CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

ਭੂਮਿਕਾ : ਮੇਲਿਆਂ ਦਾ ਆਪਣਾ ਮਹੱਤਵ ਹੁੰਦਾ ਹੈ। ਇਹ ਮੇਲੇ ਸਭਿਆਚਾਰ ਦੀ ਬੋਲਦੀ ਤਸਵੀਰ ਹੁੰਦੇ ਹਨ। ਅਜਿਹੇ ਮੇਲਿਆਂ ਦਾ ਜ਼ਰੂਰ ਅਨੰਦ ਮਾਨਣਾ ਚਾਹੀਦਾ ਹੈ।

ਭਾਰਤ ਮੇਲਿਆਂ/ ਤਿਉਹਾਰਾਂ ਦਾ ਦੇਸ਼ : ਭਾਰਤ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਹ ਮੇਲੇ ਤੇ ਤਿਉਹਾਰ ਸਾਡੇ ਜੀਵਨ ਦੇ ਰੁੱਖੇਪਣ ਨੂੰ ਖ਼ਤਮ ਕਰਦੇ ਹਨ ਅਤੇ ਨਵੀਆਂ ਉਮੰਗਾਂ, ਸਧਰਾਂ ਦੇ ਨਾਲ ਸ਼ਕਤੀ ਪ੍ਰਦਾਨ ਕਰਦੇ ਹਨ। ਮੇਲਿਆਂ ਤੇ ਤਿਉਹਾਰਾਂ ਨਾਲ ਜਿੰਦਗੀ ਵਿੱਚ ਰੰਗੀਨੀ ਆਉਂਦੀ ਹੈ। ਪੰਜਾਬ ਅਰੰਭ ਤੋਂ ਹੀ ਰਿਸ਼ੀਆਂ, ਮੁਨੀਆਂ, ਸੰਤਾਂ, ਭਗਤਾਂ, ਗੁਰੂਆਂ ਤੇ ਮਹਾਨ ਸੂਰਬੀਰਾਂ ਦੀ ਧਰਤੀ ਰਹੀ ਹੈ। ਇਸ ਧਰਤੀ ‘ਤੇ ਆਏ ਦਿਨ ਕੋਈ ਨਾ ਕੋਈ ਮੇਲਾ ਲੱਗਿਆ ਰਹਿੰਦਾ ਹੈ। ਇਨ੍ਹਾਂ ਸਭ ਮੇਲਿਆਂ ਨਾਲੋਂ ਮਹੱਤਵਪੂਰਨ ਵਿਸਾਖੀ ਦਾ ਮੇਲਾ ਹੈ।

ਵਿਸਾਖੀ ਦੀ ਮਹੱਤਤਾ : ਵਿਸਾਖੀ ਦੇ ਮੇਲੇ ਦਾ ਸਾਡੇ ਸਮਾਜ ਅਤੇ ਕਾਫੀ ਸਾਡੀ ਆਰਥਕਤਾ ਨਾਲ ਬਹੁਤ ਨੇੜੇ ਦਾ ਤੇ ਸਿੱਧਾ ਸਬੰਧ ਹੈ। ਇਸ ਦਿਹਾੜੇ ਪੰਜਾਬ ਦਾ ਕਿਸਾਨ ਆਪਣੀ ਹਾੜ੍ਹੀ ਦੀ ਫ਼ਸਲ ਦੀ ਕਟਾਈ ਅਰੰਭ ਕਰਦਾ ਹੈ। ਖੇਤੀ – ਪ੍ਰਧਾਨ ਦੇਸ਼ ਹੋਣ ਕਰਕੇ ਹਾੜ੍ਹੀ ਦੀ ਫ਼ਸਲ ਵਿਸ਼ੇਸ਼ ਕਰਕੇ ਸਾਡੇ ਆਰਥਕ ਢਾਂਚੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਸਾਡੀ ਸੱਭਿਅਤਾ ਬੁਨਿਆਦੀ ਤੌਰ ਤੇ ਖੇਤੀ ਤੇ ਵਪਾਰ ਨਾਲ ਸਬੰਧਿਤ ਰਹੀ ਹੈ। ਸੋਨੇ ਰੰਗੀਆਂ ਫ਼ਸਲਾਂ ਨੂੰ ਵੇਖ ਕੇ ਕਿਸਾਨ ਖੁਸ਼ ਹੁੰਦਾ ਹੈ ਅਤੇ ਵਿਸਾਖੀ ਦੇ ਮੇਲੇ ਨੂੰ ਜਾਂਦਾ ਹੈ।

ਵਿਸਾਖੀ ਦਾ ਭਾਰਤ ਦੇ ਇਤਿਹਾਸ ਦੀ ਇੱਕ ਮਹਾਨ ਹਸਤੀ ਮਹਾਰਾਜਾ ਬਿਕਰਮਾਜੀਤ ਨਾਲ ਵੀ ਸਬੰਧ ਹੈ। ਇਸ ਦਿਨ ਰਾਜੇ ਬਿਕਰਮਾਜੀਤ ਨੇ ਬਿਕਰਮੀ ਸੰਮਤ ਚਲਾਇਆ ਸੀ। ਬਿਕਰਮਾਜੀਤ ਇੱਕ ਪਰਤਾਪੀ ਤੇ ਨਿਆਂ-ਪਸੰਦ ਰਾਜਾ ਸੀ।

ਖਾਲਸਾ ਪੰਥ ਦੀ ਸਥਾਪਨਾ : ਪੰਜਾਬ ਦੇ ਸਿੱਖ ਇਤਿਹਾਸ ਵਿੱਚ ਇਸ ਮੇਲੇ ਦੀ ਖ਼ਾਸ ਮਹਾਨਤਾ ਹੈ। 13 ਅਪ੍ਰੈਲ, 1699 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਦਿਹਾੜੇ ਭਾਰਤੀ ਕੌਮ ਨੂੰ ਸਦੀਆਂ ਦੀ ਗੂੜ੍ਹੀ ਨੀਂਦ ਤੋਂ ਜਗਾਉਣ ਲਈ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।

ਮੁਗ਼ਲ ਰਾਜ ਦੀਆਂ ਜੜ੍ਹਾਂ ਇਸ ਖ਼ਾਲਸਾ ਪੰਥ ਨੇ ਹੀ ਖੋਖਲੀਆਂ ਕੀਤੀਆਂ ਸਨ। ਇਸ ਦਿਨ ਨਾਲ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਮਹਾਨ ਘਟਨਾ ਵੀ ਜੁੜੀ ਹੋਈ ਹੈ। ਇਸ ਦਿਨ 13 ਅਪ੍ਰੈਲ 1919 ਈ: ਨੂੰ ਜਲ੍ਹਿਆਂਵਾਲਾ ਬਾਗ਼ ਵਿਖੇ ਜਨਰਲ ਡਾਇਰ ਨੇ ਹਜ਼ਾਰਾਂ ਭਾਰਤੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਸਭ ਧਰਮਾਂ ਤੇ ਜਾਤਾਂ ਦੇ ਇਸ ਸਾਂਝੇ ਖੂਨ ਨੇ ਅਜ਼ਾਦੀ ਦੇ ਬੂਟੇ ਨੂੰ ਸਿੰਜ ਕੇ ਵੱਡਾ ਕੀਤਾ ਸੀ।

ਪਿੰਡਾਂ ਤੇ ਸ਼ਹਿਰਾਂ ਦੇ ਬਾਹਰਵਾਰ ਇਸ ਮੇਲੇ ਲਈ ਇੱਕ ਵਿਸ਼ੇਸ਼ ਖੁੱਲ੍ਹੀ ਥਾਂ ਨਿਸਚਿਤ ਹੁੰਦੀ ਹੈ। ਸਾਡੇ ਸ਼ਹਿਰ ਕੋਲੋਂ ਲੰਘਦੇ ਦਰਿਆ ਸਤਲੁਜ ਉੱਪਰ ਇਹ ਮੇਲਾ ਲਗਦਾ ਹੈ। ਇਸ ਸਾਲ ਮੈਂ ਵੀ ਆਪਣੇ ਪਿਤਾ ਜੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇਹ ਮੇਲਾ ਵੇਖਣ ਲਈ ਗਿਆ। ਅਜੇ ਅਸੀਂ ਮੇਲੇ ਵਾਲੀ ਥਾਂ ਤੋਂ ਦੂਰ ਹੀ ਸਾਂ ਕਿ ਕੰਨ ਵਿੱਚ ਇਹ ਬੋਲ ਪਏ :

ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕਟ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਮੇਰੇ ਪਿਤਾ ਜੀ ਨੇ ਦੱਸਿਆ ਕਿ ਇਹ ਸਤਰਾਂ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਦੀ ਰਚਨਾ ਹੈ। ਸਾਡੇ ਸ਼ਹਿਰੀਆਂ ਤੋਂ ਬਿਨਾਂ ਦੂਰ-ਦੁਰਾਡੇ ਪਿੰਡਾਂ ਤੋਂ ਵੀ ਬਹੁਤ ਸਾਰੇ ਲੋਕ ਮੇਲਾ ਵੇਖਣ ਆਏ ਹੋਏ ਸਨ। ਭੰਗੜੇ ਪੈ ਰਹੇ ਸਨ। ਨੌਜਵਾਨ ਕਬੱਡੀ ਖੇਡ ਰਹੇ ਸਨ। ਹਲਵਾਈਆਂ ਨੇ ਹੱਟੀਆਂ ਸਜਾਈਆਂ ਹੋਈਆਂ ਸਨ। ਕਿਸੇ ਪਾਸੇ ਗਾਉਣ ਵਾਲਿਆਂ ਨੇ ਅਖਾੜਾ ਲਾਇਆ ਹੋਇਆ ਸੀ। ਜਲੇਬੀਆਂ ਤੇ ਪਕੌੜਿਆਂ ਦੀ ਖ਼ਾਸ ਵਿਕਰੀ ਹੋ ਰਹੀ ਸੀ।

ਮੇਲੇ ਦੀ ਖ਼ੂਬਸੂਰਤੀ : ਮੇਲੇ ਵਿੱਚ ਚੱਕਰ-ਝੂਟਾ ਵੀ ਸੀ। ਇੱਕ ਛੋਟੀ ਜਿਹੀ ਸਰਕਸ ਵੀ ਲੱਗੀ ਹੋਈ ਸੀ। ਇੱਕ ਪਾਸੇ ਬਾਂਦਰ-ਬਾਂਦਰੀ ਦਾ ਤਮਾਸ਼ਾ ਵਿਖਾਉਣ ਵਾਲਾ ਇੱਕ ਮਦਾਰੀ ਵੀ। ਇੱਕ ਪਾਸੇ ਤੋਂ ਕੁਝ ਦੂਰੋਂ ਢੋਲ ਦੀ ਅਵਾਜ਼ ਆ ਰਹੀ ਸੀ। ਪਤਾ ਲੱਗਾ ਕਿ ਕਿਸੇ ਪਿੰਡ ਦੇ ਗੱਭਰੂ ਭੰਗੜਾ ਪਾਉਂਦੇ ਆ ਰਹੇ ਸਨ। ਸੱਪਾਂ ਵਾਲੇ ਅਤੇ ਬਾਜ਼ੀਗਰ ਵੀ ਆਪਣੇ-ਆਪਣੇ ਕਮਾਲ ਵਿਖਾ ਰਹੇ ਸਨ।

ਚਾਰ ਵਜੇ ਤੱਕ ਮੇਲਾ ਖੂਬ ਭਰਦਾ ਰਿਹਾ ਹੁਣ ਪੰਜ ਵੱਜਣ ਵਾਲੇ ਸਨ। ਲੋਕ ਆਪਣੇ ਘਰਾਂ ਨੂੰ ਵਾਪਸ ਪਰਤਣ ਦੀ ਤਿਆਰੀ ਕਰ ਰਹੇ ਸਨ। ਇਸ ਸਮੇਂ ਹਲਵਾਈਆਂ ਦੀਆਂ ਦੁਕਾਨਾਂ ‘ਤੇ ਖ਼ਾਸ ਰੌਣਕ ਸੀ। ਲੋਕ ਜਲੇਬੀਆਂ, ਪਕੌੜੇ ਤੇ ਹੋਰ ਮਠਿਆਈਆਂ ਖ਼ਰੀਦ ਰਹੇ ਸਨ। ਥੋੜ੍ਹੇ ਹੀ ਸਮੇਂ ਵਿੱਚ ਹਲਵਾਈਆਂ ਦੇ ਛਾਬੇ ਖਾਲੀ ਹੋ ਗਏ।

ਵਾਪਸ ਆਉਣਾ : ਅਚਾਨਕ ਇੱਕ ਪਾਸਿਓਂ ਸ਼ੋਰ ਉੱਠਿਆ, ਮਾਰ ਦਿਓ, ਮਾਰ ਦਿਓ, ਫੜ੍ਹ ਲਓ, ਫੜ੍ਹ ਲਓ ਦੀਆਂ ਅਵਾਜ਼ਾਂ ਉੱਚੀਆਂ ਹੋਣ ਲੱਗੀਆਂ। ਪਿਤਾ ਜੀ ਸਾਨੂੰ ਸਭ ਨੂੰ ਲੈ ਕੇ ਇੱਕ ਪਾਸੇ ਵੱਖਰੀ ਥਾਂ ’ਤੇ ਖਲੋ ਗਏ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਜੱਟ ਗੱਭਰੂ ਆਪਸ ਵਿੱਚ ਲੜ ਪਏ ਹਨ। ਇਹ ਹਰ ਸਾਲ ਆਪਸ ਵਿੱਚ ਡਾਂਗਾਂ ਨਾਲ ਲੜਦੇ ਹਨ। ਪੁਲਿਸ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਦੇ ਬੰਦਿਆਂ ਨੂੰ ਫੜ੍ਹ ਲਿਆ। ਹੁਣ ਕੁਝ ਸ਼ਾਂਤੀ ਹੋਈ ਸੀ ਉਧਰੋਂ ਸੂਰਜ ਵੀ ਡੁੱਬਣ ਵਾਲਾ ਹੋ ਗਿਆ ਸੀ। ਅਸੀਂ ਜਲਦੀ ਨਾਲ ਬੱਸ ਫੜੀ ਤੇ ਵਾਪਸ ਪਰਤ ਪਏ।

ਮੇਲਿਆਂ ਦਾ ਮਹੱਤਵ : ਪਿਤਾ ਜੀ ਦੱਸ ਰਹੇ ਸਨ ਕਿ ਮੇਲਿਆਂ ਦਾ ਜੀਵਨ ਵਿੱਚ ਆਪਣਾ ਹੀ ਮਹੱਤਵ ਹੁੰਦਾ ਹੈ। ਇੱਥੇ ਚਿਰਾਂ ਤੋਂ ਵਿਛੜੇ ਦੋਸਤ ਮਿਲ ਜਾਂਦੇ ਹਨ। ਕਈ ਵਾਰ ਘਟੀਆ ਚੀਜ਼ਾਂ ਖਾ ਕੇ ਲੋਕ ਬਿਮਾਰ ਵੀ ਹੋ ਜਾਂਦੇ ਹਨ। ਲੜਾਈ-ਝਗੜੇ ਕਰਦੇ ਹਨ ਤੇ ਮੁਕੱਦਮਿਆਂ ਤੇ ਪੈਸੇ ਖ਼ਰਾਬ ਕਰਦੇ ਹਨ। ਮੇਲੇ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਮੈਂ ਇਸ ਅੱਖੀਂ ਡਿੱਠੇ ਵਿਸਾਖੀ ਦੇ ਮੇਲੇ ਨੂੰ ਕਦੀ ਨਹੀਂ ਭੁੱਲ ਸਕਾਂਗਾ।

ਸਾਰੰਸ਼ : ਇਸ ਤਰ੍ਹਾਂ ਵਿਸਾਖੀ ਦੇ ਮੇਲੇ ਨੂੰ ਵੀ ਲੋਕ ਦੂਸਰਿਆਂ ਮੇਲਿਆਂ ਵਾਂਗ ਬਹੁਤ ਰੀਝਾਂ ਨਾਲ ਮਨਾਉਂਦੇ ਹਨ। ਇਸ ਮੇਲੇ ਦੀ ਆਪਣੀ ਇਤਿਹਾਸਕ ਤੇ ਧਾਰਮਕ ਮਹੱਤਤਾ ਹੈ। ਇਹ ਮੇਲਾ ਪੰਜਾਬੀਅਤ ਦੇ ਚਾਵਾਂ ਤੇ ਅਰਮਾਨਾਂ ਦਾ ਪ੍ਰਤੀਕ ਹੈ।