ਲੇਖ : ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ
ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ
ਭੂਮਿਕਾ : ‘ਸਚਹੁ ਉਰੈ ਸਭ ਕੋ ਉਪਰਿ ਸਚੁ ਆਚਾਰ॥’ ਗੁਰਬਾਣੀ ਦੀ ਇਸ ਮਹਾਨ ਤੁਕ ਵਿੱਚ ਸੱਚ ਅਤੇ ਆਚਰਨ; ਦੀ ਵਡਿਆਈ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸੱਚ ਸਭ ਤੋਂ ਉੱਪਰ ਹੈ ਤੇ ਇਸ ਤੋਂ ਵੀ ਉੱਚਾ ਹੈ ਮਨੁੱਖ ਦਾ ਆਚਰਨ; ਭਾਵ ਸੱਚ ਅਤੇ ਆਚਰਨ ਹੀ ਸਰਵ ਸ੍ਰੇਸ਼ਠ ਹਨ।
ਸੱਚ ਕੌੜਾ ਹੁੰਦਾ ਹੈ : ਸੱਚ ਕੌੜਾ ਹੁੰਦਾ ਹੈ, ਇਸ ਲਈ ਸੱਚ ਨੂੰ ਕਹਿਣਾ, ਸੱਚ ਨੂੰ ਸੁਣਨਾ, ਸੱਚ ਨੂੰ ਨਿਭਾਉਣਾ ਅਤੇ ਸਚਾਈ ਤੇ ਪਹਿਰਾ ਦੇਣਾ ਸਭ ਤੋਂ ਕਠਿਨ ਹੁੰਦਾ ਹੈ। ਸੱਚ ਕਹਿਣ ਦੀ ਜੁਰੱਅਤ ਕਿਸੇ-ਕਿਸੇ ਵਿੱਚ ਹੁੰਦੀ ਹੈ। ਸੱਚ ਕੇਵਲ ਉਹੋ ਹੀ ਕਹਿ ਸਕਦਾ ਹੈ ਜਿਸ ਦਾ ਮਨ ਪਵਿੱਤਰ, ਪਾਕ ਤੇ ਮੁਕੱਦਸ ਜਿਹਾ ਹੁੰਦਾ ਹੈ। ਸੱਚ ਮਨੁੱਖੀ ਜੀਵਨ ਨੂੰ ਉੱਚਾ ਕਰਦਾ ਹੈ। ਗੁਰਬਾਣੀ ਦਾ ਫੁਰਮਾਨ ਹੈ :
‘ਸਚੈ ਮਾਰਗਿ ਚਲਦਿਆ ਉਸਤਤਿ ਕਰੈ ਜਹਾਨ।।”
ਭਾਵ ਜਿਹੜਾ ਵਿਅਕਤੀ ਸੱਚ ਦੇ ਰਸਤੇ ਦਾ ਪਾਂਧੀ ਹੁੰਦਾ ਹੈ, ਸਮੁੱਚੀ ਲੋਕਾਈ ਉਸ ਦੀ ਸਿਫ਼ਤ ਸਲਾਹ ਕਰਦੀ ਨਹੀਂ ਥੱਕਦੀ।
ਅਜੋਕੀ ਸੋਚ : ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦਾ ਜ਼ਮਾਨਾ ਬਦਲ ਗਿਆ ਹੈ। ਇਹ ਤਬਦੀਲੀ ਹੋਈ ਵੀ ਮਨੁੱਖ ਦੀ ਕੋਝੀ ਸੋਚ ਕਰਕੇ ਹੀ ਹੈ। ਹਰ ਮਨੁੱਖ ਝੂਠ ਦਾ ਵਪਾਰੀ ਹੈ, ਝੂਠ ਦਾ ਪਲੰਦਾ ਹੈ, ਝੂਠ ਬੋਲ ਕੇ ਆਪਣਾ ਮਤਲਬ ਕੱਢਣਾ ਅੱਜ ਦੇ ਮਨੁੱਖ ਦਾ ਸ਼ੁਗਲ ਬਣ ਗਿਆ ਹੈ। ਅੱਜ ਦੇ ਜ਼ਮਾਨੇ ਵਿੱਚ ਸੱਚ ਬੋਲਣ ਵਾਲੇ ਨੂੰ ਲੋਕ ਘਟੀਆ, ਡਰਪੋਕ ਆਦਿ ਸਮਝਦੇ ਹਨ ਕਿਉਂਕਿ ਝੂਠ ਦਾ ਬੋਲਬਾਲਾ ਵਧ ਗਿਆ ਹੈ।
ਝੂਠ ਫੜ੍ਹਿਆ ਜਾਂਦਾ ਹੈ : ਇਹ ਵੀ ਸੱਚ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ। ਕੋਈ ਵਿਅਕਤੀ ਕਦੇ ਕਿਤੇ ਕੋਈ ਗ਼ਲਤੀ ਛੁਪਾਉਣ ਲਈ ਜੇਕਰ ਇੱਕ ਝੂਠ ਬੋਲ ਵੀ ਦੇਵੇਗਾ ਤਾਂ ਉਸ ਇੱਕ ਬੋਲੇ ਗਏ ਝੂਠ ਨੂੰ ਛੁਪਾਉਣ ਲਈ ਉਸ ਨੂੰ ਸੌ ਝੂਠ ਹੋਰ ਬੋਲਣੇ ਪੈਣਗੇ। ਕਿਤੇ ਨਾ ਕਿਤੇ ਜਾ ਕੇ ਉਸ ਦਾ ਝੂਠ ਫੜ੍ਹਿਆ ਹੀ ਜਾਂਦਾ ਹੈ। ਜਦਕਿ ਸੱਚ ਬੋਲਣ ਵਾਲਾ ਹਮੇਸ਼ਾ ਆਤਮ – ਵਿਸ਼ਵਾਸੀ ਬਣਿਆ ਰਹਿੰਦਾ ਹੈ। ਇਸੇ ਲਈ ਸਿਆਣੇ ਕਹਿੰਦੇ ਹਨ :
“ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।”
ਸੱਚ ਬੋਲਣ ਦੀ ਅਹਿਮੀਅਤ : ਇਹ ਠੀਕ ਹੈ ਕਿ ਸੱਚ ਬੋਲਣਾ ਤੇ ਸੱਚ ‘ਤੇ ਪਹਿਰਾ ਦੇਣਾ ਸਭ ਤੋਂ ਸ੍ਰੇਸ਼ਠ ਹੁੰਦਾ ਹੈ ਪਰ ਸੱਚ ਬੋਲ ਕੇ ਮਨ ਵਿੱਚ ਹੰਕਾਰ ਆ ਜਾਵੇ, ਇਹ ਸਭ ਤੋਂ ਘਟੀਆ ਤੇ ਮਾੜਾ ਹੁੰਦਾ ਹੈ। ਵਕਤ ਦੀ ਨਜ਼ਾਕਤ ਪਛਾਣ ਕੇ ਹੀ ਸੱਚ ਕਹੇ ਨਹੀਂ ਤਾਂ ਸੁਰਜੀਤ ਪਾਤਰ ਵਲੋਂ ਕਿਹਾ ਗਿਆ ਸੱਚ, ਸੱਚ ਹੋ ਨਿਬੜੇਗਾ :
“ਏਨਾ ਵੀ ਸੱਚ ਨਾ ਬੋਲ ਕਿ ‘ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ, ਮੋਢਾ ਦੇਣ ਲਈ।”
ਮਨਸੂਰ ਨੇ ਵੀ ਸੱਚ ਬੋਲਿਆ ਸੀ ਤੇ ਸੂਲੀ ‘ਤੇ ਚੜ੍ਹਨਾ ਪੈ ਗਿਆ।
ਆਚਰਨ ਦਾ ਮਹੱਤਵ : ਉਪਰੋਕਤ ਤੁਕ ਵਿੱਚ ਅਗਲਾ ਨੁਕਤਾ ਹੈ—ਆਚਰਨ ਦਾ। ਇਹ ਸੱਚ ਹੈ ਕਿ ਸੱਚ ਹੀ ਸਭ ਤੋਂ ਉੱਤਮ ਹੈ ਪਰ ਇਸ ਤੋਂ ਵੀ ਉੱਪਰ ਹੈ —ਆਚਰਨ। ਭਾਵ ਮਨੁੱਖੀ ਆਚਰਨ ਤੇ ਵਿਹਾਰ ਵਿੱਚ ਨੇਕੀ, ਇਨਸਾਨੀਅਤ, ਇਮਾਨਦਾਰੀ ਦਾ ਹੋਣਾ। ਸ਼ੁੱਧ ਆਚਰਨ ਤੋਂ ਭਾਵ ਵਧੀਆ ਸੋਚ ਤੇ ਵਧੀਆ ਚਰਿੱਤਰ ਹੈ ਜਿਸ ਵਿੱਚ ਕੋਈ ਬੇਈਮਾਨੀ ਜਾਂ ਮਾੜੀ ਸੋਚ, ਮਾੜੀ ਨੀਤ ਨਾ ਹੋਵੇ।
ਅਜੋਕਾ ਸਮਾਂ ਤੇ ਆਚਰਨ : ਅੱਜ ਦੇ ਯੁੱਗ ਵਿੱਚ ਭ੍ਰਿਸ਼ਟਾਚਾਰ ਭਾਵ ਭ੍ਰਿਸ਼ਟ ਹੋਇਆ ਆਚਰਨ ਹੀ ਪ੍ਰਧਾਨ ਹੋ ਗਿਆ ਹੈ। ਜਿਧਰ ਵੇਖੋ ਭ੍ਰਿਸ਼ਟਾਚਾਰ, ਬੇਈਮਾਨੀ, ਝੂਠ, ਠੱਗੀ, ਫਰੇਬ, ਵਿਖਾਵਾ, ਹਉਮੈ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੋਲਬਾਲਾ। ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਸਾਡੇ ਹਰ ਖੇਤਰ ਦੇ ਰਹਿਬਰ ਸਭ ਤੋਂ ਵੱਧ ਕਮੀਨੇ, ਭ੍ਰਿਸ਼ਟ ਤੇ ਬੇਈਮਾਨ ਹਨ। ਚਾਰ ਕੁ ਦਿਨ ਉਹਨਾਂ ਦੇ ਨੇਕ ਕਾਰਜਾਂ ਦੀ ਸਿਫ਼ਤ ਤੋਂ ਬਾਅਦ ਉਹਨਾਂ ਤੇ ਅਨੇਕਾਂ ਹੀ ਇਲਜ਼ਾਮ ਜਿਵੇਂ ਭ੍ਰਿਸ਼ਟਾਚਾਰ, ਚੋਰੀ, ਠੱਗੀ, ਧੋਖਾ, ਬਲਾਤਕਾਰ, ਕਤਲ ਆਦਿ ਤੱਕ ਦੇ ਇਲਜ਼ਾਮ ਲੱਗ ਜਾਂਦੇ ਹਨ। ਅੱਜ ਨਿੱਘੇ ਤੇ ਪਵਿੱਤਰ ਰਿਸ਼ਤੇ ਵੀ ਕਿਸੇ ਨਾ ਕਿਸੇ ਕਾਰਨ ਤਾਰ-ਤਾਰ ਹੋ ਰਹੇ ਹਨ।
ਸਮਾਜ ਵਿੱਚ ਕੋਈ ਵੀ ਵਿਅਕਤੀ ਭਾਵੇਂ ਉਹ ਪੂਜਾ-ਪਾਠ ਕਰੇ, ਮੰਦਰਾਂ ਵਿੱਚ ਵਧ-ਚੜ੍ਹ ਕੇ ਦਾਨ ਦੇਵੇ ਪਰ ਨਾਲ ਹੀ ਦੂਜੇ ‘ਧਨ ਤੇ ਪਰਾਈ ਇਸਤਰੀ ’ਤੇ ਮਾੜੀ ਨਿਗਾਹ ਨਾਲ ਵੇਖੇ ਤਾਂ ਉਸ ਵਿਅਕਤੀ ਨੂੰ ਸੁੱਚੇ ਆਦਰਸ਼ ਵਾਲਾ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਦਾ ਫਰਮਾਨ ਹੈ :
“ਦੇਖਿ ਪਰਾਈਆਂ ਚੰਗੀਆਂ ਮਾਵਾਂ, ਧੀਆਂ, ਭੈਣਾਂ ਜਾਣੈ।”
ਗੁਰੂ ਨਾਨਕ ਦੇਵ ਜੀ ਜਦੋਂ ਬੰਗਾਲ ਗਏ ਤਾਂ ਉਹ ਬੰਗਾਲਣਾਂ ਦੀ ਚਰਿੱਤਰਹੀਣ ਦ੍ਰਿਸ਼ਟੀ ਨੂੰ ਤਾੜ ਗਏ ਤੇ ਉਨ੍ਹਾਂ ਆਪਣੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਕੀਤੇ :
“ਗਲੀ ਅਸੀਂ ਚੰਗੀਆ ਆਚਾਰੀ ਬੁਰੀਆਹ।’’
ਸਾਰੰਸ਼ : ਸੱਚ ਕਹਿਣ ਤੇ ਸੱਚੇ-ਸੁੱਚੇ ਆਚਰਨ ਵਾਲਾ ਮਨੁੱਖ ਕੇਵਲ ਉਹੋ ਹੀ ਹੋ ਸਕਦਾ ਹੈ, ਜੋ ਆਪਣੇ ਆਪ ਤੇ ਆਪਣੇ ਆਲੇ-ਦੁਆਲੇ ਪ੍ਰਤੀ ਸੁਹਿਰਦ ਹੋਵੇ। ਉਹ ਕਹਿਣੀ-ਕਰਨੀ ਦਾ ਪੂਰਾ ਹੋਵੇ। ‘ਮੂੰਹ ਮੇਂ ਰਾਮ-ਰਾਮ ਬਗਲ ਮੇਂ ਛੁਰੀ’ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਉਸ ਵਿੱਚ ਖ਼ੁਦਗਰਜ਼ੀ, ਲਾਲਚ, ਚੌਧਰ ਦੀ ਭੁੱਖ ਤੇ ਖੁਸ਼ਾਮਦ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਸਗੋਂ ਉਸ ਦਾ ਆਚਰਨ ਸ਼ੁੱਧ, ਪਵਿੱਤਰ ਤੇ ਨੇਕ ਹੋਵੇ, ਉਸ ਵਿੱਚ ਸੱਚ ਕਹਿਣ ਦੀ ਦਲੇਰੀ ਹੋਵੇ; ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਵਰਗੇ ਜ਼ਾਲਮ ਦੀ ਤਲਵਾਰ ਦੀ ਪਰਵਾਹ ਨਾ ਕਰਦੇ ਹੋਏ ਉਸ ਦੇ ਜਬਰ-ਜ਼ੁਲਮ ਦੀ ਨਿਖੇਧੀ ਕਰਦਿਆਂ ਕਿਹਾ ਸੀ :
“ਸਚੁ ਕੀ ਬਾਣੀ ਨਾਨਕ ਆਖੇ,
ਸਚੁ ਸੁਣਾਇਸੀ ਸਚੁ ਕੀ ਬੇਲਾ॥”