ਲੇਖ : ਵਾਰਸ ਸ਼ਾਹ
ਵਾਰਸ ਸ਼ਾਹ
ਵਾਰਸ ਸ਼ਾਹ ਪੰਜਾਬੀ ਸਾਹਿਤ ਦਾ ਸ਼੍ਰੋਮਣੀ ਤੇ ਉੱਘਾ ਕਵੀ ਹੋਇਆ ਹੈ। ਜੋ ਸਥਾਨ ਸੈਕਸਪੀਅਰ ਨੂੰ ਅੰਗਰੇਜ਼ੀ ਵਿੱਚ ਪ੍ਰਾਪਤ ਹੈ, ਸੰਸਕ੍ਰਿਤ ਵਿੱਚ ਕਾਲੀਦਾਸ ਨੂੰ ਪ੍ਰਾਪਤ ਹੈ, ਉਰਦੂ ਵਿੱਚ ਗਾਲਬ ਨੂੰ ਪ੍ਰਾਪਤ ਹੈ, ਉਹ ਸਥਾਨ ਪੰਜਾਬੀ ਵਿੱਚ ਵਾਰਸ ਸ਼ਾਹ ਨੂੰ ਪ੍ਰਾਪਤ ਹੈ। ਵਾਰਸ ਦੀ ਹੀਰ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੀ ਹੁੰਦੀ ਹੈ ਤੇ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਮੁਹਾਵਰਿਆਂ ਦੀ ਤਰ੍ਹਾਂ ਇਹਨਾਂ ਦੀ ਵਰਤੋਂ ਕਰਦੇ ਹਨ। ਹੀਰ ਦੀ ਕਹਾਣੀ ਤਾਂ ਪਹਿਲਾਂ ਦਮੋਦਰ ਨੇ ਲਿਖੀ ਸੀ ਪਰ ਜੋ ਕਲਾ ਵਾਰਸ ਨੇ ਦਿਖਾਈ ਹੈ, ਉਸਦਾ ਕੋਈ ਮੁਕਾਬਲਾ ਨਹੀਂ। ਵਾਰਸ ਸ਼ਾਹ ਨੂੰ ਸੁਖਨ ਦਾ ਵਾਰਸ ਕਹਿੰਦੇ ਹਨ। ਉਸ ਦੀ ਰਚਨਾ ਦੀਆਂ ਖ਼ੂਬੀਆਂ ਨੂੰ ਇੱਕ ਨਿਬੰਧ ਰਾਹੀਂ ਪੇਸ਼ ਕਰਨਾ ਮੁਸ਼ਕਿਲ ਹੈ, ਪਰੰਤੂ ਪ੍ਰਮੁੱਖ ਤੌਰ ‘ਤੇ ਜੋ ਗੱਲਾਂ ਕਹੀਆਂ ਜਾ ਸਕਦੀਆਂ ਹਨ ਉਹ ਇਸ ਪ੍ਰਕਾਰ ਹੈ –
(1) ਦੁਖਾਂਤਮਈ : ਪਹਿਲੀ ਵਾਰੀ ਵਾਰਸ ਨੇ ਭਾਰਤੀ ਪਰੰਪਰਾ ਤੋਂ ਉਲਟ ਦੁੱਖਮਈ ਕਹਾਣੀ ਬਣਾ ਕੇ ਪੇਸ਼ ਕੀਤੀ ਹੈ। ਦਮੋਦਰ ਨੇ ਜੋ ਰਚਨਾ ਲਿਖੀ ਉਸ ਵਿੱਚ ਹੀਰ ਤੇ ਰਾਂਝੇ ਦੀ ਸ਼ਾਦੀ ਪੇਸ਼ ਕੀਤੀ ਹੈ ਪਰ ਵਾਰਸ ਨੇ ਦੋਹਾਂ ਦੀ ਮੌਤ ਦਿਖਾਈ ਹੈ। ਨਾ ਕੇਵਲ ਰਚਨਾ ਦਾ ਅੰਤ ਦੁਖਮਈ ਹੈ, ਸਗੋਂ ਸਾਰੀ ਰਚਨਾ ਵਿੱਚ ਦੁਖਮਈ ਭਾਵ ਸਿਰਜੇ ਗਏ ਜਦੋਂ ਹੀਰ ਦੀ ਡੋਲੀ ਤੁਰਦੀ ਹੈ ਤਾਂ ਹੀਰ ਕੁਰਲਾਉਂਦੀ ਹੋਈ ਕਹਿੰਦੀ ਹੈ :-
“ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ
ਮੈਂ ਘੁਮਾਈ ਰੰਝੇਟਿਆ ਸਾਂਈਆ ਵੇ।”
ਉਸ ਵੇਲੇ ਹੀਰ ਨੂੰ ਪਤਾ ਲੱਗਦਾ ਹੈ ਕਿ ਰਾਂਝਾ ਉਸਨੂੰ ਮਿਲਣ ਆਇਆ ਹੈ, ਜਿਸਨੇ ਆਪਣੇ ਕੰਨ ਪੜਵਾ ਦਿੱਤੇ, ਸਰੀਰ ਦੇ ਸੁਆਹ ਮੱਲ ਦਿੱਤੀ ਹੈ ਤਾਂ ਦੁਖਮਈ ਆਵਾਜ਼ ਵਿੱਚ ਉਹ ਕਹਿੰਦੀ ਹੈ –
“ਰੱਬ ਝੂਠੇ ਨਾ ਕਰੇ ਜੇ ਹੋਏ ਰਾਂਝਾ,
ਤਾਂ ਮੈਂ ਚੌੜ ਹੋਈ ਮੈਨੂੰ ਪਟਿਆ ਸੂ।”
ਇਸ ਤਰ੍ਹਾਂ ਸਾਰੀ ਕਹਾਣੀ ਵਿੱਚ ਦੁਖਮਈ ਭਾਵ ਹਨ।
(2) ਪਾਤਰ-ਚਿਤਰਨ : ਜਿਸ ਤਰ੍ਹਾਂ ਦੇ ਪਾਤਰ ਵਾਰਸ ਨੇ ਪੇਸ਼ ਕੀਤੇ ਹਨ, ਉਹ ਸੱਚਮੁੱਚ ਸੰਜੀਵ ਪਾਤਰ ਬਣ ਗਏ। ਕਾਲੀਦਾਸ ਦੀ ਤਰ੍ਹਾਂ ਉਸਨੇ ਜਿਸ ਤਰ੍ਹਾਂ ਹੀਰ ਦਾ ਹੁਸਨ ਬਿਆਨ ਕੀਤਾ ਹੈ ਤੇ ਉਪਮਾਵਾਂ ਵਰਤੀਆਂ ਹਨ, ਜਿਸ ਨਾਲ ਇਹ ਉੱਚ-ਕੋਟੀ ਦੀ ਕਵਿਤਾ ਬਣ ਗਈ ਹੈ ਉਹ ਲਿਖਦਾ ਹੈ –
“ਹੋਠ ਸੁਰਖ ਯਕੂਤ ਜੋ ਲਾਲ ਚਮਕਣ
ਠੋਡੀ ਸੇਬ ਵਲਾਇਤੀ ਸਾਰ ਵਿਚ
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ
ਦਾਣੇ ਨਿਕਲੇ ਹੁਸਨ ਅਨਾਰ ਵਿੱਚ।”
(3) ਇਸ਼ਕ ਦਾ ਸੰਕਲਪ : ਵਾਰਸ ਨੇ ਇਸ਼ਕ ਨੂੰ ਬਹੁਤ ਉੱਚੇ ਅਰਥਾਂ ਵਿੱਚ ਪੇਸ਼ ਕੀਤਾ ਤੇ ਅਮਰ ਕਹਾਣੀ ਨੂੰ ਬਣਾਇਆ ਹੈ। ਹੀਰ ਅਤੇ ਰਾਂਝਾ ਦੋਵੇਂ ਕੁਰਬਾਨੀ ਕਰਦੇ ਹਨ ਅਤੇ ਪਿਆਰ ਦੀ ਖ਼ਾਤਰ ਆਪਣੀ ਜਾਨ ਵਾਰ ਦਿੰਦੇ ਹਨ। ਕੈਦੋਂ ਉਹਨਾਂ ਦੀ ਇਸ਼ਕ ਦੀ ਰੁਕਾਵਟ ਬਣਦਾ ਹੈ, ਜੋ ਉਸਨੂੰ ਖਲਨਾਇਕ ਬਣਾਇਆ ਗਿਆ। ਰਾਂਝੇ ਦਾ ਪਿਆਰ ਆਦਰਸ਼ਵਾਦੀ ਹੈ। ਉਹ ਝੂਠ ਅਤੇ ਫਰੇਬ ਬਾਰੇ ਹੀਰ ਨੂੰ ਕਹਿੰਦਾ ਹੈ –
“ਹੀਰੇ ਇਸ਼ਕ ਨਾ ਮੂਲ ਸੁਆਦ ਦਿੰਦੇ
ਨਾਲ ਚੋਰੀਆਂ ਤੇ ਉਧਾਲਿਆਂ ਦੇ।”
(4) ਸੂਫ਼ੀ ਅੰਸ਼ : ਵਾਰਸ ਪ੍ਰੇਮ ਕਹਾਣੀਆਂ ਲਿਖਦਾ-ਲਿਖਦਾ ਸੂਫ਼ੀਆਂ ਵਾਲੀ ਬਿਰਤੀ ਧਾਰਨ ਕਰਦਾ ਹੈ। ਆਪਣੀ ਰਚਨਾ ਨੂੰ ਅਧਿਆਤਮਿਕ ਰੰਗ ਵੀ ਦਿੰਦਾ ਹੈ। ਜਦੋਂ ਇਹ ਕਹਿੰਦਾ ਹੈ :
“ਹੀਰ ਰੂਹ ਰਾਂਝਾ ਕਲਬੂਤ ਜਾਣੋ,
ਬਾਲਨਾਥ ਇਹ ਪੀਰ ਬਣਾਇਆ ਹੈ,
ਪੰਜ ਭੂਤ ਤੇ ਪੰਜ ਸੁਆਸ ਤੇਰੇ
ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਈ।”
(5) ਅਖਾਣ ਤੇ ਮੁਹਾਵਰੇ : ਵਾਰਸ ਦੀ ਰਚਨਾ ਇੰਨੀ ਪ੍ਰਸਿੱਧ ਹੋਈ ਹੈ ਅਤੇ ਲੋਕ ਸੱਚ ਨਾਲ ਭਰੀ ਹੋਈ ਹੈ ਕਿ ਲੋਕ ਆਮ ਜੀਵਨ ਵਿੱਚ ਮੁਹਾਵਰੇ ਦੀ ਥਾਂ ਇਹਨਾਂ ਦੀ ਵਰਤੋਂ ਕਰਦੇ ਹਨ। ਕੁੱਝ ਮਿਸਾਲਾਂ ਇਸ ਪ੍ਰਕਾਰ ਹਨ :
(ੳ) ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਚਾਹੇ ਕੱਟੀਏ ਪੋਰੀਆਂ ਪੋਰੀਆਂ ਜੀ।
(ਅ) ਵਾਰਸ ਰਨ ਫਕੀਰ ਤਲਵਾਰ ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ।
(ੲ) ਵਾਰਸ ਸ਼ਾਹ ਛੁਪਾਇਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ੍ਹ ਖਾਈਏ ਜੀ।
(ਸ) ਹੀਰੇ ਇਸ਼ਕ ਨਾ ਮੂਲ ਸੁਆਦ ਦਿੰਦੇ, ਨਾਲ ਚੋਰੀਆਂ ਤੇ ਉਧਾਲਿਆ ਦੇ।
(ਹ) ਇਹ ਮਾਇਨੇ ਸਭ ਕੁਰਾਨਦੇ ਨੇ ਜਿਹੜੇ ਸ਼ੇਅਰ ਮੀਆਂ ਵਾਰਸ ਸ਼ਾਹ ਦੇ ਨੇ।
(ਕ) ਵਾਰਸ ਸ਼ਾਹ ਇਹ ਜੱਟ ਫ਼ਕੀਰ ਹੋਇਆ ਨਹੀਂ ਹੁੰਦੀਆਂ ਗੱਧੇ ਤੋਂ ਪੀਰੀਆਂ ਨੇ।
(6) ਪੰਜਾਬੀ ਸੱਭਿਆਚਾਰ : ਵਾਰਸ ਦੀ ਕਵਿਤਾ ਦਾ ਇੱਕ ਅਮੀਰ ਪੱਖ ਪੰਜਾਬੀ ਸੱਭਿਆਚਾਰ ਦਾ ਬਿਆਨ ਹੈ। ਉਸਦੀ ਸਾਰੀ ਰਚਨਾ ਵਿੱਚ ਪੇਂਡੂ ਜੀਵਨ ਦਾ ਭਰਪੂਰ ਜ਼ਿਕਰ ਮਿਲਦਾ ਹੈ। ਸਵੇਰ ਵੇਲੇ ਹਾਲੀਆਂ ਦਾ ਹੱਲ ਚਲਾਉਣਾ, ਖੇਤਾਂ ਵਿੱਚ ਖੂਹਾਂ ਦਾ ਗਿੜਨਾ, ਜੱਟਾਂ ਦਾ ਆਪਸੀ ਵੈਰ, ਰਾਂਝੇ ਦਾ ਮੱਝੀਆਂ ਚਾਰਨਾ, ਮੱਝਾਂ ਦੀਆਂ ਵੱਖੋ-ਵੱਖ ਕਿਸਮਾਂ ਪ੍ਰਕਿਰਤੀ ਚਿਤਰਨ ਦੀ ਭਰਪੂਰ ਨਜ਼ਾਰੇ ਵਾਰਸ ਸ਼ਾਹ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਦੇ ਹਨ। ਜੀਵਨ ਦਾ ਕੋਈ ਵੀ ਅਜਿਹਾ ਪੱਖ ਨਹੀਂ ਜੋ ਪੰਜਾਬੀ ਜੀਵਨ ਬਾਰੇ ਵਾਰਸ ਸ਼ਾਹ ਨੇ ਨਾ ਪੇਸ਼ ਕੀਤਾ ਹੋਵੇ।
(7) ਨਾਟਕੀ ਅੰਸ਼ : ਵਾਰਸ ਦੀ ਹੀਰ ਵਿੱਚ ਨਾਟਕੀ ਅੰਸ਼ ਹੋਣ ਕਰਕੇ ਇਸ ਰਚਨਾ ਨੂੰ ਕਈ ਵਾਰੀ ਰੰਗ-ਮੰਚ ਉੱਤੇ ਸਫ਼ਲਤਾ ਪੂਰਵਕ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਵਾਰਤਾਲਾਪ ਹਨ ਜੋ ਵੱਖੋ-ਵੱਖਰੇ ਪਾਤਰ ਸਮੇਂ ਅਤੇ ਸਥਿਤੀ ਪਾਤਰ ਮੁਤਾਬਕ ਬੋਲਦੇ ਹਨ। ਇਸ ਵਿੱਚ ਵੱਖ-ਵੱਖ ਪਾਤਰਾਂ ਦਾ ਆਪਣਾ ਰੋਲ ਹੈ। ਨਾਇਕ ਅਤੇ ਨਾਇਕਾ ਵਜੇ ਹੀਰ ਰਾਂਝਾ ਹਨ, ਕੈਦੋਂ ਖਲਨਾਇਕ (Villian) ਸਹਿਤੀ ਇੱਕ ਸਹਾਇਕ ਪਾਤਰ ਹੈ। ਇਸ ਤਰ੍ਹਾਂ ਉਹ ਕਹਾਣੀ ਵਿੱਚ ਆਪੋ-ਆਪਣੀ ਗੱਲ ਕਹਿੰਦੇ ਹਨ ਜੋ ਇਸ ਰਚਨਾ ਨੂੰ ਇੱਕ ਸੰਪੂਰਨ ਨਾਟਕ ਬਣਾਉਂਦੇ ਹਨ। ਕੁੱਝ ਵਾਰਤਾਲਾਪ ਦੀਆਂ ਮਿਸਾਲਾਂ ਇਸ ਪ੍ਰਕਾਰ ਹਨ-ਸਾਹਿਤੀ ਵਲੋਂ ਵਾਰਤਾਲਾਪ ਇਸ ਪ੍ਰਕਾਰ ਹੈ :-
“ਘਰ ਆ ਨਨਾਣ ਨੇ ਗੱਲ ਕੀਤੀ
ਭਾਬੀ ਇੱਕ ਜੋਗੀ ਨਵਾਂ ਆਇਆ ਹੈ।”
ਅੱਗੋਂ ਹੀਰ ਦਾ ਜਵਾਬ ਇਸ ਪ੍ਰਕਾਰ ਕੀਤਾ ਗਿਆ ਹੈ:
“ਮੁਠੀ ਮੁਠੀ ਇਹ ਗੱਲ ਨਾ ਕਰੋ ਅੜੀਓ,
ਮੈਂ ਤਾਂ ਸੁਣਦਿਆਂ ਹੀ ਮਰ ਗਈ ਜੇ ਨੀ।”
(8) ਬੈਂਤ ਛੰਦ : ਵਾਰਸ ਦੀ ਕਵਿਤਾ ਦਾ ਇੱਕ ਪ੍ਰਸਿੱਧ ਗੁਣ ਇਸ ਵਿਚਲਾ ਬੈਂਤ ਛੰਦ ਹੈ ਜੇ ਆਮ ਤੌਰ ਤੇ ਚਾਲੀ ਮਾਤਰਾਂ ਦਾ ਹੁੰਦਾ ਹੈ। ਪਰ ਵਾਰਸ ਇੱਕ ਬਹੁਤ ਪ੍ਰਤਿਭਾਸ਼ੀਲ ਕਵੀ ਸੀ। ਉਸਨੇ ਛੰਦ ਦੇ ਮਾਤਰਾ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਤੇ ਆਪਣੀ ਮਰਜ਼ੀ ਨਾਲ ਮਾਤਰਾ ਨੂੰ ਬਦਲਿਆ ਹੈ। ਬੈਂਤ ਛੰਦ ਦੀ ਇਹ ਖੂਬੀ ਹੁੰਦੀ ਹੈ ਕਿ ਉਸਦਾ ਆਖ਼ਰੀ ਅੱਖਰ ਗੁਰੂ ਹੁੰਦਾ ਹੈ ਜਿਸ ਦੀ ਆਵਾਜ਼ ਨੂੰ ਲਮਕਾਇਆ ਜਾ ਸਕਦਾ ਹੈ ਤੇ ਉਸਦੀ ਲੰਬੀ ਸੁਰ ਬਣ ਸਕਦੀ ਹੈ। ਇਸ ਬੈਂਤ ਛੰਦ ਕਾਰਨ ਹੀ ਵਾਰਸ ਦੀ ਹੀਰ ਬਹੁਤ ਜ਼ਿਆਦਾ ਹਰਮਨ-ਪਿਆਰੀ ਹੋਈ ਹੈ। ਇਸ ਛੰਦ ਦੀ ਮਿਸਾਲ ਇਸ ਪ੍ਰਕਾਰ ਹੈ :-
“ਅਵਲ ਹਮਦ ਖੁਦਾਅ ਦਾ ਵਿਰਦ ਕੀਜੈ
ਇਸ਼ਕ ਕੀਤਾ ਹੈ ਜੱਗ ਦਾ ਮੂਲ ਮੀਆਂ।”
ਇਹਨਾਂ ਗੁਣਾਂ ਤੋਂ ਬਿਨਾਂ ਵਾਰਸ ਸ਼ਾਹ ਦੀ ਰਚਨਾ ਨੂੰ ਮਹਾਂ-ਕਾਵਿ ਵੀ ਕਿਹਾ ਜਾਂਦਾ ਹੈ।
ਇਸ ਮਹਾਨ ਕਵੀ ਦਾ ਜਨਮ 1734 ਈ: ਵਿੱਚ ਜੰਡਿਆਲਾ ਸ਼ੇਰ ਖਾਨ ਸ਼ੇਖੂਪੁਰੇ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਗੁਲਸ਼ੇਰ ਸ਼ਾਹ ਸੀ। ਬਚਪਨ ਵਿੱਚ ਉਸਦੇ ਮਾਤਾ-ਪਿਤਾ ਚਲਾਣਾ ਕਰ ਗਏ। ਵਾਰਸ ਵਿੱਚ ਫ਼ਕੀਰਾਂ ਵਾਲੀ ਮਸਤੀ ਤੇ ਰੁਚੀ ਪਹਿਲਾ ਤੋਂ ਸੀ। ਜਵਾਨੀ ਵਿੱਚ ਉਸਨੇ ਘਰ-ਬਾਰ ਤਿਆਗ ਕਿਸੇ ਪੀਰ-ਫ਼ਕੀਰ ਦੀ ਸ਼ਰਨ ਲੈ ਲਈ। ਫਿਰ ਪਾਕ ਪਟਨ (ਪਟਨਾ) ਵਿੱਚ ਪਹੁੰਚ ਗਏ। ਸ਼ੇਖ ਫ਼ਰੀਦ ਦੀ ਗੱਦੀ ਦਾ ਮੁਰੀਦ ਬਣ ਗਿਆ। ਫਿਰ ਪਿਆਰ ਭਾਗ ਭਰੀ ਨਾਲ ਹੋਇਆ। ਜਿਸ ਦਾ ਜ਼ਿਕਰ ਉਹ ਆਪਣੀ ਰਚਨਾ ਵਿੱਚ ਕਈ ਥਾਂਵਾਂ ‘ਤੇ ਕਰਦਾ ਹੈ। ਜੱਟਾਂ ਤੋਂ ਡਰਦੇ ਹੋਏ ਉਸਨੇ ਮਲਕਾ ਹਾਂਸ ਜਾ ਕੇ ਡੇਰਾ ਲਗਾ ਲਿਆ। 1780 ਵਿੱਚ ਉਸਨੇ ਹੀਰ ਦੀ ਰਚਨਾ ਬੈਠ ਕੇ ਲਿਖੀ। ਕਿੱਸੇ ਵਿੱਚ ਕਈ ਥਾਂ ਤੇ ਦੇਸ਼ ਦੇ ਹਾਲਾਤ ਦਾ ਜ਼ਿਕਰ ਇੱਥੇ ਵੀ ਕਰਦਾ ਹੈ। 1784 ਵਿੱਚ ਵਾਰਸ ਸ਼ਾਹ ਦਾ ਦੇਹਾਂਤ ਹੋ ਗਿਆ। ਡਾ. ਮੋਹਨ ਸਿੰਘ ਅਨੁਸਾਰ ਬੁਲ੍ਹਾ ਅਤੇ ਵਾਰਸ ਦੋਨੋਂ ਜਮਾਤੀ ਸਨ ਅਤੇ ਦੋਨਾ ਦਾ ਇੱਕੋ ਗੁਰੂ ਅਨਾਇਤ ਸ਼ਾਹ ਕਾਦਰੀ ਸੀ। ਬੁਲ੍ਹਾ ਜਿੱਥੇ ਸੂਫ਼ੀ ਕਵਿਤਾ ਦੀ ਸਿਖ਼ਰ ਮੰਨਿਆ ਜਾਂਦਾ, ਉੱਥੇ ਵਾਰਸ ਨੇ ਕਿੱਸਾ ਕਵਿਤਾ ਨੂੰ ਸਿਖ਼ਰ ਤੇ ਪਹੁੰਚਾਇਆ।
ਵਾਰਸ ਸ਼ਾਹ ਸਾਡਾ ਸਭ ਤੋਂ ਵੱਧ ਹਰਮਨ-ਪਿਆਰਾ ਲੇਖਕ ਹੋਇਆ ਹੈ।