ਲੇਖ : ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥੫॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥੫॥
ਭੂਮਿਕਾ : ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ। ਇਸ ਦਾ ਭਾਵ ਇਹ ਹੈ ਕਿ ਸੱਚ ਬੋਲਣਾ ਬਹੁਤ ਵੱਡਾ ਗੁਣ ਹੈ, ਪਰ ਸੱਚ ਤੋਂ ਉੱਤੇ ਹੈ ਨੇਕ ਆਚਰਣ ਦਾ ਹੋਣਾ। ਸੱਚ ਬੋਲਣਾ ਨੇਕ ਆਚਰਣ ਦਾ ਪ੍ਰਮੁੱਖ ਗੁਣ ਹੈ। ਸਿਆਣੇ ਆਖਦੇ ਹਨ ਕਿ ਧਨ-ਦੌਲਤ, ਰੁਤਬਾ ਤੇ ਸ਼ੁਹਰਤ ਚਲੀ ਜਾਵੇ ਤਾਂ ਬਰਦਾਸ਼ਤ ਹੋ ਸਕਦਾ ਹੈ, ਪਰ ਜੇ ਆਚਰਣ ਹੀ ਚਲਾ ਜਾਵੇ ਤਾਂ ਉਹ ਬਰਦਾਸ਼ਤ ਨਹੀਂ ਹੋ ਸਕਦਾ। ਜਿਸ ਦਾ ਚਾਲ-ਚਲਣ ਚਲਾ ਗਿਆ, ਸਮਝ ਸਭ ਕੁਝ ਚਲਾ ਗਿਆ। ਪੈਸਾ ਤਾਂ ਦੁਬਾਰਾ ਕਮਾਇਆ ਜਾ ਸਕਦਾ ਹੈ, ਪਰ ਇੱਜ਼ਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ।
ਚੰਗੇ ਆਚਰਣ ਦੀ ਪਹਿਚਾਣ : ਸੱਚ ਬੋਲਣਾ, ਮਿੱਠਾ ਬੋਲਣਾ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ, ਕਿਸੇ ਦਾ ਹੱਕ ਨਾ ਮਾਰਨਾ, ਧੋਖਾ ਨਾ ਕਰਨਾ, ਲੋੜਵੰਦ ਦੀ ਮਦਦ ਕਰਨਾ, ਦਇਆ ਭਾਵ ਰੱਖਣਾ ਆਦਿ ਚੰਗੇ ਆਚਰਣ ਦੇ ਲੱਛਣ ਹਨ। ਜਿਹੜਾ ਵਿਅਕਤੀ ਇਨ੍ਹਾਂ ਗੁਣਾਂ ਦਾ ਧਾਰਨੀ ਹੁੰਦਾ ਹੈ, ਉਹ ਨੇਕ ਆਚਰਣ ਦਾ ਮਾਲਕ ਅਖਵਾਉਂਦਾ ਹੈ।
ਚੰਗੇ ਆਚਰਣ ਵਾਲਾ ਬਣਨਾ : ਨੇਕ ਆਚਰਣ ਦਾ ਮਾਲਕ ਬਣਨ ਲਈ ਸਾਨੂੰ ਸੱਚ ਦੇ ਰਾਹ ‘ਤੇ ਚੱਲਣਾ
ਚਾਹੀਦਾ ਹੈ। ਸਾਨੂੰ ਕਦੇ ਵੀ, ਕਿਸੇ ਵੀ ਮਜਬੂਰੀ ਵਿੱਚ ਝੂਠ ਨਹੀਂ ਬੋਲਣਾ ਚਾਹੀਦਾ। ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਅਤੇ ਸੱਚੇ ਦਾ ਸਾਥ ਦੇਣਾ ਚਾਹੀਦਾ ਹੈ। ਸੱਚ ਬੋਲਣ ਵਾਲੇ ਨੂੰ ‘ਧਰਮੀ ਪੁਰਖ’ ਆਖਿਆ ਜਾਂਦਾ ਹੈ। ਪਾਂਡਵ ਪੁੱਤਰ ਯੁਧਿਸ਼ਟਰ ਨੂੰ ‘ਧਰਮ ਪੁੱਤਰ’ ਕਿਹਾ ਜਾਂਦਾ ਸੀ, ਕਿਉਂਕਿ ਉਹ ਕਦੇ ਝੂਠ ਨਹੀਂ ਸੀ ਬੋਲਦਾ। ਉਸ ਨੇ ਲੱਖਾਂ ਮੁਸੀਬਤਾਂ ਝੱਲੀਆਂ, ਪਰ ਕਦੇ ਵੀ ਝੂਠ ਦਾ ਸਹਾਰਾ ਨਹੀਂ ਲਿਆ ਸੀ। ਇਸੇ ਤਰ੍ਹਾਂ ਰਾਜਾ ਹਰੀਸ਼ ਚੰਦਰ ‘ਸੱਤਿਆਵਾਦੀ ਰਾਜਾ’ ਅਖਵਾਉਂਦਾ ਸੀ। ਇਸ ਤੋਂ ਇਲਾਵਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਸੱਚ ਰਾਹ ‘ਤੇ ਚੱਲਦਿਆਂ ਆਪਣੇ ਅਧਿਆਪਕ ਦੇ ਕਹਿਣ ‘ਤੇ ਵੀ ਨਕਲ ਮਾਰਨ ਤੋਂ ਇਨਕਾਰ ਕਰ ਦਿੱਤਾ ਸੀ।
ਧਰਮ ਕੋਈ ਵੀ ਹੋਵੇ, ਸਾਰੇ ਗ੍ਰੰਥ— ਰਾਮਾਇਣ, ਭਗਵਤ ਗੀਤਾ, ਗੁਰੂ ਗ੍ਰੰਥ ਸਾਹਿਬ, ਕੁਰਾਨ, ਬਾਈਬਲ ਆਦਿ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਚਾਈ ਦੇ ਮਾਰਗ ‘ਤੇ ਚੱਲਦਿਆਂ ਅਨੇਕ ਕਸ਼ਟ ਭੋਗਣੇ ਪੈਂਦੇ ਹਨ, ਪਰ ਸਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਜਿੱਤ ਹਮੇਸ਼ਾ ਸੱਚ ਹੀ ਹੁੰਦੀ ਹੈ। ਝੂਠਾ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ, ਅੰਤ ਉਸ ਨੂੰ ਹਾਰ ਦਾ ਮੂੰਹ ਹੀ ਵੇਖਣਾ ਪੈਂਦਾ ਹੈ।
ਝੂਠੇ ਦਾ ਮੂੰਹ ਕਾਲਾ : ਇਸ ਅਖਾਣ ਦਾ ਭਾਵ ਇਹ ਹੈ ਕਿ ਝੂਠੇ ਵਿਅਕਤੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਜਦਕਿ ਸੱਚੇ ਵਿਅਕਤੀ ਦੀ ਚਾਰੇ-ਪਾਸੇ ਪ੍ਰਸੰਸਾ ਹੁੰਦੀ ਹੈ। ਝੂਠੇ ਵਿਅਕਤੀ ‘ਤੇ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਅਤੇ ਹਰ ਕੋਈ ਉਸ ਨੂੰ ਲਾਹਨਤਾਂ ਪਾਉਂਦਾ ਹੈ। ਅਜਿਹੇ ਵਿਅਕਤੀ ਨੂੰ ਸਾਰੇ ਪਾਸਿਓਂ ਧੱਕੇ ਪੈਂਦੇ ਹਨ। ਝੂਠਾ ਵਿਅਕਤੀ ਭਾਵੇਂ ਜਿੰਨਾ ਮਰਜ਼ੀ ਪੜ੍ਹਿਆ – ਲਿਖਿਆ ਤੇ ਵਿਦਵਾਨ ਹੋਵੇ, ਪਰ ਇਸ ਔਗੁਣ ਕਾਰਨ ਉਹ ਨਫ਼ਰਤ ਦਾ ਪਾਤਰ ਬਣਦਾ ਹੈ। ਸੱਚ ਬੋਲਣ ਵਾਲੇ ਨੂੰ ਹਰ ਕੋਈ ਪਿਆਰ ਕਰਦਾ ਹੈ ਅਤੇ ਸਮਾਜ ਵਿੱਚ ਉਸ ਨੂੰ ਇੱਜ਼ਤ – ਮਾਣ ਪ੍ਰਾਪਤ ਹੁੰਦਾ ਹੈ। ਸੱਚਾ ਵਿਅਕਤੀ ਹਮੇਸ਼ਾ ਉੱਚਾ ਮੁਕਾਮ ਹਾਸਲ ਕਰਦਾ ਹੈ ਅਤੇ ਸਨਮਾਨ ਵਾਲਾ ਜੀਵਨ ਬਤੀਤ ਕਰਦਾ ਹੈ।
ਝੂਠ ਬੋਲਣ ਦੇ ਨੁਕਸਾਨ : ਝੂਠ ਬੋਲਣਾ ਮਾੜੇ ਆਚਰਣ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਅਸੀਂ ਝੂਠ ਬੋਲ ਕੇ ਕਾਮਯਾਬੀ ਤਾਂ ਹਾਸਲ ਕਰ ਸਕਦੇ ਹਾਂ, ਪਰ ਅਜਿਹੀ ਸਫ਼ਲਤਾ ਨਾਲ ਮਨ ਪ੍ਰਸੰਨ ਨਹੀਂ ਹੁੰਦਾ। ਕਿਸੇ ਦਾ ਹੱਕ ਮਾਰ ਕੇ ਕੀਤੀ ਕਮਾਈ ਕਦੇ ਵੀ ਖ਼ੁਸ਼ੀ ਨਹੀਂ ਦਿੰਦੀ। ਅਜਿਹਾ ਪੈਸਾ ਕਮਾਉਣ ਵਾਲਿਆਂ ਦੀ ਜਾਂ ਤਾਂ ਔਲਾਦ ਨਾਲਾਇਕ ਨਿਕਲਦੀ ਹੈ ਜਾਂ ਫਿਰ ਪਰਿਵਾਰ ਦਾ ਕੋਈ ਜੀਅ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਧੋਖੇ ਨਾਲ ਕਮਾਇਆ ਪੈਸਾ ਇਲਾਜ ’ਤੇ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਨਾਲ ਧੱਕਾ ਕਰ ਕੇ, ਕਿਸੇ ਵਿਰੁੱਧ ਝੂਠੀ ਗਵਾਹੀ ਦੁਆ ਕੇ ਅਸੀਂ ਕੇਸ ਜਿੱਤ ਤਾਂ ਸਕਦੇ ਹਾਂ, ਪਰ ਅਜਿਹੀ ਜਿੱਤ ਅਸਲੀ ਖ਼ੁਸ਼ੀ ਪ੍ਰਦਾਨ ਨਹੀਂ ਕਰਦੀ। ਇਸੇ ਤਰ੍ਹਾਂ ਨਕਲ ਮਾਰ ਕੇ ਅਸੀਂ ਪਾਸ ਹੋ ਵੀ ਜਾਂਦੇ ਹਾਂ ਤਾਂ ਇੱਕ ਨਾ ਇੱਕ ਦਿਨ ਸਾਨੂੰ ਜ਼ਰੂਰ ਪਛਤਾਉਣਾ ਪੈਂਦਾ ਹੈ।
ਨੇਕ ਆਚਰਣ ਦੇ ਲਾਭ : ਸੱਚ ਬੋਲਣ ਵਾਲੇ ਨੂੰ ਕਦੇ ਵੀ ਕਿਸੇ ਦਾ ਡਰ ਨਹੀਂ ਹੁੰਦਾ। ਸਿਆਣਿਆਂ ਆਖਿਆ ਹੈ; ‘ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ’। ਇਸ ਦਾ ਭਾਵ ਇਹ ਹੈ ਕਿ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਇਮਾਨ ਤੋਂ ਕਦੇ ਵੀ ਗਿਰਾਇਆ ਨਹੀਂ ਜਾ ਸਕਦਾ; ਡਰਾਇਆ – ਧਮਕਾਇਆ ਨਹੀਂ ਜਾ ਸਕਦਾ। ਅਜਿਹੇ ਲੋਕਾਂ ‘ਤੇ ਸਾਰੇ ਵਿਸ਼ਵਾਸ ਕਰਦੇ ਹਨ ਅਤੇ ਇੱਜ਼ਤ-ਮਾਣ ਦਿੰਦੇ ਹਨ। ਗੁਰਬਾਣੀ ਵਿੱਚ ਲਿਖਿਆ ਹੈ :
“ਸਚੈ ਮਾਰਗਿ ਚਲਦਿਆਂ ਉਸਤਤਿ ਕਰੇ ਜਹਾਨੁ॥”
ਨੇਕ ਆਚਰਣ ਵਾਲੇ ਹੱਥੀਂ ਕਿਰਤ ਕਰ ਕੇ, ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਪਰਮਾਤਮਾ ਦੇ ਨਾਂ ਦਾ ਸਿਮਰਨ ਕਰਦੇ ਹੋਏ ਜੀਵਨ ਦਾ ਆਨੰਦ ਮਾਣਦੇ ਹਨ। ਪਰਮਾਤਮਾ ਵੀ ਅਜਿਹੇ ਲੋਕਾਂ ’ਤੇ ਮਿਹਰਬਾਨ ਹੁੰਦਾ ਹੈ ਅਤੇ ਖ਼ੁਸ਼ੀਆਂ-ਖੇੜੇ ਬਖ਼ਸ਼ਦਾ ਹੈ।
ਸਿੱਟਾ : ਮਨੁੱਖ ਨੂੰ ਹਮੇਸ਼ਾ ਸੱਚਾ ਤੇ ਸੁੱਚਾ ਆਚਰਣ ਅਪਣਾਉਣਾ ਚਾਹੀਦਾ ਹੈ। ਝੂਠਾ ਵਿਅਕਤੀ, ਮਾੜੇ ਆਚਰਣ ਵਾਲਾ ਵਿਅਕਤੀ ਭਾਵੇਂ ਜ਼ਿਆਦਾ ਸ਼ਕਤੀਸ਼ਾਲੀ ਤੇ ਜ਼ੋਰਾਵਰ ਹੋਵੇ, ਪਰ ਜਿੱਤ ਹਮੇਸ਼ਾ ਸੱਚੇ ਵਿਅਕਤੀ ਦੀ ਹੀ ਹੁੰਦੀ ਹੈ। ਰਾਵਣ ਭਾਵੇਂ ਬਹੁਤ ਵੱਡਾ ਵਿਦਵਾਨ ਸੀ, ਉਸ ਨੇ ਅਨੇਕ ਵਰ ਪ੍ਰਾਪਤ ਕੀਤੇ ਹੋਏ ਸਨ, ਪਰ ਅੰਤ ਵਿੱਚ ਹਾਰ ਜਾਂਦਾ ਹੈ। ਭਾਵੇਂ ਉਸ ਨੂੰ ਮਰਿਆਂ ਹਜ਼ਾਰਾਂ ਵਰ੍ਹੇ ਬੀਤ ਗਏ ਹਨ, ਅਜੇ ਵੀ ਦੁਸਹਿਰੇ ਵਾਲੇ ਦਿਨ ਉਸ ਦਾ ਪੁਤਲਾ ਫ਼ੂਕਿਆ ਜਾਂਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਨੇਕ ਆਚਰਣ ਵਾਲਿਆਂ ਦੀ ਹੀ ਜੈ-ਜੈ ਕਾਰ ਹੁੰਦੀ ਹੈ, ਭਾਵ ਮਾਣ-ਇੱਜ਼ਤ ਪ੍ਰਾਪਤ ਹੁੰਦਾ ਹੈ।