ਲੇਖ : ਵਿਹਲਾ ਮਨ ਸ਼ੈਤਾਨ ਦਾ ਘਰ

ਵਿਹਲਾ ਮਨ ਸ਼ੈਤਾਨ ਦਾ ਘਰ

ਮਨ ਦਾ ਅਰਥ : ਮਨ ਕੀ ਹੈ ? ਮਨ ਵਿਚਾਰਾਂ, ਫੁਰਨਿਆਂ, ਸੰਕਲਪਾਂ ਅਤੇ ਤ੍ਰਿਸ਼ਨਾਵਾਂ ਦਾ ਢੇਰ ਹੈ। ਇਨ੍ਹਾਂ ਦਾ ਪ੍ਰਵਾਹ ਹਰ ਵੱਲੋਂ ਚਲਦਾ ਰਹਿੰਦਾ ਹੈ। ਇਹ ਮਨ ਹੀ ਹੈ ਜਿਸ ਵਿੱਚ ਸਾਡੀਆਂ ਇੱਛਾਵਾਂ, ਲਾਲਸਾਵਾਂ, ਉਮੰਗਾਂ ਤੇ ਸੱਧਰਾਂ ਪਲਦੀਆਂ ਹਨ। ਮਨ ਦੇ ਹੁਕਮ ਅਨੁਸਾਰ ਹੀ ਸਾਡੀਆਂ ਗਿਆਨ – ਇੰਦਰੀਆਂ (ਹੱਥ, ਪੈਰ, ਅੱਖ, ਕੰਨ, ਮੂੰਹ) ਕੰਮ ਕਰਦੀਆਂ ਹਨ। ਮਨ ਭਟਕਦਾ ਰਹਿੰਦਾ ਹੈ। ਇਸ ਵਿੱਚ ਮ੍ਰਿਗ-ਤ੍ਰਿਸ਼ਨਾਵਾਂ ਵਾਂਗ ਇੱਛਾਵਾਂ ਵਧਦੀਆਂ ਹੀ ਜਾਂਦੀਆਂ ਹਨ।

ਮਨੁੱਖ ਦੀਆਂ ਦੋ ਸ਼ਕਤੀਆਂ : ਹਰ ਜੀਵ ਵਿੱਚ ਦੋ ਸ਼ਕਤੀਆਂ ਕੰਮ ਕਰਦੀਆਂ ਹਨ-ਦਿਬ/ਦੈਵ ਸਰੂਪ (Higher Self) ਅਤੇ ਦਾਨਵ/ਦੈਂਤ ਸ਼ਕਤੀ (Lower Self) । ਇਹੋ ਸ਼ਕਤੀਆਂ ਮਨ ਨੂੰ ਭਟਕਾਉਂਦੀਆਂ ਹਨ। ਜੇ ਮਨ-ਰੂਪੀ ਘੋੜੇ ਦੀਆਂ ਵਾਗਾਂ ਦੇਵਤੇ ਭਾਵ ਦਿਬ-ਸ਼ਕਤੀ ਦੇ ਹੱਥ ਵਿੱਚ ਹੋਣ ਤਾਂ ਉਹ ਸ਼ੁੱਭ ਕਰਮ ਕਰਦਾ ਰੱਬ-ਰੂਪ ਹੋ ਜਾਂਦਾ ਹੈ ਪਰ ਅਜਿਹੀ ਅਵਸਥਾ ਤੱਕ ਪਹੁੰਚਣ ਲਈ ਪੰਜ-ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ‘ਤੇ ਕਾਬੂ ਪਾਉਣ ਦੀ ਲੋੜ ਹੈ ਪਰੰਤੂ ਜੇਕਰ ਕਿਸੇ ਮਨ-ਰੂਪੀ ਘੋੜੇ ਦੀਆਂ ਵਾਗਾਂ ਦਾਨਵ ਜਾਂ ਦੈਂਤ ਸ਼ਕਤੀਆਂ ਦੇ ਹੱਥ ਵਿੱਚ ਹੋਣ ਤਾਂ ਉਹ ਸ਼ੈਤਾਨ ਦਾ ਰੂਪ ਹੋ ਜਾਂਦਾ ਹੈ।

ਵਿਹਲਾ ਮਨ ਸ਼ੈਤਾਨ ਦਾ ਘਰ : ਮਨ ਸ਼ੈਤਾਨ-ਰੂਪ ਕਦੋਂ ਹੁੰਦਾ ਹੈ? ਜ਼ਾਹਿਰ ਹੈ ਕਿ ਮਨ ਜਦੋਂ ਵਿਹਲਾ ਹੋਵੇ, ਕੋਈ ਕੰਮ ਕਰਨ ਨੂੰ ਨਾ ਲੱਭੇ ਜਾਂ ਕੋਈ ਕੰਮ (ਸਾਰਥਕ) ਨਾ ਕੀਤਾ ਜਾਵੇ ਤਾਂ ਮਨ ਵਿਹਲਾ ਹੁੰਦਾ ਹੈ। ਉਹ ਡਾਵਾਂ-ਡੋਲ ਹੁੰਦਾ ਹੈ, ਭਟਕਦਾ ਰਹਿੰਦਾ ਹੈ ਤਾਂ ਫਿਰ ਸਪਸ਼ਟ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਸ਼ੈਤਾਨ ਬਰਬਾਦੀ ਲਿਆਉਣ ਵਾਲੀ, ਮਾੜੇ ਕੰਮਾਂ ਵੱਲ ਪ੍ਰੇਰਿਤ ਕਰਨ ਵਾਲੀ ਤੇ ਬੁੱਧੀ ਭ੍ਰਿਸ਼ਟ ਕਰਨ ਵਾਲੀ ਕੋਈ ਅਦਿੱਖ ਸ਼ਕਤੀ ਹੈ। ਜਦੋਂ ਇਸ ਦਾ ਬੋਲਬਾਲਾ ਹੁੰਦਾ ਹੈ ਤਾਂ ਮਨੁੱਖ ਵੀ ਸ਼ੈਤਾਨ ਬਣ ਜਾਂਦਾ ਹੈ।

ਵਿਹਲੇ ਮਨ ਤੋਂ ਭਾਵ : ਵਿਹਲੇ ਮਨ ਤੋਂ ਭਾਵ ਉਸ ਮਨੁੱਖ ਦੀ ਅੰਦਰਲੀ ਦਸ਼ਾ/ਹਾਲਤ ਤੋਂ ਹੈ ਜੋ ਦਸਾਂ-ਨਹੁੰਆਂ ਦੀ ਕਿਰਤ ਵਿੱਚ ਨਹੀਂ ਰੁੱਝਿਆ ਹੋਇਆ ਹੁੰਦਾ ਬਲਕਿ ਅਜਿਹੀਆਂ ਸੋਚਾਂ ਵਿੱਚ ਘਿਰਿਆ ਰਹਿੰਦਾ ਹੈ ਜਿਹੜੀਆਂ ਗ਼ਲਤ ਹੋਣ, ਜਿਨ੍ਹਾਂ ਦੇ ਸਿੱਟੇ ਮਾੜੇ ਨਿਕਲਦੇ ਹੋਣ। ਗ਼ਲਤ ਸੋਚਣੀ ਹਮੇਸ਼ਾ ਨੁਕਸਾਨਦਾਇਕ ਹੁੰਦੀ ਹੈ ਤੇ ਮਨੁੱਖ ਨੂੰ ਢਹਿੰਦੀ ਕਲਾ ਵੱਲ ਲੈ ਕੇ ਜਾਣ ਵਾਲੀ ਹੁੰਦੀ ਹੈ। ਅਜਿਹਾ ਮਨੁੱਖ ਸਮਾਜ, ਪਰਿਵਾਰ ਸਾਰਿਆਂ ਲਈ ਸਿਰਦਰਦੀ ਦਾ ਕਾਰਨ ਬਣਿਆ ਰਹਿੰਦਾ ਹੈ। ਉਹ ਨਾ ਆਪ ਟਿਕ ਕੇ ਬੈਠਦਾ ਹੈ ਤੇ ਨਾ ਹੀ ਦੂਜਿਆਂ ਨੂੰ ਸ਼ਾਂਤੀ ਨਾਲ ਰਹਿਣ ਦਿੰਦਾ ਹੈ।

ਮਨੁੱਖ ਦੀ ਪਰੇਸ਼ਾਨੀ ਦਾ ਕਾਰਨ : ਮਨੁੱਖ ਵਿਹਲਾ ਕਿਉਂ ਅਤੇ ਕਦੋਂ ਰਹਿੰਦਾ ਹੈ? ਇਸ ਦੇ ਕਈ ਕਾਰਨ ਹਨ—ਪਹਿਲਾ ਕਾਰਨ ਤਾਂ ਸਪਸ਼ਟ ਹੈ—ਬੇਰੁਜ਼ਗਾਰੀ ਭਾਵ ਮਨੁੱਖ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ, ਉਹ ਮਾਨਸਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ, ਜਿਸ ਨਾਲ ਉਸ ਦੀ ਸੋਚ ਵੀ ਨਕਾਰਾਤਮਕ ਹੋ ਜਾਂਦੀ ਹੈ। ਘਰੇਲੂ ਪਰੇਸ਼ਾਨੀਆਂ ਵੀ ਮਨੁੱਖ ਦੇ ਮਨ ਨੂੰ ਬੇਚੈਨ ਕਰ ਦਿੰਦੀਆਂ ਹਨ, ਜਿਸ ਨਾਲ ਚੰਗਾ-ਭਲਾ ਮਨੁੱਖ ਸ਼ੈਤਾਨ ਬਣ ਜਾਂਦਾ ਹੈ। ਅਜਿਹੇ ਵਿਅਕਤੀ ਭਾਵੇਂ ਕਾਰ-ਵਿਹਾਰ ਵੀ ਕਰਦੇ ਹਨ ਪਰ ਵਿਹਲੇ ਸਮੇਂ ਦਾ ਦੁਰਉਪਯੋਗ ਵੀ ਕਰਦੇ ਹਨ। ਇਹ ਆਪਣੇ ਵਿਹਲੇ ਪਲਾਂ ਨੂੰ ਬੁਰੇ ਪਾਸੇ ਗੁਜ਼ਾਰ ਕੇ ਬਰਬਾਦ ਕਰ ਦਿੰਦੇ ਹਨ ਪਰ ਪ੍ਰਾਣੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਆਪਣਾ ਇਹ ਮਨੁੱਖਾ ਜਨਮ ਘੱਟੇ ਵਿੱਚ ਰੋਲ ਲੈਂਦਾ ਹੈ।

ਮਨ ਨੂੰ ਇਕਾਗਰ ਕਰਨ ਦੀ ਲੋੜ : ਮਨੁੱਖ ਨੂੰ ਇਹ ਸੋਝੀ ਤਾਂ ਹੈ ਹੀ ਕਿ ਇਹ ਮਨੁੱਖਾ ਜਨਮ ਦੁਰਲੱਭ ਹੈ, ਵਾਰ-ਵਾਰ ਨਹੀਂ ਮਿਲਣਾ, ਇਸ ਜੀਵਨ ਨੂੰ ਪ੍ਰਾਪਤ ਕਰਨ ਲਈ ਚੁਰਾਸੀ ਦੇ ਗੇੜ ਵਿੱਚ ਪੈਣਾ ਪੈਂਦਾ ਹੈ। ਫਿਰ ਉਹ ਮਾੜੇ ਕਰਮਾਂ ਵੱਲ ਕਿਉਂ ਉੱਲਰਦਾ ਹੈ। ਮਨੁੱਖ ਨੂੰ ਦੁਨਿਆਵੀ ਕੰਮ-ਕਾਰ ਕਰਦਿਆਂ ਹੋਇਆਂ ਵੀ ਆਪਣਾ ਧਿਆਨ ਪ੍ਰਭੂ-ਪਰਮਾਤਮਾ ਵੱਲ ਲਾਈ ਰੱਖਣਾ ਚਾਹੀਦਾ ਹੈ; ਜਿਵੇਂ ਕਿਹਾ ਜਾਂਦਾ ਹੈ—ਹੱਥ ਕਾਰ ਵੱਲ ਚਿੱਤ ਕਰਤਾਰ ਵੱਲ। ਇਸ ਤਰ੍ਹਾਂ ਜਿਸ ਮਨੁੱਖ ਦਾ ਧਿਆਨ ਸ਼ੁੱਭ ਕੰਮਾਂ ਵੱਲ ਟਿਕੇਗਾ, ਉਹ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਛੁੱਟ ਸਕੇਗਾ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਉਹ ਸਰੀਰਕ ਕਾਰਜ ਕਰਦਿਆਂ ਮਨ ਕਰਤਾਰ ਵੱਲ ਲਾਈ ਰੱਖੇ ਅਤੇ ਮਾੜੇ ਵਿਚਾਰਾਂ ਨੂੰ ਪੈਦਾ ਹੀ ਨਾ ਹੋਣ ਦੇਵੇ।

ਸਾਰੰਸ਼ : ਵਿਹਲਾ ਰਹਿਣਾ ਵੀ ਇੱਕ ਰੋਗ ਹੈ ਕਿਉਂਕਿ ਇਸ ਨਾਲ ਸਰੀਰਕ ਅਤੇ ਮਾਨਸਕ ਦੋਵੇਂ ਸਮਰਥਾਵਾਂ ਵਿਗੜ ਜਾਂਦੀਆਂ ਹਨ, ਵਿਅਕਤੀ ਆਲਸੀ ਹੋ ਜਾਂਦਾ ਹੈ, ਮਨ ਵਿੱਚ ਹਮੇਸ਼ਾ ਭੈੜੇ-ਭੈੜੇ ਖ਼ਿਆਲ ਆਉਂਦੇ ਹਨ, ਕੋਈ ਵੀ ਕੰਮ ਕਰਨ ਨੂੰ ਜੀਅ ਨਹੀਂ ਕਰਦਾ ਜਿਵੇਂ ਹੱਡਾਂ ਵਿੱਚ ਪਾਣੀ ਪੈ ਗਿਆ ਹੋਵੇ। ਮਨੁੱਖ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਵਿਹਲੇ ਮਨ ਨੂੰ ਕਿਸੇ ਉਸਾਰੂ ਕੰਮ ‘ਤੇ ਲਾਇਆ ਜਾਣਾ ਚਾਹੀਦਾ ਹੈ। ਚੰਗੇ ਖ਼ਿਆਲ, ਚੰਗੇ ਲੋਕਾਂ ਦੀ ਸੰਗਤ, ਚੰਗੀਆਂ ਪੁਸਤਕਾਂ ਹਮੇਸ਼ਾ ਚੜ੍ਹਦੀ-ਕਲਾ ਵਿੱਚ ਰਹਿਣ ਲਈ ਸਹਾਈ ਹੁੰਦੀਆਂ ਹਨ।