ਲੇਖ : ਵਿਸਾਖੀ
ਭੂਮਿਕਾ : ਵਿਸਾਖੀ ਸਾਡਾ ਪ੍ਰਸਿੱਧ ਮੌਸਮੀ ਤਿਉਹਾਰ ਹੈ। ਇਸ ਦਾ ਇਤਿਹਾਸਿਕ ਮਹੱਤਵ ਵੀ ਹੈ। ਇਹ ਤਿਉਹਾਰ ਸਾਰੇ ਭਾਰਤ ਵਿੱਚ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪਹਿਲੀ ਵਿਸਾਖ ਜਾਂ ਆਮ ਤੌਰ ‘ਤੇ 13 ਅਪਰੈਲ ਨੂੰ ਆਉਂਦਾ ਹੈ। ਇਸ ਦਿਨ ਵੱਖ-ਵੱਖ ਥਾਂਵਾਂ ‘ਤੇ ਮੇਲੇ ਲੱਗਦੇ ਹਨ।
ਪੰਜਾਬੀ ਸੁਭਾਅ ਅਤੇ ਮੇਲੇ : ਪੰਜਾਬੀ ਸੁਭਾਅ ਵਜੋਂ ਰੰਗੀਲਾ ਹੈ। ਨਿੱਤ ਨਵੀਂਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਵੀ ਉਹ ਆਪਣਾ ਵਿਹਲਾ ਸਮਾਂ ਹੱਸ-ਖੇਡ ਨੱਚ-ਗਾ ਕੇ ਬਤੀਤ ਕਰਦਾ ਹੈ। ਉਸ ਲਈ ਹਰ ਦਿਨ ਇੱਕ ਮੇਲਾ ਹੈ। ਲੋਕਾਂ ਦਾ ਪੰਜਾਬੀਆਂ ਬਾਰੇ ਇਹ ਕਥਨ ਬਿਲਕੁਲ ਸੱਚ ਹੈ ਕਿ ਉਹ ਦੁਨੀਆ ਵਿੱਚ ਆਏ ਹੀ ਮੇਲਾ ਮਨਾਉਣ ਹਨ। ਜਿੱਥੇ ਚਾਰ ਪੰਜਾਬੀ ਜੁੜ ਜਾਣ ਉੱਥੇ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ। ਪੰਜਾਬੀ ਸੁਭਾਅ ਵਾਂਗ ਇਹਨਾਂ ਮੇਲਿਆਂ ਦਾ ਸੁਭਾਅ ਵੀ ਬੜਾ ਰੰਗੀਲਾ ਹੈ। ਹਰ ਮੇਲਾ ਦੁਲਹਨ ਵਾਂਗ ਸਜਦਾ ਹੈ। ਪੰਜਾਬੀਆਂ ਦਾ ਦੋ ਵੇਲੇ ਟਹੁਰ ਨਿਰਾਲਾ ਹੁੰਦਾ ਹੈ — ਬਰਾਤੇ ਚੜ੍ਹਨ ਵੇਲੇ ਜਾਂ ਮੇਲੇ ਜਾਣ ਵੇਲੇ। ਫਰਕ ਕੇਵਲ ਏਨਾ ਹੈ ਕਿ ਬਰਾਤ ਵਿੱਚ ਇੱਕ ਲਾੜਾ ਹੁੰਦਾ ਹੈ ਬਾਕੀ ਸਭ ਬਰਾਤੀ ਹੁੰਦੇ ਹਨ ਜਦ ਕਿ ਮੇਲੇ ਵਿੱਚ ਸਭ ਲਾੜੇ ਹੁੰਦੇ ਹਨ, ਬਰਾਤੀ ਕੋਈ ਨਹੀਂ ਹੁੰਦਾ।
ਵਿਸਾਖੀ ਦਾ ਪਿਛੋਕੜ : ਪੰਜਾਬ ਦੀ ਧਰਤੀ ਉੱਤੇ ਅਨੇਕਾਂ ਮੇਲੇ ਲੱਗਦੇ ਹਨ। ਪਰ ਵਿਸਾਖੀ ਦਾ ਮੇਲਾ ਪੰਜਾਬ ਦਾ ਵਿਸ਼ੇਸ਼ ਮੇਲਾ ਹੈ। ਪੰਜਾਬ ਦਾ ਹੀ ਨਹੀਂ ਇਹ ਭਾਰਤ ਦਾ ਤਿਉਹਾਰ ਹੈ। ਵਿਸਾਖੀ ਦਾ ਮੇਲਾ ਹਰ ਸਾਲ 13 ਅਪਰੈਲ ਨੂੰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਸੰਬੰਧ ਇਤਿਹਾਸਿਕ ਘਟਨਾ ਨਾਲ ਵੀ ਹੈ ਅਤੇ ਧਾਰਮਿਕ ਘਟਨਾ ਨਾਲ ਵੀ।
ਧਾਰਮਿਕ ਮਹੱਤਵ : ਵਿਸਾਖੀ ਧਾਰਮਿਕ ਪੱਖੋਂ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਭਾਰੀ ਦੀਵਾਨ ਸਜਾ ਕੇ 1699 ਈ. ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਿੰਘਾਂ ਦੀ ਉਪਾਧੀ ਦਿੱਤੀ ਅਤੇ ਫਿਰ ਆਪ ਉਹਨਾਂ ਤੋਂ ਅੰਮ੍ਰਿਤ ਛਕਿਆ। ਇਹ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਦੇ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਇਤਿਹਾਸਿਕ ਮਹੱਤਵ : ਇਹ ਦਿਨ ਸਾਡੇ ਦੇਸ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਵਾਪਰੀ ਇੱਕ ਖੂਨੀ ਘਟਨਾ ਨਾਲ ਵੀ ਸੰਬੰਧਿਤ ਹੈ। 13 ਅਪਰੈਲ, 1919 ਈ. ਨੂੰ ਜਲ੍ਹਿਆਂ ਵਾਲਾ ਬਾਗ਼, ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਖੂਨੀ ਘਟਨਾ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਕੁਝ ਲੋਕਾਂ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਅੱਜ ਵੀ ਇਹ ‘ਖੂਨੀ ਖੂਹ’ ਅਤੇ ਗੋਲੀਆਂ ਦੇ ਨਿਸ਼ਾਨ ਜਲ੍ਹਿਆਂ ਵਾਲਾ ਬਾਗ਼ ਵਿੱਚ ਵੇਖੇ ਜਾ ਸਕਦੇ ਹਨ। ਇਸ ਪ੍ਰਕਾਰ ਇਸ ਦਿਨ ਦੇਸ ਦੀ ਅਜ਼ਾਦੀ ਲਈ ਭਾਰਤੀਆਂ ਦਾ ਸਾਂਝਾ ਖੂਨ ਡੁੱਲ੍ਹਿਆ।
ਸੱਭਿਆਚਾਰਿਕ ਮਹੱਤਵ : ਵਿਸਾਖੀ ਦਾ ਸੰਬੰਧ ਸਾਡੇ ਕਿਸਾਨਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਹੈ। ਮੂਲ ਰੂਪ ਵਿੱਚ ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਪੱਕੀਆਂ ਫ਼ਸਲਾਂ ਕਿਸਾਨ ਨੂੰ ਮਾਨਸਿਕ ਹੁਲਾਰਾ ਦਿੰਦੀਆਂ ਹਨ। ਇਸੇ ਲਈ ਕਿਹਾ ਜਾਂਦਾ ਹੈ :
ਜੱਟਾ ਆਈ ਵਿਸਾਖੀ, ਮੁੱਕ ਗਈ ਕਣਕਾਂ ਦੀ ਰਾਖੀ।
ਅਸਲ ਵਿੱਚ ਵਿਸਾਖੀ ਕਿਸਾਨਾਂ ਦਾ ਮੇਲਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਮੇਲੇ ਜਾਂਦੇ ਹਨ। ਧਨੀ ਰਾਮ ਚਾਤ੍ਰਿਕ ਨੇ ਇਸ ਦ੍ਰਿਸ਼ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ :
“ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ।
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ।
ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ।
ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ।
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਆਰਥਿਕ ਮਹੱਤਵ : ਵਿਸਾਖੀ ਦਾ ਆਰਥਿਕ ਮਹੱਤਵ ਵੀ ਹੈ। ਪੰਜਾਬ ਦੇ ਅਰਥਚਾਰੇ ਦਾ ਮੂਲ ਧੁਰਾ ਪੰਜਾਬ ਦੀ ਮੁੱਖ ਫ਼ਸਲ ਕਣਕ ਹੈ ਜੋ ਪੱਕ ਕੇ ਤਿਆਰ ਹੋ ਚੁੱਕੀ ਹੁੰਦੀ ਹੈ। ਪੱਕੀ ਫ਼ਸਲ ਵੇਖ ਕੇ ਸਭ ਦੇ ਚਿਹਰਿਆਂ ‘ਤੇ ਰੌਣਕ ਪਸਰ ਜਾਂਦੀ ਹੈ। ਵਲਵਲੇ ਅਤੇ ਚਾਅ ਮਚਲ-ਮਚਲ ਉੱਠਦੇ ਹਨ। ਪੰਜਾਬ ਦੀ ਜਵਾਨੀ ਨੱਚ ਉੱਠਦੀ ਹੈ। ਥਾਂ-ਥਾਂ ਮੇਲੇ ਅਤੇ ਦਿਵਾਨ ਸਜਦੇ ਹਨ। ਲੋਕ ਬੜੇ ਚਾਅ ਨਾਲ ਮੇਲਾ ਵੇਖਣ ਦੌੜਦੇ ਹਨ। ਗੁਰਦਵਾਰਿਆਂ ਵਿੱਚ ਇਸ ਦਿਨ ਭਾਰੀ ਦਿਵਾਨ ਸਜਦੇ ਹਨ।
ਮੇਲੇ ਦਾ ਦ੍ਰਿਸ਼ : ਮੇਲੇ ਵਾਲੇ ਦਿਨ ਲੋਕ ਤੜਕ ਸਾਰ ਹੀ ਟੋਲੀਆਂ ਬਣਾ ਕੇ ਘਰੋਂ ਨਿਕਲ ਪੈਂਦੇ ਹਨ। ਸਾਰਾ ਇਲਾਕਾ ਹੀ ਸਜ-ਫਬ ਕੇ ਮੇਲੇ ਵੱਲ ਚੱਲ ਪੈਂਦਾ ਹੈ। ਹਰ ਕਿਸੇ ਦੇ ਚਿਹਰੇ ‘ਤੇ ਖ਼ਾਸ ਰੌਣਕ ਹੁੰਦੀ ਹੈ। ਲੋਕ ਨੱਚਦੇ-ਟੱਪਦੇ ਬੁਲਬੁਲੀਆਂ ਵਜਾਉਂਦੇ ਮੇਲੇ ਵੱਲ ਵਧਦੇ ਹਨ। ਮੇਲੇ ਵਾਲੀ ਥਾਂ ‘ਤੇ ਧਾਰਮਿਕ ਦਿਵਾਨ ਲੱਗੇ ਹੁੰਦੇ ਹਨ। ਲੋਕ ਗੁਰਦੁਆਰੇ ਮੱਥਾ ਟੇਕ ਕੇ ਰੰਗੀਨ ਰੌਣਕ ਵਿੱਚ ਆ ਜਾਂਦੇ ਹਨ। ਚਾਰੇ ਪਾਸੇ ਮਿਠਿਆਈਆਂ, ਖਿਡੌਣਿਆਂ ਅਤੇ ਹੋਰ ਕਈ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਲੋਕ ਗਰਮ-ਗਰਮ ਜਲੇਬੀਆਂ ਖ਼ਰੀਦ ਕੇ ਖਾਂਦੇ ਹਨ। ਬੱਚੇ ਅਤੇ ਮੁਟਿਆਰਾਂ ਪੰਘੂੜੇ ਝੂਟਦੇ ਹਨ। ਇੱਕ ਪਾਸੇ ਜਾਦੂ ਦਾ ਤਮਾਸ਼ਾ ਹੋ ਰਿਹਾ ਹੁੰਦਾ ਹੈ ਅਤੇ ਦੂਜੇ ਪਾਸੇ ਮੌਤ ਦੇ ਖੂਹ ਵਿੱਚ ਮੋਟਰ ਸਾਈਕਲ ਦਿਖਾਈ ਦਿੰਦਾ ਹੈ। ਸਭ ਤੋਂ ਦਿਲ-ਖਿੱਚਵੀਂ ਭੰਗੜਾ ਟੋਲੀ ਹੁੰਦੀ ਹੈ ਜੋ ਭੰਗੜਾ ਪਾ ਰਹੀ ਹੁੰਦੀ ਹੈ। ਨਾਲ ਹੀ ਢੋਲ ਵੱਜ ਰਿਹਾ ਹੁੰਦਾ ਹੈ। ਕਿਤੇ ਦੰਗਲ ਹੁੰਦਾ ਹੈ ਅਤੇ ਕਿਤੇ ਕਬੱਡੀ ਖੇਡੀ ਜਾਂਦੀ ਹੈ। ਸ਼ਾਮ ਨੂੰ ਘਰਾਂ ਨੂੰ ਪਰਤਣ ਵੇਲ਼ੇ ਲੋਕ ਮਿਠਿਆਈਆਂ ਖ਼ਰੀਦਦੇ ਹਨ।
ਸਾਰਾਂਸ਼ : ਸੱਚ-ਮੁੱਚ ਵਿਸਾਖੀ ਖ਼ੁਸ਼ੀਆਂ, ਖੇੜਿਆਂ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਕੇ ਆਉਂਦੀ ਹੈ। ਇਸ ਦੇ ਨਾਲ ਹੀ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਹੈ। ਇਹ ਕੌਮੀ ਦਿਹਾੜਾ ਸਾਨੂੰ ਯੋਧਿਆਂ, ਸੂਰਬੀਰਾਂ, ਸ਼ਹੀਦਾਂ ਅਤੇ ਸਪੂਤਾਂ ਦੇ ਸੰਘਰਸ਼ ਦੀ ਕਹਾਣੀ ਯਾਦ ਕਰਾਉਂਦਾ ਹੈ। ਇਹ ਦਿਹਾੜਾ ਸਾਨੂੰ ਸੱਚੀ-ਸੁੱਚੀ ਜੀਵਨ-ਜਾਚ ਦਾ ਸੁਨੇਹਾ ਦਿੰਦਾ ਹੈ।