ਲੇਖ-ਰਚਨਾ (Essay Writing)
ਲੇਖ-ਰਚਨਾ (Essay Writing)
ਲੇਖ ਲਿਖਣਾ ਇੱਕ ਪ੍ਰਕਾਰ ਦੀ ਕਲਾ ਹੈ। ਇਹ ਕਲਾ ਲਗਾਤਾਰ ਅਭਿਆਸ ਕਰਨ ਨਾਲ ਹੀ ਆਉਂਦੀ ਹੈ। ਇਸ ਲਈ ਲੇਖ ਲਿਖਣ ਤੋਂ ਪਹਿਲਾਂ ਉਸ ਬਾਰੇ ਇਹ ਸਮਝ ਲੈਣਾ ਜ਼ਰੂਰੀ ਹੁੰਦਾ ਹੈ ਕਿ ਲੇਖ ਕਿਸ ਬਾਰੇ ਹੈ ਅਤੇ ਉਹ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ। ਲੇਖ ਨੂੰ ਨਿਬੰਧ ਵੀ ਆਖਦੇ ਹਨ ਜਿਸਦਾ ਅਰਥ ਹੈ – ‘ਚੰਗੀ ਤਰ੍ਹਾਂ ਬੰਨ੍ਹਣਾ।’ ਆਪਣੇ ਵਿਚਾਰਾਂ ਨੂੰ ਛੋਟੇ-ਛੋਟੇ ਵਾਕਾਂ ਵਿੱਚ ਬੰਨ੍ਹ ਕੇ ਪ੍ਰਗਟ ਕਰਨ ਦਾ ਨਾਂ ਨਿਬੰਧ ਹੈ।
ਲੇਖ-ਰਚਨਾ ਕਰਨ ਲਈ ਕੁਝ ਜ਼ਰੂਰੀ ਗੱਲਾਂ :
1. ਤਰਤੀਬ ਦੇ ਕੇ ਲਿਖਣਾ ਇੱਕ ਚੰਗੇ ਲੇਖ ਦੀ ਨਿਸ਼ਾਨੀ ਹੁੰਦੀ ਹੈ।
2. ਲੇਖ ਦਾ ਜਿੱਥੋਂ ਨਵਾਂ ਵਿਚਾਰ ਸ਼ੁਰੂ ਹੋਵੇ, ਉੱਥੋਂ ਨਵਾਂ ਪੈਰਾ ਸ਼ੁਰੂ ਕਰੋ।
3. ਲੇਖ ਵਿੱਚ ਲੋੜ ਅਨੁਸਾਰ ਨਵੇਂ ਸ਼ਬਦ ਅਤੇ ਮੁਹਾਵਰਿਆਂ ਦੀ ਵਰਤੋਂ ਕਰੋ।
4. ਲੇਖ ਦੇ ਵਾਕ ਛੋਟੇ-ਛੋਟੇ ਤੇ ਭਾਵਪੂਰਤ ਹੋਣ।
5. ਲੇਖ ਦੀ ਬੋਲੀ ਸਰਲ, ਸੌਖੀ ਤੇ ਮੁਹਾਵਰੇਦਾਰ ਹੋਵੇ।
6. ਲੇਖ ਲਿਖਦੇ ਸਮੇਂ ਸ਼ਬਦ-ਜੋੜਾਂ ਦਾ ਖਾਸ ਧਿਆਨ ਰੱਖਿਆ ਜਾਵੇ।
7. ਲੇਖ ਲਿਖਦੇ ਸਮੇਂ ਵਿਸਰਾਮ-ਚਿੰਨ੍ਹਾਂ ਦੀ ਵਰਤੋਂ ਦਾ ਧਿਆਨ ਰੱਖਿਆ ਜਾਵੇ।
8. ਲੇਖ ਖ਼ਤਮ ਕਰਨ ਤੋਂ ਮਗਰੋਂ ਉਸ ਨੂੰ ਇੱਕ ਵਾਰ ਮੁੜ ਪੜ੍ਹੋ ਅਤੇ ਗ਼ਲਤੀਆਂ ਠੀਕ ਕਰੋ।
ਲੇਖ ਦੀਆਂ ਕਿਸਮਾਂ
ਲੇਖ ਮੁੱਖ ਤੌਰ ਤੇ ਚਾਰ ਕਿਸਮ ਦੇ ਹੁੰਦੇ ਹਨ :
1. ਬਿਰਤਾਂਤਕ ਲੇਖ
2. ਵਿਚਾਰਾਤਮਕ ਲੇਖ
3. ਵਰਣਾਤਮਕ ਲੇਖ
4. ਭਾਵਾਤਮਕ ਲੇਖ
1. ਬਿਰਤਾਂਤਕ ਲੇਖ : ਬਿਰਤਾਂਤਕ ਲੇਖਾਂ ਵਿੱਚ ਜੀਵਨੀਆਂ, ਯਾਤਰਾਵਾਂ, ਇਤਿਹਾਸ ਨਾਲ ਸੰਬੰਧਤ ਵਿਸ਼ੇ, ਸਕੂਲ ਪੱਧਰ ਤੇ ਕੀਤੀਆਂ ਜਾਂਦੀਆਂ ਯਾਤਰਾਵਾਂ ਆਦਿ ਦੇ ਵਿਸ਼ੇ ਲਏ ਜਾਂਦੇ ਹਨ।
2. ਵਿਚਾਰਾਤਮਕ ਲੇਖ : ਅਜਿਹੇ ਲੇਖ ਗੁਰਬਾਣੀ ਦੀ ਤੁਕਾਂ, ਕਿਸੇ ਅਖਾਣ ਜਾਂ ਸੂਖਮ ਵਿਸ਼ੇ ਆਦਿ ਤੇ ਅਧਾਰਤ ਹੁੰਦੇ ਹਨ।
3. ਵਰਣਾਤਮਕ ਲੇਖ : ਅਜਿਹੀ ਕਿਸਮ ਦੇ ਲੇਖਾਂ ਵਿੱਚ ਕਿਸੇ ਅੱਖੀਂ ਡਿੱਠੀ ਚੀਜ਼ ਦੇ ਵਰਣਨ ਨਾਲ ਸੰਬੰਧਤ ਵਿਸ਼ੇ ਹੁੰਦੇ ਹਨ।
4. ਭਾਵਾਤਮਕ ਲੇਖ : ਭਾਵਾਤਮਕ ਲੇਖ ਅਜਿਹੇ ਹੁੰਦੇ ਹਨ ਜਿਹੜੇ ਕਿਸੇ ਜਜ਼ਬੇ, ਭਾਵਨਾ ਆਦਿ ਤੇ ਅਧਾਰਤ ਹੁੰਦੇ ਹਨ।