ਲੇਖ – ਵਿਦਿਆਰਥੀ ਅਤੇ ਅਨੁਸ਼ਾਸਨ

ਵਿਦਿਆਰਥੀ ਅਤੇ ਅਨੁਸ਼ਾਸਨ

ਪ੍ਰਮੁੱਖ ਨੁਕਤੇ : ਅਨੁਸ਼ਾਸਨ ਦਾ ਅਰਥ, ਵਿਦਿਆਰਥੀਆਂ ਲਈ ਅਨੁਸ਼ਾਸਨ ਦੀ ਲੋੜ, ਅੱਜ ਦਾ ਵਿਦਿਆਰਥੀ ਅਤੇ ਅਨੁਸ਼ਾਸਨ, ਵਿਦਿਆਰਥੀਆਂ ਦੀ ਗਿਣਤੀ ਵਧਣਾ, ਦੋਸ਼ਪੂਰਨ ਪਰੀਖਿਆ ਪ੍ਰਣਾਲੀ, ਵਿਦਿਆਰਥੀਆਂ ਵਿੱਚ ਬੁਰਾਈਆਂ, ਅਧਿਆਪਕਾਂ ਤੇ
ਮਾਪਿਆਂ ਵੱਲੋਂ ਬੇਧਿਆਨੀ, ਵਿਦਿਆਰਥੀਆਂ ਵਿੱਚ ਭਵਿੱਖ ਪ੍ਰਤੀ ਚਿੰਤਾ, ਸੁਝਾਅ, ਸਾਰੰਸ਼।

ਅਨੁਸ਼ਾਸਨ ਦਾ ਅਰਥ : ਅਨੁਸ਼ਾਸਨ ਤੋਂ ਭਾਵ ਹੈ ‘ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ’। ਅਨੁਸ਼ਾਸਨ ਸ਼ਬਦ ਦੇ ਅਰਥ ਹਨ—‘ਮਨੁੱਖ ਦੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ ਜਿਸ ਨਾਲ ਉਹ ਸਵੈ-ਕਾਬੂ ਰੱਖਣਾ ਸਿੱਖੇ ਅਤੇ ਆਪਣੇ ਵਿੱਚ ਆਪਣੇ ਤੋਂ ਵੱਡੇ ਅਧਿਕਾਰੀ ਜਾਂ ਸਥਾਪਤ ਸੱਤਾ ਦਾ ਆਗਿਆਕਾਰੀ ਬਣਨ ਦੀ ਰੁਚੀ ਪੈਦਾ ਕਰੇ। ਅਸਲ ਵਿੱਚ ਪ੍ਰਕਿਰਤੀ ਵਿੱਚ ਹਰ ਚੀਜ਼ ਨਿਸਚਿਤ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ, ਜਿਵੇਂ ਸਾਰਾ ਬ੍ਰਹਿਮੰਡ, ਮਨੁੱਖੀ ਸਰੀਰ ਦੇ ਅੰਗ, ਇੱਥੋਂ ਤਕ ਕਿ ਜੀਵ-ਜੰਤੂ ਵੀ ਅਨੁਸ਼ਾਸਨ ਵਿੱਚ ਬੱਝੇ ਨਜ਼ਰ ਆਉਂਦੇ ਹਨ। ਇਸ ਲਈ ਮਨੁੱਖ ਨੂੰ ਵੀ ਅਨੁਸ਼ਾਸਨ ਵਿੱਚ ਰਹਿਣ ਦੀ ਲੋੜ ਹੈ।

ਵਿਦਿਆਰਥੀਆਂ ਲਈ ਅਨੁਸ਼ਾਸਨ ਦੀ ਲੋੜ : ਉਂਝ ਤਾਂ ਜੀਵਨ ਦੇ ਹਰ ਖੇਤਰ ਵਿੱਚ ਅਨੁਸ਼ਾਸਨ ਬਹੁਤ ਲੋੜੀਂਦਾ ਹੈ ਪਰੰਤੂ ਵਿਦਿਆਰਥੀ ਜੀਵਨ ਵਿੱਚ ਇਸ ਦੀ ਮਹੱਤਤਾ ਕੁਝ ਜ਼ਿਆਦਾ ਹੀ ਹੈ ਕਿਉਂਕਿ ਇਹ ਜੀਵਨ ਉਮਰ ਦਾ ਇੱਕ ਖ਼ਾਸ ਪੜਾਅ ਹੁੰਦਾ ਹੈ ਜਿਸ ਵਿੱਚ ਅਜਿਹੇ ਅਸੂਲ ਅਤੇ ਨਿਯਮ ਸਿੱਖੇ ਜਾ ਸਕਦੇ ਹਨ, ਜਿਹੜੇ ਸਾਰੀ ਉਮਰ ਨਾਲ ਨਿਭਦੇ ਹਨ। ਵਿਦਿਆਰਥੀ ਦਾ ਫ਼ਰਜ਼ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਅਨੁਸ਼ਾਸਨ ਵਿੱਚ ਵੀ ਰਹੇ ਉਹ ਇੱਕ ਚੰਗਾ ਨਾਗਰਿਕ ਬਣੇ ਕਿਉਂਕਿ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਨੇਤਾ ਹੁੰਦੇ ਹਨ। ਵਿੱਦਿਆ ਦਾ ਅਸਲੀ ਮਕਸਦ ਹੀ ਸ਼ਖ਼ਸੀਅਤ ਦੀ ਉਸਾਰੀ ਕਰਨਾ ਹੈ।

ਅੱਜ ਦਾ ਵਿਦਿਆਰਥੀ ਅਤੇ ਅਨੁਸ਼ਾਸਨ : ਅਜੋਕੇ ਦੌਰ ਵਿੱਚ ਵਿਦਿਆਰਥੀ ਆਪਣੇ ਅਸਲ ਮਕਸਦ ਤੋਂ ਭਟਕ ਗਏ ਹਨ। ਉਹ ਅਨੁਸ਼ਾਸਨਹੀਣ ਹੋ ਗਏ ਹਨ। ਹਰ ਰੋਜ਼ ਜਲਸੇ, ਜਲੂਸ ਤੇ ਪ੍ਰਦਰਸ਼ਨ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਅੱਜ ਵਿਦਿਆਰਥੀ ਦਾ ਮਕਸਦ ਸਿਰਫ਼ ਸਕੂਲ ਜਾਂ ਕਾਲਜ ਜਾਣਾ ਹੈ, ਕਲਾਸਾਂ ਵਿੱਚ ਜਾਣਾ ਨਹੀਂ। ਅੱਜ ਦੇ ਵਿਦਿਆਰਥੀਆਂ ਵੱਲੋਂ ਅਨੁਸ਼ਾਸਨਹੀਣਤਾ ਦੇ ਕਈ ਕਾਰਨ ਹਨ; ਜਿਵੇਂ :

ਵਿਦਿਆਰਥੀਆਂ ਦੀ ਗਿਣਤੀ ਵਧਣਾ : ਅਬਾਦੀ ਵਧਣ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਕਲਾਸਾਂ ਵਿੱਚ ਭੀੜ ਲੱਗੀ ਰਹਿੰਦੀ ਹੈ। ਬਹੁਤੇ ਵਿਦਿਆਰਥੀ ਹੋਣ ਕਾਰਨ ਅਧਿਆਪਕ ਹਰ ਇੱਕ ਵੱਲ ਵਿਸ਼ੇਸ਼ ਧਿਆਨ ਵੀ ਨਹੀਂ ਦੇ ਸਕਦਾ, ਜਿਸ ਕਰਕੇ ਵਿਦਿਆਰਥੀ ਆਪਹੁਦਰੇ ਹੋ ਜਾਂਦੇ ਹਨ, ਸ਼ਰਾਰਤਾਂ ਕਰਦੇ ਤੇ ਪੜ੍ਹਾਈ ਵੱਲੋਂ ਬੇਧਿਆਨੇ ਹੋ ਜਾਂਦੇ ਹਨ।

ਦੋਸ਼ਪੂਰਨ ਪਰੀਖਿਆ ਪ੍ਰਣਾਲੀ : ਇਮਤਿਹਾਨਾਂ ਵਿੱਚ ਨਕਲ ਦਾ ਜ਼ੋਰ ਚਲਦਾ ਹੋਣ ਕਰਕੇ ਵੀ ਵਿਦਿਆਰਥੀ ਪੜ੍ਹਾਈ ਤੋਂ ਅਵੇਸਲੇ ਹੋ ਜਾਂਦੇ ਹਨ ਤੇ ਵਿਹਲਾ ਮਨ ਸ਼ੈਤਾਨ ਦਾ ਘਰ ਬਣ ਜਾਂਦਾ ਹੈ। ਜੇ ਕੋਈ ਪ੍ਰਬੰਧਕ ਸਖ਼ਤੀ ਨਾਲ ਪੇਸ਼ ਆਉਂਦਾ ਹੈ ਤਾਂ ਉਸ ਦਾ ਵਿਰੋਧ ਕਰਕੇ ਅਨੁਸ਼ਾਸਨ ਦੀਆਂ ਧੱਜੀਆਂ ਉਡਾ ਦਿੰਦੇ ਹਨ।

ਵਿਦਿਆਰਥੀਆਂ ਵਿੱਚ ਬੁਰਾਈਆਂ : ਅੱਜ ਦੇ ਵਿਦਿਆਰਥੀਆਂ ਵਿੱਚ ਏਨੀਆਂ ਕੁ ਬੁਰਾਈਆਂ ਆ ਗਈਆਂ ਹਨ ਕਿ ਉਨ੍ਹਾਂ ਦਾ ਦਿਮਾਗ਼ ਕੰਮ ਨਹੀਂ ਕਰਦਾ। ਨਸ਼ਿਆਂ ਨੇ ਉਨ੍ਹਾਂ ਦਾ ਦਿਮਾਗ਼ ਖੋਖ਼ਲਾ ਕਰ ਦਿੱਤਾ ਹੈ। ਤਰ੍ਹਾਂ-ਤਰ੍ਹਾਂ ਦੇ ਨਸ਼ੇ, ਮੋਬਾਇਲ ਫ਼ੋਨ, ਫੈਸ਼ਨ, ਅਵਾਰਾਗਰਦੀ ਆਦਿ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਪੈਦਾ ਕਰਦੇ ਹਨ।

ਅਧਿਆਪਕਾਂ ਤੇ ਮਾਪਿਆਂ ਵੱਲੋਂ ਬੇਧਿਆਨੀ : ਅੱਜ ਦਾ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਨਹੀਂ ਕਰ ਰਿਹਾ। ਕਈ ਅਧਿਆਪਕਾਂ ਨੇ ਰਿਸ਼ਵਤਾਂ ਤੇ ਸਿਫ਼ਾਰਸ਼ਾਂ ਦੇ ਨਾਲ ਨੌਕਰੀਆਂ ਹਾਸਲ ਕੀਤੀਆਂ ਹੁੰਦੀਆਂ ਹਨ ਤੇ ਕਈ ਉੱਚ-ਯੋਗਤਾ ਪ੍ਰਾਪਤ ਅਧਿਆਪਕ ਮਾਮੂਲੀ ਤਨਖ਼ਾਹ ਲੈ ਕੇ ਪੜ੍ਹਾਉਣ ‘ਤੇ ਮਜਬੂਰ ਹੁੰਦੇ ਹਨ। ਇਸ ਲਈ ਉਹ ਵਿਦਿਆਰਥੀਆਂ ਵਿੱਚ ਦਿਲਚਸਪੀ ਨਹੀਂ ਲੈਂਦੇ। ਉਹ ਖ਼ੁਦਗਰਜ਼ ਹੋ ਗਏ ਹਨ। ਮਾਪੇ ਵੀ ਆਪਣੇ ਬੱਚਿਆਂ ਦੀਆਂ ਹਰ ਚੰਗੀਆਂ-ਮਾੜੀਆਂ ਗੱਲਾਂ ਮੰਨਣ ਲਈ ਤਿਆਰ ਹੋ ਜਾਂਦੇ ਹਨ। ਕਈ ਵਾਰ ਉਹ ਆਪਣੇ ਬੱਚਿਆਂ ਦੀਆਂ ਗ਼ਲਤੀਆਂ ਵੀ ਨਜ਼ਰ – ਅੰਦਾਜ਼ ਕਰ ਦਿੰਦੇ ਹਨ ਜਿਸ ਕਰਕੇ ਬੱਚੇ ਆਪਹੁਦਰੇ ਹੋਏ ਮਨ-ਮਰਜ਼ੀਆਂ ਕਰਦੇ ਹਨ।

ਵਿਦਿਆਰਥੀਆਂ ਵਿੱਚ ਭਵਿੱਖ ਪ੍ਰਤੀ ਚਿੰਤਾ : ਵਿਦਿਆਰਥੀਆਂ ਦੇ ਭੈਣ-ਭਰਾ ਜਾਂ ਕਈ ਹੋਰ ਅਜਿਹੇ ਨੌਜਵਾਨ ਜਿਹੜੇ ਡਿਗਰੀਆਂ ਲਈ ਨੌਕਰੀਆਂ ਲਈ ਸੰਘਰਸ਼ ਕਰਦੇ ਹਨ, ਉਨ੍ਹਾਂ ਵੱਲ ਵੇਖ ਕੇ ਵੀ ਵਿਦਿਆਰਥੀ ਵਰਗ ਬੇਚੈਨ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਨਹੀਂ ਹੈ।

ਸੁਝਾਅ : ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਦੇ ਕੁਝ ਹੱਦ ਤਕ ਅਸੀਂ ਆਪ ਵੀ, ਸਰਕਾਰ ਤੇ ਸਮਾਜ ਵੀ ਜ਼ਿੰਮੇਵਾਰ ਹੈ। ਇਸ ਲਈ ਲੋੜ ਹੈ ਵਿਦਿਆਰਥੀ ਵਰਗ ਵਿੱਚ ਚੇਤਨਾ ਪੈਦਾ ਕਰਨ ਦੀ, ਉਨ੍ਹਾਂ ਨੂੰ ਸਬਰ, ਸੰਤੋਖ ਤੇ ਠਰ੍ਹਮੇ ਨਾਲ ਸਮਝਾਉਣ ਦੀ। ਇਸ ਸੁਧਾਰ ਵਿੱਚ ਸਭ ਤੋਂ ਵੱਧ ਅਧਿਆਪਕ ਤੇ ਮਾਪੇ ਵਿਸ਼ੇਸ਼ ਯੋਗਦਾਨ ਪਾਉਣ। ਵਿੱਦਿਆ-ਪ੍ਰਣਾਲੀ ਨੂੰ ਕਿੱਤਾ-ਮੁਖੀ ਬਣਾਇਆ ਜਾਵੇ। ਵਿਦਿਆਰਥੀਆਂ ਨੂੰ ਵੀ ਆਪਣੇ ਫ਼ਰਜ਼ ਪਛਾਣਨੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਦਲੀਲਬਾਜ਼ੀ ਤੋਂ ਕੰਮ ਲੈਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਨਸ਼ਿਆਂ ਤੇ ਗੰਧਲੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ।

ਸਾਰੰਸ਼ : ਅਖ਼ੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨਹੀਣਤਾ ਵਾਸਤੇ ਵਿਦਿਆਰਥੀ, ਸਮਾਜ ਅਤੇ ਸਰਕਾਰ ਤਿੰਨੇ ਹੀ ਜ਼ਿੰਮੇਵਾਰ ਹਨ। ਜੇ ਅਧਿਆਪਕ ਪੂਰੀ ਤਨਦੇਹੀ ਨਾਲ ਪੜ੍ਹਾਉਣਗੇ, ਵਿਦਿਆਰਥੀ ਪੜ੍ਹਾਈ ਤੋਂ ਕੰਨੀ ਨਾ ਕਤਰਾਉਣਗੇ ਤਾਂ ਆਪਣੇ-ਆਪ ਹੀ ਸਾਰਾ ਸਿਸਟਮ ਠੀਕ ਢੰਗ ਨਾਲ ਚੱਲੇਗਾ। ਸਰਕਾਰ ਨੂੰ ਵੀ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵੀ ਆਪਣੇ ਹੁਸੀਨ ਭਵਿੱਖ ਲਈ ਸੁਹਿਰਦਤਾ ਸਹਿਤ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ।