ਲੇਖ : ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਜਾਣ-ਪਛਾਣ : ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਪੰਜਾਬੀ ਦਾ ਇੱਕ ਪ੍ਰਸਿੱਧ ਅਖਾਣ ਹੈ। ਇਸ ਦਾ ਅਰਥ ਹੈ ਕਿ ਜਿਹੜੀਆਂ ਵਾਦੀਆਂ ਭਾਵ ਆਦਤਾਂ ਮਨੁੱਖ ਨੂੰ ਇੱਕ ਵਾਰ ਪੈ ਜਾਂਦੀਆਂ ਹਨ, ਉਹ ਸਾਰੀ ਉਮਰ ਉਸ ਦੇ ਨਾਲ ਨਿਭਦੀਆਂ ਹਨ। ਇਹ ਆਦਤਾਂ ਭਾਵੇਂ ਚੰਗੀਆਂ (ਸਜਾਦੜੀਆਂ) ਹੋਣ ਤੇ ਭਾਵੇਂ ਭੈੜੀਆਂ (ਵਾਦੜੀਆਂ), ਮਨੁੱਖ ਦੇ ਜੀਵਨ ਦੇ ਆਖ਼ਰੀ ਸਵਾਸਾਂ ਤੱਕ ਨਾਲ ਰਹਿੰਦੀਆਂ ਹਨ।
ਆਦਤ ਅਤੇ ਆਚਰਨ : ਆਦਤ ਤੋਂ ਭਾਵ ਕਿਸੇ ਵੀ ਕੰਮ ਨੂੰ ਅਚੇਤ ਜਾਂ ਸੁਚੇਤ ਤੌਰ ‘ਤੇ ਲਗਾਤਾਰ ਦੁਹਰਾਈ ਜਾਣਾ ਹੁੰਦਾ ਹੈ। ਜਦੋਂ ਅਸੀਂ ਕਿਸੇ ਕੰਮ ਨੂੰ ਵਾਰ-ਵਾਰ ਦੁਹਰਾਉਂਦੇ ਹਾਂ ਤਾਂ ਉਸ ਦਾ ਅਸਰ ਸਾਡੇ ਮਨ ‘ਤੇ ਰਹਿ ਜਾਂਦਾ ਹੈ, ਇਹੋ ਹੀ ਅਸਰ ਸਾਡੀ ਆਦਤ ਬਣ ਜਾਂਦਾ ਹੈ। ਇਹ ਇੱਕ ਸਚਾਈ ਹੈ ਕਿ ਮਨੁੱਖ ਜ਼ਿੰਦਗੀ ਵਿੱਚ ਵਧੇਰੇ ਕੰਮ ਆਦਤਾਂ ਦੇ ਅਧੀਨ ਹੀ ਕਰਦਾ ਹੈ। ਕੁਝ ਆਦਤਾਂ ਮਨੁੱਖ ਨੂੰ ਜਨਮ ਤੋਂ ਹੀ ਸੁਭਾਵਕ ਰੂਪ ਵਿੱਚ ਮਿਲਦੀਆਂ ਹਨ; ਜਿਵੇਂ, ਖਾਣਾ, ਪੀਣਾ, ਸੌਣਾ, ਹੱਸਣਾ ਆਦਿ ਜਦੋਂ ਕਿ ਕੁਝ ਆਦਤਾਂ ਉਹ ਦੂਜਿਆਂ ਦੀ ਸੰਗਤ ਨਾਲ ਸਿੱਖ ਲੈਂਦਾ ਹੈ। ਮਨੁੱਖੀ ਆਚਰਨ ਆਦਤਾਂ ਦਾ ਹੀ ਸਮੂਹ ਹੈ।
ਜਿਸ ਵਿਅਕਤੀ ਨੇ ਚੰਗੀਆਂ ਆਦਤਾਂ ਗ੍ਰਹਿਣ ਕਰ ਲਈਆਂ ਹੁੰਦੀਆਂ ਹਨ, ਉਸ ਦਾ ਆਚਰਨ ਵੀ ਉੱਚਾ ਹੁੰਦਾ ਹੈ ਅਤੇ ਜਿਸ ਵਿਅਕਤੀ ਨੇ ਭੈੜੀਆਂ ਆਦਤਾਂ ਗ੍ਰਹਿਣ ਕੀਤੀਆਂ ਹੋਣ, ਉਸ ਦਾ ਆਚਰਨ ਬੁਰਾ ਤੇ ਨੀਵਾਂ ਹੁੰਦਾ ਹੈ | ਚੰਗਾ ਮਨੁੱਖ ਘਰ-ਬਾਹਰ, ਸਮਾਜ ਤੇ ਦੇਸ਼ ਨੂੰ ਚੰਗੇਰਾ ਬਣਾ ਕੇ ਆਪਣੀ ਯਾਦ ਵੀ ਸਦੀਵੀ ਬਣਾ ਜਾਂਦਾ ਹੈ ਅਤੇ ਭੈੜਾ ਵਿਅਕਤੀ ਆਪਣੀਆਂ ਕਰਤੂਤਾਂ ਕਰਕੇ ਰਹਿੰਦੀ ਦੁਨੀਆ ਤੱਕ ਨਿੰਦਿਆ ਦਾ ਪਾਤਰ ਬਣ ਜਾਂਦਾ ਹੈ।
ਆਦਤਾਂ ਬੂਟਿਆਂ ਵਾਂਗ ਹੁੰਦੀਆਂ ਹਨ : ਕਿਹਾ ਜਾਂਦਾ ਹੈ ਕਿ ਚੰਗੀ ਆਦਤ ਪਾਉਣੀ ਵੀ ਔਖੀ ਹੁੰਦੀ ਹੈ ਤੇ ਭੈੜੀ ਆਦਤ ਛੱਡਣੀ ਵੀ ਔਖੀ ਹੁੰਦੀ ਹੈ। ਆਦਤਾਂ ਤਾਂ ਬੂਟਿਆਂ ਵਾਂਗ ਹੁੰਦੀਆਂ ਹਨ। ਜਿਸ ਤਰ੍ਹਾਂ ਨਵੇਂ ਉੱਗ ਰਹੇ ਬੂਟੇ ਨੂੰ ਜੜ੍ਹੋਂ ਪੁੱਟਣਾ ਅਸਾਨ ਹੁੰਦਾ ਹੈ ਪਰ ਜੇਕਰ ਉਹ ਬੂਟਾ ਧਰਤੀ ਵਿੱਚ ਆਪਣੀਆਂ ਜੜ੍ਹਾਂ ਫੜ ਲੈਂਦਾ ਹੈ ਤੇ ਉਹ ਪੱਕਾ ਹੋ ਜਾਂਦਾ ਹੈ ਤਾਂ ਉਸ ਨੂੰ ਪੁੱਟਣਾ ਅਸੰਭਵ ਜਿਹਾ ਹੋ ਜਾਂਦਾ ਹੈ। ਇਸੇ ਤਰ੍ਹਾਂ ਆਦਤਾਂ ਹਨ। ਕਿਸੇ ਕਿਸਮ ਦੀ ਭੈੜੀ ਆਦਤ ਨੂੰ ਸ਼ੁਰੂ ਵਿੱਚ ਬਦਲਣਾ ਸੌਖਾ ਹੁੰਦਾ ਹੈ ਪਰ ਜੇਕਰ ਭੈੜੀਆਂ ਆਦਤਾਂ ਪੱਕ ਜਾਣ ਤਾਂ ਉਹ ਮਨੁੱਖ ਦੇ ਸੁਭਾਅ ਦਾ ਅੰਗ ਬਣ ਜਾਂਦੀਆਂ ਹਨ ਤਾਂ ਉਸ ਵੇਲੇ ਉਹਨਾਂ ਨੂੰ ਬਦਲਣਾ ਮੁਸ਼ਕਲ ਹੋ ਜਾਂਦਾ ਹੈ।
ਆਦਤਾਂ ਦਾ ਮੁੱਢ : ਆਮ ਤੌਰ ‘ਤੇ ਆਦਤਾਂ ਦਾ ਮੁੱਢ ਬਚਪਨ ਵਿੱਚ ਹੀ ਬੱਝਦਾ ਹੈ। ਛੋਟੀ ਉਮਰ ਵਿੱਚ ਬੱਚੇ ਦਾ ਮਨ ਮੋਮ ਵਾਂਗ ਹੁੰਦਾ ਹੈ। ਉਸ ਨੂੰ ਜਿਵੇਂ ਚਾਹੋ ਢਾਲਿਆ ਜਾ ਸਕਦਾ ਹੈ, ਉਸ ਨੂੰ ਕੋਈ ਵੀ ਰੂਪ ਦਿੱਤਾ ਜਾ ਸਕਦਾ ਹੈ। ਬੱਚਿਆਂ ਨੇ ਤਾਂ ਆਪਣੇ ਤੋਂ ਵੱਡਿਆਂ ਤੋਂ ਹੀ ਕੁਝ ਨਾ ਕੁਝ ਗ੍ਰਹਿਣ ਕਰਨਾ ਹੁੰਦਾ ਹੈ। ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਆਪ ਹੀ ਵਿਗਾੜ ਲੈਂਦੇ ਹਾਂ ਕਿਉਂਕਿ ਬੱਚਿਆਂ ਦੀਆਂ ਭੈੜੀਆਂ ਹਰਕਤਾਂ ’ਤੇ ਹੱਸ ਛੱਡਣਾ, ਉਨ੍ਹਾਂ ਨੂੰ ਰੋਕਣਾ-ਟੋਕਣਾ ਨਹੀਂ ਤੇ ਨਾ ਹੀ ਸਮਝਾਉਣਾ। ਮਾਪਿਆਂ ਦੀ ਅਜਿਹੀ ਭੁੱਲ ਜਾਂ ਗ਼ਲਤੀ ਬੱਚਿਆਂ ਲਈ ਹੱਲਾਸ਼ੇਰੀ ਬਣ ਜਾਂਦੀ ਹੈ ਤੇ ਉਹ ਵਿਗੜ ਜਾਂਦੇ ਹਨ। ਬਚਪਨ ਵਿੱਚ ਪਈਆਂ ਮਾੜੀਆਂ ਆਦਤਾਂ ਵੱਡੀ ਉਮਰ ਤੱਕ ਪਹੁੰਚਦਿਆਂ – ਪਹੁੰਚਦਿਆਂ ਬੁਰਾਈਆਂ ਤੇ ਐਬਾਂ ਵਿੱਚ ਤਬਦੀਲ ਹੋ ਜਾਂਦੀਆਂ ਹਨ। ਐਬ ਮਨੁੱਖ ਨੂੰ ਜਰਾਇਮ ਪੇਸ਼ੇ ਵੱਲ ਲੈ ਕੇ ਜਾਂਦੇ ਹਨ।
ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ : ਇਸ ਲਈ ਮਾਪਿਆਂ ਤੇ ਅਧਿਆਪਕਾਂ ਦਾ ਫ਼ਰਜ਼ ਹੈ ਕਿ ਉਹ ਬੱਚਿਆਂ ਦੀਆਂ ਆਦਤਾਂ ‘ਤੇ ਹਮੇਸ਼ਾ ਨਿਗਰਾਨੀ ਰੱਖਣ, ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਗ਼ਲਤੀਆਂ ਨੂੰ ਹਾਸੋਹੀਣੀਆਂ ਸਮਝ ਕੇ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਸਗੋਂ ਆਪ ਉਨ੍ਹਾਂ ਨੂੰ ਚੰਗੀਆਂ ਆਦਤਾਂ ਲਈ ਪ੍ਰੇਰਿਤ ਕਰਨ ਜਿਵੇਂ ਹਰ ਰੋਜ਼ ਸਵੇਰੇ ਸਵਖਤੇ ਜਾਗਣਾ, ਸਮੇਂ ਸਿਰ ਸਕੂਲ ਜਾਣਾ, ਵੱਡਿਆਂ ਦਾ ਸਤਿਕਾਰ ਕਰਨਾ, ਮਾੜੀ ਸੰਗਤ ਤੋਂ ਬਚਣਾ, ਚੰਗੀਆਂ ਕਿਤਾਬਾਂ ਪੜ੍ਹਨੀਆਂ, ਧਾਰਮਕ ਵਿਚਾਰ ਰੱਖਣੇ, ਮੰਦਰ-ਗੁਰਦੁਆਰੇ ਜਾਣਾ ਆਦਿ।
ਆਦਤਾਂ ਸਥਿਰ ਹੁੰਦੀਆਂ ਹਨ : ਇੱਕ ਵਾਰੀ ਬਣੀ ਆਦਤ ਨੂੰ ਬਦਲਣਾ ਔਖਾ ਹੀ ਨਹੀਂ ਬਲਕਿ ਅਸੰਭਵ ਵੀ ਹੁੰਦਾ ਹੈ। ਇਸੇ ਸਬੰਧੀ ਪੰਜਾਬੀ ਦੇ ਮਹਾਨ ਕਿੱਸਾਕਾਰ ਵਾਰਿਸ ਸ਼ਾਹ ਨੇ ਵੀ ਕਿਹਾ ਹੈ :
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ .
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਆਦਤਾਂ ਅਤੇ ਮਨੁੱਖ ਦਾ ਸੁਭਾਅ : ਆਦਤਾਂ ਮਨੁੱਖ ਦੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਹਨ। ਮਨੁੱਖ ਦੀ ਨਿਤ-ਪ੍ਰਤੀ ਕਿਰਿਆ ਉਸ ਦੀਆਂ ਪੈਂਦੀਆਂ ਹੋਈਆਂ ਆਦਤਾਂ ਵਿੱਚ ਹੀ ਬੱਝੀ ਹੁੰਦੀ ਹੈ। ਕਿਸੇ ਨੇ ਕੁਰੱਖ਼ਤ ਬੋਲਣ ਦੀ ਆਦਤ ਪਾ ਲਈ ਹੁੰਦੀ ਹੈ ਅਤੇ ਕਿਸੇ ਨੇ ਮਿੱਠਾ ਬੋਲਣ ਦੀ। ਹਰ ਕੋਈ ਆਪਣੀ ਆਦਤ ਅਨੁਸਾਰ ਵਿਚਰਦਾ ਹੈ ਤੇ ਹਰ ਕੋਈ ਆਪਣੀ ਆਦਤ ਤੋਂ ਮਜਬੂਰ ਹੁੰਦਾ ਹੈ।
ਆਦਤਾਂ ਤੇ ਮਾਨਸਕ ਰੋਗ : ਕਈ ਆਦਤਾਂ ਮਾਨਸਕ ਰੋਗਾਂ ਦਾ ਕਾਰਨ ਬਣਦੀਆਂ ਹਨ; ਜਿਵੇਂ ਕਿਸੇ ਸਾਫ਼ ਵਸਤੂ ਨੂੰ ਹੀ ਵਾਰ-ਵਾਰ ਸਾਫ਼ ਕਰੀ ਜਾਣਾ, ਬਿਨਾਂ ਮਤਲਬ ਹੀ ਬੋਲੀ ਜਾਣਾ, ਵਹਿਮ ਕਰਨਾ, ਕਿਸੇ ‘ਤੇ ਸ਼ੱਕ ਕਰਨਾ ਆਦਿ। ਵਿਅਕਤੀਗਤ ਆਦਤਾਂ ਵਿੱਚ ਕਿਸੇ ਨੂੰ ਜ਼ਿਆਦਾ ਬੋਲਣ ਦੀ ਤੇ ਕਿਸੇ ਨੂੰ ਖ਼ਾਮੋਸ਼ ਰਹਿਣ ਦੀ ਆਦਤ ਹੁੰਦੀ ਹੈ ਪਰ ਅਜਿਹੀਆਂ ਆਦਤਾਂ ਕਿਸੇ ਖ਼ਾਸ ਹੱਦ ਤਕ ਹੀ ਜਾਇਜ਼ ਹੁੰਦੀਆਂ ਹਨ :
ਬਹੁਤਾ ਭਲਾ ਨਾ ਮੈਲਾ, ਬਹੁਤੀ ਭਲੀ ਨਾ ਧੁੱਪ
ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ।
ਵੱਖ-ਵੱਖ ਆਦਤਾਂ : ਕੁਝ ਆਦਤਾਂ ਬੱਚਿਆਂ, ਔਰਤਾਂ, ਮਰਦਾਂ ਤੇ ਬਜ਼ੁਰਗਾਂ ਵਿੱਚ ਸਾਂਝੀਆਂ ਹੁੰਦੀਆਂ ਹਨ; ਜਿਵੇਂ ਖੇਡਣ ਵੇਲੇ ਬੱਚਿਆਂ ਦਾ ਆਪਣੇ ਹਾਣੀਆਂ ਨਾਲ ਲੜਨਾ, ਰੁੱਸਣਾ ਤੇ ਫਿਰ ਇਕਮਿੱਕ ਹੋ ਜਾਣਾ, ਬੱਚਿਆਂ ਦੀਆਂ ਆਦਤਾਂ ਵਿੱਚ ਸ਼ਾਮਲ ਹੈ। ਔਰਤਾਂ ਨੂੰ ਆਦਤ ਹੁੰਦੀ ਹੈ ਚੁਗ਼ਲੀਆਂ ਕਰਨ ਦੀ ਤੇ ਮਰਦਾਂ ਨੂੰ ਆਦਤ ਹੁੰਦੀ ਹੈ ਗੱਪਾਂ ਮਾਰਨ ਦੀ ਤੇ ਬਹਿਸ ਕਰਨ ਦੀ, ਬਜ਼ੁਰਗਾਂ ਦੀਆਂ ਆਦਤਾਂ ਵਿੱਚ ਟੋਕਾ-ਟਾਕੀ ਸ਼ਾਮਲ ਹੁੰਦੀ ਹੈ। ਪ੍ਰਾਣੀ ਵਿੱਚ ਕੋਈ ਨਾ ਕੋਈ ਆਦਤ ਹੁੰਦੀ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਜਿਵੇਂ ਸੱਪ ਦੀ ਆਦਤ ਹੁੰਦੀ ਹੈ ਡੰਗ ਮਾਰਨਾ, ਭਾਵੇਂ ਉਸ ਨੂੰ ਦੁੱਧ ਹੀ ਕਿਉਂ ਨਾ ਪਿਆਇਆ ਜਾਵੇ। ਇਸੇ ਤਰ੍ਹਾਂ ਕੁੱਤੇ ਨੂੰ ਭਾਵੇਂ ਰਾਜ-ਗੱਦੀ ‘ਤੇ ਬਿਠਾ ਦਿੱਤਾ ਜਾਵੇ ਉਹ ਚੱਕੀ ਜਾਂ ਭਾਂਡੇ ਚੱਟਣ ਤੋਂ ਬਾਜ਼ ਨਹੀਂ ਆਉਂਦਾ। ਇਸ ਸਬੰਧੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ :
ਸੱਪੇ ਦੁਧ ਪਿਆਲੀਏ ਵਿਹੁ ਮੁਖ ਥੀਂ ਸੋਟੇ ॥
ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ ॥
ਵਰਤਮਾਨ ਯੁੱਗ ਅਤੇ ਆਦਤਾਂ : ਸਮੇਂ ਦੇ ਪਰਿਵਰਤਨ ਦੇ ਨਾਲ-ਨਾਲ ਮਨੁੱਖ ਦੀਆਂ ਆਦਤਾਂ ਵਿੱਚ ਵੀ ਪਰਿਵਰਤਨ ਆ ਗਿਆ ਹੈ। ਪਹਿਲੇ ਸਮਿਆਂ ਵਿੱਚ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਪੂਜਾ-ਪਾਠ ਕਰਨਾ, ਕਿਸਾਨਾਂ ਦਾ ਹਲ ਵਾਹੁਣਾ ਤੇ ਸੁਆਣੀਆਂ ਵੱਲੋਂ ਘਰ ਦੇ ਕੰਮ-ਧੰਦੇ ਕਰਨੇ, ਸ਼ਾਮਲ ਸਨ ਪਰ ਅੱਜ ਦੇਰ ਰਾਤ ਤੱਕ ਜਾਗਣਾ ਤੇ ਸਵੇਰੇ ਦਿਨ ਚੜ੍ਹਨ ਤੋਂ ਬਾਅਦ ਉੱਠਣਾ, ਅੱਜ ਦੇ ਮਨੁੱਖ ਦੀ ਆਦਤ ਬਣ ਗਈ ਹੈ। ਸਵੇਰੇ ਉੱਠਦਿਆਂ ਸਾਰ ਹੀ ਬੈੱਡ-ਟੀ, ਟੀ.ਵੀ., ਅਖ਼ਬਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸਿਰਫ਼ ਗਿਣਵੇਂ ਕੁਝ ਕੁ ਲੋਕ ਹੀ ਰਹਿ ਗਏ ਹਨ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਪਰਮਾਤਮਾ ਦਾ ਸਿਮਰਨ ਕਰਦੇ ਹਨ। ਅੱਜ ਜ਼ਿੰਦਗੀ ਮਸ਼ੀਨੀ ਬਣ ਗਈ ਹੈ। ਹੱਥੀਂ ਕਿਰਤ ਦੀ ਆਦਤ ਨਹੀਂ ਰਹਿ ਗਈ, ਵਿਹਲੇ ਰਹਿਣਾ, ਟੀ.ਵੀ. ਵੇਖਣਾ ਤੇ ਨਿੰਦਿਆ – ਚੁਗ਼ਲੀ ਕਰਨੀ ਹੀ ਅੱਜ ਦੇ ਮਨੁੱਖ ਦੀ ਆਦਤ ਬਣ ਗਈ ਹੈ।
ਸਾਰੰਸ਼ : ਭਾਵ ਸਰੀਰਕ ਰੋਗ ਤਾਂ ਦੁਆ-ਦਾਰੂ ਨਾਲ ਠੀਕ ਹੋ ਸਕਦਾ ਹੈ ਪਰ ਆਦਤਾਂ ਨਹੀਂ ਸੁਧਰ ਸਕਦੀਆਂ। ਇਸੇ ਲਈ ਸਿਆਣਿਆਂ ਨੇ ਠੀਕ ਹੀ ਕਿਹਾ ਹੈ :
ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ।
ਪਰ ਤਾਂ ਵੀ ਮਨੁੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਚੰਗੀਆਂ ਆਦਤਾਂ ਗ੍ਰਹਿਣ ਕਰੇ ਤੇ ਨੇਕ ਇਨਸਾਨਾਂ ਦੀ ਸ਼੍ਰੇਣੀ ਵਿੱਚ ਆਵੇ। ਚੰਗੇ ਅਤੇ ਨੇਕ ਇਨਸਾਨ ਬਣਨ ਲਈ ਜ਼ਰੂਰੀ ਹੈ ਕਿ ਚੰਗਾ ਸੋਚੋ ਤੇ ਚੰਗਾ ਬੋਲੋ ਤੇ ਚੰਗੀ ਸੰਗਤ ਅਪਣਾਓ।