ਰੁੱਖਾਂ ਦੇ ਲਾਭ
ਭੂਮਿਕਾ : ਰੁੱਖ ਸਾਡੇ ਜੀਵਨ ਦਾ ਅਨਮੋਲ ਧਨ ਹਨ। ਇਹ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ। ਇਨ੍ਹਾਂ ਨਾਲ ਜੰਗਲ ਮੌਲਦਾ ਹੈ, ਕੁਦਰਤ ਧੜਕਦੀ ਹੈ, ਵਾਤਾਵਰਣ ਰਮਣੀਕ ਹੁੰਦਾ ਹੈ। ਵੇਲਾਂ, ਬੂਟਿਆਂ ਰਾਹੀਂ ਬਾਤਾਂ ਪਾਉਂਦੀਆਂ ਹਨ, ਰੁੱਖ ਝੂਮਦੇ ਹਨ, ਹਵਾ ਸਰਗੋਸ਼ੀਆਂ ਕਰਦੀ ਹੈ, ਠੰਢੀਆਂ – ਮਿੱਠੀਆਂ ਪੌਣਾਂ ਵਾਤਾਵਰਨ ਵਿੱਚ ਸੁਗੰਧੀਆਂ ਘੋਲਦੀਆਂ ਹਨ ਤੇ ਚਾਰ – ਚੁਫ਼ੇਰੇ ਹਰਿਆਵਲ ਲੋਰੀਆਂ ਦਿੰਦੀ ਹੈ। ਧਨ ਹੈ ਰੁੱਖਾਂ ਦਾ ਜੇਰਾ ਜੋ ਆਪ ਗਰਮੀ – ਸਰਦੀ, ਮੀਂਹ – ਧੁੱਪ ਆਦਿ ਸਹਾਰ ਕੇ ਸਭ ਨੂੰ ਛਾਂ, ਆਸਰਾ, ਫੁੱਲ ਤੇ ਫਲ ਦਿੰਦੇ ਹਨ। ਰੁੱਖਾਂ ਦੀ ਛਾਂ, ਰੁੱਖਾਂ ਦੀ ਥਾਂ ਸਭ ਨਿਰਮਲ ਹੈ ਤੇ ਪਵਿੱਤਰ ਹੈ। ਰੁੱਖਾਂ ਦੀ ਅਜਿਹੀ ਸਹਿਣਸ਼ੀਲਤਾ ਨੂੰ ਵੇਖ ਕੇ ਹੀ ਬਾਬਾ ਫ਼ਰੀਦ ਜੀ ਨੇ ਕਿਹਾ ਹੈ :
ਫਰੀਦਾ ਦਰਵੇਸਾਂ ਨੋ ਲੋੜੀਐ
ਰੁਖਾਂ ਦੀ ਜੀਰਾਂਦ।।
ਲੋਕ – ਮਾਨਸਕਤਾ ਅਤੇ ਰੁੱਖ : ਨਿੰਮ, ਬੋਹੜ, ਪਿੱਪਲ, ਤੁਲਸੀ ਤੇ ਅੰਬ ਆਦਿ ਨਾਲ਼ ਪਵਿੱਤਰਤਾ, ਪੂਜਨੀਕਤਾ ਤੇ ਸਨਮਾਨ ਦੀ ਭਾਵਨਾ ਜੁੜੀ ਹੋਈ ਹੈ। ਇਨ੍ਹਾਂ ਰੁੱਖਾਂ ਵਿਚਲੇ ਗੁਣ ਹੀ ਇਨ੍ਹਾਂ ਦੀ ਪੂਜਾ ਦੇ ਕਾਰਨ ਹਨ; ਜਿਵੇਂ ਨਿੰਮ ਅਤੇ ਤੁਲਸੀ ਤਾਂ ਹੈ ਹੀ ਗੁਣਾਂ ਦੇ ਖਜ਼ਾਨੇ। ਇਨ੍ਹਾਂ ਤੋਂ ਇਲਾਵਾ ਬੇਰੀ ਨੂੰ ਤੇ ਬੇਰੀ ਦੀ ਲੱਕੜੀ ਨੂੰ ਸ਼ੁੱਭ ਮੰਨ ਕੇ ਹਵਨ ਤੇ ਵਿਆਹ – ਸ਼ਾਦੀ ਵੇਲੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਚੰਦਨ ਦੇ ਰੁੱਖ ਦੀ ਮਹਾਨਤਾ ਤੋਂ ਭਲਾ ਕੌਣ ਅਨਜਾਣ ਹੈ?
ਰੁੱਖਾਂ ਦੇ ਲਾਭ : ਰੁੱਖ ਮਨੁੱਖ ਨੂੰ ਧੁੱਪ, ਗਰਮੀ, ਮੀਂਹ ਆਦਿ ਵਿੱਚ ਆਸਰਾ ਦਿੰਦੇ ਹਨ। ਭਰ – ਗਰਮੀ ਵਿੱਚ ਰੁੱਖਾਂ ਦੀ ਗੂੜ੍ਹੀ ਛਾਂ ਦਾ ਅਨੰਦ ਹੀ ਕੁੱਝ ਹੋਰ ਹੁੰਦਾ ਹੈ। ਸਾਡੀ ਜ਼ਿੰਦਗੀ ਬਚਾਉਣ ਵਿੱਚ ਸਭ ਤੋਂ ਵੱਧ ਮੱਦਦਗਾਰ ਇਹ ਰੁੱਖ ਹਨ। ਇਹ ਸਾਨੂੰ ਜ਼ਿੰਦਾ ਰਹਿਣ ਲਈ ਆਕਸੀਜਨ ਦਿੰਦੇ ਹਨ। ਰੁੱਖਾਂ ਤੋਂ ਸਾਨੂੰ ਲੱਕੜੀ ਪ੍ਰਾਪਤ ਹੁੰਦੀ ਹੈ ਜਿਸ ਤੋਂ ਅਸੀਂ ਫ਼ਰਨੀਚਰ ਬਣਾਉਂਦੇ ਹਾਂ। ਇਸ ਦੀ ਲੱਕੜੀ ਬਾਲਣ ਦੇ ਵੀ ਕੰਮ ਆਉਂਦੀ ਹੈ। ਰੁੱਖਾਂ ਤੋਂ ਸਾਨੂੰ ਫ਼ਲ ਮਿਲਦੇ ਹਨ। ਇਹ ਭੋਂ – ਖੋਰ ਤੋਂ ਬਚਾਉਂਦੇ, ਵਾਤਾਵਰਨ ਨੂੰ ਸ਼ੁੱਧ ਰੱਖਦੇ ਤੇ ਮੀਂਹ ਲਿਆਉਣ ਵਿੱਚ ਸਹਾਈ ਹੁੰਦੇ ਹਨ। ਇਹ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ। ਧਰਤੀ ਹੇਠਲੇ ਪਾਣੀ ਦੀ ਸਤ੍ਹਾ ਨੂੰ ਕੰਟਰੋਲ ਵਿੱਚ ਰੱਖਦੇ ਹਨ। ਪੰਛੀ ਇਨ੍ਹਾਂ ‘ਤੇ ਆਲ੍ਹਣੇ ਪਾਉਂਦੇ ਹਨ।
ਰੁੱਖਾਂ ‘ਤੇ ਕਹਿਰ : ਪਰ ਇਹ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਮਨੁੱਖ ਆਪਣੇ ਸਵਾਰਥ ਦੀ ਖ਼ਾਤਰ ਰੁੱਖ ਵੱਢੀ ਜਾ ਰਿਹਾ ਹੈ। ਕਿਤੇ ਕੋਈ ਇਮਾਰਤ ਖੜ੍ਹੀ ਕਰਨੀ ਹੋਵੇ, ਸੜਕ ਬਣਾਉਣੀ ਹੋਵੇ ਜਾਂ ਕਿਸੇ ਫ਼ਰਨੀਚਰ ਦੇ ਕੰਮ ਵਾਸਤੇ ਲੱਕੜੀ ਦੀ ਲੋੜ ਹੋਵੇ ਤਾਂ ਲੋਕ ਰੁੱਖਾਂ ‘ਤੇ ਆਰੀ ਚਲਾਉਣ ਤੋਂ ਨਹੀਂ ਝਿਝਕਦੇ। ਇਹ ਠੀਕ ਹੈ ਕਿ ਫ਼ਰਨੀਚਰ ਜਾਂ ਬਾਲਣ ਵਾਸਤੇ ਇਨ੍ਹਾਂ ਨੂੰ ਵੱਢਣਾ ਹੀ ਪੈਂਦਾ ਹੈ ਪਰ ਇਨ੍ਹਾਂ ਦੀ ਜਗ੍ਹਾ ਹੋਰ ਰੁੱਖ ਵੀ ਤਾਂ ਲਾਏ ਜਾ ਸਕਦੇ ਹਨ। ਅਜੋਕਾ ਮਨੁੱਖ ਆਉਣ ਵਾਲੀ ਪੀੜ੍ਹੀ ਬਾਰੇ ਕੁਝ ਨਹੀਂ ਸੋਚ ਰਿਹਾ।
ਰੁੱਖ ਬਚਾਓ : ਹੁਣ ਜਦੋਂ ਚਾਰ-ਚੁਫ਼ੇਰੇ ਵਾਤਾਵਰਨ ਦੂਸ਼ਤ ਹੋ ਗਿਆ ਹੈ, ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ, ਵਾਤਾਵਰਨ ਪ੍ਰਦੂਸ਼ਿਤ ਹੋ ਗਿਆ ਹੈ ਤਾਂ ਦੁਹਾਈ ਦਿੱਤੀ ਜਾ ਰਹੀ ਹੈ ਕਿ ‘ਜੰਗਲ ਬਚਾਓ, ਰੁੱਖ ਬਚਾਓ, ਰੁੱਖ ਲਗਾਓ ‘ਹਰ ਇੱਕ ਮਨੁੱਖ ਲਾਵੇ ਇੱਕ ਰੁੱਖ’, ‘ਰੁੱਖ ਹਨ ਤਾਂ ਮਨੁੱਖ ਹਨ’ ਆਦਿ ਨਾਅਰੇ ਹਰ ਕੰਧ-ਹਰ ਜਗ੍ਹਾ ‘ਤੇ ਲਿਖੇ ਮਿਲਦੇ ਹਨ। ਵਾਤਾਵਰਨ-ਦਿਵਸ ਮਨਾਇਆ ਜਾ ਰਿਹਾ ਹੈ, ਰੁੱਖ ਲਾਏ ਜਾ ਰਹੇ ਹਨ ਪਰ ਬਹੁਤੇ ਲੋਕ ਤਾਂ ਰੁੱਖ ਲਾਉਣ ਦਾ ਫ਼ਰਜ਼ ਹੀ ਪੂਰਾ ਕਰਦੇ ਹਨ ਕਿਉਂਕਿ ਉਹ ਇੱਕ ਵਾਰ ਕੋਈ ਬੂਟਾ ਲਾ ਦਿੰਦੇ ਹਨ ਫਿਰ ਉਸ ਦੀ ਸਾਰ ਨਹੀਂ ਲੈਂਦੇ, ਕੋਈ ਦੇਖਭਾਲ, ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ।
ਰੁੱਖਾਂ ਪ੍ਰਤੀ ਚੰਗੀ ਸੋਚ : ਅੱਜ-ਕੱਲ੍ਹ ਕੁਝ ਇੱਕ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਰੁੱਖ ਲਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ, ਧਾਰਮਕ ਸੰਸਥਾ ਦੇ ਮੁਖੀ ਵੱਲੋਂ ਬੂਟਿਆਂ ਦਾ ਪ੍ਰਸ਼ਾਦ ਦੇਣਾ ਅਤਿ-ਸ਼ਲਾਘਾਯੋਗ ਉਪਰਾਲਾ ਹੈ। ਕੈਨੇਡਾ ਵਿੱਚ ਹਰ ਸਾਲ ਜੰਗਲ ਦੀ ਜਿੰਨੀ ਕਟਾਈ ਹੁੰਦੀ ਹੈ, ਓਨੇ ਹੀ ਨਵੇਂ ਬੂਟੇ ਬੀਜ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਚੀਨੀ ਲੋਕ ਵੀ ਬੂਟਿਆਂ ਨੂੰ ਚੰਗੀ ਕਿਸਮਤ ਦਾ ਸੰਕੇਤ ਸਮਝ ਕੇ ਇੱਕ-ਦੂਜੇ ਨੂੰ ਤੋਹਫ਼ਾ ਦਿੰਦੇ ਹਨ। ਜਪਾਨੀ ਲੋਕ ਵੀ ਚੰਗੇ ਦੋਸਤਾਂ ਦੇ ਘਰ ਕੋਈ ਨਾ ਕੋਈ ਬੂਟਾ ਲੈ ਕੇ ਜਾਂਦੇ ਹਨ। ਉਹ ਬੂਟਿਆਂ ਨੂੰ ਤੋਹਫ਼ਿਆਂ ਵਜੋਂ ਦਿੰਦੇ ਹਨ। ਪਰ ਭਾਰਤੀ ਲੋਕ ਏਨੇ ਨਿਰਮੋਹੇ ਕਿਉਂ ਹੋ ਗਏ ਹਨ, ਕਿਉਂ ਨਹੀਂ ਸਮਝਦੇ ਕਿ ਉਹ ਆਪਣੇ ਪੈਰਾਂ ‘ਤੇ ਆਪ ਕੁਹਾੜੀ ਮਾਰ ਰਹੇ ਹਨ ਬੂਟੇ ਵੱਢ ਕੇ, ਉਨ੍ਹਾਂ ਨੂੰ ਸਾੜ ਕੇ, ਉਨ੍ਹਾਂ ਦੀ ਅੰਨ੍ਹੀ ਪੂਜਾ ਕਰਕੇ। ਹਰ ਸਾਲ ਕਣਕ ਦੇ ਨਾੜ ਸਾੜੇ ਜਾਂਦੇ ਹਨ। ਅੱਗ ਕਿਸ ਦਾ ਲਿਹਾਜ਼ ਕਰਦੀ ਹੈ, ਉਹਨੇ ਸੜਕਾਂ ਤੱਕ ਮਾਰ ਕਰਨੀ ਹੁੰਦੀ ਹੈ, ਸੜਕਾਂ ‘ਤੇ ਅਤੇ ਆਸੇ-ਪਾਸੇ ਲੱਗੇ ਵੱਡੇ-ਵੱਡੇ ਬੂਟੇ ਸੜ ਕੇ ਸੁਆਹ ਬਣ ਜਾਂਦੇ ਹਨ।
ਰੁੱਖਾਂ ਦਾ ਨੁਕਸਾਨ : ਇਸ ਤੋਂ ਇਲਾਵਾ ਸ਼ਰਧਾ-ਭਾਵਨਾ ਅਧੀਨ ਰੁੱਖਾਂ ਦੀ ਪੂਜਾ ਅਸਿੱਧੇ ਤੌਰ ‘ਤੇ ਰੁੱਖਾਂ ਦਾ ਨੁਕਸਾਨ ਹੀ ਕਰ ਰਹੀ ਹੈ। ਰੁੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣਾ, ਰੁੱਖ ਬਰਬਾਦ ਕਰਨ ਵੱਲ ਹੀ ਸੰਕੇਤ ਹੈ। ਇਸੇ ਕਾਰਨ ਹੀ ਜੜ੍ਹੀਂ ਤੇਲ ਦੇਣਾ ਮੁਹਾਵਰਾ ਵਰਤਿਆ ਜਾਂਦਾ ਹੈ। ਉਨ੍ਹਾਂ ‘ਤੇ ਕਿੱਲ ਠੋਕ ਕੇ ਭਗਵਾਨ ਦੀਆਂ ਮੂਰਤੀਆਂ ਟੰਗਣੀਆਂ, ਧਾਗੇ ਲਪੇਟਣੇ, ਚੁੰਨੀਆਂ ਬੰਨ੍ਹਣੀਆਂ ਆਦਿ ਮਨਮਤ ਹੈ। ਇਹੀ ਭਾਵਨਾ ਰੁੱਖਾਂ ਦੇ ਜੀਵਨ ਦੀ ਬਰਬਾਦੀ ਬਣਦੀ ਹੈ। ਰੁੱਖਾਂ ਦੇ ਗੁਣਾਂ ਨੂੰ ਪਛਾਣੋ ਤੇ ਸੰਭਾਲੋ। ਇਹੋ ਉਨ੍ਹਾਂ ਦੀ ਪੂਜਾ ਹੈ। ਹੁਣ ਹਰੀ-ਕ੍ਰਾਂਤੀ ਅਲੋਪ ਹੋ ਗਈ ਹੈ ਤੇ ਪੱਥਰ-ਕ੍ਰਾਂਤੀ ਆ ਗਈ ਹੈ। ਅੱਜ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਵੱਡੀਆਂ-ਵੱਡੀਆਂ ਇਮਾਰਤਾਂ ਰਾਤੋ-ਰਾਤ ਉਸਾਰੀਆਂ ਜਾ ਸਕਦੀਆਂ ਹਨ, ਪਹਾੜ ਕੱਟ ਕੇ ਰਸਤੇ ਬਣਾਏ ਜਾ ਸਕਦੇ ਹਨ, ਚੰਨ ‘ਤੇ ਪਹੁੰਚ ਸਕਦੇ ਹਾਂ ਪਰ ਕੀ ਅਸੀਂ ਕੁਝ ਸੀਮਤ ਸਮੇਂ ਵਿੱਚ ਭਾਵ ਰਾਤੋ-ਰਾਤ ਕੋਈ ਬੂਟਾ ਵੱਡਾ ਕਰ ਸਕਦੇ ਹਾਂ ? ਕੀ ਜੰਗਲ ਹੋਂਦ ਵਿੱਚ ਆ ਸਕਦੇ ਹਨ ? ਨਹੀਂ, ਇਨ੍ਹਾਂ ਨੂੰ ਨਿਸਚਿਤ ਵਕਤ ਚਾਹੀਦਾ ਹੈ ਵਧਣ-ਫੁੱਲਣ ਤੇ ਵਿਕਾਸ ਕਰਨ ਲਈ।
ਸਾਰੰਸ਼ : ਇੰਜ ਰੁੱਖ ਪੰਘੂੜੇ ਤੋਂ ਲੈ ਕੇ ਸਸਕਾਰ ਤੱਕ ਮਨੁੱਖ ਦੇ ਸਾਥੀ ਹਨ ਇਸ ਲਈ ਰੁੱਖ ਬਚਾਓ, ਰੁੱਖ ਲਾਓ, ਰੁੱਖ ਸੰਭਾਲੋ। ਸਰਕਾਰ ਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।