵੇਂ ਸਫ਼ਾਈ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਉਹ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਰਹੇ ਹਨ ਪਰ ਅਸੀਂ ਕੇਵਲ ਉਨ੍ਹਾਂ ‘ਤੇ ਹੀ ਨਿਰਭਰ ਨਾ ਰਹੀਏ। ਇਹ ਸੋਚ ਬਦਲ ਕੇ ਸਾਨੂੰ ਖ਼ੁਦ ਨੂੰ ਸੁਚੇਤ ਹੋਣ ਦੀ ਲੋੜ ਹੈ। ਬਿਨਾਂ ਵਜ੍ਹਾ ਇਧਰ-ਉਧਰ ਖਿਲਾਰਾ ਪਾਉਣ ਦੀ ਸਾਡੀ ਮਾੜੀ ਅਦਤ ਸਾਡੀ ਹੀ ਸੋਚ ਨਾਲ ਸੁਧਰ ਸਕਦੀ ਹੈ।
ਸਫ਼ਲਤਾ ਲਈ ਯਤਨ : ਜਿਵੇਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਸਵਾ ਸੌ ਕਰੋੜ ਭਾਰਤ ਵਾਸੀ ਮਿਹਨਤ
ਕਰਕੇ ਘੱਟੋ-ਘੱਟ ਇੱਕ ਘੰਟਾ ਸਾਫ਼-ਸਫ਼ਾਈ ਲਈ ਰੱਖਣ ਤਾਂ ਜਲਦ ਹੀ ਇਸ ਅਭਿਆਨ ਨੂੰ ਸਫ਼ਲਤਾ ਪ੍ਰਾਪਤ ਹੋ ਜਾਵੇਗੀ। ਇਹ ਪ੍ਰਣ ਤੇ ਜ਼ਿੰਮੇਵਾਰੀ ਹਮੇਸ਼ਾਂ ਲਈ ਨਿਭਾਉਣ ਦੀ ਜ਼ਰੂਰਤ ਹੈ।
ਅੰਦਾਜ਼ਨ ਖਰਚ : ਇਸ ਅਭਿਆਨ ‘ਤੇ ਲਗਪਗ ਦੋ ਲੱਖ ਕਰੋੜ ਖਰਚ ਹੋਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਪਿੰਡਾਂ ਵਿੱਚ ਵੀ ਜਾਗ੍ਰਿਤੀ ਲਿਆਂਦੀ ਜਾ ਰਹੀ ਹੈ।
ਉਪਰਾਲੇ : ਉਨ੍ਹਾਂ ਨੇ ‘ਕਲੀਨ ਇੰਡੀਆ’ ਨਾਂ ਦੀ ਵੈਬਸਾਈਟ ਸ਼ੁਰੂ ਕੀਤੀ ਹੈ। ਫੇਸਬੁੱਕ, ਟਵਿੱਟਰ ਆਦਿ ਰਾਹੀਂ ਵੀ ਲੋਕਾਂ ਨੂੰ ਇਸ ਨਾਲ ਜੋੜਿਆ ਹੈ ਤੇ ਨਾਲ ਹੀ ਪ੍ਰਸਿੱਧ ਨਾਮਵਰ ਹਸਤੀਆਂ ਦੀ ਸ਼ਮੂਲੀਅਤ ਵੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਅਸਾਨੀ ਨਾਲ ਪ੍ਰਭਾਵਤ ਕੀਤਾ ਜਾ ਸਕੇ।
ਸਵੈ-ਪੜਚੋਲ : ਸਰਵੇਖਣਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਭਾਰਤ ਗੰਦਗੀ ਭਰਪੂਰ ਦੇਸ਼ ਹੈ। ਮਲੇਸ਼ੀਆ ਨੰਬਰ ਵੰਨ ਤੇ ਭਾਰਤ ਨੰਬਰ ਦੋ ‘ਤੇ ਆਇਆ ਸੀ। ਇਹ ਸਾਰੀਆਂ ਗੱਲਾਂ ਸਾਡੇ ਜ਼ਮੀਰ ਨੂੰ ਝੰਜੋੜਦੀਆਂ ਹਨ ਕਿ ਅਸੀਂ ਭਾਰਤ ਵਾਸੀ ਸਾਫ਼-ਸਫ਼ਾਈ ਦੇ ਮਾਮਲੇ ਵਿੱਚ ਪਛੜੇ ਕਿਉਂ ਹਾਂ? ਅਸੀਂ ਆਪਣੇ ਦੇਸ਼ ਬਾਰੇ ਵਿਚਾਰ ਬਦਲਣੇ ਹਨ।