ਲੇਖ – ਸ਼ਹੀਦ ਭਗਤ ਸਿੰਘ
ਸ਼ਹੀਦ ਭਗਤ ਸਿੰਘ ਜੀ
“ਤੇਗੋਂ ਕੇ ਸਾਏ ਮੇਂ ਹਮ ਪਲ ਕਰ ਜਵਾਂ ਹੂਏ ਹੈਂ
ਇੱਕ ਖੇਲ ਜਾਨਤੇ ਹੈਂ, ਫਾਂਸੀ ਪੇ ਝੂਲ ਜਾਨਾ”
ਜਾਣ-ਪਛਾਣ : ਭਾਰਤ ਦਾ ਇਤਿਹਾਸ ਸੂਰਬੀਰਾਂ, ਯੋਧਿਆਂ ਤੇ ਬਹਾਦਰਾਂ ਦੀ ਕੁਰਬਾਨੀ ਨਾਲ ਭਰਿਆ ਪਿਆ ਹੈ। ਇਹ ਵੀਰ ਯੋਧੇ ਇਸ ਦੇਸ਼ ਦੀ ਸ਼ਾਨ ਹਨ, ਲੋਕ-ਦਿਲਾਂ ‘ਤੇ ਰਾਜ ਕਰਨ ਵਾਲੇ ਨਾਇਕ ਹਨ। ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸੂਰਬੀਰਾਂ ਦੀ ਸ਼ਹੀਦੀ ਸਦਕਾ ਹੀ ਅੱਜ ਅਸੀਂ ਅਜ਼ਾਦ ਭਾਰਤ ਦੇ ਵਸਨੀਕ ਹਾਂ। ਇਨ੍ਹਾਂ ਦੇ ਦਿਲਾਂ ਵਿੱਚ ਦੇਸ਼-ਭਗਤੀ ਦਾ ਜਜ਼ਬਾ ਠਾਠਾਂ ਮਾਰਦਾ ਸੀ ਤਾਂ ਹੀ ਤਾਂ ਇਹ ਬੋਲ ਉੱਠਦੇ ਸਨ :
ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।
ਰਾਮ ਪ੍ਰਸਾਦ ਬਿਸਮਿਲ ਦੇ ਇਨ੍ਹਾਂ ਬੋਲਾਂ ਨੂੰ ਗੁਣਗੁਣਾਉਂਦਾ ਹੋਇਆ ਅਜਿਹਾ ਹੀ ਇੱਕ ਨਾਇਕ ਹੈ ‘ਸ਼ਹੀਦ ਭਗਤ ਸਿੰਘ’, ਜਿਸ ਨੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈ ਕੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਭਾਰਤੀ ਕੌਮ ਵਿੱਚ ਇੱਕ ਅਜਿਹੀ ਲਹਿਰ ਪੈਦਾ ਕੀਤੀ ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ।
ਜਨਮ ਅਤੇ ਬਚਪਨ : ਸ: ਭਗਤ ਸਿੰਘ ਦਾ ਜਨਮ 28 ਸਤੰਬਰ 1907 ਈ: ਨੂੰ ਚੱਕ ਨੰਬਰ 5, ਗੁਗੇਸ ਬਰਾਂਚ, ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਉਸ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾ ਜਲੰਧਰ) ਹੈ। ਉਸ ਦੀ ਮਾਤਾ ਦਾ ਨਾਂ ਵਿਦਿਆਵਤੀ ਤੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। ਉਸ ਦੇ ਪਿਤਾ ਕਾਂਗਰਸ ਦੇ ਉੱਘੇ ਲੀਡਰ ਸਨ। ਚਾਚਾ ਅਜੀਤ ਸਿੰਘ ਜਲਾਵਤਨ ‘ਪਗੜੀ ਸੰਭਾਲ ਓ ਜੱਟਾ’ ਲਹਿਰ ਦੇ ਪ੍ਰਸਿੱਧ ਆਗੂ ਸਨ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਉਸੇ ਦਿਨ ਉਸ ਦੇ ਚਾਚਾ ਅਜੀਤ ਸਿੰਘ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਘਰ ਆਏ ਸਨ ਤੇ ਪਿਤਾ ਕਿਸ਼ਨ ਸਿੰਘ ਵੀ ਜ਼ਮਾਨਤ ‘ਤੇ ਘਰ ਵਾਪਸ ਆਏ ਸਨ। ਘਰ ਵਾਲਿਆਂ ਨੇ ਕਿਹਾ ‘ਇਹ ਮੁੰਡਾ ਭਾਗਾਂ ਵਾਲਾ ਹੈ। ਇੰਝ ਕਈ ਚਿਰ ਤੱਕ ਉਸ ਦਾ ਨਾਂਅ ‘ਭਾਗਾਂ ਵਾਲਾ’ ਹੀ ਰਿਹਾ, ਜੋ ਬਾਅਦ ਵਿੱਚ ਭਗਤ ਸਿੰਘ ਬਣ ਗਿਆ।
ਬਚਪਨ ਤੋਂ ਹੀ ਭਗਤ ਸਿੰਘ ਦੇ ਮਨ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਨਫ਼ਰਤ ਸੀ। ਉਸ ਦੀਆਂ ਖੇਡਾਂ ਵੀ ਆਮ ਬੱਚਿਆਂ ਨਾਲੋਂ ਵੱਖ ਸਨ। ਉਹ ਖੇਤਾਂ ਵਿੱਚ ਤੀਲੇ ਗੱਡ ਕੇ ਕਹਿੰਦਾ ਹੁੰਦਾ ਸੀ ਕਿ ਉਹ ਦਮੂਕਾਂ (ਬੰਦੂਕਾਂ) ਬੀਜ ਰਿਹਾ ਹੈ ਤਾਂ ਜੋ ਵੱਡਾ ਹੋ ਕੇ ਅੰਗਰੇਜ਼ਾਂ ਨੂੰ ਮਾਰ ਸਕੇ।
ਕਰਤਾਰ ਸਿੰਘ ਸਰਾਭਾ ਤੋਂ ਪ੍ਰਭਾਵਿਤ : ਜਦੋਂ ਉਹ ਨੌਂ ਵਰ੍ਹਿਆਂ ਦਾ ਸੀ ਤਾਂ ਉਸ ਨੂੰ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਪਤਾ ਲੱਗਿਆ। ਭਗਤ ਸਿੰਘ ਉੱਤੇ ਸਰਾਭਾ ਦੀ ਕੁਰਬਾਨੀ ਦਾ ਬਹੁਤ ਅਸਰ ਹੋਇਆ। ਉਸ ਨੇ ਕਿਸੇ ਅਖਬਾਰ ਵਿੱਚੋਂ ਉਸ ਦੀ ਤਸਵੀਰ ਕੱਟ ਲਈ ਜੋ ਹਰ ਵਕਤ ਆਪਣੇ ਕੋਲ ਰੱਖਦਾ ਸੀ।
ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਅਸਰ : ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਉਸ ਦੀ ਉਮਰ ਮਸਾਂ ਬਾਰ੍ਹਾਂ ਕੁ ਸਾਲ ਦੀ ਹੀ ਹੋਵੇਗੀ। ਇਸ ਘਟਨਾ ਦੀ ਖਬਰ ਸੁਣ ਕੇ ਉਹ ਗੱਡੀ ਚੜ੍ਹ ਕੇ ਅੰਮ੍ਰਿਤਸਰ ਪਹੁੰਚ ਗਿਆ। ਉੱਥੇ ਉਸ ਨੇ ਬਾਗ਼ ਵਿੱਚ ਸ਼ਹੀਦ ਹੋਏ ਲੋਕਾਂ ਦੇ ਲਹੂ ਨਾਲ ਭਿੱਜੀ ਮਿੱਟੀ ਨੂੰ ਇੱਕ ਸ਼ੀਸ਼ੀ ਵਿੱਚ ਪਾ ਲਿਆ। ਇਸ ਸਾਕੇ ਨੇ ਉਸ ਦੇ ਮਨ ਉੱਤੇ ਬੜਾ ਅਸਰ ਕੀਤਾ। ਉਸ ਦੇ ਮਨ ਨੂੰ ਦੁੱਖ ਸੀ ਕਿ ਅੰਗਰੇਜ਼ਾਂ ਨੇ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਕਿਉਂ ਭੁੰਨ ਦਿੱਤਾ ?
ਨੌਜਵਾਨ ਭਾਰਤ ਸਭਾ : ਫਿਰ ਇੱਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ-ਮਿਲਵਰਤਣ ਲਹਿਰ ਚੱਲ ਪਈ। ਭਗਤ ਸਿੰਘ ਨੇ ਸੱਤਿਆਗ੍ਰਹੀਆਂ ਦੀ ਖ਼ੂਬ ਸੇਵਾ ਕੀਤੀ ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਨੈਸ਼ਨਲ ਕਾਲਜ ਵਿੱਚ ਦਾਖਲ ਹੋਣ ‘ਤੇ ਉਸ ਦਾ ਮੇਲ ਸੁਖਦੇਵ ਨਾਲ ਹੋਇਆ ਤੇ ਇਨ੍ਹਾਂ ਨੇ ਮਿਲ ਕੇ 1925 ਈਸਵੀ ਵਿੱਚ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਲਾਹੌਰ ਬਰੈਡਲੇ ਹਾਲ ਵਿੱਚ ਸਰਾਭਾ ਦੀ ਬਰਸੀ ਵੀ ਮਨਾਈ।
ਸਾਂਡਰਸ ਨੂੰ ਮਾਰਨਾ : 1928 ਈਸਵੀ ਵਿੱਚ ਪ੍ਰਸਿੱਧ ਦੇਸ਼-ਭਗਤ ਲਾਲਾ ਲਾਜਪਤ ਰਾਇ ਦੀ ਮੌਤ ਅੰਗਰੇਜ਼ ਪੁਲਿਸ ਦੀਆਂ ਲਾਠੀਆਂ ਨਾਲ ਹੋ ਗਈ। ਭਗਤ ਸਿੰਘ ਤੇ ਉਸ ਦੇ ਸਾਥੀਆਂ ਤੋਂ ਇਹ ਬੇਇਜ਼ਤੀ ਸਹਾਰੀ ਨਾ ਗਈ। ਉਨ੍ਹਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਲਾਲਾ ਜੀ ਦੇ ਕਾਤਲ ਮਿ: ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ। ਇਸੇ ਸਮੇਂ ਸਾਂਡਰਸ ਉਨ੍ਹਾਂ ਦੇ ਘੇਰੇ ਵਿੱਚ ਆ ਗਿਆ। ਉਹ ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਿਆ। ਇਸ ਮਗਰੋਂ ਭਗਤ ਸਿੰਘ ਕਲਕੱਤੇ ਪੁੱਜ ਗਿਆ।
ਅਸੈਂਬਲੀ ਵਿੱਚ ਬੰਬ ਸੁੱਟਣਾ : ਇਸ ਤੋਂ ਬਾਅਦ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ। ਬੰਬ ਸੁੱਟਣ ਦੀ ਡਿਊਟੀ ਬੀ. ਕੇ. ਦੱਤ ਦੀ ਲੱਗੀ। 8 ਅਪ੍ਰੈਲ, 1929 ਈ: ਨੂੰ ਵਾਇਸਰਾਇ ਨੇ ਅਸੈਂਬਲੀ ਵਿੱਚ ਅਜਿਹੇ ਬਿੱਲ ਪਾਸ ਕਰਨੇ ਸਨ ਜੋ ਲੋਕ-ਵਿਰੋਧੀ ਸਨ ਤੇ ਪਹਿਲਾਂ ਰੱਦ ਕਰ ਦਿੱਤੇ ਸਨ। ਭਗਤ ਸਿੰਘ ਹੋਰਾਂ ਨੇ ਇਸ ਐਲਾਨ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਦੋ ਬੰਬ ਸੁੱਟੇ। ਸਾਰਾ ਹਾਲ ਕੰਬ ਗਿਆ। ਪਰ ਭਗਤ ਸਿੰਘ ਤੇ ਦੱਤ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਗਿਰਫ਼ਤਾਰੀ ਦੇ ਦਿੱਤੀ। ਹਫ਼ਤੇ ਕੁ ਬਾਅਦ ਲਾਹੌਰ ਤੋਂ ਸੁਖਦੇਵ ਵੀ ਫੜ੍ਹਿਆ ਗਿਆ।
ਫਾਂਸੀ : ਜੇਲ੍ਹ ਦੇ ਦਰੋਗਿਆਂ ਦੇ ਮਾੜੇ ਸਲੂਕ ਕਾਰਨ ਸਾਰਿਆਂ ਨੇ ਭੁੱਖ ਹੜਤਾਲ ਕਰ ਦਿੱਤੀ । ਇਸ ਸਮੇਂ ਭਗਤ ਸਿੰਘ ‘ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਭਗਤ ਸਿੰਘ ਨੇ ਸਪੈਸ਼ਲ ਅਦਾਲਤ ਵਿੱਚ ਬੜੀ ਬਹਾਦਰੀ ਤੇ ਨਿਡਰਤਾ ਨਾਲ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾ ਲਾਹ ਦਿੱਤਾ। ਅਦਾਲਤ ਨੇ 7 ਅਕਤੂਬਰ, 1930 ਈ: ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਇਸ ਸਮੇਂ ਗਾਂਧੀ-ਇਰਵਿਨ ਸਮਝੌਤਾ ਹੋਇਆ। ਆਸ ਸੀ ਕਿ ਹੋਰ ਕੈਦੀਆਂ ਦੇ ਨਾਲ – ਨਾਲ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ।
ਅੰਗਰੇਜ਼ਾਂ ਨੇ 23 ਮਾਰਚ 1931 ਨੂੰ ਉਨ੍ਹਾਂ ਤਿੰਨਾਂ ਨੂੰ ਫਾਂਸੀ ਦੇ ਦਿੱਤੀ। ਫਾਂਸੀ ਦੀ ਖਬਰ ਸੁਣ ਕੇ ਸਾਰਾ ਸ਼ਹਿਰ ਜੇਲ੍ਹ ਅੱਗੇ ਇਕੱਠਾ ਹੋ ਗਿਆ। ਪੁਲਿਸ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਨੂੰ ਫਾਂਸੀ ਲਾ ਕੇ ਜੇਲ੍ਹ ਦੇ ਪਿਛਵਾੜਿਓਂ ਲਾਸ਼ਾਂ ਲੈ ਕੇ ਫਿਰੋਜ਼ਪੁਰ ਵੱਲ ਨਿਕਲ ਗਈ। ਤਿੰਨਾਂ ਦੀ ਇਕੱਠੀ ਚਿਤਾ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲੱਗਾ ਦਿੱਤੀ ਤੇ ਅੱਧ-ਸੜੀਆਂ ਲਾਸ਼ਾਂ ਸਤਲੁਜ ਵਿੱਚ ਰੋੜ੍ਹ ਦਿੱਤੀਆਂ।
ਇਸ ਤਰ੍ਹਾਂ 23-24 ਸਾਲ ਦੀ ਉਮਰ ਵਿੱਚ ਹੀ ਭਗਤ ਸਿੰਘ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾ ਦਿੱਤੀ।
ਸ: ਭਗਤ ਸਿੰਘ ਦੀ ਕੁਰਬਾਨੀ ਨੇ ਸਾਰੇ ਭਾਰਤ ਵਿੱਚ ਅੰਗਰੇਜ਼-ਵਿਰੋਧੀ ਘੋਲ/ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ। ਇਸ ਦੇ ਨਾਲ ਹੋਰ ਨੌਜਵਾਨਾਂ ਨੂੰ ਕੁਰਬਾਨੀਆਂ ਕਰਨ ਦਾ ਉਤਸ਼ਾਹ ਮਿਲਿਆ। ਅੰਤ ਅੰਗਰੇਜ਼ ਹਾਰ ਗਏ ਤੇ 15 ਅਗਸਤ, 1947 ਨੂੰ ਭਾਰਤ ਛੱਡ ਗਏ।
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇਂ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।