ਲੇਖ : ਰੁੱਖਾਂ ਦੇ ਲਾਭ ਜਾਂ ਰੁੱਖਾਂ ਦੀ ਮਹਾਨਤਾ
ਭੂਮਿਕਾ : ਅੱਜ ਸਭ ਪਾਸੇ ਇੱਕੋ ਹੀ ਨਾਹਰਾ ਗੂੰਜ ਰਿਹਾ ਹੈ- ‘ਰੁੱਖ ਲਗਾਓ, ਜੀਵਨ ਬਚਾਓ।’ ਇਸ ਦਾ ਅਰਥ ਹੈ ਰੁੱਖਾਂ ਨਾਲ ਹੀ ਜੀਵਨ ਹੈ। ਜੇ ਰੁੱਖ ਨਾ ਰਹੇ ਤਾਂ ਮਨੁੱਖੀ ਜੀਵਨ ਹੀ ਨਹੀਂ ਰਹਿਣਾ। ਜੇ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਮਨੁੱਖ ਅਤੇ ਪਸੂ-ਪੰਛੀਆਂ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸੇ ਕਰਕੇ ਸਰਕਾਰਾਂ, ਸਮਾਜ-ਸੇਵਾ ਸੰਸਥਾਵਾਂ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਰੁੱਖਾਂ ਦੀ ਕਟਾਈ ‘ਤੇ ਰੋਕ ਲਾਉਣ ਲਈ ਦੁਹਾਈ ਦੇ ਰਹੀਆਂ ਹਨ। ਵਣ-ਵਿਭਾਗ ਨੇ ਤਾਂ ਰੁੱਖਾਂ ਵਿੱਚ ਲੱਗੀਆਂ ਦੀ ਕਟਾਈ ਨੂੰ ਕਿਸੇ ਦੇ ਕਤਲ ਕਰਨ ਦੇ ਬਰਾਬਰ ਦਾ ਦਰਜਾ ਦਿੱਤਾ ਹੈ। ਫਿਰ ਵੀ ਕਟਾਈ ਵੱਡੇ ਪੱਧਰ ‘ਤੇ ਹੋ ਰਹੀ ਹੈ। ਜੰਗਲਾਂ ਦੇ ਜੰਗਲ ਖ਼ਤਮ ਹੋ ਗਏ ਹਨ।
ਰੁੱਖ ਕੁਦਰਤ ਦਾ ਵਰਦਾਨ : ਜੇ ਦੇਖਿਆ ਜਾਵੇ ਜਾ ਤਾਂ ਰੁੱਖ, ਵੇਲਾਂ, ਬੂਟੇ, ਫੁੱਲ, ਫਲ ਸਭ ਕੁਦਰਤ ਦੀ ਦੇਣ ਹਨ। ਇਹ ਮਨੁੱਖ ਲਈ ਕੁਦਰਤ ਦਾ ਵਡਮੁੱਲਾ ਵਰਦਾਨ ਹਨ। ਰੁੱਖਾਂ ਦੀ ਛਾਂ, ਮਿੱਠੇ ਫਲ, ਝੂਮਦੀਆਂ ਵੇਲਾਂ ਦੇ ਨਜ਼ਾਰੇ, ਲਹਿ-ਲਹਿ ਕਰਦੇ ਹਰੇ-ਹਰੇ ਪੌਦੇ, ਸੁਗੰਧੀਆਂ ਫੈਲਾਉਂਦੇ ਫੁੱਲ ਸਭ ਕੁਦਰਤ ਦੀ ਦੇਣ ਹਨ ਜਿਨ੍ਹਾਂ ਦਾ ਅਨੰਦ ਮਨੁੱਖ ਮਾਣਦਾ ਹੈ। ਇਸੇ ਤਰ੍ਹਾਂ ਪੰਛੀਆਂ ਲਈ ਵੀ ਰੁੱਖ ਹਮਸਾਏ ਦੀ ਤਰ੍ਹਾਂ ਹਨ। ਉਹ ਇਹਨਾਂ ’ਤੇ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਹਨ। ਪਸੂ ਰੁੱਖਾਂ ਦੀ ਛਾਵੇਂ ਬਹਿ ਕੇ ਕੁਦਰਤ ਦੇ ਗੁਣ ਗਾਉਂਦੇ ਹਨ। ਜ਼ਰਾ ਸੋਚੋ ਜੇ ਰੁੱਖ ਨਾ ਰਹੇ ਤਾਂ ਪਸੂ-ਪੰਛੀ ਕਿੱਥੇ ਜਾਣਗੇ! ਕੀ ਇਹਨਾਂ ਦਾ ਕੋਈ ਟਿਕਾਣਾ ਰਹੇਗਾ?
ਰੁੱਖ ਸਾਡੇ ਸੱਭਿਆਚਾਰ ਦਾ ਅੰਗ : ਸਾਡਾ ਸੱਭਿਆਚਾਰ ਬਹੁਤ ਪੁਰਾਣਾ ਹੈ। ਸਾਡੇ ਬਜ਼ੁਰਗ ਰੁੱਖਾਂ ਨੂੰ ਆਪਣੇ ਕੀਮਤੀ ਵਿਰਸੇ ਦਾ ਅੰਗ ਸਮਝਦੇ ਸਨ। ਇਸ ਕਰਕੇ ਉਹ ਆਪਣੇ ਹੱਥੀਂ ਇੱਕ ਬੂਟਾ ਜ਼ਰੂਰ ਲਾਉਂਦੇ ਸਨ ਤੇ ਉਸ ਦੀ ਪਾਲਣਾ ਕਰਦੇ ਸਨ ਤਾਂ ਜੋ ਰੁੱਖਾਂ ਨਾਲ ਉਹਨਾਂ ਦਾ ਸੱਭਿਆਚਾਰ ਵੀ ਜਿਊਂਦਾ ਰਹੇ। ਇਸੇ ਕਰਕੇ ਸਮਾਜ ਵਿੱਚ ਪਿੱਪਲ, ਤੁਲਸੀ, ਨਿੰਮ, ਬੋਹੜ ਜਿਹੇ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਹੈ। ਬੇਰੀ ਅਤੇ ਚੰਦਨ ਦੀ ਲੱਕੜੀ ਨੂੰ ਤਾਂ ਬਹੁਤ ਹੀ ਸ਼ੁੱਭ ਮੰਨਿਆ ਗਿਆ ਹੈ। ਕਿਤੇ ਕੋਈ ਹਵਨ ਆਦਿ ਕਰਨਾ ਹੋਵੇ ਤਾਂ ਬੇਰੀ ਜਾਂ ਚੰਦਨ ਦੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਤਪੱਸਵੀਆਂ, ਫ਼ਕੀਰਾਂ ਅਤੇ ਦਰਵੇਸ਼ਾਂ ਨੂੰ ਰੁੱਖਾਂ ਦੀ ਹਮੇਸ਼ਾਂ ਲੋੜ ਹੈ ਕਿਉਂਕਿ ਹਾੜ੍ਹ ਹੋਵੇ ਜਾਂ ਸਿਆਲ ਉਹ ਰੁੱਖਾਂ ਦੇ ਥੱਲੇ ਬਹਿ ਕੇ ਹੀ ਭਗਤੀ ਕਰਦੇ ਰਹੇ ਹਨ।
ਸਾਹਿਤ ਵਿੱਚ ਰੁੱਖਾਂ ਦਾ ਚਿਤਰਨ : ਸਾਡੇ ਸਾਹਿਤ ਵਿੱਚ ਵੀ ਰੁੱਖਾਂ ਦਾ ਚਿਤਰਨ ਹੋਇਆ ਹੈ। ਪੰਜਾਬੀ ਲੋਕ-ਗੀਤਾਂ ਵਿੱਚ ਇਸ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ ਹੈ :
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ। ਕੁਝ ਰੁੱਖ ਲੱਗਦੇ ਮਾਵਾਂ।
ਕੁਝ ਰੁੱਖ ਨੂੰਹਾਂ-ਧੀਆਂ ਲੱਗਦੇ। ਕੁਝ ਰੁੱਖ ਵਾਂਗ ਭਰਾਵਾਂ।
ਰੁੱਖਾਂ ਦੇ ਲਾਭ : ਰੁੱਖਾਂ ਦੇ ਬਹੁਤ ਸਾਰੇ ਲਾਭ ਹਨ। ਇਹਨਾਂ ਦੀ ਠੰਢੀ ਛਾਂ ਮਨ ਨੂੰ ਸ਼ਾਂਤ ਕਰਦੀ ਹੈ। ਇਹਨਾਂ ਦੀ ਛਾਂਵੇਂ ਬਹਿ ਕੇ ਮਨੁੱਖ ਆਪਣਾ-ਆਪ ਭੁੱਲ ਜਾਂਦਾ ਹੈ। ਇਹਨਾਂ ਦੀ ਛਾਂ ਦਾ ਪਸੂ-ਪੰਛੀ ਵੀ ਭਰਪੂਰ ਲਾਭ ਲੈਂਦੇ ਹਨ। ਗਰਮੀ ਦੇ ਮੌਸਮ ਵਿੱਚ ਸਿਖਰ ਦੁਪਹਿਰੇ ਰੁੱਖਾਂ ਦੀ ਛਾਂ ਹੀ ਹੈ ਜੋ ਜੀਵਾਂ ਨੂੰ ਬਚਾਉਂਦੀ ਹੈ। ਰੁੱਖਾਂ ਦੇ ਫੁੱਲਾਂ ਅਤੇ ਜੜ੍ਹਾਂ ਆਦਿ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਅੱਜ ਵੀ ਆਯੁਰਵੇਦ ਪੂਰੇ ਦਾ ਪੂਰਾ ਰੁੱਖਾਂ ‘ਤੇ ਹੀ ਨਿਰਭਰ ਕਰਦਾ ਹੈ। ਸਾਡੇ ਰਿਸ਼ੀ-ਮੁਨੀ, ਵੈਦ, ਸਿਆਣੇ, ਰੁੱਖਾਂ ਦੇ ਫਲਾਂ-ਫੁੱਲਾਂ, ਜੜ੍ਹਾਂ, ਪੱਤਿਆਂ ਆਦਿ ਤੋਂ ਦਵਾਈਆਂ ਬਣਾ ਕੇ ਵੱਡੇ-ਵੱਡੇ ਰੋਗਾਂ ‘ਤੇ ਕਾਬੂ ਪਾ ਲੈਂਦੇ ਸਨ। ਰੁੱਖਾਂ ਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ ਅਤੇ ਇਸ ਤੋਂ ਫ਼ਰਨੀਚਰ ਵੀ ਬਣਦਾ ਹੈ ਜਿਸ ਨਾਲ ਅਸੀਂ ਆਪਣੇ ਘਰਾਂ ਨੂੰ ਸਜਾਉਂਦੇ ਹਾਂ। ਰੁੱਖਾਂ ਦੇ ਫਲ ਖਾਣ ਦੇ ਕੰਮ ਆਉਂਦੇ ਹਨ। ਅੰਬ ਜਿਸ ਨੂੰ ਫਲਾਂ ਦਾ ਰਾਜਾ ਕਹਿੰਦੇ ਹਨ, ਰੁੱਖਾਂ ਦੀ ਹੀ ਦੇਣ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਫਲ ਅਸੀਂ ਖਾ ਕੇ ਕੁਦਰਤ ਦੇ ਗੁਣ ਗਾਉਂਦੇ ਹਾਂ। ਸਭ ਤੋਂ ਵੱਡਾ ਲਾਭ ਇਹ ਹੈ ਕਿ ਅਸੀਂ ਰੁੱਖਾਂ ਦੁਆਰਾ ਛੱਡੀ ਜਾਂਦੀ ਆਕਸੀਜਨ ਦੇ ਸਹਾਰੇ ਹੀ ਜਿਊਂਦੇ ਹਾਂ। ਅਸੀਂ ਜੋ ਕਾਰਬਨ-ਡਾਈਆਕਸਾਈਡ ਛੱਡਦੇ ਹਾਂ ਰੁੱਖ ਉਸ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ। ਇਸ ਤੋਂ ਇਲਾਵਾ ਰੁੱਖ ਸਾਨੂੰ ਹੜ੍ਹਾਂ ਤੋਂ ਬਚਾਉਂਦੇ ਹਨ, ਵਰਖਾ ਲਿਆਉਣ ਵਿੱਚ ਸਾਡੀ ਮਦਦ ਕਰਦੇ ਹਨ ਅਤੇ ਭੂਮੀ ਨੂੰ ਖੁਰਨ ਤੋਂ ਬਚਾਉਂਦੇ ਹਨ। ਇਹ ਪ੍ਰਦੂਸ਼ਣ ‘ਤੇ ਕਾਬੂ ਪਾਉਣ ਵਿੱਚ ਸਾਡੀ ਬਹੁਤ ਵੱਡੀ ਮਦਦ ਕਰਦੇ ਹਨ। ਇਸ ਤਰ੍ਹਾਂ ਰੁੱਖਾਂ ਦੇ ਬਹੁਤ ਸਾਰੇ ਲਾਭ ਹਨ।
ਸਾਰਾਂਸ਼ : ਰੁੱਖ ਜੋ ਸਾਡੇ ਹਮਸਾਏ ਹਨ, ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ। ਉਹਨਾਂ ਦੀ ਬੇਲੋੜੀ ਕਟਾਈ ਰੋਕੀ ਜਾਣੀ ਚਾਹੀਦੀ ਹੈ। ਵੱਧ ਤੋਂ ਵੱਧ ਨਵੇਂ ਰੁੱਖ ਵੀ ਲਗਾਏ ਜਾਣੇ ਚਾਹੀਦੇ ਹਨ। ਇਸ ਨੇਕ ਕੰਮ ਲਈ ਸਭ ਨੂੰ ਆਪਣਾ ਕੀਮਤੀ ਯੋਗਦਾਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਸਰਕਾਰ ਇਸ ਵਾਸਤੇ ਬਹੁਤ ਉਪਰਾਲੇ ਕਰ ਰਹੀ ਹੈ। ਸਰਕਾਰ ਹਰ ਸਾਲ ‘ਵਣ ਮਹਾਂ-ਉਤਸਵ’ ਦੇ ਨਾਂ ‘ਤੇ ਇੱਕ ਬਹੁਤ ਵੱਡਾ ਦਿਨ ਮਨਾਉਂਦੀ ਹੈ ਜਿਸ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਸੁਨੇਹਾ ਦਿੱਤਾ ਜਾਂਦਾ ਹੈ। ਮੁੱਕਦੀ ਗੱਲ ਇਹੀ ਕਹਿ ਸਕਦੇ ਹਾਂ ਕਿ ਜੇ ਜੀਵਨ ਨੂੰ ਹਰਿਆ-ਭਰਿਆ ਜਾਂ ਰੰਗੀਨ ਬਣਾਉਣਾ ਹੈ ਤਾਂ ਰੁੱਖਾਂ ਦੀ ਸਾਂਭ-ਸੰਭਾਲ ਕਰਨੀ ਹੋਵੇਗੀ।